For the best experience, open
https://m.punjabitribuneonline.com
on your mobile browser.
Advertisement

ਮਹਿਲਾ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਨੂੰ ਘੇਰਿਆ

07:49 AM Feb 24, 2024 IST
ਮਹਿਲਾ ਕਾਂਗਰਸ ਨੇ ਮਹਿੰਗਾਈ ਦੇ ਮੁੱਦੇ ’ਤੇ ਕੇਂਦਰ ਨੂੰ ਘੇਰਿਆ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਦੀਪਾ ਦੂਬੇ (ਵਿਚਕਾਰ) ਤੇ ਹੋਰ ਆਗੂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਫਰਵਰੀ
ਚੰਡੀਗੜ੍ਹ ਮਹਿਲਾ ਕਾਂਗਰਸ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦੇ ਮੁੱਦੇ ’ਤੇ ਅੱਜ ਕੇਂਦਰ ਸਰਕਾਰ ਨੂੰ ਘੇਰਿਆ। ਇਸ ਬਾਰੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਵਿੱਚ ਲਗਾਤਾਰ ਮਹਿੰਗਾਈ ਵਧ ਰਹੀ ਹੈ, ਜਿਸ ਦਾ ਸਿੱਧਾ ਅਸਰ ਹਰ ਘਰ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਾ ਤਾਂ ਆਮ ਲੋਕਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਨਾ ਹੀ ਦੇਸ਼ ਦੇ ਅੰਨਦਾਤੇ ਹਨ ਜਦੋਂਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਹੱਕ ਵਿੱਚ ਲਗਾਤਾਰ ਨੀਤੀਆਂ ਤਿਆਰ ਕਰ ਰਹੀ ਹੈ। ਕਾਰਪੋਰੇਟਾਂ ਵੱਲੋਂ ਆਪਣੀ ਮੁਨਾਫ਼ੇਖੋਰੀ ਕਰ ਕੇ ਸਾਰੀਆਂ ਵਸਤਾਂ ਨੂੰ ਮਹਿੰਗਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ’ਤੇ ਪੁੱਜ ਗਈਆਂ ਹਨ। ਟਮਾਟਰ 70 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਿਆ ਹੈ ਜੋ ਪਹਿਲਾਂ 40 ਰੁਪਏ ਪ੍ਰਤੀ ਕਿਲੋ ਮਿਲਦਾ ਸੀ। ਇਸੇ ਤਰ੍ਹਾਂ ਪਿਆਜ਼ 20 ਰੁਪਏ ਤੋਂ ਵਧ ਕੇ 35 ਰੁਪਏ ਕਿਲੋ, ਆਲੂ 15 ਰੁਪਏ ਤੋਂ ਵਧ ਕੇ 25 ਰੁਪਏ ਪ੍ਰਤੀ ਕਿਲੋ ਦੇ ਨੇੜੇ ਹੈ।
ਸ੍ਰੀਮਤੀ ਦੂਬੇ ਨੇ ਕਿਹਾ ਕਿ ਰਸੋਈ ਗੈਸ ਸਿਲੰਡਰ ਦੀ ਕੀਮਤ ਕਰੀਬ ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਦਾਲਾਂ ਦੇ ਭਾਅ ਵੀ ਡੇਢ ਗੁਣਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਵਿੱਚ ਮਹਿੰਗਾਈ ਘਟਾਉਣ ਦੇ ਦਾਅਵੇ ਕਰਦੀ ਸੀ, ਪਰ ਇਹ ਮਹਿੰਗਾਈ ਪਿਛਲੇ 10 ਸਾਲਾਂ ਵਿੱਚ ਵਧੀ ਹੈ। ਮਹਿੰਗਾਈ ਨੇ ਅੱਜ ਹਰ ਘਰ ਦੇ ਬਜਟ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਦੇਸ਼ ਦੇ ਲੋਕ ਇਕ ਮੰਚ ’ਤੇ ਇਕੱਠੇ ਹੋ ਰਹੇ ਹਨ, ਜੋ ਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਮਹਿਲਾ ਕਾਂਗਰਸ ਦੀ ਆਗੂ ਸਰੋਜ ਸ਼ਰਮਾ, ਮਮਤਾ ਰਾਣਾ, ਜੋਤੀ ਹੰਸ, ਮਮਤਾ ਰਾਏ ਵੀ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×