ਕਵਿਤਾ ਦੀ ਵਿਸ਼ਾਲਤਾ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਕਵਿਤਾ ਅਤੇ ਮੈਂ ਸਦਾ ਅੰਗ-ਸੰਗ, ਇਕਸੁਰ ਤੇ ਇਕਸਾਜ਼ ਹੁੰਦੇ ਹਾਂ। ਅਸੀਂ ਹਮੇਸ਼ਾ ਇੱਕ ਦੂਜੇ ਦੀਆਂ ਦੁਆਵਾਂ ਮੰਗਦੇ ਹਾਂ, ਇੱਕ ਦੂਜੇ ਦੀਆਂ ਇੱਛਾਵਾਂ ਅਤੇ ਆਸ਼ਾਵਾਂ ਦੀ ਪੂਰਤੀ ਲਈ ਤਤਪਰ ਰਹਿੰਦੇ ਹਾਂ। ਕਵਿਤਾ ਆਪਣੇ ਵਿੱਚੋਂ ਮੈਨੂੰ ਤਲਾਸ਼ਦੀ ਹੈ ਅਤੇ ਮੈਂ ਕਵਿਤਾ ਵਿੱਚੋਂ ਖ਼ੁਦ ਨੂੰ ਭਾਲਦਾ ਹਾਂ। ਇਹ ਭਾਲ ਹੀ ਇੱਕ ਦੂਜੇ ਨੂੰ ਸਮਝਣ ਅਤੇ ਸੋਚਣ ਲਈ ਹਰ ਪਲ ਇੱਕ ਦੂਜੇ ਦੇ ਹੋਰ ਨੇੜੇ ਲਿਆਉਂਦੀ ਰਹਿੰਦੀ ਹੈ।
ਕਵਿਤਾ ਮੇਰੇ ਲਈ ਆਪਣੇ ਆਪ ਨੂੰ ਮਿਲਣ ਦਾ ਸਬੱਬ ਹੈ। ਮੇਰੇ ਲਈ ਮੇਰਾ ਹੀ ਸਿਰਜਿਆ ਰੱਬ ਹੈ ਜਿਸ ਨੇ ਮੈਨੂੰ ਆਪਣੀ ਸਾਰ ਲੈਣ ਦਾ ਖ਼ੂਬਸੂਰਤ ਰਹੱਸ ਦਿੱਤਾ ਹੈ। ਮੇਰੀ ਕਵਿਤਾ ਮੇਰੇ ਤੋਂ ਬਗੈਰ ਅਧੂਰੀ ਅਤੇ ਮੈਂ ਕਵਿਤਾ ਤੋਂ ਬਗੈਰ ਅਪੂਰਨ ਹਾਂ। ਕਵਿਤਾ ਤਾਂ ਮੇਰੀਆਂ ਵਿੱਥਾਂ ਅਤੇ ਵਿਰਲਾਂ ਨੂੰ ਭਾਲਣ, ਇਨ੍ਹਾਂ ਦੀ ਭਰਪਾਈ ਕਰਨ ਅਤੇ ਖ਼ੁਦ ਨੂੰ ਪੂਰਨਤਾ ਵੰਨੀਂ ਤੋਰਨ ਦਾ ਅਹਿਦ ਹੈ। ਮੈਂ ਅਕਸਰ ਇਸ ਅਹਿਦ ਦੀ ਪੂਰਤੀ ਲਈ ਖ਼ੁਦ ਨੂੰ ਅਰਪਿਤ ਕਰਦਾ ਹਾਂ।
ਕਵਿਤਾ ਨੂੰ ਮਿਲਣ ਲਈ ਮੈਂ ਬਾਹਰ ਨਹੀਂ ਦੌੜਦਾ, ਸਗੋਂ ਆਪਣੀ ਅੰਦਰਲੀ ਯਾਤਰਾ ’ਤੇ ਜਦੋਂ ਵੀ ਨਿਕਲਦਾ ਹਾਂ ਤਾਂ ਕਵਿਤਾ ਹੌਲੀ ਜਿਹੇ ਹਾਜ਼ਰ ਹੁੰਦੀ ਹੈ ਅਤੇ ਮੈਨੂੰ ਸ਼ਰਸ਼ਾਰ ਕਰ ਜਾਂਦੀ ਹੈ। ਕਵਿਤਾ ਅਕਸਰ ਮੇਰੀ ਸਾਰ ਲੈਂਦੀ ਹੈ। ਮੇਰੇ ਦੁੱਖ-ਸੁੱਖ ਦੀ ਸਾਥਣ ਹੈ। ਮੇਰੀਆਂ ਕਾਮਯਾਬੀਆਂ ਤੇ ਨਕਾਮੀਆਂ ਦੇ ਕੋਲ ਹੈ, ਮੇਰੇ ਚਾਵਾਂ ਅਤੇ ਭਾਵਨਾਵਾਂ ਲਈ ਇਹ ਸ਼ੁਭਕਾਮਨਾ ਹੈ। ਦਰਅਸਲ, ਮੈਂ ਕਵਿਤਾ ਰਾਹੀਂ ਜੀਵਨ ਦੀ ਸਾਰਥਿਕਤਾ ਕਿਆਸਦਾ ਅਤੇ ਕਵਿਤਾ ਮੇਰੇ ਰਾਹੀਂ ਸਮਾਜਿਕ ਸਰੋਕਾਰਾਂ ਦੀ ਬਾਤ ਪਾਉਂਦੀ ਹੈ। ਕਵਿਤਾ ਨਿੱਕੇ ਨਿੱਕੇ ਸ਼ਬਦਾਂ ਰਾਹੀਂ ਵੱਡੀ ਅਰਥਕਾਰੀ ਕਰਨ ਵਿੱਚ ਰੁੱਝੀ ਰਹਿੰਦੀ ਹੈ। ਇਹ ਮੇਰੇ ਵਿਸਥਾਰ ਦਾ ਸਬੱਬ ਬਣਦੀ ਹੈ। ਮੈਨੂੰ ਬਹੁਤ ਵਾਰੀ ਮੁੜ ਪਰਿਭਾਸ਼ਿਤ ਕਰਦੀ ਹੈ ਅਤੇ ਮੇਰੇ ਅੰਦਰਲੇ ਮਨੁੱਖ ਨੂੰ ਜੱਗ-ਜ਼ਾਹਿਰ ਕਰਦੀ ਹੈ ਜਿਸ ਤੋਂ ਕਈ ਵਾਰ ਮੈਂ ਵੀ ਅਣਜਾਣ ਹੁੰਦਾ ਹਾਂ।
ਜਦੋਂ ਮੈਂ ਕਦੇ ਨਿਰਾਸ਼ ਹੋਵਾਂ, ਉਦਾਸ ਹੋਵਾਂ ਤੇ ਬੇਆਸ ਹੋਵਾਂ ਤਾਂ ਕਵਿਤਾ ਮੈਨੂੰ ਹੌਸਲਾ ਦਿੰਦੀ ਹੈ। ਕਵਿਤਾ ਦੀ ਹੱਲਾਸ਼ੇਰੀ ਹੁੰਦੀ ਹੈ ਕਿ ਮੈਂ ਫਿਰ ਤੋਂ ਪੈਰਾਂ ਦੇ ਨਾਵੇਂ ਸਫ਼ਰ ਕਰਦਾ, ਦੀਦਿਆਂ ਵਿੱਚ ਸੁਪਨੇ ਧਰਦਾ ਅਤੇ ਅਦਿੱਖ ਦਿਸਹੱਦਿਆਂ ਦੇ ਸਿਰਨਾਵੇਂ ਨੂੰ ਤਲਾਸ਼ਣ ਲਈ ਯਾਤਰਾ ’ਤੇ ਨਿਕਲਦਾ ਹਾਂ। ਜਦੋਂ ਮੈਂ ਆਪਣੇ ਆਪ ਨਾਲ ਰੁੱਸਦਾ ਹਾਂ, ਅੰਤਰੀਵੀ ਨੀਰ ਬੁੱਸਦਾ ਹਾਂ ਤਾਂ ਇਹ ਮੈਨੂੰ ਵਰਚਾਉਂਦੀ ਹੈ। ਕਵਿਤਾ ਹੀ ਫਿਰ ਤੋਂ ਮੈਨੂੰ ਆਪੇ ਨਾਲ ਜੋੜਦੀ ਅਤੇ ਮੈਨੂੰ ਸਾਬਤ ਕਦਮੀਂ ਨਰੋਇਆਂ ਰਾਹਾਂ ਵੰਨੀਂ ਤੋਰਦੀ ਹੈ। ਕਵਿਤਾ ਮੇਰੀ ਇਕੱਲ ਤੋੜਦੀ ਹੈ। ਇਕੱਲਤਾ ਦੀ ਰੁੱਤ ਵੇਲੇ ਕਵਿਤਾ ਪੋਲੇ ਪੋਲੇ ਕਦਮੀਂ ਆ ਕੇ ਹੌਲੀ ਜਿਹੀ ਮਨ ’ਤੇ ਦਸਤਕ ਦਿੰਦੀ ਹੈ। ਮੈਂ ਫਿਰ ਤੋਂ ਜਿਊਣ ਜੋਗਾ ਹੋ ਜਾਂਦਾ ਹਾਂ। ਸਾਹਾਂ ਨੂੰ ਨਿਰੰਤਰਤਾ ਅਤੇ ਸੰਗੀਤਕਤਾ ਮਿਲਦੀ ਹੈ ਤੇ ਇੱਕ ਕਾਵਿਕ ਨਾਦੀ ਵੇਗ ਮੇਰੀ ਧੜਕਣ ਦੇ ਨਾਮ ਹੋ ਜਾਂਦਾ ਹੈ।
ਕਵਿਤਾ ਅਕਸਰ ਮੇਰੀ ਨੀਂਦ ਤੋੜਦੀ ਹੈ ਜਦੋਂ ਮੈਂ ਕਿਸੇ ਸੁਪਨੇ ਤੋਂ ਤ੍ਰਭਕਦਾ ਹਾਂ ਤੇ ਮੇਰੀ ਜਾਗ ਖੁੱਲ੍ਹਦੀ ਹੈ। ਕਵਿਤਾ ਮੈਨੂੰ ਸਹਿਜ ਬਖ਼ਸ਼ਦੀ ਹੈ ਤੇ ਕਵਿਤਾ ਦਾ ਵਹਾਅ ਮੇਰੀ ਆਤਮਿਕ ਅਵਸਥਾ ਲਈ ਰਾਹਤ ਬਣ ਜਾਂਦਾ ਹੈ। ਇਹ ਕਈ ਵਾਰ ਰਾਤ ਨੂੰ ਮੈਨੂੰ ਸੁਪਨਈ ਨੀਂਦ ਵਿੱਚੋਂ ਹਲੂਣ ਕੇ ਜਗਾਉਂਦੀ ਹੈ। ਸ਼ਬਦਾਂ ਦੇ ਮੋਤੀਆਂ ਰਾਹੀਂ ਵਰਕਿਆਂ ’ਤੇ ਫੈਲਦੀ ਹੈ, ਕੋਰੇ ਸਫ਼ਿਆਂ ਨੂੰ ਜਿਊਣ ਜੋਗਾ ਕਰਦੀ ਹੈ। ਕਈ ਵਾਰ ਤਾਂ ਹੈਰਤ ਵੀ ਹੁੰਦੀ ਹੈ ਕਿ ਇੰਝ ਵੀ ਕਵਿਤਾ ਹਾਜ਼ਰ ਹੋ ਕੇ ਕੁਝ ਅਜਿਹੀਆਂ ਸੰਵੇਦਨਾਵਾਂ ਨੂੰ ਹਰਫ਼ਾਂ ਦੇ ਨਾਮ ਕਰਦੀ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਚਿਤਵ ਕੇ ਮਨ ਖਿੜ ਜਾਂਦਾ ਹੈ ਅਤੇ ਹੈਰਾਨ ਹੁੰਦਾ ਹੈ ਕਿ ਕਵਿਤਾ ਇੰਝ ਵੀ ਲਿਖੀ ਜਾ ਸਕਦੀ ਹੈ।
ਦਰਅਸਲ, ਕਵਿਤਾ ਮੇਰੇ ਬਚਪਨੇ ਦੀਆਂ ਲੋਰੀਆਂ ਹਨ। ਬਰਾਤ ਚੜ੍ਹਨ ਵੇਲੇ ਗਾਈਆਂ ਘੋੜੀਆਂ ਹਨ। ਕਦੇ ਲਾਵਾਂ ਦਾ ਸੂਹੀ ਰਾਗ ਅਤੇ ਕਦੇ ਗਾਏ ਜਾਂਦੇ ਸੁਹਾਗ ਹਨ। ਕਵਿਤਾ ਕਦੇ ਡੋਲੀ ਤੋਰਨ ਵੇਲੇ ਮਾਪਿਆਂ ਦੇ ਬੋਲਾਂ ਵਿੱਚ ਉਛਲਿਆ ਵਿਛੋੜੇ ਦਾ ਦਰਦ ਹੁੰਦੀ ਹੈ, ਕਦੇ ਮਾਂ ਦਾ ਪਾਣੀ ਵਾਰਦਿਆਂ, ਬੋਲਾਂ ਰਾਹੀਂ ਉਤਾਰੀਆਂ ਬਲਾਵਾਂ ਅਤੇ ਅਰਪਿਤ ਦੁਆਵਾਂ ਦਾ ਰੂਪ ਹੁੰਦੀ ਹੈ। ਅੰਬਰ ਨੂੰ ਚੀਰਦੀਆਂ ਚੀਖ਼ਾਂ ਅਤੇ ਡਾਰੋਂ ਵਿੱਛੜੀ ਕੂੰਜ ਦਾ ਦਰਦ ਵੀ ਇਸ ਵਿੱਚ ਸਮਾਇਆ ਹੁੰਦਾ ਹੈ।
ਜੀਵਨ ਦੇ ਹਰ ਪੜਾਅ ’ਤੇ ਕਵਿਤਾ ਅੰਗ-ਸੰਗ ਰਹਿੰਦੀ ਹੈ। ਹਰ ਕਦਮ ਅਤੇ ਸਾਹ ਦੇ ਨਾਲ ਰਹਿਣਾ ਮੈਨੂੰ ਪ੍ਰਸੰਨ ਚਿੱਤ ਵੀ ਕਰਦਾ ਹੈ ਅਤੇ ਜ਼ਿੰਦਗੀ ਦੇ ਬੇਤਰਤੀਬੇ ਪਲਾਂ ਵਿੱਚ ਨਿਯਮਤਾ ਵੀ ਧਰਦਾ ਹੈ। ਇਹ ਅਕਸਰ ਮੈਨੂੰ ਘੇਰ ਲੈਂਦੀ ਹੈ ਜਦੋਂ ਰਿਸ਼ਤੇ ਰੁੱਸਦੇ, ਸਬੰਧ ਵਿਗੜਦੇ, ਸਕੀਆਂ ਬਾਹਾਂ ਮੇਰੀ ਕਬਰ ਪੁੱਟਣ ਦੀ ਕਾਹਲ ਕਰਦੀਆਂ ਨੇ, ਬੇਘਰੇ ਹੋਣ ਦਾ ਫ਼ਤਵਾ ਜਾਰੀ ਹੁੰਦਾ ਹੈ ਜਾਂ ਮੇਰੀਆਂ ਜੜਾਂ ਨੂੰ ਆਪਣੇ ਹੀ ਖੋਖਲਾ ਕਰਦੇ ਹਨ। ਕਵਿਤਾ ਮੇਰੇ ਲਈ ਧਰਵਾਸ ਅਤੇ ਆਸ ਹੈ। ਤਿੜਕੇ ਪਲਾਂ ਵਿੱਚ ਹੁਲਾਸ ਅਤੇ ਮੇਰੇ ਹਿੱਸੇ ਦਾ ਅਕਾਸ਼ ਵੀ ਹੈ। ਇਹ ਮੇਰੇ ਖ਼ਿਆਲਾਂ ਵਿੱਚ ਰਚਿਆ ਪਰਵਾਸ ਵੀ ਹੈ। ਕਵਿਤਾ ਦਰਅਸਲ ਮੇਰਾ ਹੀ ਰੂਪ ਤੇ ਪਰਛਾਵਾਂ ਹੈ।
ਕਵਿਤਾ ਤਾਂ ਉਸ ਵਕਤ ਵੀ ਮੇਰੇ ਨਜ਼ਦੀਕ ਹੀ ਹੁੰਦੀ ਹੈ ਜਦੋਂ ਮੈਂ ਉਲਝਣ ਵਿੱਚ ਹੋਵਾਂ, ’ਕੱਲਾ ਬਹਿ ਕੇ ਖ਼ੁਦ ਨੂੰ ਕੋਹਵਾਂ, ਹੰਝੂਆਂ ਨਾਲ ਦੀਦੇ ਧੋਵਾਂ, ਆਪਣੇ-ਆਪ ਦੇ ਸਾਹਮਣੇ ਹੋਵਾਂ, ਸਾਹਾਂ ਨੂੰ ਹਿਚਕੀਆਂ ’ਚ ਪਿਰੋਵਾਂ ਅਤੇ ਮੁੱਖੜੇ ਤੇ ਘਰਾਲਾਂ ਨੂੰ ਪੋਹਵਾਂ, ਜਾਂ ਪੈਰਾਂ ਵਿੱਚ ਉੱਗੀਆਂ ਬਿਆਈਆਂ ਨੂੰ ਲੂਣ ਵਾਲੇ ਪਾਣੀਆਂ ਨਾਲ ਧੋਵਾਂ। ਕਵਿਤਾ ਮੇਰੀਆਂ ਪੀੜਾਂ, ਜ਼ਖ਼ਮਾਂ, ਦੁੱਖਾਂ ਤੇ ਦਰਦਾਂ ’ਤੇ ਹਮਦਰਦੀ ਦਾ ਫੇਹਾ ਧਰਦੀ ਹੈ। ਮੈਨੂੰ ਫਿਰ ਤੋਂ ਤੰਦਰੁਸਤ ਕਰਦੀ ਤੇ ਮੇਰੀਆਂ ਰਾਹਾਂ ਦਾ ਸਿਰਨਾਵਾਂ ਮੇਰੀ ਤਲੀ ’ਤੇ ਧਰਦੀ ਹੈ। ਕਵਿਤਾ ਵਿੱਚੋਂ ਮੈਂ ਅਤੇ ਮੇਰੇ ਵਿੱਚੋਂ ਕਵਿਤਾ ਦੇ ਨਕਸ਼ ਨਜ਼ਰ ਆਉਂਦੇ ਹਨ। ਭਲਾ ਉਹ ਕਵਿਤਾ ਹੀ ਕੀ ਜਿਹੜੀ ਕਵੀ ਦੀ ਨਿਸ਼ਾਨਦੇਹੀ ਨਾ ਕਰ ਸਕੇ। ਕਵਿਤਾ ਵਿੱਚੋਂ ਜਦ ਮੈਂ ਬੋਲਣ ਲੱਗ ਪਵਾਂ ਤਾਂ ਕਵਿਤਾ ਖ਼ੁਸ਼ ਹੋ ਕੇ ਖ਼ੁਦ ਨੂੰ ਪੂਰਨਤਾ ਦਾ ਲਿਬਾਸ ਪਾਉਂਦੀ ਹੈ।
ਕਵਿਤਾ ਹੀ ਮਿੱਤਰ ਦੇ ਵਿਛੋੜੇ ਦੌਰਾਨ ਮੇਰੇ ਹਾਵਿਆਂ ਦਾ ਸੇਕ ਹੰਢਾਉਂਦੀ ਹੈ। ਮਿੱਤਰਾਂ ਦੇ ਮਿਲਾਪ ਵੇਲੇ ਪਿਆਰ ਦੇ ਗੀਤ ਗਾਉਂਦੀ ਹੈ। ਲੀਰਾਂ ਹੋਈ ਬਾਪ ਦੀ ਪੱਗ ਨੂੰ ਦੇਖ ਕੇ ਗ਼ੁਰਬਤ ਦੀਆਂ ਹੇਕਾਂ ਲਾਉਂਦੀ ਹੈ। ਕਦੇ ਬਨੇਰਿਆਂ ’ਤੇ ਜਗਦੀਆਂ ਮੋਮਬੱਤੀਆਂ ਦਾ ਰੂਪ ਵਟਾਉਂਦੀ ਹੈ। ਕਦੇ ਘਰ ਵਿੱਚ ਉੱਗੀਆਂ ਕੰਧਾਂ ਦੇ ਨਾਵੇਂ ਚੁੱਪ ਲਾਉਂਦੀ ਹੈ। ਕਮਰੇ ਦੀ ਬੇਵਸੀ ਦੇ ਨਾਵੇਂ ਹਰਫ਼ ਲਾਉਂਦੀ ਹੈ ਅਤੇ ਕੰਧਾਂ ’ਤੇ ਲੀਕਾਂ ਵਾਹੁੰਦੀ ਹੈ। ਕਦੇ ਸੁੰਨ ਹੋਏ ਰਿਸ਼ਤਿਆਂ ਦੇ ਨਾਵੇਂ ਨਿੱਘ ਲਾਉਂਦੀ ਹੈ ਅਤੇ ਕਦੇ ਵਿਹੜੇ ਦੀ ਚੁੱਪ ਨੂੰ ਬੋਲਾਂ ਦਾ ਨਿਉਂਦਾ ਪਾਉਂਦੀ ਹੈ। ਕਵਿਤਾ ਤਾਂ ਦਰਦਵੰਦੇ ਸਮਿਆਂ ਵਿੱਚ ਸਭ ਤੋਂ ਕਰੀਬੀ ਸਾਥੀ ਹੈ। ਜਦੋਂ ਬੋਲ ਮੈਨੂੰ ਪ੍ਰਗਟਾਉਣ ਤੋਂ ਅਸਮਰੱਥ ਜਾਂ ਨਾ-ਕਾਫ਼ੀ ਹੁੰਦੇ ਹਨ ਤਾਂ ਕਵਿਤਾ ਹੀ ਮੇਰੀ ਸਾਥਣ ਬਣ ਕੇ ਮੇਰੀਆਂ ਭਾਵਨਾਵਾਂ ਦਾ ਪ੍ਰਗਟਾਅ ਹੁੰਦੀ ਹੈ।
ਕਦੇ ਕਦੇ ਮੈਂ ਸੋਚਦਾਂ ਕਿ ਜੇਕਰ ਮੈਂ ਕਵਿਤਾ ਦਾ ਸਮਕਾਲੀ ਅਤੇ ਸਹਿਯੋਗੀ ਨਾ ਹੁੰਦਾ ਤਾਂ ਮੈਂ ਡੂੰਘੀ ਅਤੇ ਲੰਮੀ ਚੁੱਪ ਵਿੱਚ ਉਤਰ ਕੇ ਖ਼ੁਦ ਵਿੱਚੋਂ ਖ਼ੁਦ ਨੂੰ ਬਹੁਤ ਜਲਦੀ ਮਨਫ਼ੀ ਕਰ ਦੇਣਾ ਸੀ। ਫਿਰ ਭਾਵਹੀਣ ਮਨੁੱਖ ਵਿੱਚ ਬਚਦਾ ਹੀ ਕੀ? ਸਿਰਫ਼ ਸਾਹ ਪੂਰੇ ਕਰ ਕੇ ਜੀਵਨ ਅਕਾਰਥ ਹੀ ਗਵਾ ਦਿੰਦਾ ਹੈ। ਦਰਅਸਲ, ਕਵਿਤਾ ਵਿੱਚੋਂ ਉਦੇ ਹੋਣ ਵਾਲੇ ਸੂਰਜ ਦੀ ਰੋਸ਼ਨੀ ਵਿੱਚ ਮੇਰੀਆਂ ਪੈੜਾਂ ਚਾਨਣ ਰੱਤੀਆਂ ਹੋ ਜਾਂਦੀਆਂ ਹਨ। ਫਿਰ ਧੁੱਪ ਵਿੱਚ ਰਿਸ਼ਤਿਆਂ ਦੇ ਭਰਮ ਭੁਲੇਖਿਆਂ ਦੀ ਧੁੰਦ ਉੱਡ ਜਾਂਦੀ ਹੈ। ਮੇਰੀ ਰੂਹ ਨਿੱਘ ਵਿੱਚ ਪਿਘਲ ਜਾਂਦੀ ਹੈ। ਇਹ ਨਿੱਖਰਿਆ ਅਸਮਾਨ ਹੀ ਹੁੰਦਾ ਹੈ ਜਿਸ ਵਿੱਚੋਂ ਮੈਂ ਆਪਣਾ ਅਕਸ ਦੇਖ ਕੇ ਅੰਬਰ ਦਾ ਹਾਣੀ ਬਣਦਾ ਹਾਂ। ਅੰਬਰ ਅਤੇ ਧਰਤ ਬਲਾਵਾਂ ਉਤਾਰਦੇ ਪ੍ਰਤੀਤ ਹੁੰਦੇ ਹਨ। ਪਰਵਾਜ਼ ਲਈ ਖੁੱਲ੍ਹਾ ਅੰਬਰ ਬਣਦੇ ਅਤੇ ਧਰਤ ਦਾ ਪੀਹੜਾ ਵੀ ਡਾਹੁੰਦੇ ਹਨ।
ਕਵਿਤਾ ਮੇਰੇ ਲਈ ਸਿਰਫ਼ ਸ਼ਬਦ-ਜਾਲ ਜਾਂ ਹਰਫ਼ਾਂ ਦੀਆਂ ਭੁੱਲ-ਭੁਲਈਆਂ ਹੀ ਨਹੀਂ ਹਨ, ਸਗੋਂ ਇਹ ਮੇਰੀ ਸੰਵੇਦਨਾ, ਸੁਹਜ, ਸੋਚ, ਸੁਪਨਿਆਂ ਤੇ ਸੰਭਾਵਨਾਵਾਂ ਦੀ ਸੁੰਦਰ ਕੈਨਵਸ ਹੈ। ਇਸ ਦੀਆਂ ਬੁਰਸ਼ੀ ਛੋਹਾਂ ਤੇ ਵਾਹੀਆਂ ਲਕੀਰਾਂ ਨੇ ਕਿਹੜੇ ਨਕਸ਼ਾਂ ਨੂੰ ਪਾਠਕ ਦੇ ਮਨਾਂ ਵਿੱਚ ਧਰਨਾ ਅਤੇ ਕਿਹੜਾ ਸੁਨੇਹਾ ਪਾਠਕ ਦੇ ਨਾਵੇਂ ਕਰਨਾ, ਇਹੀ ਕਵਿਤਾ ਦਾ ਮੀਰੀ ਗੁਣ ਹੁੰਦਾ ਹੈ। ਕਵਿਤਾ ਤੇ ਮੇਰਾ ਅਚੇਤ ਸਬੰਧ ਹੈ। ਮੂੰਹ-ਜ਼ੋਰ ਭਾਵਨਾਵਾਂ ਦਾ ਪ੍ਰਗਟਾਅ, ਸੂਖਮ ਅਹਿਸਾਸਾਂ ਦਾ ਵਹਾਅ। ਆਵੇਸ਼ ਵਿੱਚ ਆਏ ਖ਼ਿਆਲਾਂ, ਖ਼ਾਅਬਾਂ ਅਤੇ ਖ਼ੈਰੀਅਤ ਦੀ ਤ੍ਰਿਵੇਣੀ ਹੈ। ਮੈਂ ਕਦੇ ਵੀ ਕਵਿਤਾ ਨੂੰ ਹੋੜਦਾ, ਟੋਕਦਾ ਜਾਂ ਇਸ ਦਾ ਰਾਹ ਨਹੀਂ ਕੱਟਦਾ। ਮੇਰਾ ਮਕਸਦ ਕਵਿਤਾ ਨੂੰ ਆਪਣੀ ਤੋਰ, ਅੰਦਾਜ਼ ਅਤੇ ਰੰਗ ਵਿੱਚ ਸਵੈ-ਵਿਸਥਾਰ ਦੇਣਾ ਅਤੇ ਸੁਗਮ ਸੰਦੇਸ਼ਾਂ ਦੀ ਧਰਾਤਲ ਸਿਰਜਣਾ ਹੁੰਦਾ ਹੈ।
ਕਦੇ ਕਦੇ ਕਵਿਤਾ ਖ਼ਾਮੋਸ਼ ਹੋ ਕੇ ਸੁੰਨ-ਸਮਾਧੀ ਵਿੱਚ ਚਲੇ ਜਾਂਦੀ ਹੈ। ਮੂਕ ਭਾਵਨਾ ਨਾਲ ਅੰਤਰੀਵੀ ਗੁਫ਼ਤਗੂ ਵਿੱਚ ਗ਼ਲਤਾਨ ਹੋ ਜਾਂਦੀ ਹੈ। ਇਹੀ ਚੁੱਪ ਦਰਅਸਲ ਕਵਿਤਾ ਦੀ ਕੁੱਖ ਵਿੱਚ ਅਚੇਤ ਰੂਪ ਵਿੱਚ ਪੁੰਗਰਦੇ ਕੁਝ ਵਿਚਾਰਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ, ਸਮਝਣ ਅਤੇ ਪ੍ਰਗਟਾਉਣ ਲਈ ਚੁੱਪ ਨਾਲ ਸੰਵਾਦ ਰਚਾਉਂਦੀ ਹੈ। ਕੁਝ ਸਮੇਂ ਬਾਅਦ ਇਸ ਚੁੱਪ ਵਿੱਚੋਂ ਨਵੀਆਂ ਕਵਿਤਾਵਾਂ ਨਵੇਂ ਅੰਦਾਜ਼ ਵਿੱਚ ਪਨਪਦੀਆਂ ਹਨ। ਮੈਂ ਹੈਰਾਨ ਹੁੰਦਾ ਹਾਂ ਕਿ ਕਈ ਵਾਰ ਲੰਬੀਆਂ ਨਜ਼ਮਾਂ ਇੰਜ ਵੀ ਉਤਰਦੀਆਂ ਹਨ। ਕਵਿਤਾ ਅਤੇ ਮੈਂ ਕਈ ਵਾਰ ਆਪਸ ਵਿੱਚ ਰੁੱਸ ਜਾਂਦੇ ਹਾਂ। ਕਈ ਕਈ ਦਿਨ ਇੱਕ ਦੂਜੇ ਨਾਲ ਬੋਲਦੇ ਹੀ ਨਹੀਂ, ਪਰ ਕਵਿਤਾ ਅਤੇ ਮੈਂ ਭਲਾ ਕਿੰਨਾ ਕੁ ਚਿਰ ਇੱਕ ਦੂਜੇ ਤੋਂ ਬਿਨਾਂ ਰਹਿ ਸਕਦੇ ਹਾਂ? ਫਿਰ ਮੈਂ ਚੁੱਪ ਤੋੜਦਾ ਹਾਂ। ਕਵਿਤਾ ਮੈਨੂੰ ਆਗੋਸ਼ ਵਿੱਚ ਲੈਂਦੀ ਹੈ, ਸਹਿਲਾਉਂਦੀ ਅਤੇ ਗਲਵੱਕੜੀ ਵਿੱਚੋਂ ਨਵੀਆਂ ਕਵਿਤਾਵਾਂ ਦਾ ਸੰਧਾਰਾ ਪਾ, ਮੇਰੀ ਚੁੱਪ ਦੇ ਟੁੱਟਣ ਦਾ ਸ਼ਗਨ ਮਨਾਉਂਦੀ ਹੈ।
ਕਈ ਵਾਰ ਮੇਰੇ ਸ਼ਬਦ ਹੀ ਕਵਿਤਾ ਦੇ ਹਾਣ ਦੇ ਨਹੀਂ ਹੁੰਦੇ। ਮੇਰੀਆਂ ਭਾਵਨਾਵਾਂ ਦਾ ਸਤਹੀਪੁਣਾ ਕਵਿਤਾ ਨੂੰ ਰੜਕਦਾ ਹੈ। ਮੇਰੇ ਹੋਛੇਪਣ ’ਤੇ ਕਵਿਤਾ ਨਿਹੋਰਾ ਮਾਰਦੀ ਹੈ। ਮੈਂ ਕਵਿਤਾ ਨੂੰ ਉੱਤਮ ਰੂਪ ਵਿੱਚ ਮਿਲਣ ਲਈ ਖ਼ੁਦ ਨੂੰ ਸੰਵੇਦਨਸ਼ੀਲ ਬਣ, ਕਵਿਤਾ ਦੇ ਹਾਣ ਦੀ ਕਵਿਤਾ ਲਿਖਣ ਲਈ ਅਹੁਲਦਾ ਅਤੇ ਕਵਿਤਾ ਖ਼ੁਸ਼ ਹੋ ਜਾਂਦੀ ਹੈ। ਕਵਿਤਾ ਅਤੇ ਮੇਰੀ ਨਾਰਾਜ਼ਗੀ ਤੇ ਸੁਲ੍ਹਾ-ਸਫ਼ਾਈ, ਜ਼ਿੰਦਗੀ ਦਾ ਸੱਚ ਹੈ। ਇਹੀ ਸੱਚ ਅਸੀਂ ਦੋਵੇਂ ਹੀ ਜਿਊਂਦੇ, ਜੀਵਨ ਜਸ਼ਨ ਵੀ ਬਣਦੇ ਹਾਂ ਅਤੇ ਕਵਿਤਾ ਦਾ ਉਤਸਵ ਵੀ ਮਨਾਉਂਦੇ ਹਾਂ। ਇਹੀ ਮੀਰੀ ਅਸੂਲ ਬਣ ਕੇ ਮੇਰੀ ਸਮਰੱਥਾ ਅਤੇ ਕਵਿਤਾ ਦੀ ਅਸੀਮਤਾ ਦਾ ਸਬੱਬ ਹੁੰਦੇ ਹਨ। ਇਸ ਵਿੱਚੋਂ ਅਸੀਂ ਇੱਕ ਦੂਜੇ ਲਈ ਵਿਸਥਾਰ ਦਾ ਨਵਾਂ ਅਧਿਆਇ ਸਿਰਜਣ ਅਤੇ ਵਿਲੱਖਣ ਕਾਵਿ-ਪ੍ਰਤੀਬੱਧਤਾ ਦੇਣ ਲਈ ਯਤਨਸ਼ੀਲ ਹੁੰਦੇ ਹਾਂ।
ਕਵਿਤਾ ਅਤੇ ਮੇਰੀ ਗੁਫ਼ਤਗੂ ਵਿੱਚ ਸ਼ਬਦਾਂ ਦਾ ਸਲੀਕਾ ਹੈ। ਮੇਰੀ ਕਵਿਤਾ ਨੂੰ ਵੀ ਪਤਾ ਹੈ ਕਿ ਜੇਕਰ ਗੁਲਾਬ ਨੂੰ ਸਲੀਕੇ ਨਾਲ ਨਾ ਤੋੜੀਏ ਤਾਂ ਕੰਡੇ ਚੁਭ ਹੀ ਜਾਂਦੇ ਹਨ ਅਤੇ ਪੋਟਿਆਂ ਵਿੱਚ ਪੀੜਾਂ ਧਰ ਜਾਂਦੇ ਹਨ। ਜੀਵਨ ਵਿੱਚ ਰੰਗ ਤੇ ਸਾਹਾਂ ਵਿੱਚ ਮਹਿਕਾਂ ਚਿਣੀਆਂ ਹੋਣ ਤਾਂ ਉਮਰਾਂ ਸੁਗੰਧਾਂ ਦਾ ਸੰਧਾਰਾ ਹੁੰਦੀਆਂ ਹਨ, ਪਰ ਪੀੜਾਂ ਸਾਹਾਂ ਲਈ ਸੂਲੀ ਹੁੰਦੀਆਂ ਹਨ। ਮਹਿਕਾਂ ਅਤੇ ਪੀੜਾਂ ਵਿੱਚੋਂ ਤੁਸੀਂ ਕੀ ਚੁਣਨਾ ਹੈ, ਇਹ ਮੈਂ ਤੇ ਮੇਰੀ ਕਵਿਤਾ ਬਾਖ਼ੂਬੀ ਜਾਣਦੇ ਹਾਂ। ਕਵਿਤਾ ਅਤੇ ਮੇਰਾ ਮਿਲਾਪ ਅਤੇ ਸਾਥ ਸੁਰੰਗ ਨੂੰ ਪਾਰ ਕਰ ਕੇ ਹਨੇਰੇ ਤੋਂ ਚਾਨਣ ਵੱਲ ਜਾਣ ਦੀ ਜਾਚਨਾ ਹੈ। ਇਸ ਸਫ਼ਰ ਵਿੱਚ ਕਵਿਤਾ ਦਾ ਉਹ ਰੂਪ ਵੀ ਅੰਤਰ ਧਿਆਨ ਵਿੱਚ ਆ ਜਾਂਦਾ ਹੈ ਜਿਸ ਤੋਂ ਮੈਂ ਬੇਖ਼ਬਰ ਹੁੰਦਾ ਹਾਂ। ਕਵਿਤਾ ਤਾਂ ਮੇਰੇ ਲਈ ਕਿਰਨਾਂ ਦੀ ਬਰਸਾਤ, ਤਾਰਿਆਂ ਭਰੀ ਰਾਤ, ਮੇਰੇ ਰੂਬਰੂ ਮੇਰੀ ਜਾਤ ਅਤੇ ਮੇਰੀ ਔਕਾਤ ਦਿਖਾਉਂਦੀ ਹੈ। ਕਰੂੰਬਲਾਂ ਦਾ ਫੁੱਟਣਾ, ਹਵਾ ਦਾ ਮਹਿਕਣਾ, ਕਣੀਆਂ ਦੀ ਰਿਮ-ਝਿਮ, ਮੀਂਹ ਵਿੱਚ ਭਿੱਜਣ ਦਾ ਵਿਸਮਾਦ, ਸੱਜਣ ਦੀ ਸੰਧੂਰੀ ਯਾਦ, ਸਾਹਾਂ ਵਿੱਚ ਰਚੇ ਹੋਣ ਦਾ ਚਾਅ, ਪਿਘਲ ਜਾਣ ਦੀ ਲੋਚਾ, ਖ਼ੁਦ ਲਈ ਮੰਗਣੀ ਖ਼ੁਦ ਦੀ ਦੁਆ ਅਤੇ ਇਸ ਦੁਆ ਰਾਹੀਂ ਆਪਣੀ ਹੀ ਪਾ ਲੈਣੀ ਥਾਹ।
ਕਵਿਤਾ ਦੇ ਅਰਥ ਜਦ ਮੇਰੇ ਲਈ ਬੌਣੇ ਹੋ ਜਾਂਦੇ ਹਨ ਤਾਂ ਮੇਰੇ ਸ਼ਬਦਾਂ ਦਾ ਅਨਰਥਪੁਣਾ ਮੇਰੇ ਤੋਂ ਜਰਿਆ ਨਹੀਂ ਜਾਂਦਾ। ਮੈਂ ਕਵਿਤਾ ਤੋਂ ਮੁਆਫ਼ੀ ਮੰਗਦਾ ਹਾਂ। ਫਿਰ ਤੋਂ ਸ਼ਬਦਾਂ ਨੂੰ ਅਰਥਾਂ ਦੀ ਗੁੜਤੀ ਦੇ ਕੇ ਕਵਿਤਾ ਵਿੱਚ ਪਿਰੋਂਦਾ ਅਤੇ ਕਵਿਤਾ ਦੇ ਹਾਣ ਦਾ ਕਹਾਉਂਦਾ ਹਾਂ। ਕਵਿਤਾ ਜਦ ਮੈਨੂੰ ਪੁੱਛਦੀ ਹੈ ਕਿ ਕੌਣ ਏ ਤੂੰ, ਜੀਅ ਕਿਉਂ ਰਿਹੈਂ, ਕਿਸ ਲਈ ਜੀਅ ਰਿਹੈਂ ਅਤੇ ਖ਼ੁਦ ਨੂੰ ਕਿਉਂ ਭੁੱਲਿਆ ਫਿਰਦੈਂ ਤਾਂ ਮੈਂ ਜਿਊਣਾ ਸ਼ੁਰੂ ਕਰ ਦਿੰਦਾ ਹਾਂ ਤੇ ਆਪਣੀ ਸਾਹ-ਸੁਰੰਗੀ ਵਿੱਚ ਜੀਵਨ-ਨਾਦ ਪੈਦਾ ਕਰਦਾ ਹਾਂ। ਕਵਿਤਾ ਜਦ ਮੈਨੂੰ ਸਵਾਲ ਕਰਦੀ ਹੈ ਕਿ ਤੂੰ ਆਪਣੇ ਮਿੱਤਰ ਪਿਆਰਿਆਂ ਦੀ ਸੁੱਖ-ਸਾਂਦ ਪੁੱਛਦੈਂ, ਬੁੱਢੇ ਮਾਪਿਆਂ ਦੀ ਸਾਰ ਲੈਂਦੈਂ, ਬੁੱਢੇ ਘਰ ਅਤੇ ਪਿੰਡ ਨੂੰ ਕਦੇ ਯਾਦ ਕੀਤਾ ਜਾਂ ਆਪਣੇ ਮੂਲ ਨਾਲ ਜੁੜਨ ਦਾ ਕਦੇ ਤਰੱਦਦ ਕੀਤਾ ਤਾਂ ਮੈਂ ਪਿਛਲ-ਝਾਤ ਮਾਰਦਾ ਹਾਂ। ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੇਹੀ ਭਟਕਣ ਦਾ ਸ਼ਿਕਾਰ ਹੋ ਗਿਆ ਅਤੇ ਸਭ ਕੁਝ ਮੇਰੀ ਕਵਿਤਾ ਨੂੰ ਹੀ ਯਾਦ ਕਰਵਾਉਣਾ ਪਿਆ।
ਕਵਿਤਾ ਮੇਰੇ ਮਨ ਵਿੱਚ ਇਹ ਵੀ ਪ੍ਰਸ਼ਨ ਪੈਦਾ ਕਰਦੀ ਹੈ ਕਿ ਰੋਬੋਟ ਬਣ ਕੇ ਤੂੰ ਕੀ ਰਹਿ ਜਾਵੇਂਗਾ? ਹਵਾ, ਪਾਣੀ ਅਤੇ ਧਰਤ ਨੂੰ ਪਲੀਤ ਕਰਕੇ ਤੂੰ ਔਲਾਦ ਵਿਹੂਣਾ ਕਿਵੇਂ ਹੋ ਗਿਆ? ਕੀ ਸਮਾਜ ਨਾਲੋਂ ਟੁੱਟ ਕੇ ਤੂੰ ਜਿਊਂਦਾ ਰਹਿ ਸਕੇਂਗਾ? ਮਸਨੂਈ ਬੁੱਧੀ ਵਿੱਚੋਂ ਕਿਹੜੀਆਂ ਅਲਾਮਤਾਂ ਤੇਰੇ ਹਿੱਸੇ ਆਉਣਗੀਆਂ? ਤਾਂ ਮੈਂ ਕਵਿਤਾ ਦਾ ਧੰਨਵਾਦੀ ਹੋ ਆਪਣੇ ਵੱਲ ਨੂੰ ਮੁੜਦਾ ਹਾਂ। ਕਵਿਤਾ ਤਾਂ ਕਦੇ ਕਦੇ ਸੱਚੀਂ ਮੈਨੂੰ ਅਚੰਭਿਤ ਹੀ ਕਰ ਜਾਂਦੀ ਹੈ ਜਦੋਂ ਦੱਸਦੀ ਹੈ ਕਿ ਤਲਾਬ, ਖੂਹਾਂ ਨਾਲੋਂ ਬਹੁਤ ਵੱਡੇ ਹੁੰਦੇ ਹਨ, ਪਰ ਲੋਕ ਖੂਹਾਂ ਦਾ ਪਾਣੀ ਪੀਂਦੇ ਹਨ ਕਿਉਂਕਿ ਖੂਹਾਂ ਦੀ ਡੂੰਘਾਈ ਪਾਣੀ ਦੀ ਸ਼ੁੱਧਤਾ ਦਾ ਪ੍ਰਤੀਕ ਹੈ ਜਦੋਂ ਕਿ ਤਲਾਬ ਦੇ ਪਾਣੀਆਂ ਵਿੱਚ ਬਿਮਾਰੀਆਂ ਦੇ ਕੀਟਾਣੂ ਹੁੰਦੇ ਹਨ। ਇਸ ਲਈ ਬੰਦੇ ਦਾ ਵੱਡਾ ਹੋਣਾ ਅਹਿਮ ਨਹੀਂ ਸਗੋਂ ਮਹੱਤਵਪੂਰਨ ਹੁੰਦਾ ਹੈ ਬੰਦੇ ਦੇ ਖ਼ਿਆਲਾਂ ਤੇ ਖ਼ਾਅਬਾਂ ਵਿੱਚ ਗਹਿਰਾਈ ਅਤੇ ਭਲਾਈ ਹੋਵੇ। ਕਵਿਤਾ ਨੇ ਹੀ ਮੈਨੂੰ ਦੱਸਿਆ ਕਿ ਪੀੜ ਹੋਵੇ ਤਾਂ ਮੀਰਾ ਵਰਗੀ, ਪਿਆਰ ਹੋਵੇ ਤਾਂ ਰਾਧਾ ਵਰਗਾ। ਕਵਿਤਾ ਨੇ ਹੀ ਮੈਨੂੰ ਦੱਸਿਆ ਕਿ ਰੁਮਕਦੀ ਪੌਣ ਗਾਉਂਦੀ ਹੈ। ਵਗਦੇ ਪਾਣੀਆਂ ਦੀਆਂ ਲਹਿਰਾਂ ਵਿੱਚ ਸੰਗੀਤ ਹੁੰਦਾ ਹੈ। ਕਵਿਤਾ ਹੀ ਦੱਸਦੀ ਹੈ ਕਿ ਬਿਰਖਾਂ ਦੇ ਪੱਤਿਆਂ ਵਿੱਚ ਸਰਸਰਾਉਂਦੀ ਹਵਾ ਜਦੋਂ ਪਿਆਰ ਭਰੀਆਂ ਗੱਲਾਂ ਕਰਦੀ ਹੈ ਤਾਂ ਭੌਰਿਆਂ ਦੀ ਰਾਗਣੀ ਦੇ ਕੀ ਅਰਥ ਹੁੰਦੇ ਹਨ? ਜਦ ਤਿਤਲੀਆਂ ਫੁੱਲਾਂ ’ਤੇ ਮੰਡਰਾਉਂਦੀਆਂ ਹਨ ਤਾਂ ਉਨ੍ਹਾਂ ਦੇ ਮਨਾਂ ਵਿੱਚ ਕੀ ਹੁੰਦੈ? ਸਰਘੀ ਕਾਇਨਾਤ ਦੇ ਕੰਨਾਂ ਵਿੱਚ ਕੀ ਕਹਿੰਦੀ ਹੈ? ਡੁੱਬਦੇ ਸੂਰਜ ਦੀ ਲਾਲੀ ’ਚ ਅੰਬਰ ਸੂਹਾ ਕਿਉਂ ਹੋ ਜਾਂਦਾ ਹੈ? ਜੰਗਲ ਵਿੱਚ ਰੁੱਖਾਂ ਨਾਲ ਖਹਿੰਦੀ ਪੌਣ ਕਿਹੜੀਆਂ ਚੁਗ਼ਲੀਆਂ ਕਰਦੀ ਹੈ? ਬਹਾਰ ਦੀ ਆਮਦ ਚਮਨ ਵਿੱਚ ਗੁਦਗੁਦੀ ਕਿਉਂ ਪੈਦਾ ਕਰਦੀ ਹੈ? ਪ੍ਰੇਮ-ਮਿਲਣੀ ਦੌਰਾਨ ਬੋਲਾਂ ਨਾਲੋਂ ਚੁੱਪ ਕਿਉਂ ਵੱਧ ਬੋਲਦੀ ਹੈ? ਅਭੇਤ, ਅਚੇਤ, ਅਨਾਦੀ, ਅਗੰਮੀ ਅਤੇ ਅਨੂਠੀਆਂ ਰਮਜ਼ਾਂ ਦੀ ਬਾਤ ਪਾਉਣ ਵਾਲੀ ਕਵਿਤਾ ਹਰ ਪਲ ਰਾਗ-ਰਤਨ ਗਾਉਣ ਵਿੱਚ ਮਸਤ ਰਹਿੰਦੀ ਹੈ।
ਕਵਿਤਾ ਮੇਰੇ ਲਈ ਖ਼ੁਦ ਦੀ ਕਸੀਦਾਕਾਰੀ, ਕਸ਼ੀਦਕਾਰੀ, ਅਹਿਸਾਸਾਂ ਦੀ ਕਲਮਕਾਰੀ, ਸੁਪਨਿਆਂ ਦੀ ਕਲਾਕਾਰੀ, ਭਾਵਨਾਵਾਂ ਦੀ ਕਾਸ਼ਤਕਾਰੀ ਅਤੇ ਅੰਤਰੀਵ ਦੀ ਪੇਸ਼ਕਾਰੀ ਹੈ। ਇਸ ਵਿੱਚੋਂ ਮੈਨੂੰ ਦਿਲਦਾਰੀ, ਰੂਹਦਾਰੀ, ਉਮਰ ਜੇਡੀ ਯਾਰੀ ਅਤੇ ਮਨ ਦੀ ਖ਼ੁਮਾਰੀ ਮਿਲਦੀ ਹੈ। ਕਵਿਤਾ ਤੇ ਮੈਂ ਨਾਲੋ-ਨਾਲ, ਮਨ ਜੂਹੇ ਪਨਪੇ ਖ਼ਿਆਲ ਅਤੇ ਇਨ੍ਹਾਂ ਖ਼ਿਆਲਾਂ ਵਿੱਚ ਅਸੀਂ ਦੋਵੇਂ ਬਰਾਬਰ ਦੇ ਭਿਆਲੀ ਹੁੰਦੇ ਹਾਂ। ਸ਼ਾਲਾ! ਇਸੇ ਤਰ੍ਹਾਂ ਸਾਡੇ ਚਿਹਰਿਆਂ ਦਾ ਜਲਾਲ ਬਣਿਆ ਰਹੇ।
ਸੰਪਰਕ: 216-556-2080