For the best experience, open
https://m.punjabitribuneonline.com
on your mobile browser.
Advertisement

ਨੂਰ ਦੀ ਜਾਦੂਈ ਯਾਤਰਾ

04:17 AM Feb 05, 2025 IST
ਨੂਰ ਦੀ ਜਾਦੂਈ ਯਾਤਰਾ
Advertisement

ਡਾ. ਡੀ. ਪੀ. ਸਿੰਘ

Advertisement

‘ਸਨੋਫਲੇਕ’, ਬਰਫ਼ਾਨੀ ਕਣ (ਰਵਾ) ਹੁੰਦਾ ਹੈ ਜੋ ਧਰਤੀ ਦੇ ਬਹੁਤ ਠੰਢੇ ਖੇਤਰਾਂ ਵਿਖੇ ਵਾਯੂਮੰਡਲ ਵਿੱਚੋਂ ਬਰਫ਼ ਦੇ ਰੂਪ ਵਿੱਚ ਹੇਠਾਂ ਵੱਲ ਗਿਰਦਾ ਹੈ। ਹਰ ਬਰਫ਼ਾਨੀ ਕਣ ਬਹੁਤ ਜ਼ਿਆਦਾ ਨਮੀ ਵਾਲੀ ਹਵਾ ਵਿੱਚ ਇੱਕ ਛੋਟੇ ਜਿਹੇ ਧੂੜ ਦੇ ਕਣ ਦੇ ਦੁਆਲੇ ਪਾਣੀ ਦੇ ਜੰਮਣ ਨਾਲ ਪੈਦਾ ਹੁੰਦਾ ਹੈ। ਇਸ ਦਾ ਪੁੰਜ ਨਮੀ ਵਾਲੇ ਬੱਦਲਾਂ ਵਿੱਚੋਂ ਪਾਣੀ ਦੀਆਂ ਬੂੰਦਾਂ ਨੂੰ ਜਜ਼ਬ ਕਰਦੇ ਹੋਏ ਵਧਦਾ ਰਹਿੰਦਾ ਹੈ ਕਿਉਂਕਿ ਬਰਫ਼ਾਨੀ ਕਣ ਵਾਯੂਮੰਡਲ ਵਿੱਚ ਵੱਖੋ-ਵੱਖਰੇ ਤਾਪਮਾਨ ਅਤੇ ਨਮੀ ਵਾਲੇ ਖੇਤਰਾਂ ਵਿੱਚੋਂ ਲੰਘਦਾ ਹੈ, ਇਸ ਕਿਰਿਆ ਦੌਰਾਨ ਇਸ ਦੇ ਬਹੁਤ ਹੀ ਵੰਨ-ਸੁਵੰਨੇ ਰੂਪ ਜਨਮ ਲੈਂਦੇ ਹਨ। ਬਰਫ਼ ਪਾਰਦਰਸ਼ੀ ਪਦਾਰਥ (ਪਾਣੀ) ਦੀ ਬਣੀ ਹੋਣ ਦੇ ਬਾਵਜੂਦ ਚਿੱਟੀ ਦਿਖਾਈ ਦਿੰਦੀ ਹੈ। ਅਜਿਹਾ ਬਰਫ਼ਾਨੀ ਕਣਾਂ ਦੁਆਰਾ ਪ੍ਰਕਾਸ਼ ਦੇ ਖਿੰਡਾਅ ਕਾਰਨ ਵਾਪਰਦਾ ਹੈ।
***
ਬਹੁਤ ਪੁਰਾਣੀ ਗੱਲ ਨਹੀਂ ਹੈ। ਉਸ ਦਿਨ ਧੌਲਧਾਰ ਪਹਾੜੀਆਂ ਦੀਆਂ ਬਰਫ਼ਾਨੀ ਟੀਸੀਆਂ ਵਿਖੇ ਨੂਰ ਨਾਮ ਦੇ ਇੱਕ ਛੋਟੇ ਜਿਹੇ ‘ਸਨਫਲੇਕ’ (ਬਰਫ਼ਾਨੀ ਕਣ) ਦਾ ਜਨਮ ਹੋਇਆ ਸੀ। ਬੇਸ਼ੱਕ ਨੂਰ ਆਪਣੇ ਮਾਂ-ਬਾਪ ਬਾਰੇ ਅਣਜਾਣ ਸੀ, ਪਰ ਉਹ ਬਰਫ਼ ਦਾ ਕੋਈ ਆਮ ਕਣ ਨਹੀਂ ਸੀ; ਉਸ ਦੀ ਹਰ ਬਰਫ਼ਾਨੀ ਬਾਂਹ ਉੱਤੇ ਵਿਲੱਖਣ ਡਿਜ਼ਾਈਨ ਸਨ ਜੋ ਹਲਕੀ ਹਲਕੀ ਰੋਸ਼ਨੀ ਵਿੱਚ ਲਿਸ਼ਕਾਂ ਮਾਰਦੇ ਸਨ। ਇੱਕ ਦਿਨ ਜਦੋਂ ਉਹ ਠੰਢੀ ਹਵਾ ਵਿੱਚ ਸੈਰ ਕਰ ਰਿਹਾ ਸੀ ਤਾਂ ਬੱਦਲਾਂ ਨੂੰ ਚੀਰ ਕੇ ਆ ਰਹੀ ਸੂਰਜੀ ਰੋਸ਼ਨੀ ਜਿਵੇਂ ਹੀ ਉਸ ਦੇ ਕਿਨਾਰਿਆਂ ’ਤੇ ਪਈ, ਤਦ ਸਤਰੰਗੀ ਪੀਂਘ ਦੇ ਸੱਤੋ ਰੰਗ ਹੀ ਉਸ ਦੇ ਆਲੇ ਦੁਆਲੇ ਨੱਚਣ ਲੱਗ ਪਏ।
‘‘ਵਾਹ!’’ ਨੂਰ ਨੇ ਖ਼ੁਸ਼ੀ ਨਾਲ ਉੱਛਲਦੇ ਹੋਏ ਕਿਹਾ। ‘‘ਇਹ ਰੰਗ ਬਿਰੰਗੀ ਦੁਨੀਆ ਤਾਂ ਸੱਚ ਹੀ ਅਜਬ ਹੈ! ਜਾਪਦਾ ਹੈ ਇਸ ਬਾਰੇ ਜਾਣਨਾ ਹੋਰ ਵੀ ਮਜ਼ੇਦਾਰ ਹੋਵੇਗਾ।’’
ਜਿਵੇਂ ਹੀ ਹਵਾ ਦੇ ਇੱਕ ਚੰਚਲ ਬੁੱਲੇ ਨੇ ਨੂਰ ਨੂੰ ਹਲਕਾ ਜਿਹਾ ਧੱਕਾ ਮਾਰਿਆ ਤਾਂ ਉਸ ਦਾ ਦੁਨੀਆ ਬਾਰੇ ਹੋਰ ਨਵਾਂ ਜਾਣਨ ਦਾ ਸਫ਼ਰ ਸ਼ੁਰੂ ਹੋ ਗਿਆ। ਹੁਣ ਉਹ ਦੂਰ ਤੱਕ ਫੈਲੀ ਹਰੀ ਭਰੀ ਪਹਾੜੀ, ਵਾਦੀ, ਵੰਨ-ਸੁਵੰਨੇ ਰੁੱਖਾਂ ਵਾਲੇ ਜੰਗਲ ਅਤੇ ਪਹਾੜੀਆਂ ਦੀ ਗੋਦ ਵਿੱਚ ਵੱਸੇ ਪਿੰਡ ਨੂੰ ਦੇਖਦਾ ਹਵਾਈ ਬੁੱਲੇ ਸੰਗ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਸੀ।
ਤਦ ਅਚਾਨਕ ਹੀ ਹਵਾ ਦੇ ਬੁੱਲੇ ਨੇ ਨੂਰ ਨੂੰ ਹੇਠਾਂ ਵੱਲ ਧੱਕ ਦਿੱਤਾ। ਹੁਣ ਉਹ ਹੌਲੀ ਹੌਲੀ ਹੇਠਾਂ ਵੱਲ ਜਾਣ ਲੱਗ ਪਿਆ ਸੀ। ਉਸ ਨੇ ਬਰਫ਼ਾਂ ਲੱਦੀ ਪਹਾੜੀ ਢਲਾਣ ਉੱਤੇ ਬੱਚਿਆਂ ਨੂੰ ਖੇਡਾਂ ਖੇਡਦਿਆਂ ਦੇਖਿਆ। ਕੁਝ ਦੂਰੀ ਉੱਤੇ ਉਸ ਨੂੰ ਚਾਂਦੀ ਦੇ ਰਿਬਨਾਂ ਵਾਂਗ ਜੰਮੀਆਂ ਹੋਈਆਂ ਜਲ-ਧਾਰਾਵਾਂ ਅਤੇ ਬਰਫ਼ ਵਿੱਚ ਭੱਜਦੇ ਜਾਨਵਰ ਨਜ਼ਰ ਆਏ। ਰੁਮਕ ਰਹੀ ਹਵਾ ਵਿੱਚ ਨਾਜ਼ੁਕਤਾ ਭਰੇ ਢੰਗ ਨਾਲ ਤੈਰ ਰਿਹਾ ਨੂਰ ਤਦ ਹੀ ਪਹਾੜ ਦੀ ਗੋਦ ਵਿੱਚ ਵਸੇ ਇੱਕ ਛੋਟੇ ਜਿਹੇ ਪਿੰਡ ਦੇ ਨੇੜਲੇ ਮੈਦਾਨ ਵਿੱਚ ਪਹੁੰਚ ਗਿਆ। ਮੈਦਾਨ ਵਿਖੇ ਕਈ ਛੋਟੇ ਵੱਡੇ ਬੱਚੇ ਆਪੋ ਆਪਣੀ ਪਸੰਦ ਦੀਆਂ ਖੇਡਾਂ ਖੇਡਣ ਵਿੱਚ ਮਸਤ ਸਨ। ਅਜੀਬ ਜਿਹੇ ਨੂਰ ਨੂੰ ਆਇਆ ਦੇਖ ਕੇ ਕਿੰਨੇ ਹੀ ਬੱਚੇ ਉਸ ਦੇ ਆਲੇ ਦੁਆਲੇ ਇਕੱਠੇ ਹੋ ਗਏ।
‘‘ਇਸ ਬਰਫ਼ਾਨੀ ਕਣ ਨੂੰ ਤਾਂ ਦੇਖੋ!’’ ਮੀਰਾਂ ਨਾਂ ਦੀ ਇੱਕ ਕੁੜੀ ਨੇ ਨੂਰ ਨੂੰ ਦਸਤਾਨੇ ਪਹਿਨੇ ਆਪਣੇ ਹੱਥ ਉੱਤੇ ਟਿਕਾਉਂਦੇ ਹੋਏ ਕਿਹਾ।
‘‘ਇਹ ਤਾਂ ਸੱਤ ਰੰਗਾਂ ਵਾਲਾ ਇੱਕ ਛੋਟਾ ਜਿਹਾ ਤਾਰਾ ਹੀ ਲੱਗ ਰਿਹਾ ਹੈ!’’
ਜਿਵੇਂ ਹੀ ਸੂਰਜ ਦੀ ਰੋਸ਼ਨੀ ਨੇ ਨੂਰ ਨੂੰ ਛੂਹਿਆ, ਉਸ ਵਿੱਚੋਂ ਨਿਕਲ ਰਹੇ ਲਾਲ, ਪੀਲੇ, ਹਰੇ ਤੇ ਨੀਲੇ ਰੰਗ ਚਾਰੇ ਪਾਸੇ ਫੈਲ ਗਏ। ਬੱਚੇ ਇਹ ਅਚੰਭਾ ਦੇਖ ਕੇ ਹੈਰਾਨ ਰਹਿ ਗਏ।
‘‘ਵਾਹ! ਤੂੰ ਕਿੰਨਾ ਸੋਹਣਾ ਏ!’’ ਮੀਰਾਂ ਨੇ ਨੂਰ ਨੂੰ ਹੌਲੀ ਜਿਹੇ ਹਵਾ ਵਿੱਚ ਉਡਾਉਂਦਿਆਂ ਕਿਹਾ। ਨੂਰ ਨੂੰ ਇਹ ਜਾਣ ਕੇ ਚੰਗਾ ਲੱਗਿਆ ਕਿ ਉਸ ਦੇ ਆਉਣ ਨਾਲ ਬੱਚਿਆਂ ਨੂੰ ਖ਼ੁਸ਼ੀ ਮਿਲੀ ਹੈ। ਹਵਾ ਦਾ ਬੁੱਲਾ ਨੂਰ ਨੂੰ ਪਿੰਡ ਤੋਂ ਦੂਰ, ਪਹਾੜ ਤੋਂ ਹੇਠਾਂ ਵੱਲ, ਉੱਚੇ ਉੱਚੇ ਦਰੱਖਤਾਂ ਦੇ ਪਾਰ ਖੁੱਲ੍ਹੇ ਮੈਦਾਨ ਵੱਲ ਲੈ ਤੁਰਿਆ। ਉਹ ਜ਼ਮੀਨ ਉੱਤੇ ਮੌਜੂਦ ਵੰਨ-ਸੁਵੰਨੇ ਘਰਾਂ, ਬਾਗ-ਬਗੀਚਿਆਂ ਤੇ ਫ਼ਸਲਾਂ ਨੂੰ ਦੇਖ ਕੇ ਹੈਰਾਨ ਹੋ ਗਿਆ। ਇਨ੍ਹਾਂ ਨਵੇਂ ਥਾਵਾਂ ’ਤੇ ਅਜੀਬ ਚੀਜ਼ਾਂ ਬਾਰੇ ਜਾਣਨਾ ਉਸ ਨੂੰ ਚੰਗਾ ਲੱਗ ਰਿਹਾ ਸੀ।
ਜਿਵੇਂ ਹੀ ਨੂਰ ਪਹਾੜਾਂ ਦੇ ਪੈਰਾਂ ਕੋਲ ਵਸੇ ਨਗਰ ਨੇੜੇ ਪਹੁੰਚਿਆ, ਉਸ ਨੇ ਮਹਿਸੂਸ ਕੀਤਾ ਕਿ ਹਵਾ ਗਰਮ ਹੁੰਦੀ ਜਾ ਰਹੀ ਹੈ। ਸੂਰਜ ਦੀ ਰੋਸ਼ਨੀ ਜੋ ਕਦੇ ਉਸ ਦੀ ਦੋਸਤ ਸੀ, ਹੁਣ ਤਿੱਖੀ ਮਹਿਸੂਸ ਹੋਣ ਲੱਗ ਪਈ ਹੈ।
‘‘ਮੈਂ ਕਿਉਂ ਪਿਘਲਦਾ ਜਾ ਰਿਹਾ ਹਾਂ?’’ ਨੂਰ ਫੁਸਫੁਸਾਇਆ, ਉਸ ਦੇ ਬਲੌਰੀ ਕਿਨਾਰੇ ਧੁੰਦਲੇ ਹੋਣੇ ਸ਼ੁਰੂ ਹੋ ਗਏ।
ਜਦੋਂ ਨੂਰ ਨਗਰ ਦੇ ਉੱਪਰੋਂ ਲੰਘ ਰਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਗਰਮੀ ਬਹੁਤ ਬਹੁਤ ਤੇਜ਼ ਹੋ ਗਈ ਸੀ। ਉਸ ਨੂੰ ਮਹਿਸੂਸ ਹੋਇਆ ਕਿ ਬਰਫ਼ਾਨੀ ਕਣ ਵਜੋਂ ਉਸ ਦਾ ਜੀਵਨ ਤੇਜ਼ੀ ਨਾਲ ਖਾਤਮੇ ਵੱਲ ਵਧ ਰਿਹਾ ਹੈ।
‘‘ਮੈਂ ਮਰਨਾ ਨਹੀਂ ਚਾਹੁੰਦਾ!’’ ਨੂਰ ਕੁਰਲਾ ਉਠਿਆ। ‘‘ਅਜੇ ਤਾਂ ਮੈਂ ਆਪਣੀ ਯਾਤਰਾ ਵੀ ਪੂਰੀ ਨਹੀਂ ਕੀਤੀ!’’
“ਨੂਰ! ਤੂੰ ਮਰ ਨਹੀਂ ਰਿਹਾ। ਸਿਰਫ਼ ਤੇਰਾ ਰੂਪ ਬਦਲ ਰਿਹਾ ਹੈ। ਯਕੀਨ ਰੱਖ, ਤੇਰਾ ਸਫ਼ਰ ਜਾਰੀ ਰਹੇਗਾ।’’ ਉਸ ਦੀ ਦੋਸਤ ਹਵਾ ਨੇ ਉਸ ਨੂੰ ਧਰਵਾਸ ਦਿੰਦੇ ਹੋਏ ਕਿਹਾ।
ਨੂਰ ਨੇ ਹਵਾ ਦੇ ਸ਼ਬਦਾਂ ਉੱਤੇ ਭਰੋਸਾ ਤਾਂ ਕੀਤਾ, ਪਰ ਉਹ ਡਰਿਆ ਹੋਇਆ ਸੀ। ਜਿਵੇਂ ਹੀ ਉਹ ਪਿਘਲਿਆ, ਉਹ ਪਾਣੀ ਦੀ ਇੱਕ ਛੋਟੀ ਬੂੰਦ ਵਿੱਚ ਬਦਲ ਗਿਆ। ਪਾਣੀ ਦੀ ਇਹ ਬੂੰਦ ਡਰ ਨਾਲ ਕੰਬਦੀ ਹੋਈ, ਇੱਕ ਬਗੀਚੇ ਵਿੱਚ ਉੱਗੇ ਛੋਟੇ ਜਿਹੇ ਪੌਦੇ ਦੇ ਇੱਕ ਪੱਤੇ ਉੱਤੇ ਜਾ ਗਿਰੀ।
ਅਗਲੀ ਸਵੇਰ ਇੱਕ ਅਜੀਬ ਕਾਰਨਾਮਾ ਵਾਪਰ ਗਿਆ। ਜਿਵੇਂ ਹੀ ਸਵੇਰ ਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੂਰ ਦੇ ਬੂੰਦ ਰੂਪ ਉੱਤੇ ਪਈਆਂ, ਉਸ ਨੇ ਇਹ ਰੋਸ਼ਨੀ ਚਾਰੇ ਪਾਸੇ ਖਿੰਡਰਾ ਦਿੱਤੀ। ਉਹ ਇੱਕ ਅਜਿਹੇ ਸੋਹਣੇ ਮੋਤੀ ਵਾਂਗ ਚਮਕਣ ਲੱਗਾ, ਜੋ ਲਾਲ, ਪੀਲੇ, ਹਰੇ ਤੇ ਨੀਲੇ ਰੰਗਾਂ ਵਾਲੀ ਚਮਕ ਦਾ ਮਾਲਕ ਹੋਵੇ।
‘‘ਵਾਹ!’’ ਪੌਦਿਆਂ ਨੂੰ ਪਾਣੀ ਪਾ ਰਹੇ ਇੱਕ ਛੋਟੇ ਮੁੰਡੇ ਦੇ ਖ਼ੁਸ਼ੀ ਭਰੇ ਬੋਲ ਸਨ। ‘‘ਇਸ ਬੂੰਦ ਨੂੰ ਤਾਂ ਦੇਖੋ - ਇਹ ਤਾਂ ਹੀਰੇ ਵਾਂਗ ਚਮਕ ਰਹੀ ਹੈ!’’
ਨੂਰ ਖ਼ੁਸ਼ ਹੋ ਗਿਆ। ਸਪੱਸ਼ਟ ਸੀ ਕਿ ਉਹ ਮਰਿਆ ਨਹੀਂ ਸੀ, ਸਿਰਫ਼ ਉਸ ਦਾ ਰੂਪ ਬਦਲ ਗਿਆ ਸੀ।
ਤਰੇਲ ਦੀ ਬੂੰਦ ਦੇ ਰੂਪ ਵਿੱਚ ਨੂਰ ਨੇ ਬਗੀਚੇ ਦੇ ਪੌਦਿਆਂ ਨੂੰ ਜੀਵਨ ਦਾ ਤੋਹਫ਼ਾ ਬਖ਼ਸ਼ਿਆ। ਪੰਛੀਆਂ ਨੇ ਉਸ ਦਾ ਪਾਣੀ ਪੀ ਪਿਆਸ ਬੁਝਾਈ ਅਤੇ ਪੌਦਿਆਂ ਦੇ ਪੱਤੇ ਉਸ ਦੀ ਰੋਸ਼ਨੀ ਨਾਲ ਚਮਕ ਉੱਠੇ।
ਹਰ ਰਾਤ, ਨੂਰ ਦੁਬਾਰਾ ਧੁੰਦ ਦੇ ਰੂਪ ਵਿੱਚ ਹਵਾ ਵਿੱਚ ਉੱਪਰ ਵੱਲ ਉੱਠਦਾ। ਠੰਢੀ ਹਵਾ ਇਸ ਧੁੰਦ ਨੂੰ ਹਵਾ ਰਾਹੀਂ ਪਹਾੜਾਂ ਵੱਲ ਲੈ ਜਾਂਦੀ। ਤਦ ਉਹ ਕਦੇ ਕੱਕਰ ਦੇ ਰੂਪ ਵਿੱਚ ਫੁੱਲਾਂ ਉੱਤੇ ਆ ਗਿਰਦਾ ਜਾਂ ਜਦੋਂ ਕਦੇ ਮੌਸਮ ਬਹੁਤ ਠੰਢਾ ਹੁੰਦਾ ਤਾਂ ਉਹ ਬਰਫ਼ਾਨੀ ਕਣ ਦਾ ਰੂਪ ਧਾਰ ਬਾਗ-ਬਗੀਚਿਆਂ ਜਾਂ ਧਰਤੀ ਉੱਤੇ ਆ ਉਤਰਦਾ।
ਨੂਰ ਨੇ ਮਹਿਸੂਸ ਕੀਤਾ ਕਿ ਉਹ ਇੱਕ ਵੱਡੇ ਜਲ-ਚੱਕਰ ਦਾ ਹਿੱਸਾ ਸੀ। ਉਹ ਸਿਰਫ਼ ਇੱਕ ਬਰਫ਼ਾਨੀ ਕਣ ਜਾਂ ਬੂੰਦ ਹੀ ਨਹੀਂ ਸੀ, ਸਗੋਂ ਉਹ ਤਾਂ ਆਪਣੇ ਅਨੇਕ ਰੂਪਾਂ ਵਿੱਚ ਖ਼ੁਸ਼ੀਆਂ ਵੰਡਣ ਵਾਲਾ ਅਤੇ ਜੀਵਨ ਦਾਤਾ ਸੀ।
‘‘ਮੇਰਾ ਰੂਪ ਬਦਲਦਾ ਰਹਿੰਦਾ ਹੈ।’’ ਨੂਰ ਸੋਚ ਰਿਹਾ ਸੀ, ‘‘ਪਰ ਮੇਰਾ ਫ਼ਰਜ਼ ਹੈ ਕਿ ਮੈਂ ਜਿੱਥੇ ਵੀ ਜਾਵਾਂ ਹਮੇਸ਼ਾਂ ਖ਼ੁਸ਼ੀਆਂ ਹੀ ਵੰਡਾਂ।’’
ਇੱਕ ਠੰਢੀ ਸਵੇਰ, ਨੂਰ ਦੁਬਾਰਾ ਬਰਫ਼ਾਨੀ ਕਣ ਵਿੱਚ ਬਦਲ ਮੀਰਾਂ ਦੇ ਦਸਤਾਨੇ ਪਹਿਨੇ ਹੱਥ ਉੱਤੇ ਮੁੜ ਆ ਟਿਕਿਆ।
‘‘ਦੇਖੋ, ਦੇਖੋ!’’ ਮੀਰਾਂ ਨੇ ਆਪਣੀ ਦੋਸਤ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਤਰੰਗਾਂ ਵਾਲਾ ਬਰਫ਼ਾਨੀ ਕਣ ਵਾਪਸ ਆ ਗਿਆ ਹੈ!’’
ਨੂਰ ਦੀ ਲੰਮੀ ਜਾਦੂਈ ਯਾਤਰਾ ਤੇ ਸਾਹਸੀ ਕਾਰਨਾਮਿਆਂ ਤੋਂ ਅਣਜਾਣ, ਮੀਰਾਂ ਤੇ ਉਸ ਦੀ ਦੋਸਤ ਮੁਸਕਰਾ ਰਹੀਆਂ ਸਨ। ਨੂਰ ਖ਼ੁਸ਼ੀ ਨਾਲ ਝੂਮਦਾ ਹੋਇਆ ਆਪਣੀ ਅਗਲੀ ਯਾਤਰਾ ਲਈ ਤਿਆਰ ਸੀ। ਹੁਣ ਉਹ ਜਾਣ ਚੁੱਕਾ ਸੀ ਕਿ ਉਹ ਅੰਬਰ ਤੇ ਧਰਤੀ ਦੀ ਯਾਤਰਾ ਕਰਦਾ ਹੋਇਆ ਆਪਣੇ ਪ੍ਰਸੰਸਕਾਂ ਨੂੰ ਖ਼ੁਸ਼ੀਆ ਵੰਡਣ ਲਈ ਹਮੇਸ਼ਾਂ ਆਉਂਦਾ ਜਾਂਦਾ ਰਹੇਗਾ।
ਇੰਝ ਨੂਰ ਦੀ ਜਾਦੂਈ ਯਾਤਰਾ ਅੱਜ ਵੀ ਜਾਰੀ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਬਦੀਲੀ ਜ਼ਿੰਦਗੀ ਦੇ ਕ੍ਰਿਸ਼ਮਿਆਂ ਦਾ ਅੰਗ ਹੀ ਹੈ।
ਈਮੇਲ: drdpsn@hotmail.com

Advertisement

Advertisement
Author Image

Balwinder Kaur

View all posts

Advertisement