For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ ਦੀ ਮਹਾਂ ਮਾਇਆ

06:24 AM Jan 09, 2024 IST
ਸ਼ੇਅਰ ਬਾਜ਼ਾਰ ਦੀ ਮਹਾਂ ਮਾਇਆ
Advertisement

ਔਨਿੰਦਿਓ ਚੱਕਰਵਰਤੀ

Advertisement

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਉਸ ਦੇ ਸਾਰੇ ਸਿਆਸੀ ਵਿਰੋਧੀ ‘ਕਮਿਊਨਿਸਟ’ ਹਨ ਪਰ ਅਚਨਚੇਤ ਉਹ ਖ਼ੁਦ ਵੀ ‘ਉਨ੍ਹਾਂ’ ਵਰਗੇ ਬਣ ਗਏ ਹਨ। ਹਾਲ ਹੀ ਵਿਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਵਿਚ ਸ਼ੇਅਰ ਬਾਜ਼ਾਰ ਜਿਵੇਂ ਬੁਲੰਦੀਆਂ ਛੂਹ ਰਿਹਾ ਹੈ, ਉਸ ਨਾਲ ਅਮੀਰ ਲੋਕ ਹੋਰ ਅਮੀਰ ਹੋ ਰਹੇ ਹਨ। ਟਰੰਪ ਜੀਓ, ਤੁਹਾਨੂੰ ਪਤੈ ਕਿ ਇਹ ਗੱਲ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਬਾਰੇ ਸੱਚ ਹੈ। ਬਾਜ਼ਾਰ ਕਾਰਪੋਰੇਟ ਮੁਨਾਫਿ਼ਆਂ ਦੀ ਖੁਰੀ ਨੱਪ ਕੇ ਚੱਲਦੇ ਹਨ। ਜਦੋਂ ਮੁਨਾਫ਼ਾ ਵਧ ਜਾਂਦਾ ਹੈ ਤਾਂ ਸ਼ੇਅਰ ਬਾਜ਼ਾਰ ਵੀ ਚੜ੍ਹ ਜਾਂਦੇ ਹਨ। ਜਦੋਂ ਕਾਰਪੋਰੇਟ ਕੰਪਨੀਆਂ ਕੌਮੀ ਧਨ ਦਾ ਵੱਡਾ ਹਿੱਸਾ ਭੋਟ ਲੈਂਦੀਆਂ ਹਨ ਤਾਂ ਬਾਜ਼ਾਰ ਹੋਰ ਤੇਜੀ ਨਾਲ ਚੜ੍ਹਨ ਲਗਦੇ ਹਨ। 1980ਵਿਆਂ ਤੋਂ ਲੈ ਕੇ ਇਵੇਂ ਹੀ ਚੱਲ ਰਿਹਾ ਹੈ; ਉਦੋਂ ਤੋਂ ਲੈ ਕੇ ਹੁਣ ਤੱਕ ਸ਼ੇਅਰ ਬਾਜ਼ਾਰਾਂ ਤੋਂ ਹੋਈ ਜ਼ਬਰਦਸਤ ਕਮਾਈ ਦਾ ਰਾਜ਼ ਵੀ ਇਹੀ ਹੈ।
ਚਾਲੀ ਸਾਲ ਪਹਿਲਾਂ ਅਮਰੀਕਾ ਛੋਟੇ ਉਦਮੀਆਂ ਦਾ ਦੇਸ਼ ਹੋਣ ’ਤੇ ਫਖ਼ਰ ਮਹਿਸੂਸ ਕਰਦਾ ਸੀ। ਉਸ ਤੋਂ ਬਾਅਦ ਪੂੰਜੀ ਮੁੱਠੀ ਭਰ ਵੱਡੀਆਂ ਕੰਪਨੀਆਂ ਦੇ ਹੱਥਾਂ ਵਿਚ ਇਕੱਤਰ ਹੋਣ ਲੱਗ ਪਈ। ਹੁਣ ਜਦੋਂ ਮੁਨਾਫ਼ੇ ਵਧਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਅਮੀਰ ਹੋਰ ਅਮੀਰ ਹੋ ਰਹੇ ਹਨ। ਉਹ ਆਪਣੀਆਂ ਬੱਚਤਾਂ ਦਾ ਸ਼ੇਅਰ ਬਾਜ਼ਾਰਾਂ ਵਿਚ ਨਿਵੇਸ਼ ਕਰਦੇ ਹਨ ਜੋ ਮੋੜਵੇਂ ਰੂਪ ਵਿਚ ਉਨ੍ਹਾਂ ਦੀ ਦੌਲਤ ਵਿਚ ਹੋਰ ਵਾਧਾ ਕਰਦੇ ਹਨ।
ਇਹ ਸੱਚ ਹੈ ਕਿ ਬਹੁਤ ਸਾਰੇ ਅਮਰੀਕੀ ਨਾਗਰਿਕਾਂ ਨੇ ਮਿਊਚਲ ਫੰਡਾਂ ਜਾਂ ਸੇਵਾਮੁਕਤੀ ਖਾਤਿਆਂ ਰਾਹੀਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ੇਅਰ ਖਰੀਦੇ ਹੋਏ ਹਨ। ਮਿਸਾਲ ਦੇ ਤੌਰ ’ਤੇ 2022 ਵਿਚ ਅਮਰੀਕਾ ਵਿਚ 58 ਫ਼ੀਸਦ ਪਰਿਵਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕੀਤਾ ਹੋਇਆ ਸੀ। ਉਂਝ, ਜੇ ਇਸ ਅੰਕੜੇ ਨੂੰ ਆਮਦਨ ਦੇ ਪੱਧਰਾਂ ਦੇ ਹਿਸਾਬ ਨਾਲ ਤੋੜ ਕੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਹੇਠਲੇ ਪੰਜਾਹ ਫ਼ੀਸਦ ਪਰਿਵਾਰਾਂ ’ਚੋਂ ਸਿਰਫ਼ 34 ਫ਼ੀਸਦ ਨੇ ਹੀ ਸ਼ੇਅਰ ਖਰੀਦੇ ਹੋਏ ਸਨ। ਇਨ੍ਹਾਂ ਦੇ ਮੁਕਾਬਲੇ ਸਭ ਤੋਂ ਵੱਧ 10 ਫ਼ੀਸਦ ਅਮੀਰ ਪਰਿਵਾਰਾਂ ’ਚੋਂ 95 ਫ਼ੀਸਦ ਨੇ ਸ਼ੇਅਰ ਬਾਜ਼ਾਰ ਵਿਚ ਪੈਸਾ ਲਾਇਆ ਹੋਇਆ ਸੀ। ਹੇਠਲੇ ਪੰਜਾਹ ਫ਼ੀਸਦ ਲੋਕਾਂ ਦੀ ਔਸਤ ਸ਼ੇਅਰ ਬਾਜ਼ਾਰ ਹਿੱਸੇਦਾਰੀ ਮਹਿਜ਼ 12600 ਡਾਲਰ ਬਣਦੀ ਸੀ; ਸਭ ਤੋਂ ਵੱਧ ਅਮੀਰ ਦਸ ਫ਼ੀਸਦ ਲੋਕਾਂ ਦੀ ਸ਼ੇਅਰ ਬਾਜ਼ਾਰ ਦੀ ਔਸਤ ਹਿੱਸੇਦਾਰੀ 608,000 ਡਾਲਰ ਸੀ। ਟਰੰਪ ਇਸ ਗੱਲੋਂ ਸਹੀ ਹੈ ਕਿ ਸ਼ੇਅਰ ਬਾਜ਼ਾਰ ਦੇ ਚੜ੍ਹਨ ਦਾ ਮਤਲਬ ਹੈ ਕਿ ਧਨੀ ਲੋਕਾਂ ਕੋਲ ਹੋਰ ਜਿ਼ਆਦਾ ਪੈਸਾ ਜਾ ਰਿਹਾ ਹੈ।
ਇਸ ਦਾ ਸਾਡੇ ਲਈ ਕੀ ਮਤਲਬ ਬਣਦਾ ਹੈ? ਭਾਰਤ ਵਿਚ ਸਭ ਤੋਂ ਵੱਧ ਇਕ ਫ਼ੀਸਦ ਅਮੀਰ ਲੋਕਾਂ ਕੋਲ ਦੇਸ਼ ਦੀ ਇਕ ਤਿਹਾਈ ਦੌਲਤ ਹੈ। ਇਸ ਦਾ ਮਤਲਬ ਹੈ ਕਿ ਕਰੀਬ 35 ਲੱਖ ਪਰਿਵਾਰਾਂ ਕੋਲ 5 ਖਰਬ ਡਾਲਰ ਦੇ ਮੁੱਲ ਦੇ ਅਸਾਸੇ ਹਨ। ਇਹ ਅੰਦਾਜ਼ਨ 415 ਲੱਖ ਕਰੋੜ ਰੁਪਏ ਦੀ ਰਕਮ ਬਣਦੀ ਹੈ। ਪਿਛਲੇ ਸਾਲ ਭਾਰਤ ਦੀ ਸ਼ੁੱਧ ਨਿੱਜੀ ਦੌਲਤ ਵਿਚ 4.6 ਫ਼ੀਸਦ ਵਾਧਾ ਹੋਇਆ ਸੀ। ਸਾਡੇ ਦੇਸ਼ ਅੰਦਰ ਜਿਵੇਂ ਦੌਲਤ ਕੁਝ ਹੱਥਾਂ ਵਿਚ ਇਕੱਠੀ ਹੋ ਰਹੀ ਹੈ, ਉਸ ਦੇ ਮੱਦੇਨਜ਼ਰ ਇਹ ਕਹਿਣਾ ਗ਼ੈਰ-ਵਾਜਬਿ ਨਹੀਂ ਹੋਵੇਗਾ ਕਿ ਚੋਟੀ ਦੇ ਇਕ ਫ਼ੀਸਦ ਅਮੀਰਾਂ ਦੀ ਸੰਪਤੀ ਵਿਚ ਘੱਟੋ-ਘੱਟ ਪੰਜ ਫ਼ੀਸਦ ਵਾਧਾ ਹੋਇਆ ਹੋਵੇਗਾ। ਮੰਨ ਲਓ, ਇਸ ਸਾਲ ਵੀ ਇਹ ਵਾਧਾ ਜਾਰੀ ਰਹਿੰਦਾ ਹੈ ਤਾਂ ਭਾਰਤ ਦੇ ਧਨਾਢ ਪਰਿਵਾਰਾਂ ਦੀ ਨਿੱਜੀ ਦੌਲਤ ਵਿਚ 20 ਲੱਖ ਕਰੋੜ ਰੁਪਏ ਦਾ ਵਾਧਾ ਹੋ ਜਾਵੇਗਾ।
ਇਸ ਵਾਧੂ ਧਨ ਦਾ ਵੱਡਾ ਹਿੱਸਾ ਉਨ੍ਹਾਂ ਦੇ ਅਸਾਸਿਆਂ ਦੀ ਕੀਮਤ ਵਿਚ ਮਹਿਜ਼ ਇਕ ਵਟਾਂਦਰਾ ਹੈ ਅਤੇ ਇਸ ਨੂੰ ਬਹੁਤ ਹੀ ਅਸਾਨੀ ਨਾਲ ਮੁਦਰਾ ਦਾ ਰੂਪ ਵਿਚ ਵਟਾਇਆ ਜਾ ਸਕਦਾ ਹੈ। ਜੇ ਅਸੀਂ ਮੰਨ ਲਈਏ ਕਿ ਵਾਧੂ ਸੰਪਤੀ ਦੇ ਇਕ ਚੁਥਾਈ ਹਿੱਸੇ ਨੂੰ ਦੁਬਾਰਾ ਨਿਵੇਸ਼ ਕੀਤਾ ਜਾਵੇਗਾ ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਪੰਜ ਲੱਖ ਕਰੋੜ ਰੁਪਏ ਹੋਰ ਖ਼ਾਸ ਤਰ੍ਹਾਂ ਦੀ ਖਪਤ ਅਤੇ ਨਵੇਂ ਅਸਾਸਿਆਂ ਦੀ ਖਰੀਦਦਾਰੀ ਵਿਚ ਲੱਗਣਗੇ। ਫ਼ਰਜ਼ ਕਰੋ, ਇਸ ਦਾ ਅੱਧਾ ਹਿੱਸਾ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਅਮੀਰਾਂ ਕੋਲ ਪਏ ਕਰੀਬ 30 ਅਰਬ ਡਾਲਰ ਅਗਲੇ ਸਾਲ ਭਾਰਤੀ ਸ਼ੇਅਰ ਬਾਜ਼ਾਰ ਵਿਚ ਨਵੇਂ ਨਿਵੇਸ਼ ਦੇ ਰੂਪ ਵਿਚ ਆ ਸਕਦੇ ਹਨ।
ਇਹ ਕੋਈ ਅਸੰਭਵ ਅੰਕੜਾ ਨਹੀਂ ਤੇ 2023 ਵਿਚ ਭਾਰਤੀ ਸ਼ੇਅਰ ਬਾਜ਼ਾਰ ਵਿਚ ਘਰੋਗੀ ਫੰਡਾਂ ਰਾਹੀਂ 20 ਅਰਬ ਡਾਲਰ ਤੋਂ ਵੱਧ ਨਿਵੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਅਰਬ ਡਾਲਰ ਵਿਦੇਸ਼ੀ ਫੰਡਾਂ ਰਾਹੀਂ ਨਿਵੇਸ਼ ਹੋਇਆ ਹੈ ਅਤੇ ਭਾਰਤ ਦੇ ਧਨਾਢ ਤਬਕੇ ਰਾਹੀਂ ਕੀਤੇ ਨਿਵੇਸ਼ ਸਦਕਾ ਨਿਫਟੀ ਨੇ ਕਰੀਬ 20 ਫ਼ੀਸਦ ਦੀ ਆਮਦਨ ਦਿੱਤੀ ਹੈ। ਜੇ ਚੀਜ਼ਾਂ ਇਵੇਂ ਹੀ ਜਾਰੀ ਰਹੀਆਂ ਤਾਂ ਕੋਈ ਹੈਰਤ ਦੀ ਗੱਲ ਨਹੀਂ ਹੋਵੇਗੀ ਕਿ 2024 ਵਿਚ ਵੀ ਸ਼ੇਅਰ ਬਾਜ਼ਾਰ ਤੋਂ ਚੋਖੀ ਆਮਦਨ ਹੋਵੇਗੀ।
ਇਹ ਯਕੀਨ ਕਰਨ ਦਾ ਇਕ ਹੋਰ ਕਾਰਨ ਵੀ ਹੋ ਸਕਦਾ ਹੈ ਕਿ 2024 ਅਮੀਰਾਂ ਲਈ ਚੰਗਾ ਸਾਬਿਤ ਹੋ ਸਕਦਾ ਹੈ। ਅਮਰੀਕਾ ਦੀ ਕੇਂਦਰੀ ਬੈਂਕ ਯੂਐੱਸ ਫੈਡਰਲ ਰਿਜ਼ਰਵ (ਫੈੱਡ) ਨੇ ਪਹਿਲਾਂ ਹੀ ਸੰਕੇਤ ਦੇ ਦਿੱਤਾ ਹੈ ਕਿ ਨਵੇਂ ਸਾਲ ਵਿਚ ਵਿਆਜ ਦਰਾਂ ਵਿਚ ਭਰਵੀਂ ਕਟੌਤੀ ਹੋ ਸਕਦੀ ਹੈ। ਇਸ ਦਾ ਮਤਲਬ ਹੋਵੇਗਾ ਕਿ ਅਮਰੀਕੀ ਨਿਵੇਸ਼ਕਾਂ ਲਈ ਸ਼ੇਅਰ ਬਾਜ਼ਾਰਾਂ ਅਤੇ ਹੋਰਨਾਂ ਅਸਾਸਿਆਂ ਵਿਚ ਨਿਵੇਸ਼ ਕਰਨਾ ਸੌਖਾ ਹੋ ਜਾਵੇਗਾ। ਇਸ ਪੈਸੇ ਦਾ ਕੁਝ ਹਿੱਸਾ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਵੀ ਆਵੇਗਾ। ‘ਫੈੱਡ’ ਦੀ ਕੀਤੀ ਵਿਆਜ ਦਰਾਂ ਵਿਚ ਕਟੌਤੀ ਤੋਂ ਬਾਅਦ ਆਰਬੀਆਈ ਵੀ ਵਿਆਜ ਦਰਾਂ ਵਿਚ ਕਟੌਤੀ ਕਰਨ ਲਈ ਅਹੁਲ ਸਕਦਾ ਹੈ। ਇਸ ਤਰ੍ਹਾਂ ਸਾਡੇ ਘਰੇਲੂ ਅਰਥਚਾਰੇ ਵਿਚ ਹੋਰ ਜਿ਼ਆਦਾ ਧਨ ਆਵੇਗਾ ਜਿਸ ਕਰ ਕੇ ਸਟਾਕ ਅਤੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਵਧ ਸਕਦਾ ਹੈ। ਜੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾਂਦੀ ਹੈ ਤਾਂ ਕਾਰਪੋਰੇਟ ਕੰਪਨੀਆਂ ਦੀਆਂ ਵਿੱਤੀ ਲਾਗਤਾਂ ਵਿਚ ਕਮੀ ਆਵੇਗੀ ਜਿਸ ਸਦਕਾ ਉਨ੍ਹਾਂ ਦੇ ਮੁਨਾਫਿਆਂ ਵਿਚ ਇਜ਼ਾਫ਼ਾ ਹੋਵੇਗਾ। ਬਾਜ਼ਾਰ ਕਿਉਂਕਿ ਕਾਰਪੋਰੇਟ ਮੁਨਾਫਿ਼ਆਂ ਦੀ ਪੈੜ ਨੱਪਦੇ ਹਨ, ਇਸ ਕਰ ਕੇ ਸ਼ੇਅਰ ਕੀਮਤਾਂ ਵਧਣ ਦਾ ਇਹ ਇਕ ਹੋਰ ਕਾਰਨ ਹੋ ਸਕਦਾ ਹੈ।
ਉਂਝ, ਇਸ ਗੁਲਾਬੀ ਤਸਵੀਰ ਦਾ ਸਿਆਹ ਪੱਖ ਇਹ ਵੀ ਹੈ ਕਿ ਆਮ ਪ੍ਰਚੂਨ ਨਿਵੇਸ਼ਕਾਂ ਵਲੋਂ ਬਹੁਤ ਭਾਰੀ ਰਕਮ ਦਾ ਸੱਟਾ ਨਿਵੇਸ਼ ਭਾਰਤੀ ਸ਼ੇਅਰ ਬਾਜ਼ਾਰਾਂ ਵਿਚ ਕੀਤਾ ਦਿਖਾਈ ਦਿੰਦਾ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਜਿ਼ਆਦਾ ਪੈਸਾ ਵਧੇਰੇ ਜੋਖ਼ਮ ਭਰਪੂਰ ਫਿਊਚਰ ਅਤੇ ਡੈਰੀਵੇਟਿਵਜ਼ (ਵਾਅਦਾ ਬਾਜ਼ਾਰ) ਵਿਚ ਲਾਇਆ ਜਾਂਦਾ ਹੈ। ਇੱਥੇ ਨਿਵੇਸ਼ਕ ਥੋੜ੍ਹੀ ਮਾਤਰਾ ਵਿਚ ਪੈਸਾ ਦਾਅ ’ਤੇ ਲਾਉਂਦੇ ਹਨ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀਮਤਾਂ ਦਾ ਰੁਖ਼ ਕਿਵੇਂ ਰਹੇਗਾ। ਮਿਸਾਲ ਦੇ ਤੌਰ ’ਤੇ ਤੁਸੀਂ ਦਾਅ ਲਾ ਸਕਦੇ ਹੋ ਕਿ ਜਿਸ ਸ਼ੇਅਰ ਦੀ ਕੀਮਤ ਅੱਜ 100 ਰੁਪਏ ਹੈ, ਉਹ ਇਸ ਮਹੀਨੇ ਦੇ ਅੰਤ ਤੱਕ 115 ਰੁਪਏ ਹੋ ਜਾਵੇਗੀ। ਤੁਸੀਂ ਕਿਸੇ ਅਗਲੀ ਤਰੀਕ ’ਤੇ ਸ਼ੇਅਰ (110 ਰੁਪਏ) ਖਰੀਦ ਲੈਂਦੇ ਹੋ। ਜੇ ਇਸ ਦੀ ਕੀਮਤ 115 ਰੁਪਏ ਹੋ ਜਾਂਦੀ ਹੈ ਤਾਂ ਤੁਹਾਨੂੰ ਫ਼ੀ ਸ਼ੇਅਰ ਪੰਜ ਰੁਪਏ ਮੁਨਾਫ਼ਾ ਹੋਵੇਗਾ ਪਰ ਜੇ ਇਹ ਕੀਮਤ 105 ਰੁਪਏ ਹੀ ਰਹਿ ਜਾਂਦੀ ਹੈ ਤਾਂ ਤੁਹਾਨੂੰ ਪ੍ਰਤੀ ਸ਼ੇਅਰ ਪੰਜ ਰੁਪਏ ਦਾ ਨੁਕਸਾਨ ਹੋ ਜਾਵੇਗਾ। ਜ਼ਾਹਿਰ ਹੈ ਕਿ ਤੁਸੀਂ ਵੱਡੀ ਮਾਤਰਾ ਵਿਚ ਸ਼ੇਅਰ ਖਰੀਦ ਕੇ ਹੀ ਚੋਖਾ ਮੁਨਾਫ਼ਾ ਕਮਾ ਸਕਦੇ ਹੋ। ਇਕ ਲੱਖ ਰੁਪਏ ਦਾ ਮੁਨਾਫ਼ਾ ਕਮਾਉਣ ਲਈ ਤੁਹਾਨੂੰ 20 ਹਜ਼ਾਰ ਸ਼ੇਅਰ ਖਰੀਦਣੇ ਪੈਣਗੇ।
ਨਕਦੀ ਬਾਜ਼ਾਰ ਵਿਚ ਤੁਹਾਨੂੰ 100 ਰੁਪਏ ਦੀ ਕੀਮਤ ’ਤੇ 20 ਹਜ਼ਾਰ ਸ਼ੇਅਰ ਖਰੀਦਣ ਲਈ 20 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਵਾਅਦਾ ਮਾਰਕਿਟ ਵਿਚ ਤੁਹਾਨੂੰ ਥੋੜ੍ਹੀ ਜਿਹੀ ਰਕਮ ਭਾਵ ਸਿਰਫ਼ 10 ਫ਼ੀਸਦ ਜਾਂ ਦੋ ਲੱਖ ਰੁਪਏ ਹੀ ਲਾਉਣੇ ਪੈਣਗੇ। ਜੇ ਸ਼ੇਅਰ ਦੀ ਕੀਮਤ 115 ਰੁਪਏ ਹੋ ਗਈ ਤਾਂ ਤਾਂ ਤੁਹਾਨੂੰ 2 ਲੱਖ ਰੁਪਏ ਲਾ ਕੇ ਪੰਜ ਲੱਖ ਰੁਪਏ ਦਾ ਮੁਨਾਫ਼ਾ ਹੋ ਜਾਵੇਗਾ; ਭਾਵ, 150 ਫ਼ੀਸਦ ਕਮਾਈ ਪਰ ਜੇ ਸ਼ੇਅਰ ਦੀ ਕੀਮਤ 105 ਰੁਪਏ ਰਹਿ ਗਈ ਤਾਂ ਤੁਹਾਨੂੰ ਪਹਿਲਾਂ ਲਾਏ ਗਏ 2 ਲੱਖ ਰੁਪਏ ਤੋਂ ਇਲਾਵਾ ਹੋਰ ਪੰਜ ਲੱਖ ਰੁਪਏ ਦਾ ਨੁਕਸਾਨ ਹੋ ਜਾਵੇਗਾ। ਭਾਰਤ ਵਿਚ ਇਸ ਤਰ੍ਹਾਂ ਦਾ ਸੱਟਾ ਨਿਵੇਸ਼ ਨੇ ਬਹੁਤ ਤਬਾਹੀ ਫੈਲਾਈ ਹੈ। ਹੋਰਨਾਂ ਬਾਜ਼ਾਰਾਂ ਵਿਚ ਡੈਰੀਵੇਟਿਵਜ਼ ਤੋਂ ਨਕਦੀ ਬਾਜ਼ਾਰ ਦਾ ਅਨੁਪਾਤ ਕਰੀਬ 5-10 ਗੁਣਾ ਹੈ। ਭਾਰਤ ਵਿਚ ਇਹ 400 ਗੁਣਾ ਹੈ। ਇਸ ਦਾ ਮਤਲਬ ਹੈ ਕਿ ਬਾਜ਼ਾਰ ਵਿਚ ਕਿਸੇ ਵੀ ਤਰ੍ਹਾਂ ਦੀ ਗਿਰਾਵਟ ਨਾਲ ਅਦਾਇਗੀਆਂ ਦਾ ਜ਼ਬਰਦਸਤ ਸੰਕਟ ਪੈਦਾ ਹੋ ਜਾਂਦਾ ਹੈ ਤੇ ਬਹੁਤ ਸਾਰੇ ਕਰਜ਼ੇ ਡੁੱਬ ਜਾਂਦੇ ਹਨ। ਆਮ ਵਾਂਗ ਆਪਣੇ ਦੌਲਤ ਭੰਡਾਰਾਂ ਦੀ ਬਦੌਲਤ ਅਮੀਰ ਇਹ ਝਟਕਾ ਝੱਲ ਜਾਂਦੇ ਹਨ ਪਰ ਪ੍ਰਚੂਨ ਨਿਵੇਸ਼ਕਾਂ ਦਾ ਸਫ਼ਾਇਆ ਹੋ ਜਾਂਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਵਿਸ਼ਲੇਸ਼ਣਕਾਰ ਹੈ।

Advertisement

Advertisement
Author Image

joginder kumar

View all posts

Advertisement