ਮੱਘਰ ਪੋਹ ਪੈਂਦਾ ਪਾਲਾ...
ਜੱਗਾ ਸਿੰਘ ਆਦਮਕੇ
ਜਿਵੇਂ ਜਿਵੇਂ ਮਨੁੱਖ ਵਿਕਸਿਤ ਹੁੰਦਾ ਗਿਆ, ਉਵੇਂ ਉਵੇਂ ਉਹ ਆਪਣੀਆਂ ਸੁਵਿਧਾਵਾਂ ਲਈ ਕਾਫ਼ੀ ਕੁਝ ਸਿਰਜਦਾ ਗਿਆ। ਉਸ ਵੱਲੋਂ ਜੀਵਨ ਨੂੰ ਅਨੁਸਾਸ਼ਿਤ ਕਰਨ ਅਤੇ ਦੂਸਰੇ ਉਦੇਸ਼ਾਂ ਲਈ ਦਿਨਾਂ ਮਹੀਨਿਆਂ ਦੀ ਸਿਰਜਣਾ ਕੀਤੀ ਗਈ। ਸੂਰਜ ਦੀ ਸਾਲਾਨਾ ਗਤੀ ਦੇ ਅਨੁਸਾਰ ਧਰਤੀ ਦੇ ਸੂਰਜ ਦੁਆਲੇੇ 365.25 ਦਿਨਾਂ ਦੇ ਚੱਕਰ ਦੇ ਆਧਾਰ ’ਤੇੇ ਇਨ੍ਹਾਂ ਨੂੰ ਬਰਾਬਰ ਬਾਰਾਂ ਹਿੱਸਿਆਂ ਵਿੱਚ ਵੰਡ ਕੇ ਮਹੀਨੇ ਬਣਾ ਦਿੱਤੇ ਗਏ। ਵੱਖ ਵੱਖ ਸੱਭਿਅਤਾਵਾਂ ਵਿੱਚ ਵੱਖ ਵੱਖ ਆਧਾਰਾਂ ’ਤੇ ਇਨ੍ਹਾਂ ਮਹੀਨਿਆਂ ਦੇੇ ਨਾਂ ਰੱਖੇ ਗਏ ਹਨ। ਦੇਸੀ ਮਹੀਨਿਆਂ ਦੇ ਨਾਲ ਹੀ ਅੰਗਰੇਜ਼ੀ ਮਹੀਨੇ ਹਨ।
ਹਰ ਖਿੱਤੇ ਵਾਂਗ ਪੰਜਾਬੀ ਜਨ ਜੀਵਨ ਵਿੱਚ ਵੀ ਦੇਸੀ ਮਹੀਨਿਆਂ ਦਾ ਵਿਸ਼ੇਸ਼ ਮਹੱਤਵ ਅਤੇ ਪਹਿਚਾਣ ਹੈ। ਹਰ ਮਹੀਨੇ ਦੇੇ ਇਰਦ ਗਿਰਦ ਪੰਜਾਬੀ ਜਨ ਜੀਵਨ ਦਾ ਕਾਫ਼ੀ ਕੁਝ ਘੁੰਮਦਾ ਹੈ। ਮਹੀਨਿਆਂ ਨਾਲ ਰੁੱਤਾਂ, ਤਿਉਹਾਰਾਂ, ਫ਼ਸਲਾਂ, ਕੰਮਾਂ ਕਾਰਾਂ ਦਾ ਸਿੱਧਾ ਸਬੰਧ ਹੈ। ਖ਼ਾਸ ਕਰਕੇ ਰੁੱਤਾਂ ਦੇ ਪੱਖ ਤੋਂ ਹਰ ਮਹੀਨੇ ਦਾ ਵਖਰੇਵਾਂ ਸਪੱਸ਼ਟ ਵਿਖਾਈ ਦਿੰਦਾ ਹੈ। ਨਾਨਕਸ਼ਾਹੀ, ਸੰਮਤ ਕੈਲੰਡਰ ਅਨੁਸਾਰ ਦੇਸੀ ਮਹੀਨੇ ਚੇਤ ਤੋਂ ਸ਼ੁਰੂ ਹੁੰਦੇ ਹਨ। ਮੱਘਰ ਮਹੀਨਾ ਦੇਸੀ ਸਾਲ ਦਾ ਨੌਵਾਂ ਮਹੀਨਾ ਹੈ। ਇਸ ਮਹੀਨੇ ਦਾ ਨਾਂ ਇਸ ਮਹੀਨੇ ਦੀ ਪੂਰਨਮਾਸ਼ੀ ‘ਮ੍ਰਿਗਸ਼ਿਰਾ’ ਨਛੱਤਰ ਵਿੱਚ ਹੋਣ ਕਾਰਨ ਪਿਆ ਹੈ। ਸਮੇੇਂ ਨਾਲ ਇਹ ਨਾਂ ਮੱਘਰ ਬਣ ਗਿਆ। ਕੱਲ੍ਹ ਮੱਘਰ ਦਾ ਮਹੀਨਾ ਖ਼ਤਮ ਹੋ ਗਿਆ ਹੈ ਅਤੇ ਅੱਜ ਪੋਹ ਸ਼ੁਰੂ ਹੋ ਗਿਆ ਹੈ, ਪਰ ਆਪਾਂ ਇੱਥੇ ਗੱਲ ਮੱਘਰ ਦੀ ਕਰਦੇ ਹਾਂ।
ਮੱਘਰ ਮਹੀਨੇ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਹੌਲੀ ਹੌਲੀ ਸਰਦੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੰਦੀ ਹੈ। ਹੁੰਮਸ ਤੇ ਤਨ ਸਾੜਦੀ ਗਰਮੀ ਦੀ ਥਾਂ ਧੁੰਦ ਵਾਲੇ ਠੰਢੇ ਦਿਨ ਅਤੇ ਠੰਢੀਆਂ ਰਾਤਾਂ ਥਾਂ ਲੈ ਲੈਂਦੀਆਂ ਹਨ। ਮੱਘਰ ਮਹੀਨੇੇ ਵਿੱਚ ਭਾਵੇਂ ਪੰਜਾਬ ਵਿੱਚ ਕੋਈ ਵੱਡਾ ਤਿਉਹਾਰ ਨਹੀਂ ਆਉਂਦਾ, ਪਰ ਇਸ ਮਹੀਨੇ ਦੀ ਵੀ ਆਪਣੀ ਪਹਿਚਾਣ ਅਤੇ ਵਿਲੱਖਣਤਾ ਹੈ। ਗੁਰਬਾਣੀ ਵਿੱਚ ਬਾਰਾਹ ਮਾਹ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਮੱਘਰ ਮਹੀਨੇ ਸਬੰਧੀ ਇਸ ਤਰ੍ਹਾਂ ਫਰਮਾਇਆ ਮਿਲਦਾ ਹੈ;
ਮੱਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥
***
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
ਖਟ ਰਿਤੂ ਇੱਕ ਪੁਰਾਤਨ ਕਾਵਿ ਰੂਪ ਹੈ। ਖਟ ਰਿਤੂ ਅਨੁਸਾਰ ਸਾਲ ਨੂੰ ਛੇ ਹਿੱਸਿਆਂ ਵਿੱਚ ਵੰਡ ਕੇ ਉਸ ਦੇ ਅਨੁਸਾਰ ਕਾਵਿ ਰਚਨਾ ਕੀਤੀ ਜਾਂਦੀ ਰਹੀ ਹੈ। ਇਸ ਕਾਵਿ ਅਨੁਸਾਰ ਮੱਘਰ ਮਹੀਨੇ ਨੂੰ ਹਿੰਮ ਵਰਗ ਵਿੱਚ ਰੱਖਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਖਟ ਰਿਤੂ ਨੂੰ ‘ਰੁਤੀ’ ਕਾਵਿ ਦੇ ਰੂਪ ਵਿੱਚ ਰਚਿਆ ਹੈੈ। ਰੁਤੀ ਵਿੱਚ ਮੱਘਰ ਮਹੀਨੇ ਸਬੰਧੀ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਫਰਮਾਉਂਦੇ ਹਨ;
ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ।।
ਹਰ ਰੁੱਤ ਵਿੱਚ ਵੱਖ ਵੱਖ ਪ੍ਰਕਾਰ ਦੀਆਂ ਫ਼ਸਲਾਂ ਅਤੇ ਉਨ੍ਹਾਂ ਵਿੱਚ ਬੇਲੋੜੇ ਪੌਦੇ ਨਦੀਨ ਹੁੰਦੇ ਹਨ। ਸਰਦੀ ਵਿੱਚ ਕਣਕ, ਸਰ੍ਹੋਂ ਅਤੇ ਛੋਲਿਆਂ ਵਰਗੀਆਂ ਹਾੜ੍ਹੀ ਦੀਆਂ ਫ਼ਸਲਾਂ ਹੁੰਦੀਆਂ ਹਨ। ਲੋਕ ਸਿਆਣਪਾਂ ਅਨੁਸਾਰ ਅਜਿਹੀਆਂ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਹੋਣ ਵਾਲੇ ਬੇਲੋੜੇ ਪੌਦਿਆਂ ਨੂੰ ਜੇੇਕਰ ਮੱਘਰ ਮਹੀਨੇ ਨਹੀਂ ਮਾਰਿਆ ਜਾਂਦਾ ਤਾਂ ਇਹ ਅਸਫਲ ਕਿਸਾਨ ਦੀ ਨਿਸ਼ਾਨੀ ਹੈ। ਇਨ੍ਹਾਂ ਨਦੀਨਾਂ ਦਾ ਫ਼ਸਲਾਂ ਦੇ ਝਾੜ ’ਤੇ ਅਸਰ ਪੈਣਾ ਸੁਭਾਵਿਕ ਹੈ। ਭਵਿੱਖ ਵਿੱਚ ਇਨ੍ਹਾਂ ਨਦੀਨਾਂ ਦੇ ਫ਼ਸਲਾਂ ’ਤੇੇ ਪੈਣ ਵਾਲੇੇ ਮਾੜੇ ਪ੍ਰਭਾਵਾਂ ਅਤੇ ਦੂਸਰੇ ਪੱਖਾਂ ਸਬੰਧੀ ਲੋਕ ਸਿਆਣਪਾਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਮੱਘਰ ਪੋਹ ਖੇਤ ਪਿਆਜੀ
ਦਾਣੇ ਮੁੱਕੇ ਤੇ ਪੈਸੇ ਵਿਆਜੀ
ਓਸ ਜੱਟ ਦੀ ਨੇੇੜੇ ਬਰਬਾਦੀ
ਕਿਸੇ ਦੇ ਪ੍ਰਦੇਸ ਗਏ ਮੀਤ ਦੀ ਘਾਟ ਸਬੰਧਤ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ, ਪਰ ਮੱਘਰ ਵਿੱਚ ਬਦਲੇੇ ਮੌਸਮ ਕਾਰਨ ਇਹ ਵਿਛੋੜਾ ਹੋਰ ਵੀ ਦਰਦ ਪਹੁੰਚਾਉਣ ਵਾਲਾ ਸਾਬਤ ਹੁੰਦਾ ਹੈ। ਇਸ ਪੱਖ ਨੂੰ ਹਿਦਾਇਤ ਅੱਲ੍ਹਾ ਆਪਣੇ ਬਾਰਾਹ ਮਾਹ ਵਿੱਚ ਮੱਘਰ ਰਾਹੀਂ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ;
ਮੱਘਰ ਮਾਰ ਮੁਕਾਇਆ ਮੈਨੂੰ
ਹੱਡ ਵਿਛੋੜੇ ਗਾਲੇ ਨੀਂ।
ਸਾਡੀ ਵੱਲੋਂ ਕਿਉਂ ਚਿੱਤ ਚਾਯਾ
ਉਸ ਪਿਆ ਮਤਵਾਲੇ ਨੀਂ।
ਕੁਝ ਇਸੇ ਤਰ੍ਹਾਂ ਹੀ ਆਪਣੇ ਬਾਰਾਹ ਮਾਹ ‘ਸੱਸੀ’ ਵਿੱਚ ਕਰੀਮ ਬਖ਼ਸ਼ ਨੇ ਇਸ ਮਹੀਨੇੇ ਰਾਹੀਂ ਸੱਸੀ ਦੇ ਅਮੀਰਾਂ ਦੀ ਥਾਂ ਇੱਕ ਗਰੀਬ ਧੋਬੀ ਦੇ ਘਰ ਆਉਣ ਸਬੰਧੀ ਕੁਝ ਇਸ ਤਰ੍ਹਾਂ ਜ਼ਿਕਰ ਕੀਤਾ ਹੈ;
ਮੱਘਰ ਮਾਰ ਮੁਕਾਇਆ ਮੈਨੂੰ
ਯਾਦ ਹਕੀਕਤ ਆਈ
ਪਹਿਲਾਂ ਸਾਂ ਮੈਂ ਬਾਦਸ਼ਾਹਜ਼ਾਦੀ
ਗੱਤ ਸੰਦੂਕ ਰੁੜ੍ਹਾਈ
ਦਾਣਾ ਪਾਣੀ ਕਿਸਮਤ ਸੇਤੀ
ਘਰ ਅੱਤੇ ਦੇ ਆਈ
ਕਰੀਮ ਬਖ਼ਸ਼ ਦੀ ਕਹਿੰਦੀ ਸੱਸੀ
ਧੋਬਣ ਮੇੇਰੀ ਮਾਈ।
ਪੰਜਾਬ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਕੱਤਕ ਮਹੀਨੇ ਸ਼ੁਰੂ ਹੋ ਜਾਂਦੀ ਹੈ। ਮੱਘਰ ਮਹੀਨੇੇ ਵੀ ਕਣਕ ਦਾ ਕਾਫ਼ੀ ਹਿੱਸਾ ਬੀਜਿਆ ਜਾਂਦਾ ਸੀ, ਪ੍ਰੰਤੂ ਜਦੋਂ ਠੰਢ ਕੱਤਕ ਮਹੀਨੇੇ ਪੈਣੀ ਸ਼ੁਰੂ ਹੋ ਜਾਂਦੀ ਸੀ, ਉਸ ਸਮੇੇਂ ਕਣਕ ਨੂੰ ਪੱਕਣ ਲਈ ਘੱਟ ਸਮਾਂ ਮਿਲਣ ਕਾਰਨ ਝਾੜ ਦੇ ਪੱਖ ਤੋਂ ਮੱਘਰ ਦੇ ਅਖੀਰ ਜਾਂ ਪੋਹ ਵਿੱਚ ਬੀਜੀ ਕਣਕ ਮਾੜੀ ਰਹਿੰਦੀ। ਅਜਿਹਾ ਹੋਣ ਕਾਰਨ ਖੇਤੀਬਾੜੀ ਸਬੰਧੀ ਪ੍ਰਚੱਲਿਤ ਟੱਪਿਆਂ, ਬੋਲੀਆਂ, ਲੋਕ ਸਿਆਣਪਾਂ ਵਿੱਚ ਇਸ ਪੱਖ ਸਬੰਧੀ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਜੋ ਚੜ੍ਹਦੇ ਕੱਤਕ ਹਾੜ੍ਹੀ ਬੀਜਣ
ਘਰੇਂ ਅਨਾਜ ਵਧੇਰਾ ਆਵੇ।
ਮੱਘਰ ਪੋਹ ਵਿੱਚ ਬੀਜੇ ਜਿਹੜਾ
ਬੀਜ ਤੇ ਹਾਲਾ ਪੱਲਿਓਂ ਪਾਵੇ।
ਕੁਝ ਇਸੇੇ ਤਰ੍ਹਾਂ ਹੀ ਕੱਤਕ ਮਹੀਨੇ ਬੀਜੀ ਤੇ ਮੱਘਰ ਮਹੀਨੇ ਵਿੱਚ ਪਾਣੀ ਆਦਿ ਲੱਗਣ, ਗੋਡੀ ਆਦਿ ਕਾਰਨ ਸੰਭਲੀ ਕਣਕ ਭਵਿੱਖ ਵਿੱਚ ਚੰਗੇੇ ਝਾੜ ਦੇਣ ਵਾਲੀ ਮੰਨੀ ਜਾਂਦੀ ਹੈ;
ਕੱਤਕ ਬੀਜੀ ਤੇ ਮੱਘਰ ਪਾਲੀ।
ਬੀਜੇ ਪੋਹ ਤੇ ਹੱਥ ਰਹਿਣ ਖਾਲੀ।
ਮੱਘਰ ਮਹੀਨੇ ਸਰਦੀ ਪੂਰਾ ਜ਼ੋਰ ਫੜ ਲੈਂਦੀ ਹੈ। ਅਜਿਹਾ ਹੋਣ ਕਾਰਨ ਸਰਦੀ ਤੋਂ ਬਚਣ ਲਈ ਰਜਾਈਆਂ ਤੇ ਦੂਸਰੇ ਭਾਰੇ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ। ਇਸ ਨੂੰ ਆਧਾਰ ਬਣਾ ਕੇ ਇੱਕ ਪਤਨੀ ਆਪਣੇ ਪ੍ਰੀਤਮ ਨੂੰ ਵਿਦੇਸ਼ ਨਾ ਜਾਣ ਸਬੰਧੀ ਕੁਝ ਇਸ ਤਰ੍ਹਾਂ ਕਹਿੰਦੀ ਹੈ;
ਮੱਘਰ ਨਾ ਜਾਈਂ ਚੰਨਾਂ ਲੇਫ ਰੰਗਾਵਣੇ
ਮੱਘਰ ਦੇ ਮਹੀਨੇ ਨਾਲੋਂ ਪੋਹ ਵਿੱਚ ਦਿਨ ਛੋੋਟੇ ਅਤੇੇ ਸਰਦੀ ਵਧੇਰੇ ਹੁੰਦੀ ਹੈ। ਅਜਿਹਾ ਹੋਣ ਕਾਰਨ ਮੱਘਰ ਵਿੱਚ ਵਿਆਹਾਂ ਦਾ ਜ਼ੋਰ ਹੁੰਦਾ ਹੈ। ਇਸ ਦੇ ਨਾਲ ਨਾਲ ਸਾਉਣੀ ਦੀ ਫ਼ਸਲ ਵੀ ਘਰ ਆ ਚੁੱਕੀ ਹੁੰਦੀ ਹੈ। ਆਰਥਿਕ ਪੱਖ ਤੋਂ ਪੈਰਾਂ ਸਿਰ ਹੋਣ ਕਾਰਨ ਇਸ ਸਮੇਂ ਵਿਆਹ ਦਾ ਇੱਕ ਕਾਰਨ ਹੁੰਦਾ ਹੈ। ਅੱਧ ਮੱਘਰ ਤੋਂ ਬਾਅਦ ਸਰਦੀ ਵਧਦੀ ਜਾਂਦੀ ਹੈ। ਇਸ ਸਮੇਂ ਸਰਦੀ ਸਬੰਧੀ ਕਾਵਿ ਸਤਰਾਂ ਕੁਝ ਇਸ ਤਰ੍ਹਾਂ ਪ੍ਰਚੱਲਿਤ ਹਨ;
ਮੱਘਰ ਪੋਹ ਵਿੱਚ ਗੂੜ੍ਹਾ ਸਿਆਲ
ਲੋਹੜੀ ਮਾਘੀ ਨਾਲੋ ਨਾਲ।
ਮੱਘਰ ਪੋਹ ਵਿੱਚ ਪਾਲਾ ਪੈਣ ਨਾਲ ਭਾਵੇਂ ਜਨ ਜੀਵਨ ਪ੍ਰਭਾਵਿਤ ਹੁੰਦਾ ਹੈ, ਪਰ ਇਸ ਨਾਲ ਜਦੋਂ ਪਹਿਲਾਂ ਵਾਹੀ ਬਿਜਾਈ ਪਸ਼ੂਆਂ ਨਾਲ ਹੁੰਦੀ ਸੀ, ਤਦ ਇਸ ਸਮੇਂ ਕਿਸਾਨਾਂ ਦਾ ਵਾਹੀ ਬਿਜਾਈ ਦਾ ਕੰਮ ਘੱਟ ਜਾਂਦਾ ਸੀ। ਇਸ ਸਮੇਂ ਖੇਤੀਬਾੜੀ ਦੇ ਕੰਮ ਨਾਂ ਦੇ ਬਰਾਬਰ ਹੋਣ ਕਾਰਨ ਹਾਲੀ ਵਿਹਲੇ ਹੋ ਜਾਂਦੇ ਸਨ;
ਮੱਘਰ ਪੋਹ ਪੈਂਦਾ ਪਾਲਾ।
ਹਾਲੀ ਤਾਈਂ ਕਰੇ ਸੁਖਾਲਾ
ਮੱਘਰ ਮਹੀਨੇ ਮੀਂਹ ਪੈਣ ਦਾ ਕੁਝ ਪੱਖਾਂ ਤੋਂ ਨੁਕਸਾਨ ਮੰਨਿਆ ਜਾਂਦਾ ਹੈ। ਇਸ ਦਾ ਇੱਕ ਨੁਕਸਾਨ ਇਸ ਨਾਲ ਪਛੇਤੀ ਬੀਜੀ ਕਣਕ ਦੇ ਕਰੰਡ ਹੋਣ ਨਾਲ ਹੁੰਦਾ। ਇਸ ਨਾਲ ਸਰਦੀ ਵੀ ਵਧਦੀ ਹੈ। ਇਸ ਪੱਖ ਸਬੰਧੀ ਲੋਕ ਸਿਆਣਪਾਂ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈੈ;
ਜੇ ਮੀਂਹ ਪਵੇ ਮੱਘਰ
ਦੇਵੇ ਕੰਮ ਵਿਗਾੜ।
ਕਰੰਡ ਕਰੇ ਕਣਕ ਨੂੰ
ਤੇ ਪਾਲਾ ਦੇਵੇ ਚਾੜ੍ਹ।
ਜਿੱਥੇ ਮੱਘਰ ਮਹੀਨੇ ਪਏ ਮੀਂਹ ਕਾਰਨ ਪਛੇਤੀ ਕਣਕ ਦੇ ਕਰੰਡ ਹੋਣ ਦਾ ਡਰ ਹੁੰਦਾ ਹੈ, ਉੱਥੇ ਇਸ ਨਾਲ ਫ਼ਸਲਾਂ ਅਤੇ ਦੂਸਰੀ ਬਨਸਪਤੀ ਨੂੰ ਲਾਭ ਵੀ ਪਹੁੰਚਦਾ ਹੈ। ਮੀਂਹ ਪੈਣ ਨਾਲ ਨਮੀ ਕਾਰਨ ਸਰਦੀ ਨਾਲ ਪੌਦਿਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬੱਚਤ ਹੁੰਦੀ ਹੈ ਅਤੇ ਠੰਢ ਕਾਰਨ ਮੁਰਝਾਏ ਪੌਦਿਆਂ ’ਤੇ ਹਰਿਆਲੀ ਆਉਂਦੀ ਹੈ;
ਮੱਘਰ ਜੇ ਲੱਗੇ ਝੜੀ
ਜੜੀ ਬੂਟੀ ਹੋਵੇ ਹਰੀ
ਹੋਰਨਾਂ ਮਹੀਨਿਆਂ ਵਾਂਗ ਮੱਘਰ ਮਹੀਨੇ ਸਬੰਧੀ ਵੀ ਕੁਝ ਲੋਕ ਵਿਸ਼ਵਾਸ ਪ੍ਰਚੱਲਿਤ ਹਨ। ਇਸ ਮਹੀਨੇੇ ਸੂਈ ਮੱਝ ਨੂੰ ਮਾੜਾ ਮੰਨਿਆ ਜਾਂਦਾ ਹੈ;
ਮੱਘਰ ਸੂਈ ਮੱਝ ਤੇ ਪੋਹ ਸੂਈ ਬੱਕਰੀ ਮਾੜੀ।
ਇਸ ਤਰ੍ਹਾਂ ਮੱਘਰ ਮਹੀਨੇ ਦੀ ਕੰਮਾਂ ਕਾਰਾਂ, ਰੁੱਤ ਆਦਿ ਦੇ ਪੱਖ ਤੋਂ ਆਪਣੀ ਪਹਿਚਾਣ ਅਤੇ ਵਿਲੱਖਣਤਾ ਹੈ। ਇਸ ਮਹੀਨੇ ਸਰਦੀ ਆਪਣਾ ਜ਼ੋਰ ਫੜ ਲੈਂਦੀ ਹੈ। ਖੇਤਾਂ ਵਿੱਚ ਸਰ੍ਹੋਂ ਹੋਣ ਨਾਲ ਖਾਣ ਲਈ ਸਰ੍ਹੋਂ ਦਾ ਸਾਗ ਬਣਨਾ ਸ਼ੁਰੂ ਹੋ ਜਾਂਦਾ ਹੈ। ਜ਼ੋਰਾਂ ਦੀ ਸਰਦੀ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਵਿਆਹਾਂ ਦੀ ਚਹਿਲ ਪਹਿਲ ਹੁੰਦੀ ਹੈ। ਇਸ ਮਹੀਨੇੇ ਜਨਮੇੇ ਲੋਕਾਂ ਦੇ ਨਾਂ ਮੱਘਰ ਸਿੰਘ, ਮੱਘਰ ਰਾਮ, ਮੱਘਰ ਖਾਨ ਆਦਿ ਮਿਲਦੇ ਹਨ।
ਸੰਪਰਕ: 81469-24800