ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਨਸ਼ਨ ਦਾ ਲਾਲਚ

07:22 AM Dec 12, 2024 IST

ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ

Advertisement

ਪਿਛਲੇ ਦਿਨੀਂ ਮੈਂ ਸੈਨਿਕ ਭਲਾਈ ਦਫਤਰ ਵਿੱਚ ਆਪਣੇ ਕੁਝ ਦਸਤਾਵੇਜ਼ਾਂ ਸਬੰਧੀ ਗਿਆ। ਦਫ਼ਤਰ ਵਿੱਚ ਆਇਆ ਇੱਕ ਸੇਵਾਮੁਕਤ ਕੈਪਟਨ ਆਪਣੀ ਕਰਤੂਤ ’ਤੇ ਪਰਦਾ ਪੁਆਉਣ ਵਾਸਤੇ ਮਿੰਨਤਾਂ ਕਰ ਰਿਹਾ ਸੀ, ਪਰ ਸੈਨਿਕ ਭਲਾਈ ਵਾਲੇ ਮੁਲਾਜ਼ਮ ਉਸ ਨੂੰ ਮੁਆਫ਼ ਨਹੀਂ ਕਰ ਰਹੇ ਸਨ। ਜਦੋਂ ਤੱਕ ਮੈਨੂੰ ਉਸ ਦੀ ਅਸਲੀ ਗੱਲ ਦਾ ਪਤਾ ਨਹੀਂ ਸੀ ਲੱਗਾ। ਉਸ ਸਮੇਂ ਤੱਕ ਮੈਂ ਉਸ ਦੀ ਹਾਲਤ ਵੇਖ ਕੇ ਤਰਸ ਖਾ ਰਿਹਾ ਸੀ ਕਿ ਅਸੀਂ ਸਾਰੀ ਜਵਾਨੀ ਦੇਸ਼ ਦੇ ਲੇਖੇ ਲਾ ਕੇ ਆਉਂਦੇ ਹਾਂ ਅਤੇ ਬੁੱਢੇ ਵਾਰੇ ਪੈਨਸ਼ਨ ਵਾਸਤੇ ਦਫ਼ਤਰਾਂ ਵਾਲਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਸੀਨੀਅਰ ਕਲਰਕ ਨੇ ਉਸ ਨੂੰ ਕਹਿ ਦਿੱਤਾ ਕਿ ਅੱਜ ਸਮਾਂ ਨਹੀਂ; ਫਿਰ ਕਿਸੇ ਦਿਨ ਆ ਜਾਵੀਂ ਤੇਰਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਉਹ ਜੀ ਕਹਿ ਕੇ ਬਾਹਰ ਚਲਾ ਗਿਆ ਤਾਂ ਮੈਂ ਉਸ ਕਲਰਕ ਨੂੰ ਪੁੱਛ ਹੀ ਲਿਆ, ‘‘ਤੁਸੀਂ ਇੱਕ ਬਜ਼ੁਰਗ ਦੀ ਗੱਲ ਕਿਉਂ ਨਹੀਂ ਸੁਣੀ? ਫ਼ੌਜ ਨੇ ਉਸ ਨੂੰ ਆਨਰੇਰੀ ਕੈਪਟਨ ਦੇ ਅਹੁਦੇ ਨਾਲ ਨਿਵਾਜ਼ ਕੇ ਭੇਜਿਆ ਹੈ। ਉਸ ਦੀ ਹੁਣ ਹਾਲਤ ਤਾਂ ਵੇਖੋ ਕੀ ਹੋਈ ਪਈ ਹੈ। ਤੁਹਾਨੂੰ ਕਿਸੇ ਬਜ਼ੁਰਗ ’ਤੇ ਤਰਸ ਕਿਉਂ ਨਹੀਂ ਆਉਂਦਾ? ਕੁਰਸੀ ਮਿਲ ਜਾਣ ਨਾਲ ਬੰਦਾ ਰੱਬ ਨਹੀਂ ਬਣ ਜਾਂਦਾ। ਇਹ ਕੁਰਸੀ ਤਾਂ ਚਾਰ ਦਿਨਾਂ ਦੀ ਹੁੰਦੀ ਹੈ। ਅੱਜ ਤੁਹਾਡੇ ਥੱਲੇ ਤੇ ਕੱਲ੍ਹ ਨੂੰ ਕਿਸੇ ਹੋਰ ਦੇ ਥੱਲੇ ਚਲੀ ਜਾਣੀ ਹੈ।’’ ਉਹ ਮੇਰੀਆਂ ਗੱਲਾਂ ਸੁਣ ਕੇ ਕਹਿੰਦਾ, ‘‘ਸੂਬੇਦਾਰ ਸਾਬ੍ਹ ਜੀ, ਤੁਹਾਨੂੰ ਇਸ ਦੀ ਕਰਤੂਤ ਦਾ ਪਤਾ ਨਹੀਂ। ਜੇਕਰ ਪਤਾ ਲੱਗ ਗਿਆ ਤਾਂ ਤੁਹਾਡੇ ਪੈਰਾਂ ਥੱਲਿਉਂ ਮਿੱਟੀ ਨਿਕਲ ਜਾਵੇਗੀ।’’ ਮੈਂ ਪੁੱਛਿਆ, ‘‘ਇਹੋ ਜਿਹੀ ਕਿਹੜੀ ਗੱਲ ਹੈ?’’ ਮੈਨੂੰ ਉਹ ਵਿਸਥਾਰ ਨਾਲ ਉਸ ਦੀ ਗੱਲ ਸੁਣਾਉਣ ਲੱਗ ਪਿਆ, ‘‘ਇਹ ਜੋ ਕੈਪਟਨ ਸਾਬ੍ਹ ਹੈ ਨਾ, ਅੱਜ ਤੋਂ ਪੰਜ ਕੁ ਸਾਲ ਪਹਿਲਾਂ ਇਸ ਦੀ ਘਰਵਾਲੀ ਅਕਾਲ ਚਲਾਣਾ ਕਰ ਸੀ। ਇਸ ਦਾ ਇੱਕੋ ਇੱਕ ਮੁੰਡਾ ਹੈ। ਉਹ ਕੋਈ ਨੌਕਰੀ ਤਾਂ ਨਹੀਂ ਕਰਦਾ, ਪਰ ਹੁਸ਼ਿਆਰ ਬਹੁਤ ਹੈ। ਉਸ ਦੀ ਸ਼ਾਦੀ ਨੂੰ 10-15 ਸਾਲ ਹੋ ਗਏ ਹਨ, ਪਰ ਅਜੇ ਤੱਕ ਕੋਈ ਬੱਚਾ ਕੋਈ ਨਹੀਂ ਹੋਇਆ ਜਾਂ ਫਿਰ ਲਿਆ ਨਹੀਂ। ਨੂੰਹ ਰਾਣੀ ਵੀ ਪੜ੍ਹੀ ਲਿਖੀ ਤੇ ਤੇਜ਼ ਤਰਾਰ ਹੈ। ਇਨ੍ਹਾਂ ਨੇ ਘਰ ਬੈਠ ਕੇ ਇੱਕ ਵਿਉਂਤ ਬਣਾਈ ਕਿ ਕਿਉਂ ਨਾ ਇੰਝ ਕਰੀਏ ਕਿ ਕੈਪਟਨ ਦੇ ਮਰ ਜਾਣ ਤੋਂ ਬਾਅਦ ਵੀ ਨੂੰਹ ਪੁੱਤ ਨੂੰ ਪੈਨਸ਼ਨ ਮਿਲਦੀ ਰਹੇ। ਕੈਪਟਨ ਨੇ ਪਹਿਲਾਂ ਮੁੰਡੇ ਤੇ ਨੂੰਹ ਰਾਣੀ ਦਾ ਕਾਗਜ਼ਾਂ ਵਿੱਚ ਤਲਾਕ ਕਰਵਾ ਲਿਆ। ਫਿਰ ਥੋੜ੍ਹੇ ਚਿਰ ਬਾਅਦ ਕਾਗਜ਼ਾਂ ਵਿੱਚ ਹੀ ਆਪਣੀ ਨੂੰਹ ਰਾਣੀ ਨਾਲ ਵਿਆਹ ਕੀਤਾ ਦਿਖਾਇਆ। ਆਪਣੀ ਪਹਿਲੀ ਘਰਵਾਲੀ ਦਾ ਮੌਤ ਦਾ ਸਰਟੀਫਿਕੇਟ ਤਾਂ ਜਲਦੀ ਜਮ੍ਹਾਂ ਕਰਵਾ ਦਿੱਤਾ। ਫਿਰ ਇਹ ਤਿੰਨੇ ਜਣੇ ਵਿਆਹ ਦਾ ਸਰਟੀਫਿਕੇਟ ਲੈ ਕੇ ਇੱਥੇ ਦਫ਼ਤਰ ਆ ਗਏ। ਇਸ ਦਾ ਮੁੰਡਾ ਤਾਂ ਬਾਹਰ ਗੱਡੀ ਵਿੱਚ ਬੈਠਾ ਰਿਹਾ। ਦੋਵੇਂ ਨੂੰਹ ਸਹੁਰਾ ਪਤੀ ਪਤਨੀ ਹੋਣ ਦਾ ਨਾਟਕ ਕਰਦਿਆਂ ਸਾਹਮਣੇ ਕੁਰਸੀਆਂ ’ਤੇ ਬੈਠ ਗਏ। ਅਸੀਂ ਕਦੇ ਕੈਪਟਨ ਵੱਲ ਵੇਖੀਏ ਤੇ ਕਦੇ ਉਸ ਬੀਬੀ ਵੱਲ। ਅਕਸਰ ਉਮਰ ਦਾ ਵੀ ਵੱਡਾ ਫ਼ਰਕ ਸੀ, ਪਰ ਅਸੀਂ ਉਨ੍ਹਾਂ ਦੇ ਨਿੱਜੀ ਮਾਮਲੇ ਵਿੱਚ ਕੁਝ ਨਹੀਂ ਬੋਲ ਸਕਦੇ ਸੀ। ਫਿਰ ਵੀ ਗੱਲ ਸਾਨੂੰ ਹਜ਼ਮ ਨਹੀਂ ਹੋ ਰਹੀ ਸੀ ਕਿ ਇਸ ਬੁੱਢੇ ਕੈਪਟਨ ਦੀਆਂ ਲੱਤਾਂ ਕਬਰਾਂ ਵੱਲ ਜਾ ਰਹੀਆਂ ਹਨ ਤੇ ਵਿਆਹ ਭਲਾ ਇਸ ਨੇ ਕਿਵੇਂ ਕਰਵਾ ਲਿਆ। ਕੈਪਟਨ ਸਾਡੇ ਸ਼ੱਕ ਦੇ ਘੇਰੇ ਵਿੱਚ ਆ ਗਿਆ। ਅਸੀਂ ਉਸ ਦਾ ਵਿਆਹ ਵਾਲਾ ਸਰਟੀਫਿਕੇਟ ਰੱਖ ਲਿਆ ਤੇ ਉਸ ਨੂੰ ਹਫ਼ਤੇ ਬਾਅਦ ਆਉਣ ਲਈ ਕਿਹਾ। ਸਾਡੇ ਕੋਲ ਹਰ ਇੱਕ ਫ਼ੌਜੀ ਦੇ ਨੰਬਰ ਹੁੰਦੇ ਹਨ। ਅਸੀਂ ਉਸ ਦੇ ਪਿੰਡ ਦੇ ਇੱਕ ਗੁਆਂਢੀ ਨੂੰ ਫੋਨ ਲਾਇਆ। ਉਸ ਤੋਂ ਗੱਲੀਂਬਾਤੀਂ ਇਸ ਕੈਪਟਨ ਦੀ ਇਨਕੁਆਇਰੀ ਕਰ ਲਈ। ਸਾਨੂੰ ਪਤਾ ਲੱਗ ਗਿਆ ਕਿ ਵਿਆਹ ਫਰਜ਼ੀ ਹੈ। ਅਗਲੇ ਹਫ਼ਤੇ ਉਹ ਫਿਰ ਆ ਗਿਆ। ਅਸੀਂ ਉਸ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ ਕਿ ਤੇਰੇ ਵਿਆਹ ਦਾ ਸੱਚ ਕੱਚ ਪਤਾ ਕਰ ਲਿਆ ਹੈ। ਉਹ ਆ ਕੇ ਬੈਠ ਗਏ ਤਾਂ ਮੈਂ ਉਸ ਨੂੰ ਕਿਹਾ, ‘ਸਾਬ੍ਹ ਜੀ, ਵਿਆਹ ਵਾਲੀਆਂ ਫੋਟੋਆਂ ਤੇ ਆਨੰਦ ਕਾਰਜ ਵਾਲਾ ਸਰਟੀਫਿਕੇਟ ਲਿਆਉ’। ਅੱਗੋਂ ਉਹ ਕਹਿਣ ਲੱਗਾ, ‘ਸਾਰੀਆਂ ਫਾਰਮੈਲਟੀਆਂ ਪੂਰੀਆਂ ਹੋਣ ਤੋਂ ਬਾਅਦ ਹੀ ਇਹ ਮੈਰਿਜ ਸਰਟੀਫਿਕੇਟ ਬਣਦਾ ਹੈ ਜੋ ਮੈਂ ਤੁਹਾਨੂੰ ਲਿਆ ਕੇ ਦੇ ਦਿੱਤਾ ਹੈ। ਤੁਸੀਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰੋ ਤਾਂ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਘਰਵਾਲੀ ਨੂੰ ਪੈਨਸ਼ਨ ਮਿਲਦੀ ਰਹੇ’। ਮੈਥੋਂ ਰਿਹਾ ਨਾ ਗਿਆ। ਮੈਂ ਬੀਬੀ ਜੀ ਨੂੰ ਕਿਹਾ ਕਿ ਤੁਸੀਂ ਬਾਹਰ ਗੱਡੀ ਵਿੱਚ ਚਲੇ ਜਾਉ। ਬੀਬੀ ਬਾਹਰ ਚਲੀ ਗਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਸੱਚੀਂ ਵਿਆਹ ਕਰਵਾਇਆ ਹੈ? ਉਸ ਦੀ ਜ਼ੁਬਾਨ ਥਥਲਾਉਣ ਲੱਗ ਪਈ। ਮੂੰਹ ’ਤੇ ਪਸੀਨਾ ਆ ਗਿਆ। ਸੱਚ ਉਸ ਦੇ ਚਿਹਰੇ ’ਤੇ ਝਲਕਣ ਲੱਗਿਆ, ਪਰ ਉਹ ਮੂੰਹੋਂ ਕੁਝ ਨਾ ਬੋਲ ਸਕਿਆ। ਜੇਕਰ ਅਸੀਂ ਉਸ ਦੀ ਸਚਾਈ ਦਾ ਪਤਾ ਨਾ ਕਰਦੇ ਤਾਂ ਚਾਰ ਸੌ ਵੀਹ ਦੇ ਕੇਸ ਵਿੱਚ ਅਸੀਂ ਫਸ ਜਾਣਾ ਸੀ। ਹੁਣ ਅਸੀਂ ਇਸ ਨੂੰ ਚਾਰ ਸੌ ਵੀਹ ਦੇ ਕੇਸ ਵਿੱਚ ਫਸਾ ਲਿਆ ਹੈ ਜਿਸ ਕਰਕੇ ਇਹ ਸਾਡੀਆਂ ਮਿੰਨਤਾਂ ਕਰਦਾ ਫਿਰਦਾ ਹੈ। ਤੁਹਾਨੂੰ ਲੱਗਿਆ ਹੋਵੇਗਾ ਕਿ ਅਸੀਂ ਗ਼ਲਤ ਹਾਂ। ਇਹੋ ਜਿਹਾ ਲਾਲਚੀ ਬੰਦਾ ਮੈਂ ਆਪਣੀ ਪੂਰੀ ਸਰਵਿਸ ਵਿੱਚ ਨਹੀਂ ਵੇਖਿਆ ਜਿਸ ਨੇ ਪਿਉ ਧੀ ਵਰਗੇ ਪਵਿੱਤਰ ਰਿਸ਼ਤੇ ਨੂੰ ਪੈਨਸ਼ਨ ਦੇ ਲਾਲਚ ਵਿੱਚ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਹੁਣ ਤੁਸੀਂ ਦੱਸੋ ਕਿ ਅਜਿਹੇ ਬੰਦੇ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਵੇ।’’ ਕੈਪਟਨ ਦੀ ਕਰਤੂਤ ਸੁਣ ਕੇ ਮੇਰਾ ਮੂੰਹ ਬੰਦ ਹੋ ਗਿਆ। ਮੇਰੇ ਮਨ ਨੂੰ ਬਹੁਤ ਠੇਸ ਲੱਗੀ। ਮੈਂ ਬਿਨਾਂ ਕੰਮ ਕਰਵਾਇਆਂ ਉੱਥੋਂ ਉੱਠ ਕੇ ਆ ਗਿਆ।
ਸੰਪਰਕ: 75891-55501
* * *

ਅਨੋਖੀ ਸਾਂਝ

ਮਾਸਟਰ ਬਚਿੱਤਰ ਸਿੰਘ ਜਟਾਣਾ

Advertisement

ਸਾਡੇ ਘਰ ਵਿੱਚ ਇੱਕ ਬਿੱਲੀ ਰਹਿੰਦੀ ਸੀ, ਪਤਾ ਨਹੀਂ ਇਹ ਕਿੱਥੋਂ ਆ ਗਈ ਸੀ। ਗਰਮੀਆਂ ਵਿੱਚ ਸਾਡੇ ਘਰ ਦੀਆਂ ਪੌੜੀਆਂ ਚੜ੍ਹ ਕੇ ਰਾਤ ਨੂੰ ਛੱਤ ਉੱਤੇ ਸੌਂ ਜਾਂਦੀ ਸੀ। ਸਰਦੀਆਂ ਵਿੱਚ ਇਹ ਸਾਡੇ ਘਰ ਦੇ ਤੂੜੀ ਵਾਲੇ ਛਤੜੇ ਵਿੱਚ ਸੌਂਦੀ ਸੀ। ਦਿਨ ਵੇਲੇ ਕਾਫ਼ੀ ਸਮਾਂ ਇਹ ਗਾਇਬ ਰਹਿੰਦੀ। ਪਤਾ ਨਹੀਂ ਕਿੱਥੇ ਚਲੀ ਜਾਂਦੀ ਸੀ। ਸਾਡੇ ਘਰ ਦੇ ਸਾਰੇ ਮੈਂਬਰਾਂ ਨਾਲ ਇਸ ਦੀ ਕਾਫ਼ੀ ਜਾਣ ਪਛਾਣ ਹੋ ਗਈ ਸੀ। ਸਾਰਾ ਪਰਿਵਾਰ ਇਸ ਨੂੰ ਪਿਆਰ ਕਰਨ ਲੱਗ ਪਿਆ ਸੀ। ਇਹ ਵੀ ਸਾਡੇ ਸਾਰੇ ਪਰਿਵਾਰ ਦੇ ਜੀਆਂ ਉੱਪਰ ਵਿਸ਼ਵਾਸ ਕਰਦੀ ਸੀ। ਇੱਥੋਂ ਤੱਕ ਕਿ ਸਾਡੇ ਘਰ ਦੇ ਪਾਲਤੂ ਜਾਨਵਰਾਂ ਨਾਲ ਵੀ ਪਿਆਰ ਕਰਦੀ ਸੀ। ਆਮ ਤੌਰ ’ਤੇ ਸਾਡੇ ਘਰ ਰੱਖੀਆਂ ਮੱਝਾਂ ਤੇ ਗਾਵਾਂ ਸਾਡੇ ਘਰ ਦੇ ਪਰਿਵਾਰ ਦੇ ਵੀ ਉਨ੍ਹਾਂ ਜੀਆਂ, ਜਿਹੜੇ ਉਨ੍ਹਾਂ ਨੂੰ ਨਹੀਂ ਸਾਂਭਦੇ ਸਨ ਜਾਂ ਪਸ਼ੂਆਂ ਨੂੰ ਸਾਂਭਣ ਦਾ ਕੰਮ ਨਹੀਂ ਸੀ ਕਰਦੇ, ਉਨ੍ਹਾਂ ’ਤੇ ਵੀ ਬਿਲਕੁਲ ਵਿਸ਼ਵਾਸ ਨਹੀਂ ਸੀ ਕਰਦੀਆਂ। ਸਾਡੇ ਪਾਲਤੂ ਪਸ਼ੂ ਕੋਲੋਂ ਲੰਘਦੇ ਨੂੰ ਵੀ ਮਾਰਨ ਆਉਂਦੇ ਸਨ, ਪਰ ਇਸ ਬਿੱਲੀ ਨਾਲ ਉਨ੍ਹਾਂ ਦਾ ਵੀ ਲਗਾਅ ਹੋ ਗਿਆ ਸੀ। ਉਹ ਅਕਸਰ ਇਨ੍ਹਾਂ ਕੋਲ ਬੈਠੀ ਰਹਿੰਦੀ। ਉਹ ਇਸ ਨੂੰ ਕੁਝ ਨਾ ਕਹਿੰਦੇ। ਇਹ ਬਿੱਲੀ ਵੱਡੀ ਹੋ ਗਈ ਸੀ।
ਇਹ ਗਰਭਵਤੀ ਸੀ। ਕੁਝ ਦਿਨਾਂ ਬਾਅਦ ਇਸ ਨੇ ਤੂੜੀ ਵਾਲੇ ਛਤੜੇ ਵਿੱਚ ਦੋ ਬੱਚਿਆਂ ਨੂੰ ਜਨਮ ਦਿੱਤਾ ਜੋ ਕਿ ਚਿੱਟੇ ਰੰਗ ਦੇ ਬਲੂੰਗੜੇ ਸਨ। ਸਰਦੀ ਦੀ ਰੁੱਤ ਸੀ। ਦਸੰਬਰ-ਜਨਵਰੀ ਦਾ ਮਹੀਨਾ ਸੀ। ਬੜੀ ਠੰਢ ਸੀ।ਇਸ ਨੂੰ ਆਪਣੇ ਦੋਵੇਂ ਬੱਚਿਆਂ ਨੂੰ ਦੁੱਧ ਦਿੰਦੀ ਮੈਂ ਅਕਸਰ ਵੇਖਦਾ ਸੀ। ਪਤਾ ਨਹੀਂ ਉਸ ਰਾਤ ਕੀ ਭਾਣਾ ਵਾਪਰਿਆ। ਮੇਰੀ ਮਾਂ ਹਰ ਰੋਜ਼ ਵਾਂਗ ਸਵੇਰੇ ਜਲਦੀ ਚਾਹ ਬਣਾਉਣ ਲਈ ਉੱਠੀ ਤਾਂ ਉਹ ਵੇਖਦੀ ਹੈ ਕਿ ਇੱਕ ਚਿੱਟੇ ਰੰਗ ਦਾ ਬਲੂੰਗੜਾ ਸਾਡੇ ਘਰ ਦੇ ਕੱਚੇ ਚੁੱਲ੍ਹੇ ਕੋਲ ਬੈਠਾ ਕੰਬ ਰਿਹਾ ਸੀ। ਕਮਜ਼ੋਰ ਸੀ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬਿੱਲੀ ਇਸ ਨੂੰ ਇੱਥੇ ਛੱਡ ਗਈ ਹੋਵੇ। ਮੇਰੀ ਮਾਂ ਨੇ ਇਹ ਬਲੂੰਗੜਾ ਵੇਖਿਆ। ਉਸ ਨੂੰ ਤਰਸ ਆਇਆ। ਉਸ ਨੇ ਅੱਗ ਬਾਲੀ ਤੇ ਇਸ ਨੂੰ ਅੱਗ ਉੱਤੇ ਸੇਕਿਆ। ਪਰਿਵਾਰ ਦੀ ਚਾਹ ਬਣਾਈ। ਘਰ ਦੇ ਜੀ ਆਪੋ-ਆਪਣੇ ਸਮੇਂ ਅਨੁਸਾਰ ਚਾਹ ਪੀਣ ਲਈ ਆਏ। ਸਾਰਿਆਂ ਨੂੰ ਮੇਰੀ ਮਾਂ ਨੇ ਬਲੂੰਗੜੇ ਬਾਰੇ ਦੱਸਿਆ। ਇਹ ਸੁਣ ਕੇ ਮੇਰੀ ਪਤਨੀ ਕਮਰੇ ਅੰਦਰੋਂ ਇੱਕ ਛੋਟੀ ਚੁੰਘਣੀ ਲੈ ਆਈ। ਇਸ ਚੁੰਘਣੀ ਵਿੱਚ ਸਾਡੇ ਬੱਚੇ ਛੋਟੇ ਹੁੰਦਿਆਂ ਦੁੱਧ ਪੀਂਦੇ ਸਨ। ਹੁਣ ਬੱਚੇ ਵੱਡੇ ਹੋ ਗਏ ਸਨ। ਇਸ ਲਈ ਚੁੰਘਣੀ ਦੀ ਲੋੜ ਨਹੀਂ ਸੀ ਰਹੀ। ਮੇਰੀ ਪਤਨੀ ਨੇ ਚੁੰਘਣੀ ਸਾਂਭੀ ਹੋਈ ਸੀ। ਗਰਮ ਪਾਣੀ ਨਾਲ ਧੋਤਾ। ਉਸ ਨੂੰ ਸਾਫ਼ ਕੀਤਾ ਤੇ ਚੁੰਘਣੀ ਮਾਂ ਨੂੰ ਫੜਾ ਦਿੱਤੀ। ਮਾਂ ਨੇ ਇਸ ਚੁੰਘਣੀ ਵਿੱਚ ਕੋਸਾ ਦੁੱਧ ਪਾਇਆ। ਬਲੂੰਗੜੇ ਨੂੰ ਪਿਆਇਆ। ਬਲੂੰਗੜਾ ਗੱਟ-ਗੱਟ ਕਰਕੇ ਇਹ ਸਾਰਾ ਦੁੱਧ ਪੀ ਗਿਆ। ਕਾਫ਼ੀ ਦਿਨ ਇਸ ਤਰ੍ਹਾਂ ਚਲਦਾ ਰਿਹਾ।
ਬਲੂੰਗੜਾ ਪਹਿਲਾਂ ਨਾਲੋਂ ਕਾਫ਼ੀ ਤਕੜਾ ਤੇ ਸਿਹਤਮੰਦ ਹੋ ਗਿਆ ਸੀ। ਇਸ ਨੇ ਆਪਣੀ ਮਾਂ ਵਾਂਗ ਸਾਡੇ ਘਰ ਦੇ ਡੰਗਰਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਸੀ। ਡੰਗਰਾਂ ਨਾਲ ਇਸ ਦਾ ਵੀ ਆਪਣੀ ਮਾਂ ਵਾਂਗ ਪੂਰਾ ਪਿਆਰ ਪੈ ਗਿਆ ਸੀ। ਡੰਗਰ ਵੀ ਇਸ ਨੂੰ ਪੂਰਾ ਪਿਆਰ ਕਰਦੇ ਸੀ। ਹੁਣ ਇਹ ਨਾ ਇਸ ਕੋਲੋਂ ਡਰਦੇ ਅਤੇ ਨਾ ਹੀ ਇਸ ਨੂੰ ਡਰਾਉਂਦੇ ਸਨ। ਮੇਰੀ ਮਾਂ ਜਦੋਂ ਸਾਡੇ ਪਰਿਵਾਰ ਲਈ ਦੁੱਧ ਗਰਮ ਕਰਦੀ ਤਾਂ ਉਸ ਨੂੰ ਠਾਰ ਕੇ ਕੌਲੀ ਵਿੱਚ ਪਾ ਕੇ ਇਸ ਬਲੂੰਗੜੇ ਨੂੰ ਪਿਆਉਂਦੀ। ਇਸ ਬਲੂੰਗੜੇ ਨੇ ਭੱਜਣਾ-ਨੱਠਣਾ ਸ਼ੁਰੂ ਕਰ ਦਿੱਤਾ ਸੀ। ਆਪਣੀ ਮਾਂ ਵਾਂਗ ਸਾਡੇ ਡੰਗਰਾਂ ਨਾਲ ਖੇਡਣ ਲੱਗ ਪਿਆ ਸੀ। ਪੌੜੀਆਂ ਚੜ੍ਹ ਕੇ ਇੱਧਰ ਉਧਰ ਦੌੜਦਾ। ਸਾਡੇ ਘਰ ਅੰਦਰ ਇੱਕੋ ਚਾਰਦੀਵਾਰੀ ਦੇ ਅੰਦਰ ਇੱਕ ਪੁਰਾਣਾ ਮਕਾਨ ਤੇ ਇੱਕ ਕੋਠੀ ਬਣੀ ਹੋਈ ਹੈ। ਹੁਣ ਇਸ ਨੇ ਕੋਠੀ ਵੱਲ ਵੀ ਜਾਣਾ ਸ਼ੁਰੂ ਕਰ ਦਿੱਤਾ ਸੀ। ਇਹ ਕੋਠੀ ਦੀਆਂ ਪੌੜੀਆਂ ਚੜ੍ਹ ਕੇ ਛੱਤ ’ਤੇ ਚਲਾ ਜਾਂਦਾ। ਕਦੇ-ਕਦੇ ਮੈਨੂੰ ਮਹਿਸੂਸ ਹੁੰਦਾ ਕਿ ਪਰਿਵਾਰ ਦੇ ਬਾਕੀ ਜੀਆਂ ਨਾਲੋਂ ਮਾਂ ਨਾਲ ਇਹ ਵੱਖਰਾ ਲਗਾਅ ਰੱਖਦਾ ਸੀ ਤੇ ਮੇਰੀ ਮਾਂ ਵੀ। ਮੇਰੀ ਮਾਂ ਨੇ ਇਸ ਨੂੰ ਦੁੱਧ ਪਿਆਉਣ ਲਈ ਪੱਕੇ ਤੌਰ ’ਤੇ ਇੱਕ ਕੌਲੀ ਲਾ ਰੱਖੀ ਸੀ। ਉਹ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਕੌਲੀ ਵਿੱਚ ਪਾ ਕੇ ਇਸ ਨੂੰ ਦੁੱਧ ਪਿਲਾਉਂਦੀ ਸੀ। ਆਮ ਤੌਰ ’ਤੇ ਬਲੂੰਗੜੇ ਰੋਟੀ ਘੱਟ ਖਾਂਦੇ ਹਨ।
ਮਾਂ ਕੌਲੀ ਵਿੱਚ ਦੁੱਧ ਪਾ ਕੇ ਦੁੱਧ ਵਾਲੀ ਕੌਲੀ ਪੌੜੀਆਂ ਵਿੱਚ ਰੱਖ ਦਿੰਦੀ। ਬਲੂੰਗੜਾ ਕੌਲੀ ਵਿੱਚੋਂ ਦੁੱਧ ਪੀ ਕੇ ਜੇਕਰ ਗਰਮੀ ਹੁੰਦੀ ਤਾਂ ਛੱਤ ਉੱਪਰ ਚਲਾ ਜਾਂਦਾ, ਸਰਦੀ ਹੁੰਦੀ ਤਾਂ ਛਤੜੇ ਵਿੱਚ ਆ ਜਾਂਦਾ। ਮੈਂ ਹੈਰਾਨ ਸਾਂ ਕਿ ਇਸ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਮਾਂ ਚੌਂਕੇ ਉੱਪਰ ਆ ਗਈ ਹੈ। ਮਾਂ ਇਸ ਨੂੰ ਕੋਈ ਆਵਾਜ਼ ਨਹੀਂ ਸੀ ਮਾਰਦੀ ਕਿਉਂਕਿ ਇਹ ਕੋਈ ਜ਼ੁਬਾਨ ਨਹੀਂ ਸੀ ਸਮਝਦਾ। ਇਸ ਲਈ ਇੱਕ ਹੀ ਅਲਾਰਮ ਸੀ ‘ਕੌਲੀ’। ਮਾਂ ਵੱਲੋਂ ਕੌਲੀ ਚੁੱਕਣ ’ਤੇ ਖੜਾਕ ਹੁੰਦਾ ਤਾਂ ਫਟਾਫਟ ਇਹ ਮਾਂ ਦੇ ਪੈਰਾਂ ਕੋਲ ਆ ਜਾਂਦਾ।
ਸਵੇਰ ਵਾਲੀ ਚਾਹ ਸਮੇਂ ਵੀ ਇਸ ਤਰ੍ਹਾਂ ਹੀ ਵਾਪਰਦਾ। ਜਦੋਂ ਮਾਂ ਚਾਹ ਬਣਾਉਣ ਉੱਠਦੀ, ਭਾਂਡਿਆਂ ਦਾ ਖੜਾਕ ਹੁੰਦਾ ਤਾਂ ਇਹ ਫਟਾਫਟ ਮਾਂ ਕੋਲ ਪੌੜੀਆਂ ਉਤਰ ਕੇ ਜਾਂ ਛੱਤੜੇ ਦੇ ਵਿੱਚੋਂ ਨਿਕਲ ਕੇ ਆ ਜਾਂਦਾ। ਹਰ ਵਾਰ ਇਸ ਤਰ੍ਹਾਂ ਹੁੰਦਾ। ਮੈਂ ਮਹਿਸੂਸ ਕਰਦਾ ਸੀ ਕਿ ਪਾਲਤੂ ਜਾਨਵਰ ਵੀ ਜਿਨ੍ਹਾਂ ਦੀ ਆਪਣੀ ਜ਼ੁਬਾਨ ਨਹੀਂ ਹੈ, ਕਿਵੇਂ ਪੱਕੇ ਤੌਰ ’ਤੇ ਟੇਵੇ ਲਾ ਲੈਂਦੇ ਹਨ।
ਇੱਕ ਵਾਰ ਮਾਂ ਕੁਝ ਦਿਨਾਂ ਲਈ ਮਿਲਣ ਵਾਸਤੇ ਮੇਰੀ ਭੈਣ ਕੋਲ ਚਲੀ ਗਈ। ਉਹ ਤਿੰਨ ਚਾਰ ਦਿਨ ਉੱਥੇ ਰਹੀ। ਇਹ ਬਲੂੰਗੜਾ ਉਦਾਸ ਰਹਿਣ ਲੱਗਿਆ। ਸਾਡੇ ਘਰ ਦੇ ਸਾਰੇ ਜੀਅ ਇਸ ਨੂੰ ਖ਼ੁਸ਼ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ। ਇਸ ਨੂੰ ਦੁੱਧ ਪਿਲਾਉਣ ਲਈ ਦੁੱਧ ਵਾਲੀ ਕੌਲੀ ਵਾਰ-ਵਾਰ ਇਸ ਦੇ ਅੱਗੇ ਰੱਖਦੇ। ਇਸ ਨੂੰ ਹੋਰ ਚੀਜ਼ਾਂ ਵੀ ਖਾਣ ਲਈ ਦਿੱਤੀਆਂ ਜਾਂਦੀਆਂ, ਪਰ ਬਲੂੰਗੜਾ ਕੁਝ ਵੀ ਨਹੀਂ ਸੀ ਖਾ ਰਿਹਾ। ਇਸ ਨੇ ਪਹਿਲਾਂ ਵਾਂਗ ਨੱਚਣਾ ਟੱਪਣਾ ਵੀ ਬੰਦ ਕਰ ਦਿੱਤਾ ਸੀ। ਇਹ ਡੰਗਰਾਂ ਕੋਲ ਵੀ ਨਹੀਂ ਸੀ ਜਾਂਦਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ। ਅਸੀਂ ਇਹ ਸਾਰੀ ਗੱਲ ਫੋਨ ’ਤੇ ਮਾਂ ਨੂੰ ਦੱਸੀ। ਉਹ ਇਹ ਗੱਲ ਸੁਣ ਕੇ ਉਸੇ ਦਿਨ ਭੈਣ ਕੋਲੋਂ ਪਰਤ ਆਈ। ਸਵੇਰੇ ਲਗਭਗ 10 ਵਜੇ ਦੇ ਕਰੀਬ ਘਰ ਪਹੁੰਚੀ। ਬਲੂੰਗੜੇ ਨੂੰ ਪਤਾ ਨਹੀਂ ਕਿਸ ਨੇ ਦੱਸ ਦਿੱਤਾ, ਉਹ ਹਨੇਰੀ ਵਾਂਗ ਆਇਆ ਤੇ ਮਾਂ ਦੇ ਪੈਰਾਂ ਕੋਲ ਚਲਾ ਗਿਆ। ਪੈਰਾਂ ਨੂੰ ਛੂਹਣ, ਚੱਟਣ ਲੱਗਾ। ਮਾਂ ਸਿੱਧਾ ਰਸੋਈ ਵਿੱਚ ਚਲੀ ਗਈ। ਫਰਿੱਜ ਵਿੱਚੋਂ ਦੁੱਧ ਕੱਢ ਕੇ ਗਰਮ ਕੀਤਾ ਤੇ ਫਿਰ ਠੰਢਾ ਕੀਤਾ। ਕੌਲੀ ਵਿੱਚ ਪਾ ਕੇ ਇਸ ਦੇ ਅੱਗੇ ਰੱਖ ਦਿੱਤਾ। ਬਲੂੰਗੜੇ ਨੇ ਗਟਾਗਟ ਦੁੱਧ ਪੀ ਲਿਆ। ਮੈਂ ਹੈਰਾਨ ਸਾਂ। ਮਾਂ ਮੰਜੇ ’ਤੇ ਬੈਠ ਗਈ। ਅਸੀਂ ਮਾਂ ਨੂੰ ਮਿਲਣ ਲੱਗੇ। ਬਲੂੰਗੜਾ ਉਸੇ ਮੰਜੇ ਦੇ ਹੇਠ ਆ ਕੇ ਬੈਠ ਗਿਆ। ਕਾਫ਼ੀ ਦੇਰ ਬੈਠਣ ਤੋਂ ਬਾਅਦ, ਮੰਜੇ ਹੇਠੋਂ ਉੱਠ ਕੇ ਚਲਾ ਗਿਆ। ਦਿਨ ਛਿਪੇ ਰੋਟੀ ਬਣਾਉਣ ਦਾ ਵੇਲਾ ਹੋਇਆ। ਮਾਂ ਆਟਾ ਗੁੰਨ੍ਹ ਕੇ ਰੋਟੀ ਬਣਾਉਣ ਲੱਗ ਪਈ। ਚੌਕੇ ’ਤੇ ਭਾਂਡਿਆਂ ਦਾ ਖੜਕਾ ਹੋਇਆ। ਕੌਲੀ ਵੀ ਧੋ ਦਿੱਤੀ ਗਈ। ਪਤਾ ਨਹੀਂ ਕਿਧਰੋਂ ਬਲੂੰਗੜੇ ਨੂੰ ਕੌਲੀ ਦੀ ਆਵਾਜ਼ ਸੁਣੀ ਤੇ ਉਹ ਫਟਾਫਟ ਪੌੜੀਆਂ ਵਿੱਚ ਆ ਗਿਆ। ਮੇਰੀ ਮਾਂ ਨੇ ਕੌਲੀ ਵਿੱਚ ਦੁੱਧ ਪਾ ਕੇ ਪੌੜੀਆਂ ਵਿੱਚ ਰੱਖ ਦਿੱਤਾ। ਇਹ ਸਾਰਾ ਦੁੱਧ ਪੀ ਗਿਆ। ਮਾਂ ਰੋਟੀਆਂ ਪਕਾਉਂਦੀ ਰਹੀ। ਪਰਿਵਾਰ ਦੇ ਸਾਰੇ ਜੀਅ ਵਾਰੀ ਨਾਲ ਆ ਕੇ ਰੋਟੀ ਛਕਦੇ ਰਹੇ। ਮੇਰੀ ਵੀ ਰੋਟੀ ਖਾਣ ਦੀ ਵਾਰੀ ਆਈ। ਮੈਂ ਰੋਟੀ ਖਾਣ ਮਗਰੋਂ ਆਰਾਮ ਲਈ ਚੌਂਕੇ ਵਿੱਚ ਪਏ ਮੰਜੇ ਉੱਤੇ ਲੇਟ ਗਿਆ। ਮੰਜੇ ’ਤੇ ਪਿਆਂ ਮੇਰੀ ਨਜ਼ਰ ਪੌੜੀਆਂ ’ਚ ਬੈਠੇ ਬਲੂੰਗੜੇ ’ਤੇ ਗਈ। ਬਲੂੰਗੜਾ ਟਿਕਟਿਕੀ ਲਗਾ ਕੇ ਮੇਰੀ ਮਾਂ ਨੂੰ ਵੇਖ ਰਿਹਾ ਸੀ। ਮੈਂ ਮਹਿਸੂਸ ਕੀਤਾ ਕਿ ਸ਼ਾਇਦ ਉਹ ਮਾਂ ਨੂੰ ਕਹਿ ਰਿਹਾ ਹੋਵੇ, ਮਾਂ ਇੰਨੇ ਦਿਨ ਮੈਨੂੰ ਛੱਡ ਕੇ ਨਾ ਜਾਇਆ ਕਰ, ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਦਾ। ਹੁਣ ਮੇਰੀ ਅਸਲੀ ਮਾਂ ਦੁਨੀਆ ’ਚ ਨਹੀਂ ਰਹੀ। ਤੂੰ ਹੀ ਮੇਰੀ ਮਾਂ ਏਂ। ਤੂੰ ਮੈਨੂੰ ਪਾਲਿਆ ਹੈ। ਤੂੰ ਮੈਨੂੰ ਖਾਣ ਲਈ ਦਿੱਤਾ ਹੈ। ਜੇ ਅੱਜ ਮੈਂ ਜਿਉਂਦਾ ਹਾਂ, ਮੈਂ ਤੇਰੀ ਬਦੌਲਤ ਜਿਉਂਦਾ ਹਾਂ।
ਕਲਪਨਾ ਦੀ ਦੁਨੀਆ ਵਿੱਚ ਮੈਂ ਡੂੰਘਾ ਉਤਰ ਗਿਆ ਸਾਂ। ਅਚਾਨਕ ਮਾਂ ਨੇ ਚੁੱਲ੍ਹੇ ਵਿੱਚ ਲਗਾਉਣ ਲਈ ਜ਼ੋਰ ਨਾਲ ਛਟੀਆਂ ਤੋੜੀਆਂ। ਇਸ ਆਵਾਜ਼ ਨੂੰ ਸੁਣ ਕੇ ਮੇਰੀ ਕਲਪਨਾ ਦੀ ਲੜੀ ਟੁੱਟ ਗਈ ਤੇ ਬਲੂੰਗੜਾ ਛਤੜੇ ਵੱਲ ਚਲਾ ਗਿਆ।
ਸੰਪਰਕ: 96469-05801

Advertisement