ਬੇਸਬਾਲ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਟੀਮ ਫਾਈਨਲ ਵਿੱਚ ਪੁੱਜੀ
ਸਤਵਿੰਦਰ ਬਸਰਾ
ਲੁਧਿਆਣਾ, 5 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਚੱਲ ਰਹੇ ਬੇਸਬਾਲ ਮੁਕਾਬਲਿਆਂ ਦੌਰਾਨ ਅੱਜ ਖੇਡੇ ਮੈਚਾਂ ਅਨੁਸਾਰ ਲੜਕੇ ਅੰਡਰ-21 ਵਰਗ ਵਿੱਚ ਲੁਧਿਆਣਾ ਦੀ ਟੀਮ ਅੰਮ੍ਰਿਤਸਰ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਅੰਡਰ-14 ਵਰਗ ਵਿੱਚ ਫਿਰੋਜ਼ਪੁਰ ਦੀ ਟੀਮ ਨੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਅੱਜ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ।
ਸ੍ਰੀ ਸੇਖੋਂ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਵਧੀਆ ਪਲੇਟਫਾਰਮ ਮੁਹੱਈਆ ਕੀਤਾ ਗਿਆ ਹੈ। ਉਨ੍ਹਾਂ ਇਨ੍ਹਾਂ ਖੇਡਾਂ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਲੜਕੇ ਅੰਡਰ-21 ਵਰਗ ਦੇ ਹੋਏ ਪਹਿਲੇ ਮੁਕਾਬਲੇ ਵਿੱਚ ਮੋਗਾ ਨੇ ਸੰਗਰੂਰ ਨੂੰ 7-2 ਨਾਲ, ਦੂਜੇ ਮੈਚ ਵਿੱਚ ਪਟਿਆਲਾ ਨੇ ਫਿਰੋਜ਼ਪੁਰ ਨੂੰ 7-5 ਨਾਲ ਹਰਾਇਆ। ਤੀਜੇ ਮੈਚ ਵਿੱਚ ਅੰਮ੍ਰਿਤਸਰ ਨੂੰ 7-4 ਅੰਕਾਂ ਨਾਲ ਹਰਾ ਕੇ ਲੁਧਿਆਣਾ ਦੀ ਟੀਮ ਨੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਲੜਕੇ ਅੰਡਰ-14 ਵਰਗ ਦੇ ਪਹਿਲੇ ਮੈਚ ਵਿੱਚ ਪਟਿਆਲਾ ਨੇ ਮਾਲੇਰਕੋਟਲਾ ਨੂੰ 1-0 ਨਾਲ ਜਦਕਿ ਦੂਜੇ ਮੈਚ ਵਿੱਚ ਫਿਰੋਜ਼ਪੁਰ ਨੇ ਪਟਿਆਲਾ 2-0 ਨਾਲ, ਤੀਜੇ ਮੈਚ ਵਿੱਚ ਲੁਧਿਆਣਾ ਨੇ ਕਪੂਰਥਲਾ ਨੂੰ 2-0 ਨਾਲ ਹਰਾਇਆ। ਇਸ ਵਰਗ ਵਿੱਚ ਫਿਰੋਜ਼ਪੁਰ ਦੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਇਸੇ ਤਰ੍ਹਾਂ ਅੰਡਰ-17 ਵਰਗ ਦੇ ਪਹਿਲੇ ਮੈਚ ਵਿੱਚ ਫਿਰੋਜ਼ਪੁਰ ਨੇ ਮਾਨਸਾ ਨੂੰ 11-3 ਨਾਲ ਹਰਾਇਆ। ਦੱਸਣਯੋਗ ਹੈ ਕਿ ਸੰਗਰੂਰ ਦੀ ਟੀਮ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਗਈ ਹੈ ਜਦਕਿ ਦੂਜੀ ਟੀਮ ਦਾ ਫੈਸਲਾ ਲੁਧਿਆਣਾ ਤੇ ਪਟਿਆਲਾ ਵਿੱਚੋਂ ਜੇਤੂ ਰਹਿਣ ਵਾਲੀ ਟੀਮ ਵਿੱਚੋਂ ਹੋਵੇਗਾ।