ਰਾਜਧਾਨੀ ਵਿੱਚ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ
ਨਵੀਂ ਦਿੱਲੀ, 21 ਨਵੰਬਰ
ਰਾਜਧਾਨੀ ਵਿੱਚ ਇੱਕ ਹਫ਼ਤੇ ਤੱਕ ਪ੍ਰਦੂਸ਼ਣ ਦੇ ਗੰਭੀਰ ਪੱਧਰ ਤੋਂ ਪ੍ਰੇਸ਼ਾਨ ਦਿੱਲੀ ਵਾਸੀਆਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ। ਰਾਜਧਾਨੀ ਵਿੱਚ ਹਵਾ ਦੀ ਗੁਣਵਤਾ ਵਿੱਚ ਪਹਿਲਾਂ ਨਾਲੋਂ ਥੋੜ੍ਹਾ ਸੁਧਾਰ ਹੋਇਆ ਹੈ ਪਰ ਅਜੇ ਵੀ ‘ਬਹੁਤ ਖਰਾਬ’ ਸ਼੍ਰੇਣੀ ਬਣੀ ਹੋਈ ਹੈ। ਵੀਰਵਾਰ ਨੂੰ ਸਵੇਰੇ ਮੌਸਮ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਭਾਰਤ ਮੌਸਮ ਵਿਗਿਆਨ ਵਿਭਾਗ ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ 2.1 ਡਿਗਰੀ ਘੱਟ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਸਵੇਰੇ ਨੌਂ ਵਜੇ ਕੌਮੀ ਰਾਜਧਾਨੀ ਵਿੱਚ ਹਵਾ ਗੁਣਵਤਾ ਸੂਚਕ ਅੰਕ (ਏਕਿਊਆਈ) 376 ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਦਿਨੇ ਹਲਕਾ ਕੋਹਰਾ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਦਿੱਲੀ ਦੀ ਹਵਾ ਗੁਣਵਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ, ਜਿਸ ਕਾਰਨ ਅਧਿਕਾਰੀਆਂ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਚਾਰ ਤਹਿਤ ਪ੍ਰਬੰਧੀਆਂ ਲਾਉਣੀਆਂ ਪਈਆਂ ਸਨ। ਸੋਮਵਾਰ ਅਤੇ ਮੰਗਲਵਾਰ ਨੂੰ ਹਵਾ ਗੁਣਵਤਾ ਹੋਰ ਖਰਾਬ ਹੋ ਗਈ ਅਤੇ ਬਹੁਤ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਗਈ ਅਤੇ ਏਕਿਊਆਈ 450 ਤੋਂ ਵੱਧ ਹੋ ਗਿਆ ਸੀ। ਬੁੱਧਵਾਰ ਨੂੰ ਇਸ ਵਿੱਚ ਮਾਮੂਲੀ ਸੁਧਾਰ ਹੋ ਗਿਆ ਸੀ ਪਰ ਇਹ ਗੰਭੀਰ ਸ਼੍ਰੇਣੀ ਵਿੱਚ ਹੀ ਬਣਿਆ ਰਿਹਾ। ਇਸ ਦੌਰਾਨ ਇਮਾਰਤ ਉਸਾਰੀ ਅਤੇ ਟੁੱਟ ਭੱਜ ਦੀਆਂ ਕਾਰਵਾਈਆਂ ’ਤੇ ਰੋਕ ਲਗਾਈ ਗਈ ਸੀ ਅਤੇ ਸਕੂਲਾਂ ਵਿੱਚ ਆਨਲਾਈਨ ਜਮਾਤਾਂ ਲਗਾਉਣੀਆਂ ਪਈਆਂ ਸਨ। ਇਸ ਦੌਰਾਨ ਵਾਹਨਾਂ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਸਨ। ਅੱਜ ਹਵਾ ਦੀ ਗੁਣਵਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਣ ਕਾਰਨ ਸਵੇਰੇ ਕਾਫ਼ੀ ਥਾਵਾਂ ’ਤੇ ਲੋਕਾਂ ਨੂੰ ਸੈਰ ਅਤੇ ਕਸਰਤ ਕਰਦੇ ਹੋਏ ਦੇਿਖਆ ਗਿਆ। ਅੱਜ ਪਾਰਕਾਂ ਵਿੱਚ ਵੀ ਪਹਿਲਾਂ ਨਾਲੋਂ ਜ਼ਿਆਦਾ ਰੌਣਕਾਂ ਦਿਖਾਈ ਦਿੱਤੀਆਂ। ਪਹਿਲਾਂ ਦਿਨੇ ਹੀ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪੈਂਦੀਆਂ ਸਨ ਪਰ ਅੱਜ ਲੋਕਾਂ ਨੂੰ ਦਿਨੇ ਵਾਹਨ ਚਲਾਉਣ ਵੇਲੇ ਵਾਹਨਾਂ ਦੀਆਂ ਲਾਈਟਾਂ ਨਹੀਂ ਜਗਾਉਣੀਆਂ ਪਈਆਂ। -ਪੀਟੀਆਈ
ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਬਦਲਾਅ
ਫਰੀਦਾਬਾਦ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਦੱਸਿਆ ਕਿ ਫਰੀਦਾਬਾਦ ਜ਼ਿਲ੍ਹੇ ਵਿੱਚ ਹਵਾ ਪ੍ਰਦੂਸ਼ਣ ਦੇ ਗੰਭੀਰ ਪੱਧਰ ਨੂੰ ਦੇਖਦੇ ਹੋਏ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਸਰਕਾਰੀ ਦਫ਼ਤਰਾਂ ਲਈ ਵੱਖ-ਵੱਖ ਸਮਾਂ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹੁਕਮਾਂ ਤੱਕ ਜ਼ਿਲ੍ਹਾ ਫਰੀਦਾਬਾਦ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਵੱਖ-ਵੱਖ ਸਮਾਂ ਲਾਗੂ ਰਹੇਗਾ। ਰਾਜ ਸਰਕਾਰ ਅਧੀਨ ਦਫ਼ਤਰ ਸਵੇਰੇ 9.30 ਵਜੇ ਤੋਂ ਸ਼ਾਮ 5.30 ਵਜੇ ਤੱਕ ਖੁੱਲ੍ਹਣਗੇ। ਉਧਰ, ਨਗਰ ਨਿਗਮ ਫਰੀਦਾਬਾਦ ਅਧੀਨ ਦਫਤਰ ਸਵੇਰੇ 8. 30 ਵਜੇ ਤੋਂ ਸ਼ਾਮ 4. 30 ਵਜੇ ਤੱਕ ਕੰਮ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਸੂਬੇ ਦੇ ਸਿੱਖਿਆ ਵਿਭਾਗ ਨੇ 23 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।