For the best experience, open
https://m.punjabitribuneonline.com
on your mobile browser.
Advertisement

ਜਲੰਧਰ ਤੇ ਹੁਸ਼ਿਆਰਪੁਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ

07:56 AM Jul 04, 2024 IST
ਜਲੰਧਰ ਤੇ ਹੁਸ਼ਿਆਰਪੁਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਿਆ
ਜਲੰਧਰ ਦੀ ਇਕ ਸੜਕ ’ਤੇ ਭਰੇ ਪਾਣੀ ’ਚੋਂ ਲੰਘ ਰਹੇ ਵਾਹਨ। -ਫੋਟੋ: ਸਰਬਜੀਤ ਸਿੰਘ
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 3 ਜੁਲਾਈ
ਜ਼ਿਲ੍ਹੇ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਨੇ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਕੁੱਝ ਰਾਹਤ ਜ਼ਰੂਰ ਦਿਵਾਈ ਪਰ ਨਾਲ ਹੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਘੰਟਿਆਂ ਦੀ ਬਰਸਾਤ ਨਾਲ ਸਭ ਪਾਸੇ ਜਲ-ਥਲ ਹੋ ਗਿਆ। ਸ਼ਾਇਦ ਹੀ ਕੋਈ ਇਲਾਕਾ ਅਜਿਹਾ ਹੋਵੇਗਾ ਜਿੱਥੇ ਬਰਸਾਤੀ ਪਾਣੀ ਖੜ੍ਹਾ ਨਾ ਹੋਇਆ ਹੋਵੇ। ਲੋਕਾਂ ਦੀਆਂ ਦੁਕਾਨਾਂ ਤੇ ਰਿਹਾਇਸ਼ੀ ਇਮਰਾਤਾਂ ’ਚ ਪਾਣੀ ਵੜ ਗਿਆ। ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ। ਜ਼ਰੂਰੀ ਕੰਮਕਾਜ ਲਈ ਨਿਕਲੇ ਲੋਕਾਂ ਦੇ ਵਾਹਨ ਪਾਣੀ ’ਚ ਫਸ ਗਏ। ਨੀਵੇਂ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਦਾਣਾ ਮੰਡੀ ’ਚ ਪਈ ਮੱਕੀ ਦੀ ਫਸਲ ਵੀ ਭਿੱਜ ਗਈ। ਕਈ ਥਾਵਾਂ ’ਤੇ ਬਰਸਾਤ ਕਾਰਨ ਬਿਜਲੀ ਦੀ ਸਪਲਾਈ ਵਿਚ ਵੀ ਕਾਫ਼ੀ ਚਿਰ ਵਿਘਨ ਪਿਆ ਰਿਹਾ। ਘੰਟਾ ਘਰ, ਰੇਲਵੇ ਰੋਡ, ਕ੍ਰਿਸ਼ਨਾ ਨਗਰ ਆਦਿ ਇਲਾਕਿਆਂ ’ਚ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ।
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਚਿਰ ਆਵਾਜਾਈ ਪ੍ਰਭਾਵਿਤ ਰਹੀ। ਬਰਸਾਤ ਰੁਕਣ ਤੋਂ ਕਈ ਚਿਰ ਬਾਅਦ ਪਾਣੀ ਦਾ ਨਿਕਾਸ ਹੋਇਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਹੁਸ਼ਿਆਰਪੁਰ ਸਬ-ਡਿਵੀਜ਼ਨ ਵਿੱਚ 90 ਐੱਮਐੱਮ ਬਰਸਾਤ ਰਿਕਾਰਡ ਕੀਤੀ ਗਈ।
ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹੇ ਵਿੱਚ ਅੱਜ ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਆਵਾਜਾਈ ਵਿਚ ਵਿਘਨ ਪਿਆ। ਇਸ ਤੋਂ ਇਲਾਵਾ ਮੀਂਹ ਦੇ ਨਾਲ ਚੱਲੇ ਝੱਖੜ ਕਾਰਨ ਬਿਜਲੀ ਵੀ ਗੁੱਲ ਹੋਈ। ਜਾਣਕਾਰੀ ਅਨੁਸਾਰ ਮੀਂਹ ਕਾਰਨ ਪੀਏਪੀ ਚੌਕ, ਰਾਮਾਂਮੰਡੀ ਚੌਕ, ਪਠਾਨਕੋਟ ਬਾਈਪਾਸ, ਟਰਾਂਸਪੋਰਟ ਨਗਰ, ਫੋਕਲ ਪੁਆਇੰਚ, ਮਾਈਹੀਰਾ ਗੇਟ, ਗੜ੍ਹਾ ਰੋਡ, ਲਾਡੋਵਾਲੀ ਰੋਡ, ਮਕਸੂਦਾ ਸਬਜ਼ੀ ਮੰਡੀ ਵਿਚ ਪਾਣੀ ਭਰ ਗਿਆ। ਅੰਮ੍ਰਿਤਸਰ-ਦਿਲੀ ਹਾਇਵੇਅ ’ਤੇ ਸਥਿਤ ਪੀਏਪੀ ਚੌਕ ਨੇੜੇ ਸੜਕ ’ਤੇ ਪਾਣੀ ਭਰਨ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਵਿਚ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਦੋਪਹੀਆ ਚਾਲਕ ਡਿੱਗਦੇ ਦੇਖੇ ਗਏ। ਨਗਰ ਨਿਗਮ ਵਲੋਂ ਸੀਵਰੇਜ ਦੀ ਸਮੇਂ ਸਿਰ ਸਫਾਈ ਨਾ ਕਰਵਾਉਣ ਕਾਰਨ ਵੀ ਗੰਦਾ ਪਾਣੀ ਗਲੀਆਂ ਵਿਚ ਆ ਗਿਆ। ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ’ਤੇ ਆਪਣੀ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਲੋਕ ਮੀਂਹ ਵਿੱਚ ਹੀ ਖੜ੍ਹੇ ਰਹੇ, ਜਿਸ ਕਾਰਨ ਯਾਤਰੀ ਤੇ ਉਨ੍ਹਾਂ ਦਾ ਸਾਮਾਨ ਵੀ ਮੀਂਹ ਕਰਕੇ ਭਿੱਜ ਗਿਆ।
ਦੂਜੇ ਪਾਸੇ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੇ ਦਿਨੀਂ 40 ਤੋਂ ਪਾਰ ਚੱਲ ਰਿਹਾ ਸੀ।

Advertisement

Advertisement
Advertisement
Author Image

Advertisement