ਬੁੱਢੇ ਨਾਲੇ ’ਤੇ ਬਣੀ ਨੀਵੀਂ ਪੁਲੀ ਆਵਾਜਾਈ ਲਈ ਬੰਦ
ਲੁਧਿਆਣਾ (ਸਤਵਿੰਦਰ ਬਸਰਾ): ਸੂਬੇ ਭਰ ਦੇ ਦਰਿਆਵਾਂ ਅਤੇ ਨਾਲਿਆਂ ਵਿੱਚ ਬਰਸਾਤੀ ਪਾਣੀ ਦੇ ਵਧੇ ਪੱਧਰ ਕਾਰਨ ਇੰਨਾਂ ਦੇ ਆਸ-ਪਾਸ ਪੈਂਦੀਆਂ ਬਸਤੀਆਂ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਹੈ। ਹੁਣ ਲੁਧਿਆਣਾ ਵਿੱਚੋਂ ਲੰਘਦੇ ਬੁੱਢੇ ਦਰਿਆ ਨੇ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਸਥਾਨਕ ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡੇ ਨੇੜੇ ਪੈਂਦੀ ਬੁੱਢੇ ਨਾਲੇ ਦੀ ਨੀਵੀਂ ਪੁਲੀ ਪਾਣੀ ਦੇ ਤੇਜ਼ ਵਹਾਅ ਕਾਰਨ ਆਵਾਜਾਈ ਲਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ ਗਈ ਹੈ। ਇਸ ਪੁਲੀ ਨੇੜਿਓਂ ਬੁੱਢੇ ਦਰਿਆ ਦਾ ਪਾਣੀ ਨੇੜੇ ਦੀਆਂ ਕਈ ਬਸਤੀਆਂ ਵਿੱਚ ਵੀ ਜਾਣਾ ਸ਼ੁਰੂ ਹੋ ਗਿਆ ਹੈ। ਪਿਛਲੇ ਕਈ ਦਨਿਾਂ ਤੋਂ ਬੁੱਢੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਇਸ ਕਾਰਨ ਬੁੱਢੇ ਦਰਿਆ ’ਤੇ ਬਣੀਆਂ ਕਈ ਪੁਰਾਣੀਆਂ ਪੁਲੀਆਂ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਪੁਲੀ ਮਾਤਾ ਕਰਮ ਕੌਰ ਕਲੋਨੀ ਨੇੜੇ ਵੀ ਬਣੀ ਹੋਈ ਹੈ। ਪਿਛਲੇ ਕਈ ਦਨਿਾਂ ਤੋਂ ਬੁੱਢੇ ਦਰਿਆ ਦਾ ਪਾਣੀ ਇਸ ਪੁਲੀ ਨਾਲ ਖਹਿ ਕੇ ਜਾਂਦਾ ਹੋਣ ਕਰਕੇ ਇਸ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਬੁੱਧਵਾਰ ਸ਼ਾਮ ਕਰੀਬ ਚਾਰ ਕੁ ਵਜੇ ਪੁਲੀਸ ਮੁਲਾਜ਼ਮਾਂ ਨੇ ਰੱਸੀਆਂ ਬੰਨ੍ਹ ਕੇ ਪੁਲੀ ਤੋਂ ਵੱਡੀਆਂ ਗੱਡੀਆਂ ਦੀ ਆਵਾਜਾਈ ਆਰਜ਼ੀ ਤੌਰ ’ਤੇ ਬੰਦ ਕਰ ਦਿੱਤੀ। ਇਸ ਪੁਲੀ ਦੇ ਬੰਦ ਹੋਣ ਕਾਰਨ ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਪੁਲੀ ਦੇ ਨੇੜੇ ਹੀ ਬੁੱਢੇ ਦਰਿਆ ਦਾ ਪਾਣੀ ਨਾਲ ਲੱਗਦੀਆਂ ਕਲੋਨੀਆਂ ਵਿੱਚ ਵੀ ਚਲਾ ਗਿਆ ਹੈ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਦੂਜੇ ਪਾਸੇ ਮੀਡੀਆ ਵਿੱਚ ਭਾਖੜਾ ਡੈਮ ਵਿੱਚੋਂ ਵੀਰਵਾਰ ਹੋਰ ਪਾਣੀ ਛੱਡਣ ਦੀਆਂ ਆ ਰਹੀਆਂ ਖਬਰਾਂ ਨੇ ਵੀ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਡਰੇ ਹੋਏ ਇਲਾਕਾਵਾਸੀ ਸਾਰਾ ਦਨਿ ਵਾਰ ਵਾਰ ਪੁਲੀ ਕੋਲ ਆ ਕੇ ਮੌਕੇ ਦਾ ਜਾਇਜ਼ਾ ਵੀ ਲੈਂਦੇ ਦੇਖੇ ਗਏ।