ਲਾਟਰੀ
ਬਾਲ ਕਹਾਣੀ
ਰਘੁਵੀਰ ਸਿੰਘ ਕਲੋਆ
ਸਿੰਮੂ ਅਤੇ ਜੋਤ, ਦੋਵੇਂ ਨੌਵੀਂ ਜਮਾਤ ਵਿੱਚ ਪੜ੍ਹਦੇ ਸਨ। ਇੱਕ ਪਿੰਡ ਦੇ ਹੋਣ ਕਾਰਨ ਦੋਵਾਂ ਵਿੱਚ ਗੂੜ੍ਹੀ ਦੋਸਤੀ ਸੀ। ਉਨ੍ਹਾਂ ਦਾ ਸਕੂਲ ਉਨ੍ਹਾਂ ਦੇ ਪਿੰਡ ਤੋਂ ਦੋ ਕੁ ਮੀਲ ਦੂਰ ਇੱਕ ਕਸਬੇ ਵਿੱਚ ਸੀ। ਅੱਠਵੀਂ ਜਮਾਤ ਤੱਕ ਤਾਂ ਉਹ ਆਟੋ ਰਿਕਸ਼ਾ ਉੱਤੇ ਆਉਂਦੇ ਰਹੇ ਸਨ, ਪਰ ਹੁਣ ਉਹ ਦੋਵੇਂ ਆਪੋ ਆਪਣੇ ਸਾਈਕਲ ’ਤੇ ਆਉਣ ਲੱਗੇ ਸਨ। ਜੋਤ ਦੇ ਪਾਪਾ ਬਿਜਲੀ ਮਹਿਕਮੇ ਵਿੱਚ ਜੇ.ਈ. ਵਜੋਂ ਕੰਮ ਕਰਦੇ ਸਨ ਤੇ ਸਿੰਮੂ ਦੇ ਪਾਪਾ ਖੇਤੀਬਾੜੀ। ਬੱਝਵੀਂ ਤੇ ਵਧੀਆ ਤਨਖਾਹ ਹੋਣ ਕਾਰਨ ਜੋਤ ਦੇ ਘਰ ਦੀ ਹਾਲਤ ਸਿੰਮੂ ਨਾਲੋਂ ਕੁਝ ਬਿਹਤਰ ਸੀ। ਇਸੇ ਲਈ ਸਿੰਮੂ ਕੋਲ ਤਾਂ ਸਾਧਾਰਨ ਪੁਰਾਣਾ ਸਾਈਕਲ ਸੀ, ਪਰ ਜੋਤ ਕੋਲ ਨਵਾਂ ਨਕੋਰ, ਗੇਅਰਾਂ ਵਾਲਾ। ਜੋਤ ਕੋਲੋਂ ਉਸ ਦਾ ਸਾਈਕਲ ਲੈ ਕੇ ਕਈ ਵਾਰ ਸਿੰਮੂ ਵੀ ਆਪਣਾ ਚਾਅ ਪੂਰਾ ਕਰ ਲੈਂਦਾ।
ਸਕੂਲ ਛੁੱਟੀ ਹੋਣ ਉਪਰੰਤ ਉਹ ਦੋਵੇਂ ਅੱਜ ਸਟੇਸ਼ਨਰੀ ਦੀ ਖ਼ਰੀਦ ਲਈ ਨੇੜੇ ਪੈਂਦੇ ਬਾਜ਼ਾਰ ਵੱਲ ਚੱਲ ਪਏ। ਉੱਥੇ ਪੁੱਜ ਉਨ੍ਹਾਂ ਨੇ ਆਪੋ ਆਪਣਾ ਸਾਈਕਲ ਆਪਣੇ ਜਾਣੂ ਇੱਕ ਦੁਕਾਨਦਾਰ ਦੀ ਦੁਕਾਨ ਅੱਗੇ ਜਾ ਖੜ੍ਹਾਇਆ। ਸਾਈਕਲ ਨੂੰ ਸਟੈਂਡ ’ਤੇ ਲਗਾ ਉਹ ਅੰਦਰ ਵੱਲ ਜਾਣ ਹੀ ਲੱਗੇ ਸਨ ਕਿ ਇੱਕ ਜਾਣੀ ਪਛਾਣੀ ਆਵਾਜ਼ ਉਨ੍ਹਾਂ ਦੇ ਕੰਨੀਂ ਪਈ;
‘‘ਪਹਿਲਾ ਇਨਾਮ ਦੋ ਕਰੋੜ ਰੁਪਏ, ਸਿਰਫ਼ ਦੋ ਦਿਨ ਬਾਕੀ, ਟਿਕਟ ਦੀ ਕੀਮਤ ਸਿਰਫ਼ ਸੌ ਰੁਪਏ... ਆ ਜਾਓ! ਆ ਜਾਓ! ਕਿਸਮਤ ਅਜ਼ਮਾ ਜਾਓ।’’
ਇਹ ਆਵਾਜ਼ ਰਾਮ ਲਾਲ ਲਾਟਰੀਆਂ ਵਾਲੇ ਦੀ ਸੀ। ਸੜਕ ਕਿਨਾਰੇ ਉਸ ਦਾ ਇੱਕ ਨਿੱਕਾ ਜਿਹਾ ਖੋਖਾ ਸੀ ਤੇ ਇਸੇ ਖੋਖੇ ਵਿੱਚ ਉਹ ਚਿਰਾਂ ਤੋਂ ਲਾਟਰੀ ਵੇਚਣ ਦਾ ਇਹ ਧੰਦਾ ਕਰਦਾ ਆ ਰਿਹਾ ਸੀ। ਇੱਥੋਂ ਲੰਘਦਿਆਂ ਸਿੰਮੂ ਅਤੇ ਜੋਤ ਨੇ ਅੱਗੇ ਵੀ ਕਈ ਵਾਰ ਰਾਮ ਲਾਲ ਦੀ ਇਹ ਆਵਾਜ਼ ਸੁਣੀ ਸੀ, ਪਰ ਅੱਜ ਇਹ ਆਵਾਜ਼ ਸਿੰਮੂ ਨੂੰ ਕੁਝ ਜ਼ਿਆਦਾ ਹੀ ਭਰਮਾ ਗਈ ਸੀ। ਸਾਈਕਲ ਨੂੰ ਸਟੈਂਡ ’ਤੇ ਲਗਾ ਉਹ ਜੋਤ ਨੂੰ ਆਖਣ ਲੱਗਾ;
‘‘ਜੋਤ! ਪੈਸੇ ਤਾਂ ਹੈਗੇ ਅੱਜ ਸਾਡੇ ਦੋਵਾਂ ਕੋਲ, ਕਾਪੀਆਂ-ਕਿਤਾਬਾਂ ਦੋ ਕੁ ਦਿਨ ਰੁਕ ਕੇ ਲੈ ਲਵਾਂਗੇ, ਅੱਜ ਲਾਟਰੀ ਨਾ ਪਾ ਲਈਏ, ਇੱਕ-ਇੱਕ?’’
‘‘ਨਾ ਭਰਾਵਾ! ਲਾਟਰੀ ’ਚ ਕੀ ਰੱਖਿਆ, ਚੱਲ ਕਾਪੀਆਂ-ਕਿਤਾਬਾਂ ਲਈਏ ਤੇ ਘਰ ਚੱਲੀਏ।’’
ਜੋਤ ਕੋਲੋਂ ਕੋਰੀ ਨਾਂਹ ਸੁਣ ਸਿੰਮੂ ਨੇ ਮੂੰਹ ਲਟਕਾ ਲਿਆ। ਤਰਲਾ ਜਿਹਾ ਲੈਂਦਿਆਂ ਉਹ ਫਿਰ ਤੋਂ ਜੋਤ ਨੂੰ ਮਨਾਉਣ ਲੱਗਾ;
‘‘ਇੱਕ ਵਾਰ ਤਾਂ ਆਪਣੀ ਕਿਸਮਤ ਅਜ਼ਮਾ ਕੇ ਵੇਖ ਲੈਣ ਦੇ, ਜੇ ਪਹਿਲੇ ਦੀ ਥਾਂ ਦੂਜਾ-ਤੀਜਾ ਇਨਾਮ ਵੀ ਨਿਕਲ ਆਇਆ ਤਾਂ ਵੀ ਪੈਸੇ ਹੀ ਪੈਸੇ ਹੋ ਜਾਣੇ ਨੇ।’’
ਜੋਤ ਹਰ ਕੰਮ ਸੋਚ ਵਿਚਾਰ ਕੇ ਕਰਨ ਵਾਲਾ ਮੁੰਡਾ ਸੀ। ਇਨ੍ਹਾਂ ਲਾਟਰੀਆਂ ਦੇ ਗੋਰਖ ਧੰਦੇ ਬਾਰੇ ਉਸ ਨੇ ਆਪਣੇ ਪਾਪਾ ਕੋਲੋਂ ਪਹਿਲਾਂ ਹੀ ਕਾਫ਼ੀ ਕੁਝ ਸੁਣਿਆ ਹੋਇਆ ਸੀ। ਲਾਟਰੀਆਂ ਵਾਲੇ ਰਾਮ ਲਾਲ ਦੀ ਕਹਾਣੀ ਜੋ ਉਸ ਨੇ ਆਪਣੇ ਪਾਪਾ ਤੋਂ ਸੁਣੀ ਸੀ, ਉਹੀ ਕਹਾਣੀ ਉਹ ਅੱਜ ਸਿੰਮੂ ਨੂੰ ਸੁਣਾ ਕੇ ਉਸ ਨੂੰ ਸਮਝਾਉਣ ਲੱਗਾ;
‘‘ਸਿੰਮੂ ਵੀਰੇ! ਕਿਸਮਤ ਲਾਟਰੀਆਂ ਨਾਲ ਨਹੀਂ ਮਿਹਨਤ ਨਾਲ ਚਮਕਦੀ ਆ, ਤੈਨੂੰ ਪਤਾ ਇਹ ਰਾਮ ਲਾਲ ਵੀ ਮੇਰੇ ਪਾਪਾ ਨਾਲ ਹੀ ਪੜ੍ਹਦਾ ਸੀ। ਪੜ੍ਹਨ ਨੂੰ ਵੀ ਚੰਗਾ ਸੀ, ਪਰ ਪਾਪਾ ਦੱਸਦੇ ਸੀ ਕਿ ਬਾਰ੍ਹਵੀਂ ਜਮਾਤ ਕਰਨ ਪਿੱਛੋਂ ਮੇਰੇ ਪਾਪਾ ਤੇ ਇਹ ਅੱਗੋਂ ਦਾਖਲੇ ਦੀ ਤਿਆਰੀ ਲਈ ਕਿਤਾਬ ਖ਼ਰੀਦਣ ਗਏ ਤਾਂ ਉੱਥੇ ਇਨ੍ਹਾਂ ਨੂੰ ਇੱਕ ਲਾਟਰੀਆਂ ਵੇਚਣ ਵਾਲਾ ਟੱਕਰ ਗਿਆ। ਮੇਰੇ ਪਾਪਾ ਨੇ ਤਾਂ ਕਿਤਾਬ ਖ਼ਰੀਦ ਲਈ, ਪਰ ਇਹ ਲਾਟਰੀ ਖ਼ਰੀਦ ਲਿਆਇਆ। ਇਸ ਦੀ ਥੋੜ੍ਹੇ ਜਿਹੇ ਪੈਸਿਆਂ ਵਾਲੀ ਉਹ ਲਾਟਰੀ ਕੀ ਨਿਕਲੀ ਇਹ ਮੁੜ ਲਾਟਰੀਆਂ ਜੋਗਾ ਹੀ ਰਹਿ ਗਿਆ।’’ ਸਿੰਮੂ ਇਹ ਸਭ ਬੜੇ ਧਿਆਨ ਨਾਲ ਸੁਣ ਰਿਹਾ ਸੀ। ਜੋਤ ਨੇ ਗੱਲ ਅੱਗੇ ਤੋਰੀ;
‘‘ਦੇਖ ਲੈ! ਹੁਣ ਤੇਰੇ ਸਾਹਮਣੇ ਈ ਹੈ ਜੇ ਉਸ ਦਿਨ ਇਹ ਵੀ ਲਾਟਰੀ ਦੀ ਥਾਂ ਕਿਤਾਬ ਖ਼ਰੀਦ ਲੈਂਦਾ ਤਾਂ ਅੱਜ ਧੁੱਪੇ ਨਾ ਸੜਦਾ, ਲੋਕਾਂ ਦੀ ਕਿਸਮਤ ਚਮਕਾਉਣ ਵਾਲਾ ਖ਼ੁਦ ਥੋੜ੍ਹੇ ਜਿਹੇ ਪੈਸਿਆਂ ਖਾਤਰ ਤਰਲੇ ਲੈਂਦਾ ਫਿਰਦੈ।’’
ਇਹ ਸਭ ਸੁਣ ਸਿੰਮੂ ਦਾ ਲਾਟਰੀ ਵਾਲਾ ਸਾਰਾ ਚਾਅ ਪਲਾਂ ਵਿੱਚ ਹੀ ਉੱਡ ਗਿਆ। ਰੌਂਅ ਬਦਲ ਕੇ ਉਹ ਹੱਸਦਿਆਂ ਜੋਤ ਨੂੰ ਕਹਿਣ ਲੱਗਾ;
‘‘ਚੱਲ ਓ ਭਰਾਵਾ! ਆਪਾਂ ਨਹੀਂ ਖ਼ਰੀਦਣੀ ਲਾਟਰੀ, ਇਹ ਤਾਂ ਜੂਆ ਆ, ਨਾਲੇ ਕਿਸਮਤ ਤਾਂ ਮਿਹਨਤ ਨਾਲ ਬਣਦੀ ਐ।’’ ਹੱਸਦਿਆਂ ਦੋਵੇਂ ਸਟੇਸ਼ਨਰੀ ਦੀ ਦੁਕਾਨ ਅੰਦਰ ਜਾ ਵੜੇ। ਰਾਮ ਲਾਲ ਉੱਥੇ ਖੜ੍ਹਾ ਹਾਲੇ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ,
‘‘ਆ ਜਾਓ! ਆ ਜਾਓ! ਕਿਸਮਤ ਅਜ਼ਮਾ ਜਾਓ।’’
ਸੰਪਰਕ: 98550-24495