ਮੇਲਿਆਂ ਵਾਲਾ ਗੁਆਚਿਆ ਲਾਹੌਰ
ਰਾਮਚੰਦਰ ਗੁਹਾ
ਕਈ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕ੍ਰਿਕਟ ਦੇ ਸਮਾਜੀ ਇਤਿਹਾਸ ਬਾਰੇ ਕੰਮ ਕਰਦਿਆਂ ਮੇਰੀ ਨਜ਼ਰ ਸੰਨ 1955 ਵਿੱਚ ਲਾਹੌਰ ’ਚ ਕਰਵਾਏ ਗਏ ਇੱਕ ਟੈਸਟ ਮੈਚ ਮੁਤੱਲਕ ਕੁਝ ਅਖ਼ਬਾਰੀ ਰਿਪੋਰਟਾਂ ’ਤੇ ਪਈ।
ਟੈਸਟ ਕ੍ਰਿਕਟ ਆਪਣੇ ਆਪ ਵਿੱਚ ਹੱਦ ਦਰਜੇ ਦੀ ਉਬਾਊ ਖੇਡ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਪੰਜ ਟੈਸਟ ਮੈਚਾਂ ਦੀ ਇਸ ਲੜੀ ਦੇ ਸਾਰੇ ਮੈਚ ਬੇਸਿੱਟਾ ਰਹੇ ਸਨ ਤੇ ਦੌੜਾਂ ਦੀ ਔਸਤ ਫ਼ੀ ਓਵਰ ਦੋ ਤੋਂ ਵੀ ਘੱਟ ਸੀ। ਖ਼ੈਰ, ਜੋ ਗੱਲ ਜ਼ਿਆਦਾ ਦਿਲਚਸਪ ਸੀ, ਉਹ ਸੀ ਇਸ ਦਾ ਸਮਾਜਿਕ ਪਸਮੰਜ਼ਰ। 1947 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਲਾਹੌਰ ਵਿੱਚ ਬਹੁ-ਸਭਿਆਚਾਰਕ ਅਤੀਤ ਨੂੰ ਮੁੜ ਸੰਜੋਣ ਦੀ ਖੁੱਲ੍ਹ ਮਿਲੀ ਸੀ। ਭਾਰਤੀ ਨਾਗਰਿਕਾਂ ਲਈ ਦਸ ਹਜ਼ਾਰ ਟਿਕਟਾਂ ਰੱਖੀਆਂ ਗਈਆਂ ਸਨ ਤੇ ਦਰਸ਼ਕ ਹਰ ਸਵੇਰ ਵਾਹਗਾ ਬਾਰਡਰ ਰਾਹੀਂ ਲਾਹੌਰ ਆਉਂਦੇ ਸਨ ਅਤੇ ਦਿਨ ਇੱਥੇ ਬਿਤਾਉਣ ਮਗਰੋਂ ਰਾਤ ਨੂੰ ਅੰਮ੍ਰਿਤਸਰ ਪਰਤ ਜਾਂਦੇ ਸਨ, ਜਿਵੇਂ ਕਿ ਇੱਕ ਚਸ਼ਮਦੀਦ ਦਾ ਕਹਿਣਾ ਸੀ ਕਿ ‘ਵੰਡ ਤੋਂ ਬਾਅਦ ਸਰਹੱਦ ਦੇ ਆਰ-ਪਾਰ ਇਹ ਲੋਕਾਂ ਦੀ ਸਭ ਤੋਂ ਵੱਡੀ ਇਕੱਤਰਤਾ’ ਸੀ।
ਟੈਸਟ ਮੈਚ ਦੀ ਸ਼ੁਰੂਆਤ 29 ਜਨਵਰੀ 1955 ਨੂੰ ਹੋਈ। ਅਗਲੇ ਦਿਨ ‘ਡਾਅਨ’ ਅਖ਼ਬਾਰ ਨੇ ਬਹੁਤ ਵਿਸਥਾਰ ਨਾਲ ਬਿਆਨ ਕੀਤਾ ਕਿ ਕਿਵੇਂ ‘ਔਰਤਾਂ, ਸਿੱਖ, ਹਿੰਦੂ ਅਤੇ ਮੁਕਾਮੀ ਅਵਾਮ ਆਰਾਮ ਨਾਲ ਦੋ ਦੋ ਫਰਲਾਂਗ ਲੰਮੀਆਂ ਕਤਾਰਾਂ ਅਤੇ ਕਦੇ ਕਦੇ ਤਾਂ ਇਸ ਤੋਂ ਵੀ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਸ਼ਹਿਰ ਵਿੱਚ ਚਾਰੇ ਪਾਸੇ ਛੁੱਟੀ ਦਾ ਮਾਹੌਲ ਸੀ। ਮੈਦਾਨ ਬਾਹਰਲੀ ਰੌਣਕ ਸ਼ਾਲੀਮਾਰ ਮੇਲੇ ਵਰਗੀ ਸੀ, ਪਰ ਫ਼ਰਕ ਸਿਰਫ਼ ਏਨਾ ਕਿ ਇਹ ਭੀੜ ਥੋੜ੍ਹੀ ਵੱਖਰੀ ਤਰ੍ਹਾਂ ਦੀ ਸੀ।’
ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਸੀ: ‘‘ਸਿੱਖਾਂ ਦੀ ਮੌਜੂਦਗੀ ਬਹੁਤ ਉੱਭਰਵੀਂ ਸੀ ਅਤੇ ਕੋਈ ਸਿੱਖ ਦਰਸ਼ਕ ਜਿੱਧਰ ਵੀ ਜਾਂਦਾ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਿੰਦੂ ਬਣ ਜਾਂਦਾ ਸੀ। ਬਿਨਾਂ ਕਿਸੇ ਜਾਣ ਪਛਾਣ ਤੋਂ ਵੀ ਹਰ ਕੋਈ ਉਨ੍ਹਾਂ ਨੂੰ ਦੁਆ ਸਲਾਮ ਕਰਨ ਦੇ ਨਾਲ ਨਾਲ ਉਨ੍ਹਾਂ ਦਾ ਇਸਤਕਬਾਲ ਕਰਦਾ ਸੀ। ਸ਼ਹਿਰ ਵਿੱਚ ਆਪਣੇ ਪੁਰਾਣੇ ਦੋਸਤਾਂ ਨੂੰ ਮਿਲ ਕੇ ਕਈਆਂ ਦੇ ਹੰਝੂ ਵਹਿ ਤੁਰੇ ਸਨ।’
‘ਡਾਅਨ’ ਦੀ ਰਿਪੋਰਟ ਦੇ ਲੇਖਕ ਦਾ ਨਾਂ ਨਹੀਂ ਦਿੱਤਾ ਗਿਆ ਸੀ ਪਰ ਜਾਪਦਾ ਸੀ ਕਿ ਇਹ ਲਾਹੌਰ ਰਹਿੰਦੇ ਕਿਸੇ ਪਾਕਿਸਤਾਨੀ ਮੁਸਲਿਮ ਪੱਤਰਕਾਰ ਵੱਲੋਂ ਹੀ ਲਿਖੀ ਗਈ ਸੀ। ਮਦਰਾਸ ਤੋਂ ਗਏ ਇੱਕ ਹਿੰਦੂ ਪੱਤਰਕਾਰ ਨੇ ਵੀ ਅਜਿਹੇ ਹੀ ਜਜ਼ਬਾਤ ਸਾਂਝੇ ਕੀਤੇ ਸਨ ਜਿਸਨੇ ਵੰਡ ਦਾ ਖ਼ੌਫ਼ਨਾਕ ਮੰਜ਼ਰ ਨਾ ਦੇਖਿਆ ਤੇ ਨਾ ਹੰਢਾਇਆ ਸੀ। ਉਸ ਨੇ ਟਿੱਪਣੀ ਕੀਤੀ ਕਿ ‘‘ਟੈਸਟ ਮੈਚ ਦੇ ਦਿਨਾਂ ਦੌਰਾਨ ਪਾਕਿਸਤਾਨੀਆਂ ਅਤੇ ਹਿੰਦੋਸਤਾਨੀਆਂ ਵਿਚਕਾਰ ਹਰ ਕਿਤੇ ਹੱਦ ਦਰਜੇ ਦਾ ਭਰੱਪਣ ਦੇਖਣ ਨੂੰ ਮਿਲਿਆ।’
ਮੈਂ ਜਦੋਂ ਮਨਨ ਅਹਿਮਦ ਆਸਿਫ਼ ਦੀ ਨਵੀਂ ਕਿਤਾਬ ‘ਡਿਸਰੱਪਟਿਡ ਸਿਟੀ: ਵਾਕਿੰਗ ਦਿ ਪਾਥਵੇਅਜ਼ ਆਫ ਮੈਮਰੀ ਐਂਡ ਹਿਸਟਰੀ ਇਨ ਲਾਹੌਰ’ ਨੂੰ ਪੜ੍ਹ ਰਿਹਾ ਸੀ ਤਾਂ ਮੈਨੂੰ ਉਨ੍ਹਾਂ ਪੁਰਾਣੀਆਂ ਅਖ਼ਬਾਰੀ ਰਿਪੋਰਟਾਂ ਦਾ ਚੇਤਾ ਆ ਗਿਆ। ਕਿਤਾਬ ਦੇ ਲੇਖਕ ਦਾ ਜਨਮ ਲਾਹੌਰ ਵਿੱਚ ਹੋਇਆ ਤੇ ਇੱਥੇ ਹੀ ਉਹ ਪਲਿਆ ਅਤੇ ਫਿਰ ਤੀਹ ਸਾਲ ਪਹਿਲਾਂ ਪੜ੍ਹਾਈ ਤੇ ਕੰਮ ਲਈ ਵਿਦੇਸ਼ ਚਲਿਆ ਗਿਆ। ਹਾਲਾਂਕਿ ਉਹ ਆਪਣੇ ਪੁਸ਼ਤੈਨੀ ਸ਼ਹਿਰ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤੇ ਨੇਸ਼ਨ-ਸਟੇਟ ਦੇ ਵਿਚਾਰ ਨਾਲ ਬੱਝੇ ਬਗ਼ੈਰ ਉਹ ਇਸ ਕਿਤਾਬ ਰਾਹੀਂ ਆਪਣੇ ਸ਼ਹਿਰ ਦਾ ਇਤਿਹਾਸ ਬਿਆਨ ਕਰਨਾ ਚਾਹੁੰਦਾ ਸੀ। ਇਸ ਇਤਿਹਾਸ ਨੂੰ ਬਿਆਨਣ ਲਈ ਉਸ ਨੇ ਆਪਣੀਆਂ ਨਿੱਜੀ ਯਾਦਾਂ ਨੂੰ ਫ਼ਾਰਸੀ, ਉਰਦੂ, ਪੰਜਾਬੀ ਅਤੇ ਅਰਬੀ ਦੇ ਮੂਲ ਪਾਠਾਂ ਦੇ ਵਿਦਵਤਾਪੂਰਣ ਅਧਿਐਨ ਵਿੱਚ ਗੁੰਨ੍ਹ ਕੇ ਪੇਸ਼ ਕੀਤਾ ਹੈ। ਆਪਣੇ ਮੁੱਢਲੇ ਬਿਰਤਾਂਤ ਵਿੱਚ ਆਸਿਫ਼ ਇਹ ਟਿੱਪਣੀ ਕਰਦਾ ਹੈ ਕਿ ‘1947 ਤੋਂ ਪਹਿਲਾਂ ਦੇ ਲਾਹੌਰ ਦੀ ਬਹੁਤੀ ਵਿਭਿੰਨਤਾ ਅਤੇ ਬਹੁਲਤਾ ਸ਼ਹਿਰ ਦੇ ਹਿੰਦੂ ਅਤੇ ਸਿੱਖ ਬਾਸ਼ਿੰਦਿਆਂ ਦੇ ਚਲੇ ਜਾਣ ਅਤੇ ਪੰਜਾਬ ਦੇ ਉਸ ਹਿੱਸੇ, ਜਿੱਥੇ ਹੁਣ ਭਾਰਤ ਦਾ ਸ਼ਾਸਨ ਹੈ, ਤੋਂ ਆਏ (ਮੁਸਲਿਮ) ਸ਼ਰਨਾਰਥੀਆਂ ਦੀ ਆਮਦ ਨਾਲ ਨਸ਼ਟ ਹੋ ਗਈ ਸੀ...। ਬਿਖਰਾਓ ਦੇ ਉਸ ਪਲ ਤੋਂ ਬਾਅਦ ਇਹ ਆਪਣੇ ਅਤੀਤ ਤੋਂ ਟੁੱਟ ਚੁੱਕਿਆ ਸ਼ਹਿਰ ਬਣ ਕੇ ਰਹਿ ਗਿਆ ਸੀ।’
ਆਸਿਫ਼ ਦੀ ਕਿਤਾਬ ਵਿੱਚ ਕ੍ਰਿਕਟ ਦੀ ਗੱਲ ਕਿਤੇ ਕਿਤੇ ਹੁੰਦੀ ਹੈ ਪਰ 1955 ਦੇ ਉਸ ਟੈਸਟ ਮੈਚ ਦਾ ਜ਼ਿਕਰ ਰਤਾ ਵੀ ਨਹੀਂ ਹੈ। ਫਿਰ ਵੀ ਉਸ ਦੀ ਕਿਤਾਬ ਵਿੱਚ ਸ਼ਾਲੀਮਾਰ ਚੌਕ ਵਿੱਚ ਲੱਗੇ ਚਾਰ ਰੋਜ਼ਾ ਮੇਲੇ ਦੇ ਹਵਾਲੇ ਦਿੱਤੇ ਗਏ ਹਨ ਜਿਸ ਵਿਚਲੀ ਭੀੜ ਆਮ ਨਾਲੋਂ ਵੱਖਰੀ ਸੀ। ਸ਼ਾਲੀਮਾਰ ਮੇਲੇ ਨੂੰ ਕਿਸੇ ਵੇਲੇ ‘ਮੇਲਾ ਚਿਰਾਗ਼ਾਂ’ ਪੁਕਾਰਿਆ ਜਾਂਦਾ ਸੀ ਜੋ ਲਾਹੌਰ ਦਾ ਇੱਕ ਵੱਡਾ ਜਸ਼ਨ ਹੋਇਆ ਕਰਦਾ ਸੀ। ਇਹ 16ਵੀਂ ਸਦੀ ਦੇ ਸੂਫ਼ੀ ਸੰਤ ਸ਼ਾਹ ਹੁਸੈਨ ਦੀ ਯਾਦ ਵਿੱਚ ਮਨਾਇਆ ਜਾਂਦਾ ਸੀ ਜਿਸ ਬਾਰੇ ਆਸਿਫ਼ ਲਿਖਦੇ ਹਨ ਕਿ ਸ਼ਾਹ ਹੁਸੈਨ ਨੇ ਰੂੜੀਵਾਦੀ ਵਿਚਾਰਧਾਰਾ ਵਾਲਿਆਂ ਦੇ ਬਖੀਏ ਉਧੇੜੇ ਸਨ, ਜੋ ਸ਼ਰਾਬ ਅਤੇ ਹੋਰ ਨਸ਼ੇ ਕਰ ਕੇ ਨੱਚਦੇ ਨੱਚਦੇ ਕਈ ਵਾਰ ਮਸਤੀ ਵਿੱਚ ਕੱਪੜੇ ਵੀ ਲਾਹ ਸੁੱਟਦੇ ਸਨ। ਇੱਕ ਹਿੰਦੂ ਨੌਜਵਾਨ ਸ਼ਾਹ ਹੁਸੈਨ ਦਾ ਕਰੀਬੀ ਸਾਥੀ ਤੇ ਸ਼ਾਇਦ ਉਸ ਦਾ ਮੱਦਾਹ ਸੀ। ਉਨ੍ਹਾਂ ਦੋਵਾਂ ਨੂੰ ਜਿੱਥੇ ਇਕੱਠੇ ਦਫ਼ਨਾਇਆ ਗਿਆ ਸੀ, ਉੱਥੇ ਹਰ ਸਾਲ ਹਿੰਦੂ, ਮੁਸਲਮਾਨ ਤੇ ਸਿੱਖ ਚਿਰਾਗ਼ਾਂ ਦਾ ਮੇਲਾ ਲਾਉਂਦੇ ਸਨ ਅਤੇ ਲਾਹੌਰ ਵਿੱਚ ਸੈਂਕੜੇ ਸਾਲਾਂ ਤੱਕ ਇਹ ਮੇਲਾ ਭਰਦਾ ਰਿਹਾ।’ ਵੰਡ ਤੋਂ ਬਾਅਦ ਇਸ ਮੇਲੇ ਦੀ ਰੂਹ ਤੇ ਬਹੁਲਵਾਦੀ ਨੁਹਾਰ ਗੁਆਚ ਗਈ ਸੀ ਜਿਸ ਨੂੰ ਯਾਦ ਕਰਦਿਆਂ 1955 ਦੇ ਲਾਹੌਰ ਟੈਸਟ ਮੌਕੇ ਜੁੜੇ ਦਰਸ਼ਕਾਂ ਨੇ ਉਦਰੇਵਾਂ ਜ਼ਾਹਿਰ ਕੀਤਾ ਸੀ।
ਮਨਨ ਆਸਿਫ਼ ਦੀ ਕਿਤਾਬ ਸਾਡੀਆਂ ਯਾਦਾਂ ਵਿੱਚ ਉਸ ਦੇ ਜ਼ੱਦੀ ਸ਼ਹਿਰ, ਇਸ ਦੇ ਬਹੁ-ਪਰਤੀ, ਬਹੁ-ਧਰਮੀ ਅਤੇ ਬਹੁ-ਭਾਸ਼ਾਈ ਅਤੀਤ ਦੇ ਅਮੀਰ ਵਿਰਸੇ ਨੂੰ ਤਾਜ਼ਾ ਕਰਦੀ ਹੈ। ਉਸ ਨੇ ਨਾਚੀ ਅਨਾਰਕਲੀ, ਫ਼ਕੀਰ ਦਾਤਾ ਗੰਜ ਬਖ਼ਸ਼, ਮਹਾਰਾਜਾ ਰਣਜੀਤ ਸਿੰਘ ਆਦਿ ਜਿਹੇ ਸ਼ਹਿਰ ਨਾਲ ਜੁੜੇ ਕਈ ਕਿਰਦਾਰਾਂ ਦੇ ਸੁਆਦਲੇ ਰੇਖਾ ਚਿੱਤਰ ਪੇਸ਼ ਕੀਤੇ ਹਨ। ਸਿਰਫ਼ ਇੱਕ ਲੇਖਕ ਰੁਡਯਾਰਡ ਕਿਪਲਿੰਗ ਜਿਸ ਨੂੰ ਲੇਖਕ ਮਰੀਅਲ ਸਾਮਰਾਜਵਾਦੀ ਗਿਣਦਾ ਹੈ, ਨੂੰ ਛੱਡ ਕੇ ਬਾਕੀ ਸਾਰੇ ਰੇਖਾ ਚਿੱਤਰ ਜਾਣਕਾਰੀ ਭਰਪੂਰ ਅਤੇ ਸੁਚੱਜੇ ਢੰਗ ਨਾਲ ਲਿਖੇ ਗਏ ਹਨ। ਇਹ ਠੀਕ ਹੈ ਕਿ ਉਮਰ ਦੇ ਅਖੀਰਲੇ ਸਾਲਾਂ ਵਿੱਚ ਕਿਪਲਿੰਗ ਅਜਿਹਾ ਹੋ ਗਿਆ ਸੀ ਪਰ ਦੂਜੇ ਪਾਸੇ, ਜਵਾਨੀ ਦੇ ਦਿਨਾਂ ਵਿੱਚ ਉਸ ਦੇ ਬਿਓਰਿਆਂ ਖ਼ਾਸਕਰ ਉਸ ਦੇ ਨਾਵਲ ‘ਕਿਮ’ ਵਿੱਚ ਲਾਹੌਰ ਅਤੇ ਉੱਥੋਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਤੇ ਸੰਘਰਸ਼ਾਂ ਨੂੰ ਮਾਰਮਿਕ ਢੰਗ ਨਾਲ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।
ਆਸਿਫ਼ ਦੀ ਕਿਤਾਬ ‘ਡਿਸਰੱਪਟਡ ਸਿਟੀ’ ਤੋਂ ਸਾਨੂੰ ਲਾਹੌਰੀ ਭਵਨ ਨਿਰਮਾਣ ਕਲਾ ਦੀ ਵਿਰਾਸਤ ਦੀ ਗਹਿਰੀ ਸਮਝ ਮਿਲਦੀ ਹੈ ਜਿਸ ’ਚ ਵੱਡੀਆਂ ਤੇ ਸਮਾਜਿਕ ਇਕੱਤਰਤਾ ਵਾਲੀਆਂ ਇਮਾਰਤਾਂ ਅਤੇ ਮਸ਼ਹੂਰ ਤੇ ਗੁੰਮਨਾਮ ਇਮਾਰਤਾਂ ਦੇ ਵੇਰਵੇ ਬਿਰਤਾਂਤ ’ਚ ਬੁਣੇ ਗਏ ਹਨ। ਹੁਣ ਹੋਂਦ ਗੁਆ ਚੁੱਕੇ ਜਾਂ ਵੀਰਾਨ ਮੰਦਰ ਤੇ ਗੁਰਦੁਆਰੇ ਦੱਸਦੇ ਹਨ ਕਿ ਭੁੱਲੇ-ਵਿਸਰੇ ਅਤੀਤ ’ਚ, ‘ਲਾਹੌਰ ਦੇ ਆਸਮਾਨ ਨੂੰ ਹਿੰਦੂਆਂ ਤੇ ਸਿੱਖਾਂ ਦੀਆਂ ਪਵਿੱਤਰ ਥਾਵਾਂ ਨੇ ਕਿਵੇਂ ਸਰੂਪ ਬਖ਼ਸ਼ਿਆ ਸੀ।’ ਇੱਕ ਹੋਰ ਅਧਿਆਏ ’ਚ ਆਸਿਫ਼ ਦੱਸਦਾ ਹੈ ਕਿ 1947 ਤੋਂ ਪਹਿਲਾਂ ਲਾਹੌਰ ਦੇ ਬਹੁਤੇ ਆਰਥਿਕ ਜੀਵਨ ਨੂੰ ਹਿੰਦੂਆਂ ਤੇ ਸਿੱਖਾਂ ਦੇ ਕਾਰੋਬਾਰਾਂ ਨੇ ਰੂਪ ਦਿੱਤਾ ਸੀ।
ਇੱਕ ਪੁਰਾਣੀ ਯਾਦ ਤਾਜ਼ੀ ਕਰਦਿਆਂ ਆਸਿਫ਼ ਲਿਖਦਾ ਹੈ ਕਿ 1970 ਤੇ 80ਵਿਆਂ ’ਚ ਲਾਹੌਰ ਦਾ ਇਸਲਾਮੀਕਰਨ ਵਧਣ ਦੇ ਦਿਨਾਂ ਦੌਰਾਨ ਜਦੋਂ ਉਹ ਸਕੂਲੋਂ ਘਰ ਨੂੰ ਪਰਤਦਾ ਤਾਂ ਅਕਸਰ ਇੱਕ ਪੁਰਾਣੇ ਮਕਾਨ ਕੋਲੋਂ ਲੰਘਦਾ ਜਿਸ ਦੇ ਵਾਧਰੇ ’ਤੇ ਦੇਵਨਾਗਰੀ ਦੇ ਕੁਝ ਫਿੱਕੇ ਪੈ ਚੁੱਕੇ ਸ਼ਬਦ ਲਿਖੇ ਹੋਏ ਸਨ। ਉਹ ਚੇਤੇ ਕਰਦਾ ਹੈ, ‘ਕਈ ਮਹੀਨਿਆਂ ਤੱਕ, ਮੈਂ ਇਬਾਰਤ ’ਤੇ ਸਰਸਰੀ ਜਿਹੀ ਨਿਗ੍ਹਾ ਮਾਰ ਗੇਟ ਮੂਹਰਿਓਂ ਲੰਘਦਾ ਰਿਹਾ। ਭਾਵੇਂ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਸੀ, ਪਰ ਮੈਂ ਜਾਣਦਾ ਸੀ ਕਿ ਗੇਟ ਅੱਗੇ ਫਿਰਦੇ ਰਹਿਣਾ ਚੰਗੀ ਗੱਲ ਨਹੀਂ ਸੀ। ਮੈਂ ਲਾਹੌਰ ’ਚ ਦੇਵਨਾਗਰੀ ਪੜ੍ਹ ਨਹੀਂ ਸਕਦਾ ਸੀ (ਨਾ ਸਿੱਖਿਆ ਕਿ ਕਿਵੇਂ ਪੜ੍ਹਨੀ ਹੈ)। ਮੈਂ ਜਾਣਦਾ ਸੀ ਕਿ ਦੇਵਨਾਗਰੀ ਲਿਪੀ ‘ਹਿੰਦੂ’ ਸੀ, ਤੇ ਇੱਕ ‘ਹਿੰਦੂ’ ਉਹ ਵਿਅਕਤੀ ਸੀ ਜੋ ਮੇਰੀ ਪਿੱਠ ’ਚ ਛੁਰਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ (ਮੇਰੀ ਸਮਾਜ ਵਿਗਿਆਨ ਦੀ ਪਾਠ ਪੁਸਤਕ ਮੁਤਾਬਿਕ)।
ਇਨ੍ਹਾਂ ਸਤਰਾਂ ਨੂੰ ਪੜ੍ਹਦਿਆਂ ਮੈਂ ਹਿੰਦੂਤਵ ਰਾਜ ’ਚ ਹਿੰਦੂ ਬੱਚਿਆਂ ਬਾਰੇ ਸੋਚਣ ਤੇ ਫ਼ਿਕਰ ਕਰਨ ਲੱਗ ਪਿਆ ਜਿਨ੍ਹਾਂ ਨੂੰ ਧੱਕੇ ਨਾਲ ਉਨ੍ਹਾਂ ਦੇ ਅਤੀਤ ਤੇ ਵਰਤਮਾਨ ਦੀ ਇੱਕ ਵਿਗੜੀ, ਮਿਲਾਵਟੀ ਸਮਝ ਦਿੱਤੀ ਜਾ ਰਹੀ ਹੈ। (ਅਸਲ ’ਚ ਕੁਝ ਦਹਾਕਿਆਂ ਤੋਂ ਉਰਦੂ ਨੂੰ ਨਿਰੋਲ ‘ਮੁਸਲਿਮ’ ਭਾਸ਼ਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਹਿੰਦੂ ਤੇ ਸਿੱਖ (ਤੇ ਨਾਸਤਿਕ) ਲੇਖਕਾਂ ਵੱਲੋਂ ਇਸ ਦੇ ਸਾਹਿਤਕ ਸੰਗ੍ਰਹਿ ’ਚ ਪਾਏ ਮਹਾਨ ਯੋਗਦਾਨ ਦੇ ਬਾਵਜੂਦ। ਭਾਜਪਾ ਵੱਲੋਂ ਚਲਾਈਆਂ ਜਾ ਰਹੀਆਂ ਸਰਕਾਰਾਂ ਵੱਲੋਂ ਲੁਆਈਆਂ ਇਤਿਹਾਸ ਤੇ ਸਮਾਜ ਵਿਗਿਆਨ ਦੀਆਂ ਪੁਸਤਕਾਂ ’ਚ ਭਾਰਤ ਨੂੰ ਲਾਜ਼ਮੀ ‘ਹਿੰਦੂ’ ਮੁਲਕ ਵਜੋਂ ਪੇਸ਼ ਕਰਨ ਦੇ ਏਜੰਡੇ ਨੂੰ ਹੋਰ ਤੇਜ਼ ਕੀਤਾ ਗਿਆ। ਇਸ ਬਹੁਗਿਣਤੀਵਾਦ ਦੇ ਵਿਸ਼ਵ ਦ੍ਰਿਸ਼ਟੀਕੋਣ ਨੂੰ ਹਿੰਦੂਤਵ ਸੋਸ਼ਲ ਮੀਡੀਆ ਅਦਾਰਿਆਂ ਨੇ ਇਸ ਤਰ੍ਹਾਂ ਪ੍ਰਚਾਰਿਆ ਹੈ ਜਿਵੇਂ ਹਰ ਉਮਰ ਵਰਗ ਦੇ ਹਿੰਦੂ ਨੂੰ ਹਰੇਕ ਤਰ੍ਹਾਂ ਦੇ ਮੁਸਲਮਾਨ ’ਤੇ ਸ਼ੱਕ ਕਰਨ ਲਈ ਕਿਹਾ ਜਾ ਰਿਹਾ ਹੋਵੇ।
ਆਪਣੀ ਕਿਤਾਬ ’ਚ ਇੱਕ ਹੋਰ ਜਗ੍ਹਾ ਆਸਿਫ਼ ਦੱਸਦਾ ਹੈ ਕਿ ਕਿਵੇਂ ਕਿਸੇ ਵੇਲੇ ਮਸ਼ਹੂਰ ਰਿਹਾ ਚਿਰਾਗ਼ਾਂ ਦਾ ਮੇਲਾ ਤੇ ਬਸੰਤ ਆਦਿ ਲਾਹੌਰੀਆਂ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੋ ਚੁੱਕੇ ਹਨ ਕਿਉਂਕਿ ਇਹ ਫ਼ੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਵੱਲੋਂ ਪ੍ਰਚਾਰੇ ਗਏ ਵਹਾਬੀ ਇਸਲਾਮ ਦੀਆਂ ਰੀਤਾਂ ਨਾਲ ਮੇਲ ਨਹੀਂ ਖਾਂਦੇ ਸਨ। ਅੱਸੀਵਿਆਂ (1980) ਤੇ ਉਸ ਤੋਂ ਬਾਅਦ ਦੇ ਪਾਕਿਸਤਾਨ ਵਿੱਚ, ‘ਆਨੰਦ, ਸੁਭਾਵਿਕਤਾ ਤੇ ਸਮੂਹਿਕ ਭਾਵਨਾਵਾਂ ਸ਼ੱਕੀ ਜਿਹੀਆਂ ਗਤੀਵਿਧੀਆਂ ਬਣ ਗਈਆਂ। ਜਾਪਦਾ ਹੈ ਕਿ ਹਿੰਦੂਵਾਦੀ ਭਾਰਤ ਵੀ ਹੁਣ ਪਾਕਿਸਤਾਨ ਦੀ ਤਰਜ਼ ’ਤੇ ਚੱਲ ਰਿਹਾ ਹੈ, ਸਾਂਝੀ ਖ਼ੁਸ਼ੀ ਤੇ ਸੁਭਾਵਿਕਤਾ ਨੂੰ ਫ਼ਿਰਕੂ ਕੱਟੜਤਾ ਤੇ ਖੁਣਸੀ ਉਗਰਤਾ ਵਿੱਚ ਬਦਲਿਆ ਜਾ ਰਿਹਾ ਹੈ। ਪਾਕਿਸਤਾਨ ਦੇ ਇਸਲਾਮਿਕ ਗਣਰਾਜ ਨੇ ਲਾਹੌਰ ਦੇ ਅਤੀਤ ਤੋਂ ਹਿੰਦੂ ਤੇ ਸਿੱਖ ਨਿਸ਼ਾਨੀਆਂ ਮਿਟਾਉਣ ਲਈ ਕਾਫ਼ੀ ਸਰਗਰਮੀ ਦਿਖਾਈ ਹੈ।
ਜਦੋਂਕਿ ਹਿੰਦੂਤਵਵਾਦੀ ਜੋ ਪਾਕਿਸਤਾਨ ਪ੍ਰਤੀ ਨਫ਼ਰਤ ਜ਼ਾਹਿਰ ਕਰਦੇ ਹਨ, ਇਤਿਹਾਸਕ ਨਿਸ਼ਾਨੀਆਂ ਮਿਟਾਉਣ ਦੇ ਆਪਣੇ ਯਤਨਾਂ ’ਚ ਦੁਸ਼ਮਣਾਂ ਦੀ
ਹੀ ਨਕਲ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਉੱਤਰੀ ਭਾਰਤ ਦੇ ਸ਼ਹਿਰਾਂ ਤੇ ਕਸਬਿਆਂ ਨੂੰ ਸੱਭਿਆਚਾਰਕ ਅਤੇ ਭਵਨ ਨਿਰਮਾਣ ਕਲਾ ਦੇ ਪੱਖ ਤੋਂ ਇਸ ਤਰ੍ਹਾਂ ਨਵੇਂ ਸਿਰਿਓਂ ਸੁਆਰਿਆ ਜਾਵੇ ਕਿ ਇਸਲਾਮਿਕ ਪ੍ਰਭਾਵ ਦਾ ਹਰ ਕਣ ਪੂਰੀ ਤਰ੍ਹਾਂ ਮਿਟ ਜਾਵੇ। ਉਹ ਚਾਹੁੰਦੇ ਹਨ ਕਿ ਅਸੀਂ ਇਹ ਭੁੱਲ ਜਾਈਏ ਕਿ ਉੱਤਰੀ ਭਾਰਤ ਦਾ ਅਤੀਤ ਮਹਿਜ਼ ਜਾਂ ਜ਼ਿਆਦਾਤਰ ਗ਼ੈਰ-ਮੁਸਲਿਮਾਂ ਦੀ ਰਾਜਨੀਤਕ ਅਧੀਨਗੀ ਨਾਲ ਸਬੰਧਤ ਨਹੀਂ ਹੈ, ਸਗੋਂ ਉਨ੍ਹਾਂ ਲੇਖਕਾਂ, ਕਲਾਕਾਰਾਂ, ਸੰਗੀਤਕਾਰਾਂ ਤੇ ਦਸਤਕਾਰਾਂ ਦੇ ਸਮਾਜ ਨੂੰ ਦਿੱਤੇ ਬੇਮਿਸਾਲ ਤੇ ਸਥਾਈ ਯੋਗਦਾਨ ਨਾਲ ਵੀ ਜੁੜਿਆ ਹੈ, ਜੋ ਧਰਮ ਤੋਂ ਮੁਸਲਮਾਨ ਸਨ, ਜਦੋਂਕਿ ਇਹ ਸਾਡੀ ਸਾਂਝੀ, ਬਹੁਲਵਾਦੀ, ਸੰਯੁਕਤ ਭਾਰਤੀ ਵਿਰਾਸਤ ਦਾ ਅਟੁੱਟ ਹਿੱਸਾ ਹੈ।
ਉਮੀਦ ਹੈ ਕਿ ਮਨਨ ਅਹਿਮਦ ਆਸਿਫ਼ ਦੀ ਕਿਤਾਬ ਨੂੰ ਪਾਕਿਸਤਾਨ ’ਚ ਵਿਆਪਕ ਪੱਧਰ ’ਤੇ ਪੜ੍ਹਿਆ ਜਾਵੇਗਾ ਤੇ ਇਹ ਉਰਦੂ ਤੇ ਪੰਜਾਬੀ ’ਚ ਵੀ ਪ੍ਰਕਾਸ਼ਿਤ ਹੋਵੇਗੀ। ਇਹ ਇੱਕ ਮਹਾਨ ਪਰ ਉਥਲ-ਪੁਥਲ ਦੇ ਸ਼ਿਕਾਰ ਸ਼ਹਿਰ ਦਾ ਸੂਖ਼ਮ ਇਤਿਹਾਸ ਹੈ। ਇਸ ’ਚ ਸ਼ਾਇਦ ਸਾਡੇ ਨਾਲ ਦੇ ਕੁਝ ਉਨ੍ਹਾਂ ਵਿਅਕਤੀਆਂ ਲਈ ਵੀ ਸਬਕ ਹੋਣਗੇ ਜਿਹੜੇ ਸਰਹੱਦ ਦੇ ਇਸ ਪਾਰ ਰਹਿ ਰਹੇ ਹਨ।
ਈ-ਮੇਲ: ramachandraguha@yahoo.in