7 ਗੇੜਾਂ ’ਚ ਹੋਣਗੀਆਂ ਲੋਕ ਸਭਾ ਚੋਣਾਂ, 19 ਅਪਰੈਲ ਨੂੰ ਪੈਣਗੀਆਂ ਪਹਿਲੇ ਗੇੜ ਲਈ ਵੋਟਾਂ, ਪੰਜਾਬ ’ਚ ਪਹਿਲੀ ਜੂਨ ਨੂੰ ਵੋਟਿੰਗ ਤੇ 4 ਜੂਨ ਨੂੰ ਆਉਣਗੇ ਨਤੀਜੇ
ਨਵੀਂ ਦਿੱਲੀ, 16 ਮਾਰਚ
ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਦੇਸ਼ ਦੀਆਂ 543 ਲੋਕ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ 7 ਗੇੜਾਂ ’ਚ ਹੋਣੀਆਂ ਤੇ 19 ਅਪਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 26 ਅਪਰੈਲ ਨੂੰ ਦੂਜੇ ਗੇੜ ਲਈ ਵੋਟਾਂ ਪੈਣਗੀਆਂ। 7, 13 ਤੇ 20 ਤੇ 25 ਮਈ ਤੇ ਪਹਿਲੀ ਜੂਨ ਨੂੰ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਵੋਟਾਂ ਪੈਣਗੀਆਂ। ਪੰਜਾਬ ’ਚ ਲੋਕ ਸਭਾ ਚੋਣਾਂ ਦੇ ਆਖਰੀ ਗੇੜ ’ਚ ਵੋਟਾਂ ਪੈਣਗੀਆਂ। ਇਸ ਦੇ ਨਾਲ 4 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਵੀ ਐਲਾਨ ਕੀਤਾ। ਸਿੱਕਮ, ਉੜੀਸਾ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕੀਤਾ। ਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ’ਚ 47.1 ਕਰੋੜ ਮਹਿਲਾ ਵੋਟਰ ਹਨ। 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਹਨ। 55 ਲੱਖ ਈਵੀਐੱਮ ਦੀ ਹੋਵੇਗੀ ਵਰਤੋਂ। ਮੁੱਖ ਚੋਣ ਕਮਿਸ਼ਨਰ ਨੇ ਇਸ ਦੌਰਾਨ ਕਈ ਸ਼ੇਅਰ ਵੀ ਸੁਣਾਏ।
ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ’ਚ 89 ਸੀਟਾਂ, ਤੀਜੇ ਗੇੜ ’ਚ 94 ਸੀਟਾਂ, ਚੌਥੇ ਗੇੜ ’ਚ 96 ਸੀਟਾਂ, ਪੰਜਵੇਂ ਗੇੜ ’ਚ 49 ਸੀਟਾਂ, ਛੇਵੇਂ ਗੇੜ ’ਚ 57 ਸੀਟਾਂ ਤੇ ਸੱਤਵੇਂ ਗੇੜ ’ਚ 57 ਸੀਟਾਂ ’ਤੇ ਵੋਟਾਂ ਪੈਣਗੀਆਂ।
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪਰੈਲ ਨੂੰ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ’ਚ 13 ਮਈ ਨੂੰ ਵੋਟਾਂ ਪੈਣਗੀਆਂ।ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ਚਾਰ ਪੜਾਵਾਂ ਵਿੱਚ 13, 20 , 25 ਮਈ ਅਤੇ 1 ਜੂਨ ਨੂੰ ਹੋਣਗੀਆਂ। 26 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।