ਕਰੋਨਾ ਖ਼ਿਲਾਫ਼ ਪਹਿਲੀ ਕਤਾਰ ਦੇ ਯੋਧਿਆਂ ਦੀ ਜਾਨ ਖ਼ਤਰੇ ’ਚ
ਹਰਜੀਤ ਸਿੰਘ
ਡੇਰਾਬੱਸੀ, 22 ਅਗਸਤ
ਸੂਬੇ ਵਿੱਚ ਬੇਕਾਬੂ ਹੁੰਦੇ ਜਾ ਰਹੇ ਕਰੋਨਾ ’ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਭਾਵੇਂ ਜਿੰਨੀ ਮਰਜ਼ੀ ਸਖ਼ਤੀ ਕਰ ਲਏ ਪਰ ਅਸਲੀਅਤ ਤਾਂ ਇਹ ਹੈ ਕਿ ਮਹਾਮਾਰੀ ਖ਼ਿਲਾਫ਼ ਲੜਾਈ ਲੜ ਰਹੇ ਸਫਾਈ ਸੇਵਕਾਂ ਨੂੰ ਲੋੜੀਂਦਾ ਸਾਮਾਨ ਹੀ ਨਹੀਂ ਮਿਲ ਰਿਹਾ। ਕਰੋਨਾ ਮਹਾਮਾਰੀ ਦੇ ਦੌਰ ’ਚ ਸਫਾਈ ਸੇਵਕ ਪਹਿਲੀ ਕਤਾਰ ਦੇ ਯੋਧੇ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਮੁੱਖ ਮੰਤਰੀ ਦੀ ਅਗਵਾਈ ਹੇਠ ਮਹਾਮਾਰੀ ਦੀ ਰੋਕਥਾਮ ਲਈ ਚਲਾਏ ਮਿਸ਼ਨ ਫ਼ਤਿਹ ਦੀ ਕਾਮਯਾਬੀ ਵਿਚ ਇਨ੍ਹਾਂ ਯੋਧਿਆਂ ਦਾ ਵੱਡਾ ਰੋਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਇਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ਸਫ਼ਾਈ ਸੇਵਕਾਂ ਦਾ ਇਸ ਮਹਾਮਾਰੀ ਸਮੇਂ ਪਾਇਆ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਜਾਵੇਗਾ। ਦੂਜੇ ਪਾਸੇ ਡੇਰਾਬੱਸੀ ਖੇਤਰ ਵਿੱਚ ਕੰਮ ਕਰਨ ਵਾਲੇ ਸਫ਼ਾਈ ਕਰਮੀਆਂ ਨੂੰ ਕਰੋਨਾ ਦੇ ਦੌਰ ਵਿੱਚ ਕੰਮ ਦੌਰਾਨ ਵਰਤਿਆ ਜਾਣ ਵਾਲਾ ਲੋੜੀਂਦਾ ਸਾਮਾਨ ਜਿਵੇਂ ਮਾਸਕ, ਸੈਨੀਟਾਈਜ਼ਰ, ਦਸਤਾਨੇ ਤੇ ਜੁੱਤੇ ਵੀ ਨਹੀਂ ਮਿਲ ਰਹੇ। ਸਿੱਟੇ ਵੱਜੋਂ ਸਫਾਈ ਸੇਵਕ ਭਾਰੀ ਖ਼ਤਰੇ ਅਤੇ ਸਹਿਮ ਦੇ ਮਾਹੌਲ ’ਚ ਕੰਮ ਕਰਨ ਲਈ ਮਜਬੂਰ ਹਨ। ਇਸ ਨੂੰ ਲੈ ਕੇ ਸਫਾਈ ਸੇਵਕਾਂ ਵਿਚ ਭਾਰੀ ਰੋਸ ਹੈ। ਸਥਾਨਕ ਸਫਾਈ ਸੇਵਕਾਂ ਨੇ ਪ੍ਰਸ਼ਾਸਨ ਅਤੇ ਠੇਕੇਦਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਤੁਰਤ ਮੁਹੱਈਆ ਕਰਾਇਆ ਜਾਵੇ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਕੁਮਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਸਫਾਈ ਸੇਵਕਾਂ ਨੂੰ ਪਹਿਲੀ ਕਤਾਰ ਦੇ ਯੋਧਿਆਂ ਦਾ ਦਰਜਾ ਦੇ ਕੇ ਸ਼ਲਾਘਾ ਕਰ ਰਹੀ ਹੈ। ਦੂਜੇ ਪਾਸੇ ਡੇਰਾਬੱਸੀ ਪ੍ਰਸ਼ਾਸਨ ਉਨ੍ਹਾਂ ਦੀ ਜਾਨ ਨਾਲ ਖਿਲਵਾੜ ਕਰ ਰਿਹਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਿ ਸਾਰੇ ਸ਼ਹਿਰ ਦਾ ਕੂੜਾ ਚੁੱਕਣ ਵਾਲੇ ਕਰਮੀ ਬਿਨਾਂ ਮਾਸ਼ਕ, ਸੈਂਨੀਟਾਈਜ਼ਰ, ਦਸਤਾਨਿਆਂ ਤੋਂ ਕੰਮ ਕਰ ਰਹੇ ਹੈ। ਡੇਰਾਬੱਸੀ ਵਿੱਚ ਭਾਰੀ ਗਿਣਤੀ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਹੋਇਆ ਹੈ। ਉਨ੍ਹਾਂ ਨੂੰ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰਾਂ ਦਾ ਕੂੜਾ ਵੀ ਚੁੱਕਣਾ ਪੈ ਰਿਹਾ ਹੈ।
ਇਸ ਬਾਰੇ ਗੱਲ ਕਰਨ ’ਤੇ ਸਫਾਈ ਇੰਸਪੈਕਟਰ ਦਲਜੀਤ ਸਿੰਘ ਨੇ ਦਾਅਵਾ ਕਰਦਿਆਂ ਕਿਹਾ ਕਿ ਸਫ਼ਾਈ ਕਰਮੀਆਂ ਨੂੰ ਸਮੇਂ ਸਮੇਂ ’ਤੇ ਸਾਰਾ ਸਾਮਾਨ ਦਿੱਤਾ ਜਾਂਦਾ ਹੈ। ਜੇਕਰ ਫਿਰ ਵੀ ਕਿਸੇ ਮੁਲਾਜ਼ਮ ਨੂੰ ਸਾਮਾਨ ਦੀ ਲੋੜ ਹੈ ਤਾਂ ਸੋਮਵਾਰ ਨੂੰ ਸਾਮਾਨ ਦੇ ਦਿੱਤਾ ਜਾਵੇਗਾ।