ਸਾਹਿਤਕ ਮੰਚ ਨੇ ਯੁੱਗ ਕਵੀ ਪਾਸ਼ ਨੂੰ ਯਾਦ ਕੀਤਾ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 14 ਸਤੰਬਰ
ਸਾਹਿਤਕ ਮੰਚ ਭਗਤਾ ਭਾਈ ਵੱਲੋਂ ਯੁੱਗ ਕਵੀ ‘ਪਾਸ਼’ ਦੀ ਯਾਦ ’ਚ ਸਮਾਗਮ ਕੀਤਾ ਗਿਆ। ਮੰਚ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਅਤੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਦੇ ਪਿਛਲੇ ਸਮੇਂ ਵਿੱਚ ਵਿਛੜ ਚੁੱਕੇ ਲੇਖਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਉਨ੍ਹਾਂ ਕਿਹਾ ਕਿ ਲੇਖਕ ਦੇਸ ਰਾਜ ਕਾਲੀ, ਕਾ. ਬਾਰੂ ਸਤਵਰਗ, ਗ਼ਜ਼ਲਗੋ ਹਰਜਿੰਦਰ ਸਿੰਘ ਬੱਲ ਅਤੇ ਬਾਪੂ ਹਰਭਜਨ ਸਿੰਘ ਹੁੰਦਲ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਪਿਆ ਹੈ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਕਿਹਾ ਕਿ ਯੁੱਗ ਕਵੀ ਪਾਸ਼ ਨੇ ਆਪਣੀ ਕਵਿਤਾ ਵਿੱਚ ਅਧਿਆਤਮਵਾਦੀ ਸੋਚ ਤੋਂ ਅਗਾਂਹ ਹੋ ਕੇ ਕਿਰਤੀ ਲੋਕਾਂ ਦੀ ਗੱਲ ਕੀਤੀ। ਇਸ ਮੌਕੇ ਸੁਖਮੰਦਰ ਬਰਾੜ ਗੁੰਮਟੀ, ਸੀਰਾ ਸਿੰਘ ਗਰੇਵਾਲ ਰੌਂਤਾ, ਹਰਜੀਤ ਸਿੰਘ ਗੰਗਾ ਅਤੇ ਬਲਦੇਵ ਸਿੰਘ ਫ਼ੌਜੀ ਨੇ ਨਵੇਂ ਰਚੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਚਰਚਾ ਕੀਤੀ। ਇਸ ਮੌਕੇ ਨੌਜਵਾਨ ਸ਼ਾਇਰ ਜਸਵੀਰ ਸਿੰਘ ਕਲਿਆਣ, ਗੁਰਵਿੰਦਰ ਮਾਨ ਕੋਠਾਗੁਰੂ, ਸਿਕੰਦਰ ਸਿੰਘ ਕੇਸਰਵਾਲਾ, ਸ਼ਾਇਰਾ ਰਾਜਿੰਦਰ ਕੌਰ ਬੁਰਜ ਥਰੋੜ ਤੇ ਸਿਕੰਦਰ ਦੀਪ ਸਿੰਘ ਰੂਬਲ ਹਾਜ਼ਰ ਸਨ।