ਗਿਆਨ ਦਾ ਚਾਨਣ
ਦੀਵਾਲੀ ਆ ਰਹੀ ਸੀ। ਸਵਿਤੋਜ ਬੜਾ ਖ਼ੁਸ਼ ਸੀ। ਪਿਛਲੇ ਸਾਲ ਸਵਿਤੋਜ ਨੇ ਆਪਣੇ ਗੱਲੇ ਵਿੱਚ ਦੋ ਹਜ਼ਾਰ ਰੁਪਏ ਜੋੜ ਲਏ ਸਨ। ਉਹ ਜੋੜੇ ਹੋਏ ਪੈਸਿਆਂ ਨੂੰ ਦੀਵਾਲੀ ’ਤੇ ਹੀ ਖ਼ਰਚਦਾ ਸੀ। ਇਸ ਵਾਰੀ ਉਸ ਦੇ ਗੱਲੇ ਵਿੱਚ ਚਾਰ ਹਜ਼ਾਰ ਤੋਂ ਵੱਧ ਰੁਪਏ ਜੁੜੇ ਹੋਏ ਸਨ। ਉਹ ਬਾਜ਼ਾਰੋਂ ਬੰਬ ਪਟਾਕਿਆਂ ਦੇ ਵੱਡੇ ਵੱਡੇ ਲਿਫ਼ਾਫ਼ੇ ਭਰ ਕੇ ਲਿਆਉਂਦਾ ਤੇ ਦੀਵਾਲੀ ’ਤੇ ਖ਼ੂਬ ਚਲਾਉਂਦਾ। ਆਂਢ-ਗੁਆਂਢ ਵਿੱਚ ਦੇਰ ਰਾਤ ਨੂੰ ਪਟਾਕਿਆਂ ਦੀ ਆਵਾਜ਼ ਬੰਦ ਹੋ ਜਾਂਦੀ, ਪਰ ਉਹ ਬਾਰਾਂ-ਇੱਕ ਵਜੇ ਤੱਕ ਪਟਾਕੇ ਚਲਾਉਂਦਾ ਰਹਿੰਦਾ।
ਪਿਛਲੇ ਸਾਲ ਵਾਂਗ ਸਵਿਤੋਜ ਰਾਤ ਨੂੰ ਮੋਬਾਈਲ ਵਿੱਚ ਬੰਬ-ਪਟਾਕਿਆਂ ਦੀ ਸੂਚੀ ਤਿਆਰ ਕਰਨ ਲੱਗ ਪਿਆ। ਇਹ ਸੂਚੀ ਪਹਿਲਾਂ ਨਾਲੋਂ ਲੰਮੀ ਹੋ ਰਹੀ ਸੀ। ਸੁੱਤੇ ਪਿਆਂ ਸਵਿਤੋਜ ਨੂੰ ਸੁਪਨਾ ਆਇਆ। ਇੱਕ ਅਜੀਬ ਜਿਹਾ ਤੇ ਵਿੰਗਾ-ਟੇਢਾ ਪਰਛਾਵਾਂ ਉਸ ਕੋਲ ਆ ਕੇ ਕਹਿਣ ਲੱਗਾ, ‘‘ਸ਼ਾਬਾਸ਼ ਬੇਟੇ ਸ਼ਾਬਾਸ਼! ਤੇਰੇ ਵਰਗੇ ਹੋਣਹਾਰ ਬੱਚੇ ਮੈਨੂੰ ਬੜੇ ਚੰਗੇ ਲੱਗਦੇ ਨੇ ਜੋ ਮੇਰੀ ਖੁਰਾਕ ਪੂਰੀ ਕਰਦੇ ਨੇ।’’
ਸਵਿਤੋਜ ਨੇ ਪੁੱਛਿਆ, ‘‘ਖੁਰਾਕ? ਕਿਹੜੀ ਖੁਰਾਕ? ਨਾਲੇ ਤੂੰ ਕੌਣ ਏਂ?’’
ਪਰਛਾਵਾਂ ਸਵਿਤੋਜ ਦੇ ਹੋਰ ਨੇੜੇ ਆ ਕੇ ਬੋਲਿਆ, ‘‘ਮੈਨੂੰ ਪਛਾਣਿਆ ਨਹੀਂ? ਮੈਂ ਤਾਂ ਅੱਜਕੱਲ੍ਹ ਹਰ ਪਾਸੇ ਮੌਜੂਦ ਹਾਂ। ਦੁਨੀਆ ਮੇਰਾ ਪਾਣੀ ਭਰਦੀ ਏ।’’
ਸਵਿਤੋਜ ਪਰਛਾਵੇਂ ਨੂੰ ਕਹਿਣ ਲੱਗਾ, ‘‘ਤੇਰੇ ਕੋਲ ਖੜ੍ਹ ਕੇ ਤਾਂ ਮੇਰਾ ਸਾਹ ਘੁੱਟਣ ਲੱਗ ਪਿਆ ਏ। ਅੱਖਾਂ ਵਿੱਚ ਜਲਣ ਹੋਣ ਲੱਗ ਪਈ ਏ। ਆਖ਼ਿਰ ਤੂੰ ਹੈਂ ਕੌਣ? ਕੁਝ ਪਤਾ ਤਾਂ ਲੱਗੇ।’’
ਪਰਛਾਵਾਂ ਭਿਆਨਕ ਜਿਹਾ ਹਾਸਾ ਹੱਸਿਆ। ਕਹਿਣ ਲੱਗਾ, ‘‘ਮੈਂ ਕੌਣ ਹਾਂ? ਕਮਾਲ ਏ। ਤੂੰ ਖ਼ੁਦ ਈ ਤਾਂ ਮੈਨੂੰ ਮਹਿਮਾਨ ਬਣਾ ਕੇ ਬੁਲਾ ਰਿਹਾ ਏਂ। ਤੂੰ ਜਦੋਂ ਵੱਡੀ ਗਿਣਤੀ ਵਿੱਚ ਬੰਬ ਪਟਾਕਿਆਂ ਵਾਲੀ ਸੂਚੀ ਤਿਆਰ ਕਰ ਰਿਹਾ ਸੀ, ਮੈਂ ਤੇਰੇ ਪਿੱਛੇ ਹੀ ਤਾਂ ਖੜ੍ਹਾ ਸੀ। ਜਿਉਂ-ਜਿਉਂ ਤੂੰ ਸੂਚੀ ਵਿੱਚ ਵਾਧਾ ਕਰ ਰਿਹਾ ਸੀ, ਮੈਂ ਖ਼ੁਸ਼ ਹੋ ਰਿਹਾ ਸੀ। ਪਿਆਰੇ ਲੜਕੇ, ਤੂੰ ਮੇਰੀ ‘ਗੁੱਡ ਲਿਸਟ’ ਵਿੱਚ ਏਂ...।’’
ਸਵਿਤੋਜ ਉਸ ਨੂੰ ਝਈਆਂ ਲੈ ਕੇ ਪਿਆ, ‘‘ਤੂੰ ਕੀ ਅਵਾ ਤਵਾ ਬੋਲੀ ਜਾ ਰਿਹਾ ਏਂ? ਇਹ ਦੱਸ ਕਿ ਤੂੰ ਹੈਂ ਕੌਣ?’’
‘‘ਜਾਣਨਾ ਚਾਹੁੰਦਾ ਏਂ ਤਾਂ ਸੁਣ...।’’ ਪਰਛਾਵਾਂ ਬੋਲਿਆ, ‘‘ਮੇਰਾ ਨਾਂ ਪ੍ਰਦੂਸ਼ਣ ਏ। ਜਦੋਂ ਤੁਸੀਂ ਬੰਬ-ਪਟਾਕੇ ਚਲਾ ਕੇ ਵਾਯੂਮੰਡਲ ਗੂੰਜਣ ਲਗਾ ਦਿੰਦੇ ਹੋ, ਸਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਜਾਂਦਾ ਏ। ਅਸਲ ਵਿੱਚ ਅਜਿਹੇ ਵਾਯੂਮੰਡਲ ਵਿੱਚ ਇਹ ਕਾਰਬਨ ਮੋਨੋਆਕਸਾਈਡ, ਸਲਫਿਊਰਿਕ ਨਾਈਟ੍ਰਿਕ ਤੇ ਕਾਰਬਨਿਕ ਐਸਿਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੇ। ਜਿੰਨੀਆਂ ਇਹ ਗੈਸਾਂ ਚੌਗਿਰਦੇ ਵਿੱਚ ਫੈਲਦੀਆਂ ਨੇ, ਮਨੁੱਖ ਕੈਂਸਰ ਦਾ ਸ਼ਿਕਾਰ ਹੋਣ ਲੱਗਦਾ ਏ। ਬੰਬਾਂ ਦੀ ਆਵਾਜ਼ ਨਾਲ ਬਜ਼ੁਰਗ ਤੇ ਮਾਸੂਮ ਬੱਚੇ ਤ੍ਰਭਕ ਜਾਂਦੇ ਨੇ। ਦਮੇ ਤੇ ਸਾਹ ਦੇ ਰੋਗੀਆਂ ਦਾ ਜੀਣਾ ਦੁੱਭਰ ਹੋ ਜਾਂਦਾ ਏ। ਅੱਖਾਂ ਖ਼ਰਾਬ ਹੋਣ ਲੱਗਦੀਆਂ ਨੇ। ਇੱਥੋਂ ਤੱਕ ਕਿ ਤੁਹਾਡੇ ਪਾਲਤੂ ਜਾਨਵਰ ਬੰਬਾਂ ਦੀ ਆਵਾਜ਼ ਸੁਣ ਕੇ ਅੰਦਰ ਦੁਬਕ ਜਾਂਦੇ ਨੇ। ਤੁਹਾਡੇ ਕੰਨ ਬੋਲੇ ਹੋਣ ਲੱਗਦੇ ਨੇ। ਇਨ੍ਹਾਂ ਜ਼ਹਿਰੀਲੀਆਂ ਗੈਸਾਂ ਤੇ ਧੂੰਏ ਨਾਲ ਓਜ਼ੋਨ ਦੀ ਪਰਤ ਲੀਰਾਂ ਹੁੰਦੀ ਦੇਖ ਕੇ ਮੈਨੂੰ ਬੜਾ ਮਜ਼ਾ ਆਉਂਦਾ ਏ...। ਨਾਲੇ...।’’
ਸਵਿਤੋਜ ਇਕਦਮ ਤੈਸ਼ ਵਿੱਚ ਆ ਗਿਆ, ‘‘ਬਸ ਬੰਦ ਕਰ ਆਪਣੀ ਇਹ ਬਕਵਾਸ। ਤੂੰ ਮੈਨੂੰ ਡਰਾ ਰਿਹਾ ਏਂ...।’’
ਪਰਛਾਵਾਂ ਹੱਸਦਾ ਹੋਇਆ ਬੋਲਿਆ, ‘‘ਡਰਾ ਨਹੀਂ ਰਿਹਾ। ਸਚਾਈ ਦੱਸ ਰਿਹਾ ਹਾਂ। ਨਾਲੇ ਮੇਰੇ ਪਰਿਵਾਰ ਦੇ ਹੋਰ ਜੀਆਂ ਨੂੰ ਨਹੀਂ ਮਿਲੇਂਗਾ? ਔਹ ਵੇਖ, ਹੌਲੀ ਹੌਲੀ ਆ ਰਹੇ ਨੇ। ਇੱਕ ਦਾ ਨਾਂ ਹਵਾ-ਪ੍ਰਦੂਸ਼ਣ ਏ, ਇੱਕ ਦਾ ਨਾਂ ਸ਼ੋਰ-ਪ੍ਰਦੂਸ਼ਣ ਤੇ ਤੀਜੇ ਦਾ ਨਾਂ ਭੂਮੀ-ਪ੍ਰਦੂਸ਼ਣ ਏ। ਅਸੀਂ ਸਾਰੇ ਮਿਲ ਕੇ ਮਨੁੱਖ ਦਾ ਜਿਊਣਾ ਮੁਸ਼ਕਲ ਬਣਾ ਦਿੰਦੇ ਹਾਂ। ਬਸ ਇਹੀ ਸਾਡੀ ਖੁਰਾਕ ਏ।’’
ਸਵਿਤੋਜ ਦੀ ਆਪਣੀਆਂ ਗੱਲਾਂ ਵਿੱਚ ਦਿਲਚਸਪੀ ਵੇਖ ਕੇ ਪ੍ਰਦੂਸ਼ਣ-ਪਰਛਾਵਾਂ ਫਿਰ ਬੋਲਿਆ, ‘‘ਇੱਕ ਗੱਲ ਹੋਰ ਦੱਸਾਂ?’’
ਸਵਿਤੋਜ ਬੋਲਿਆ, ‘‘ਦੱਸ?’’
ਪਰਛਾਵਾਂ ਕਹਿਣ ਲੱਗਾ, ‘‘ਜਿਹੜੇ ਤੂੰ ਬੰਬ ਪਟਾਕੇ ਚਲਾਵੇਂਗਾ ਨਾ, ਉਨ੍ਹਾਂ ਦੇ ਜਲੇ-ਸੜੇ ਟੁਕੜੇ ਗ਼ੈਰ-ਬਾਇਓਡੀਗ੍ਰੇਬਲ ਹੁੰਦੇ ਨੇ...।’’
‘‘ਗ਼ੈਰ-ਬਾਇਓਡੀਗ੍ਰੇਬਲ? ਮੈਨੂੰ ਨਹੀਂ ਪਤਾ ਇਹ ਕਿਸ ਬਲਾ ਦਾ ਨਾਂ ਏ?’’ ਸਵਿਤੋਜ ਨੇ ਸੁਆਲ ਕੀਤਾ।
ਪਰਛਾਵਾਂ ਬੋਲਿਆ, ‘‘ਤੂੰ ਹਾਲੇ ਛੋਟਾ ਏਂ ਨਾ, ਵੱਡੀਆਂ ਜਮਾਤਾਂ ਵਿੱਚ ਜਾਵੇਂਗਾ, ਤਾਂ ਸਭ ਸਮਝ ਜਾਵੇਂਗਾ। ਗ਼ੈਰ-ਬਾਇਓਡੀਗ੍ਰੇਬਲ ਚੀਜ਼ਾਂ ਆਸਾਨੀ ਨਾਲ ਜਾਂ ਛੇਤੀ ਛੇਤੀ ਨਸ਼ਟ ਨਹੀਂ ਹੁੰਦੀਆਂ। ਬੰਬ ਪਟਾਕਿਆਂ ਦੇ ਇਹੀ ਜਲੇ ਸੜੇ ਟੁਕੜੇ ਜਦੋਂ ਕੂੜੇ ਕਰਕਟ ਦੇ ਰੂਪ ਵਿੱਚ ਤਲਾਬਾਂ, ਨਦੀਆਂ, ਨਾਲਿਆਂ ਜਾਂ ਝੀਲਾਂ ਵਿੱਚ ਡਿੱਗਦੇ ਨੇ ਤਾਂ ਉੱਥੇ ਵੀ ਆਪਣਾ ਅਸਰ ਦਿਖਾਉਂਦੇ ਨੇ ਜਿਸ ਕਰਕੇ ਜਲ ਦੇ ਹਜ਼ਾਰਾਂ ਲੱਖਾਂ-ਜੀਵ ਜੰਤੂਆਂ ਦਾ ਖ਼ਾਤਮਾ ਹੋ ਜਾਂਦਾ ਏ। ਇਹ ਸਭ ਕੁਝ ਵੇਖ ਕੇ ਮੇਰੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਚੰਗਾ, ਮੈਂ ਅਗਲੇ ਮੁਹੱਲੇ ਜਾ ਰਿਹਾ ਹਾਂ। ਕੱਲ੍ਹ ਤੱਕ ਖ਼ੂਬ ਬੰਬ ਪਟਾਕੇ ਖ਼ਰੀਦ ਕੇ ਲਿਆਵੀਂ, ਮੈਂ ਤੇਰਾ ਮਹਿਮਾਨ ਬਣ ਕੇ ਦੀਵਾਲੀ ਦੀ ਰਾਤ ਨੂੰ ਤੈਨੂੰ ਫਿਰ ਮਿਲਣ ਆਵਾਂਗਾ।’’
ਸਵੇਰ ਹੋਈ। ਸਵਿਤੋਜ ਦਾ ਸੁਪਨਾ ਟੁੱਟ ਚੁੱਕਾ ਸੀ। ਉਸ ਨੇ ਆਪਣਾ ਸੁਪਨਾ ਮੰਮੀ-ਪਾਪਾ ਨੂੰ ਸੁਣਾਇਆ।
ਪਾਪਾ ਬੋਲੇ, ‘‘ਸਵਿਤੋਜ, ਤੂੰ ਖ਼ੁਦ ਸੋਚ ਕਿ ਤੈਨੂੰ ਕੀ ਕਰਨਾ ਚਾਹੀਦਾ ਏ?’’
ਮੰਮੀ ਬੋਲੇ, ‘‘ਮੈਨੂੰ ਯਕੀਨ ਏ ਕਿ ਇਸ ਸੁਪਨੇ ਤੋਂ ਬਾਅਦ ਸਵਿਤੋਜ ਜੋ ਵੀ ਕਰੇਗਾ, ਠੀਕ ਕਰੇਗਾ।’’
ਦੀਵਾਲੀ ਦਾ ਦਿਨ ਆ ਗਿਆ। ਸਵਿਤੋਜ ਮੰਮੀ-ਪਾਪਾ ਨੂੰ ਕਹਿਣ ਲੱਗਾ, ‘‘ਮੰਮੀ-ਪਾਪਾ, ਮੈਂ ਆਪਣਾ ਫ਼ੈਸਲਾ ਬਦਲ ਲਿਆ ਏ। ਤੁਹਾਡੇ ਨਾਲ ਪੂਜਾ ਤੋਂ ਬਾਅਦ ਮੈਂ ਜ਼ਹਿਰੀਲੇ ਬੰਬ ਪਟਾਕਿਆਂ ਦੀ ਥਾਂ ਈਕੋ ਫਰੈਂਡਲੀ ਦੀਵਾਲੀ ਮਨਾਵਾਂਗਾ। ਆਖ਼ਿਰ ਦੀਵਾਲੀ ਸਾਡਾ ਖ਼ੁਸ਼ੀਆਂ ਦਾ ਤਿਉਹਾਰ ਏ...।’’
‘‘ਸਾਬਾਸ਼ ਬੇਟੇ...।’’ ਮੰਮੀ ਨੇ ਸਵਿਤੋਜ ਨੂੰ ਥਾਪੀ ਦਿੱਤੀ ਤੇ ਫਿਰ ਉਸ ਦੇ ਪਾਪਾ ਨੂੰ ਬੋਲੇ ‘‘ਦੇਖਿਆ, ਮੈਂ ਕਿਹਾ ਸੀ ਨਾ ਸਵਿਤੋਜ ਠੀਕ ਫ਼ੈਸਲਾ ਲਵੇਗਾ।’’
ਦੀਵਾਲੀ ਦੀ ਰਾਤ ਨੂੰ ਸਵਿਤੋਜ ਨੂੰ ਫਿਰ ਸੁਪਨਾ ਆਇਆ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਬਾਹਰੋਂ ਉਸ ਨੂੰ ਕੋਈ ਉੱਚੀ ਉੱਚੀ ਆਵਾਜ਼ਾਂ ਮਾਰ ਰਿਹਾ ਸੀ। ਸਵਿਤੋਜ ਨੇ ਆਵਾਜ਼ ਪਛਾਣ ਲਈ, ਇਹ ਪ੍ਰਦੂਸ਼ਣ-ਪਰਛਾਵਾਂ ਸੀ।
ਪ੍ਰਦੂਸ਼ਣ-ਪਰਛਾਵੇਂ ਨੇ ਧਿਆਨ ਨਾਲ ਵੇਖਿਆ, ਸਵਿਤੋਜ ਨੇ ਦਰਵਾਜ਼ੇ ਅੱਗੇ ਵੱਡੇ ਅੱਖਰਾਂ ਵਿੱਚ ਇੱਕ ਤਖ਼ਤੀ ਲਿਖ ਕੇ ਲਗਾਈ ਹੋਈ ਸੀ, ‘‘ਤੇਰੇ ਵਰਗੇ ਮਹਿਮਾਨ ਲਈ ਹੁਣ ਸਾਡਾ ਦਰਵਾਜ਼ਾ ਹਮੇਸ਼ਾ ਬੰਦ ਰਹੇਗਾ।’’ ਪ੍ਰਦੂਸ਼ਣ-ਪਰਛਾਵਾਂ ਮੂੰਹ ਲਟਕਾ ਕੇ ਵਾਪਸ ਜਾ ਰਿਹਾ ਸੀ।
ਸੰਪਰਕ: 98144-23703