ਜੀਵਨ
ਸਕੂਲ ਦੀ ਹੈਲਥ ਲੈਬ ’ਚ ਸਿਹਤ ਵਿਭਾਗ ਦੀ ਟੀਮ ਬੈਠੀ ਹੋਈ ਤੇ ਨਾਲ ਕੁਝ ਅਧਿਆਪਕ ਵੀ। ਬਾਹਰ ਅੱਠਵੀਂ ਦੇ ਬੱਚਿਆਂ ਦੀ ਲਾਈਨ ਲੱਗੀ ਹੋਈ। ਇੱਕ ਇੱਕ ਕਰਕੇ ਅੰਦਰ ਜਾ ਰਹੇ, ਟੀਕੇ ਲਵਾਉਣ ਲਈ। ਜੀਵਨ ਵੀ ਲਾਈਨ ਵਿੱਚ ਖੜ੍ਹਾ ਹੈ। ਉਹ ਹਰ ਬੱਚੇ ਦੇ ਟੀਕਾ ਲੱਗਦਾ ਵੇਖਦਾ। ਜਦ ਬੱਚਾ ਆਪਣੀ ਕਮੀਜ਼ ਦੀ ਬਾਂਹ ਉੱਪਰ ਕਰਦਾ ਤਾਂ ਉਹ ਵੀ ਆਪਣੀ ਕਮੀਜ਼ ਦੀ ਬਾਂਹ ਉੱਪਰ ਕਰ ਲੈਂਦਾ। ਜਦ ਬੱਚੇ ਦੇ ਟੀਕਾ ਲੱਗਦਾ ਤਾਂ ਉਹ ਵੀ ਆਪਣੀਆਂ ਅੱਖਾਂ ਬੰਦ ਕਰ ਲੈਂਦਾ। ਜਦ ਟੀਕਾ ਲੱਗ ਜਾਂਦਾ ਤਾਂ ਜੀਵਨ ਵੀ ਬੱਚੇ ਵਾਂਗ ਆਪਣੀ ਕਮੀਜ਼ ਦੀ ਬਾਂਹ ਹੇਠਾਂ ਕਰ ਲੈਂਦਾ। ਬਾਕੀ ਬੱਚੇ ਉਹਦੇ ਵੱਲ ਵੇਖ ਕੇ ਹੱਸਣ ਲੱਗਦੇ, ਪਰ ਉਹ ਇਸ ਸਭ ਤੋਂ ਅਣਜਾਣ ਸੀ।
ਸਰਕਾਰ ਦੀ ਵਿਸ਼ੇਸ਼ ਮੁਹਿੰਮ ਤਹਿਤ ਕਿ ਸਾਰੇ ਸਕੂਲਾਂ ’ਚ ਐਮ.ਆਰ. (ਮੀਸਲ ਰੋਬੀਲਾ) ਦੇ ਮੁਫ਼ਤ ਟੀਕੇ ਲਾਏ ਜਾਣ, ਲੈਬ ਵਿੱਚ ਇੱਕ ਮੇਜ਼ ਸਹਾਇਕ ਡਾਕਟਰ ਅਤੇ ਉਹਦੀ ਟੀਮ ਨੇ ਮੱਲਿਆ ਹੋਇਆ ਤੇ ਪਾਸਿਆਂ ’ਤੇ ਕੁਝ ਅਧਿਆਪਕ ਬੈਠੇ ਨੇ। ਪਿੱਛੇ ਦੋ ਬੈਂਚ ਵੀ ਲੱਗੇ ਨੇ, ਟੀਕੇ ਤੋਂ ਬਾਅਦ ਬੱਚੇ ਨੂੰ ਕੁਝ ਮਿੰਟ ਨਿਗਰਾਨੀ ਹੇਠ ਬਿਠਾਉਣ ਲਈ। ਅੰਦਰ ਬੈਠੇ ਹਰ ਬੰਦੇ ਦੇ ਮੱਥੇ ’ਤੇ ਇੱਕ ਚਿੰਤਾ। ਜੇ ਟੀਕੇ ਤੋਂ ਬਾਅਦ ਕਿਸੇ ਬੱਚੇ ਨੂੰ ਜ਼ਰਾ ਜਿੰਨਾ ਬੁਖ਼ਾਰ ਵੀ ਹੋ ਗਿਆ ਤਾਂ ਮਾਂ ਪਿਉ ਨੇ ਆ ਜਾਣਾ, ਕੈਮਰਿਆਂ ਵਾਲਾ ਮੀਡੀਆ ਲੈ ਕੇ। ਫਿਰ ਵੀ ਟੀਕੇ ਤਾਂ ਲੱਗ ਹੀ ਰਹੇ ਨੇ, ਨਾਲ ਗੱਲਾਂ ਬਾਤਾਂ ਵੀ ਚੱਲ ਰਹੀਆਂ ਨੇ ਤੇ ਚਾਹ ਵੀ ਪੀਤੀ ਜਾ ਰਹੀ ਏ। ਚਾਹ ਦੀ ਚੁਸਕੀ ਭਰਦਿਆਂ ਕਲਾਸ ਇੰਚਾਰਜ ਮੈਡਮ ਨੇ ਸਹਾਇਕ ਡਾਕਟਰ ਨੂੰ ਸੰਬੋਧਿਤ ਹੁੰਦਿਆਂ ਗੱਲ ਫਿਰ ਸ਼ੁਰੂ ਕੀਤੀ ਏ, ‘‘ਲੋਕਾਂ ਨੇ ਤਾਂ ਮੈਡਮ, ਗੰਢ ਈ ਬੰਨ੍ਹ ਲਈ ਆ ਕਿ ਸਰਕਾਰ ਦੀ ਕੋਈ ਗੱਲ ਮੰਨਣੀ ਈ ਨਹੀਂ। ਜੇ ਸਰਕਾਰ ਸੱਜੇ ਨੂੰ ਕਹੇ ਤਾਂ ਖੱਬੇ ਨੂੰ ਮੂੰਹ ਕਰਨਗੇ। ਜੇ ਅੱਗੇ ਨੂੰ ਕਹੇ ਤਾਂ ਇਹ ਪਿੱਛੇ ਨੂੰ ਤੁਰਨਗੇ। ਬਾਹਲਾ ਹੋਇਆ ਤਾਂ ਝੰਡੇ ਤੇ ਨਾਅਰੇ।’’
ਸਹਾਇਕ ਡਾਕਟਰ ਨੇ ਐਂਟਰੀ ਰਜਿਸਟਰ ਵਿੱਚ ਐਂਟਰੀ ਕਰਦਿਆਂ ਕੇਵਲ ਹਾਂ ਵਿੱਚ ਸਿਰ ਹਿਲਾਇਆ। ਪਰ ਦੇਵ ਸਰ ਜੋ ਕਿ ਇਤਿਹਾਸ ਦੇ ਲੈਕਚਰਰ ਨੇ ਤੇ ਨਾਲੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਵੀ, ਨੇ ਚਾਹ ਦਾ ਕੱਪ ਮੇਜ਼ ’ਤੇ ਰੱਖ ਕੇ ਮੈਡਮ ਦੀ ਗੱਲ ਦਾ ਜਵਾਬ ਦੇਣਾ ਸ਼ੁਰੂ ਕੀਤਾ, ‘‘ਇਹਦੇ ’ਚ ਲੋਕਾਂ ਦਾ ਕੋਈ ਕਸੂਰ ਨਹੀਂ ਮੈਡਮ। ਸਿਸਟਮ ਨੇ ਈ ਆਪਣਾ ਵਿਸ਼ਵਾਸ ਗੁਆ ਲਿਆ ਲੋਕਾਂ ’ਚੋਂ। ਹੁਣ ਆਹ ਜ਼ਿਲ੍ਹੇ ਦੀਆਂ ਮੀਟਿੰਗਾਂ ਈ ਵੇਖ ਲਉ। ਸਾਰੇ ਮਹਿਕਮਿਆਂ ਦੇ ਵੱਡੇ ਅਫ਼ਸਰ ਬੈਠੇ ਹੋਣਗੇ। ਸਾਰਿਆਂ ਨੂੰ ਪਤਾ ਹੋਊ ਬਈ ਜਿਹੜੀ ਵੀ ਕਿਸੇ ਮੁਹਿੰਮ ਬਾਰੇ ਗੱਲ ਕਰ ਰਹੇ ਨੇ, ਉਹ ਬਿਲਕੁਲ ਬੇਕਾਰ ਅਤੇ ਸਿਆਸੀ ਹੈ। ਫਿਰ ਵੀ ਇੰਜ ਗੱਲਾਂ ਕਰਨਗੇ ਜਿਵੇਂ ਇਹਦੇ ਅੰਕੜਿਆਂ ’ਤੇ ਹੀ ਦੇਸ਼ ਦੀ ਹੋਣੀ ਟਿਕੀ ਹੋਵੇ। ਹੁਣ ਜੇ ਤੁਸੀਂ ਸੌ ਵਿੱਚੋਂ ਨੱਬੇ ਗੱਲਾਂ ਝੂਠੀਆਂ ਹੀ ਕਰੋਗੇ ਤਾਂ ਲੋਕੀਂ ਬਾਕੀ ਦਸ ਵੀ ਤਾਂ ਝੂਠੀਆਂ ਹੀ ਸਮਝਣਗੇ।’’
ਗੱਲ ਸੁਣ ਕੇ ਸਾਰੇ ਚੁੱਪ ਹੀ ਰਹੇ। ਵੈਸੇ ਵੀ ਉਨ੍ਹਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ। ਉਨ੍ਹਾਂ ਦੇ ਸੀਨੀਅਰ ਹੋਣ ਕਾਰਨ ਇੱਜ਼ਤ ਕਰਕੇ ਜਾਂ ਬਹਿਸ ਕਰਨ ਦੀ ਸਮਰੱਥਾ ਕਰਕੇ। ਇਸ ਕਈ ਪਲਾਂ ਦੀ ਚੁੱਪ ਨੂੰ ਆਖ਼ਰ ਸਹਾਇਕ ਡਾਕਟਰ ਨੇ ਹੀ ਦੁਬਾਰਾ ਤੋੜਿਆ, ‘‘ਪਰ ਸਰ, ਸਿਆਪਾ ਤਾਂ ਸਾਡੇ ਭਾਅ ਦਾ ਨਾ! ਡੀ.ਸੀ.ਦਫ਼ਤਰ ਵਾਲੇ ਰੋਜ਼ ਪੁੱਛਦੇ ਐ ਕਿੰਨਿਆਂ ਦੇ ਲੱਗ ’ਗੇ ਕਿੰਨੇ ਰਹਿ ਗਏ; ਜਿਹੜੇ ਰਹਿ ’ਗੇ ਉਹ ਕਿਉਂ ਰਹਿ ’ਗੇ। ਜਿਵੇਂ ਇਨ੍ਹਾਂ ਨੂੰ ਪਤਾ ਈ ਨੀ ਹੁੰਦਾ ਕਿ ਕਿਉਂ ਰਹਿ ’ਗੇ। ਹੁਣ ਜੇ ਮਾਂ ਪਿਉ ਈ ਨੀ ਮੰਨਦੇ, ਫਿਰ ਅਸੀਂ ਕੀ ਕਰੀਏ ਤੇ ਸਕੂਲਾਂ ਵਾਲੇ ਵੀ ਕੀ ਕਰਨ।’’ ਗੱਲ ਖ਼ਤਮ ਕਰ ਕੇ ਉਨ੍ਹਾਂ ਇਹਦੀ ਤਸਦੀਕ ਲਈ ਬਾਕੀ ਮੈਡਮਾਂ ਵੱਲ ਵੇਖਿਆ। ਸਾਇੰਸ ਵਾਲੀ ਮੈਡਮ ਨੇ ਹਾਮੀ ਭਰੀ, ‘‘ਬਿਲਕੁਲ ਮੈਡਮ, ਅਸੀਂ ਕਿੰਨਾ ਜ਼ੋਰ ਲਾਇਆ ਇਨ੍ਹਾਂ ਟੀਕਿਆਂ ਵਾਸਤੇ। ’ਕੱਲੇ ’ਕੱਲੇ ਬੱਚੇ ਨੂੰ ਦੱਸਿਆ, ਮਾਵਾਂ ਨੂੰ ਸਮਝਾਇਆ ਕਿ ਵੈਕਸੀਨ ਫ਼ਾਇਦੇ ਵਾਲੀ ਆ। ਪਰ ਮਾਵਾਂ ਨੇ ਤਾਂ ਇੱਕੋ ਗੱਲ ਫੜੀ ਰੱਖੀ ਕਿ ਇਹ ਤਾਂ ਸਰਕਾਰ ਅਬਾਦੀ ਘਟਾਉਣ ਲਈ ਲਾ ਰਹੀ ਆ। ਅਸੀਂ ਤਾਂ ਬੱਚੇ ਹੀ ਉਦੋਂ ਸਕੂਲ ਭੇਜਣੇ ਨੇ ਜਦੋਂ ਟੀਕਿਆਂ ਦਾ ਕੰਮ ਠੰਢਾ ਪੈ ਜੂ।’’
ਸਹਾਇਕ ਡਾਕਟਰ ਨੇ ਫਿਰ ਹਾਂ ਵਿੱਚ ਸਿਰ ਹਿਲਾਇਆ ਅਤੇ ਅਗਲੇ ਬੱਚੇ ਨੂੰ ਬੈਂਚ ’ਤੇ ਬੈਠਣ ਲਈ ਕਿਹਾ। ਅਗਲਾ ਬੱਚਾ ਜੀਵਨ ਸੀ। ਉਹ ਸਟੂਲ ’ਤੇ ਬੈਠ ਗਿਆ। ਆਪਣੀ ਕਮੀਜ਼ ਦੀ ਬਾਂਹ ਉੱਪਰ ਕੀਤੀ। ਸਹਾਇਕ ਡਾਕਟਰ ਨੇ ਰੂੰ ਨਾਲ ਬਾਂਹ ਸਾਫ਼ ਕੀਤੀ। ਪਰ ਜੀਵਨ ਅਚਾਨਕ ਇੰਚਾਰਜ ਮੈਡਮ ਵੱਲ ਮੂੰਹ ਕਰ ਕੇ ਬੋਲਣ ਲੱਗਾ, ‘‘ਮੈਡਮ ,ਦੀਪ ਨੇ ਅੱਜ ਫਿਰ ਮੇਰੇ ਮੁੱਕਾ ਮਾਰਿਆ।’’
ਸਾਰੇ ਹੱਸਣ ਲੱਗੇ। ਸਹਾਇਕ ਡਾਕਟਰ ਨੇ ਹੈਰਾਨੀ ਨਾਲ ਵੇਖਿਆ। ਕਲਾਸ ਇੰਚਾਰਜ ਨੇ ਉਹਦੇ ਕੰਨ ਲਾਗੇ ਮੂੰਹ ਕਰਕੇ ਹੌਲੀ ਜਿਹੀ ਕਿਹਾ, ‘‘ਮੈਡਮ, ਇਹ ਬੱਚਾ ਦਿਮਾਗ਼ ਪੱਖੋਂ ਥੋੜ੍ਹਾ ਕਮਜ਼ੋਰ ਹੈ... ਮੈਂਟਲੀ ਰਿਟਾਰਡ।’’
ਸਹਾਇਕ ਡਾਕਟਰ ਦਾ ਹੱਥ ਰੁਕ ਗਿਆ। ਕੁਝ ਪਲ ਸੋਚਦੀ ਰਹੀ, ਫਿਰ ਬੋਲੀ, ‘‘ਤਾਂ ਫਿਰ ਰਹਿਣ ਦੇਈਏ ਇਹਦੇ ਮੈਡਮ... ਇਹੋ ਜਿਹੇ ਬੱਚੇ ਦਾ ਸਰੀਰ ਵੀ ਕਮਜ਼ੋਰ ਹੁੰਦੈ... ਐਵੇਂ ਕੋਈ ਪ੍ਰਾਬਲਮ ਹੋਊ।’’ ਇੰਚਾਰਜ ਮੈਡਮ ਨੇ ਹਾਂ ਵਿੱਚ ਸਿਰ ਹਿਲਾਇਆ। ਫਿਰ ਜੀਵਨ ਨੂੰ ਬੋਲੀ, ‘‘ਤੂੰ ਜਾਹ ਜੀਵਨ, ਤੈਨੂੰ ਲੋੜ ਨਹੀਂ।’’ ਜੀਵਨ ਨੇ ਸਿਰ ਨੀਵਾਂ ਕਰ ਲਿਆ। ਕਮੀਜ਼ ਦੀ ਬਾਂਹ ਹੇਠਾਂ ਕਰ ਕੇ ਕੁਝ ਪਲ ਬੈਠਾ ਰਿਹਾ ਤੇ ਫਿਰ ਬੋਲਣ ਲੱਗਾ, ‘‘ਮੈਂ ਵੀ ਲਵਾਉਣਾ, ਸਾਰਿਆਂ ਦੇ ਲੱਗੇ ਆ ਟੀਕੇ, ਦੀਪ ਦੇ ਵੀ ਲੱਗਾ।’’
ਫਿਰ ਦੇਵ ਸਰ ਨੇ ਸਮਝਾਇਆ, ‘‘ਨਹੀਂ ਜੀਵਨ, ਤੈਨੂੰ ਲੋੜ ਨਹੀਂ। ਇਹ ਤਾਂ ਉਨ੍ਹਾਂ ਦੇ ਲੱਗਦੈ ਜਿਹੜੇ ਸ਼ਰਾਰਤਾਂ ਕਰਦੇ ਨੇ। ਦੀਪ ਦੇ ਵੀ ਤਾਹੀਉਂ ਲੱਗਾ। ਤੂੰ ਜਾਹ ਕਲਾਸ ਆਪਣੀ ’ਚ।” ਜੀਵਨ ਨਿਰਾਸ਼ ਜਿਹਾ ਹੋ ਕੇ ਉੱਠ ਗਿਆ।
‘‘ਹੁਣ ਮਾਰੂ ਕਿਸੇ ਦੇ ਕੁਝ,’’ ਪਿੱਛੋਂ ਸਾਇੰਸ ਵਾਲੀ ਮੈਡਮ ਬੋਲੀ, ‘‘ਇਹਦਾ ਇਹੀ ਕੰਮ ਆ। ਨਿੱਕੀ ਜਿਹੀ ਗੱਲ ’ਤੇ ਪਹਿਲਾਂ ਸਿਰ ਸੁੱਟ ਕੇ ਬਹਿ ਜਾਂਦੈ। ਫਿਰ ਉੱਠ ਕੇ ਨਾ ਮੁੰਡਾ ਵਿੰਹਦਾ ਨਾ ਕੁੜੀ ਜੋ ਹੱਥ ਆਉਂਦਾ ਮਾਰ ਦਿੰਦੈ। ਕੁੜੀਆਂ ਦੇ ਮੁੱਕੇ ਮਾਰੀ ਜਾਂਦਾ। ਉਹ ਵੀ ਅੱਗੋਂ ਦੰਦ ਕੱਢੀ ਜਾਂਦੀਆਂ ਨੇ।’’
‘‘ਇਹਦੇ ਮਾਂ ਪਿਉ ਨੂੰ ਕਹਿਣਾ ਸੀ, ਉਨ੍ਹਾਂ ਦੇ ਸਮਝਾਉਣ ਨਾਲ ਕੋਈ ਫਰਕ ਪੈ ਜਾਂਦਾ।’’ ਮੈਡੀਕਲ ਟੀਮ ਵਿੱਚੋਂ ਕਿਸੇ ਨੇ ਕਿਹਾ।
ਸਾਰੇ ਇੱਕ ਵਾਰ ਫਿਰ ਚੁੱਪ ਕਰ ਗਏ। ਪਰ ਦੋ ਪਲਾਂ ਬਾਅਦ ਹੀ ਹਿੰਦੀ ਵਾਲੀ ਮੈਡਮ ਜੋ ਕਿ ਛੇਵੀਂ ਕਲਾਸ ਦੀ ਇੰਚਾਰਜ ਵੀ ਸੀ, ਨੂੰ ਕੋਈ ਚਿੰਤਾ ਜਿਹੀ ਹੋਈ, ‘‘ਪਰ ਮੈਡਮ, ਇਹਦੀ ਭੈਣ ਨੂੰ ਤਾਂ ਲੱਗ ਗਿਆ ਟੀਕਾ। ਆਪਾਂ ਨੂੰ ਚੇਤਾ ਈ ਨਹੀਂ ਰਿਹਾ ਉਹਦਾ।’’
ਸਹਾਇਕ ਡਾਕਟਰ ਨੇ ਵੀ ਕੁਝ ਪਲ ਚਿੰਤਾ ਜਿਹੀ ਵਿੱਚ ਸੋਚਿਆ ਤੇ ਫਿਰ ਹੌਲੀ ਜਿਹੀ ਬੋਲੀ, ‘‘ਉਹ ਵੀ ਇਹਦੇ ਵਰਗੀ ਆ?’’
‘‘ਹਾਂ ਮੈਡਮ, ਉਹ ਵੀ ਥੋੜ੍ਹੀ ਜਿਹੀ ਇਹਦੇ ਵਾਂਗ ਈ ਹੈ ਵਿਚਾਰੀ, ਪਰ ਇੰਨੀ ਨਹੀਂ... ਨਾਲੇ ਹੈ ਬਿਲਕੁਲ ਇਹਦੇ ਤੋਂ ਉਲਟ। ਚੁੱਪ ਰਹਿੰਦੀ ਬਿਲਕੁਲ।’’
ਗੱਲ ਬਿਲਕੁਲ ਠੀਕ ਕਹੀ ਸੀ ਮੈਡਮ ਨੇ। ਜੀਵਨ ਦੀ ਭੈਣ ਬਿਲਕੁਲ ਚੁੱਪ ਰਹਿਣ ਵਾਲੀ ਕੁੜੀ। ਉਂਜ ਜੀਵਨ ਦਾ ਬੜਾ ਧਿਆਨ ਰੱਖਦੀ। ਉਹ ਜਿੱਧਰ ਵੀ ਜਾਂਦਾ, ਚੁੱਪ ਚਾਪ ਵੇਖਦੀ ਰਹਿੰਦੀ। ਅੱਧੀ ਛੁੱਟੀ ਵੇਲੇ ਜਦ ਤੱਕ ਜੀਵਨ ਮਿਡ ਡੇਅ ਮੀਲ ਵਾਲਾ ਖਾਣਾ ਖਾਣ ਲਈ ਨਾ ਆਉਂਦਾ, ਉਹ ਵੀ ਨਾ ਖਾਂਦੀ। ਜੀਵਨ ਆ ਕੇ ਥਾਲੀ ਫੜ ਲੈਂਦਾ ਤਾਂ ਉਹ ਵੀ ਥਾਲੀ ਲੈ ਕੇ ਖਾਣ ਬਹਿ ਜਾਂਦੀ। ਕਈ ਵਾਰ ਜਦ ਜੀਵਨ ਆਪਣੇ ਰੌਂਅ ’ਚ ਅੱਧੀ ਛੁੱਟੀ ਦਾ ਸਾਰਾ ਸਮਾਂ ਲੰਘਾ ਦਿੰਦਾ ਤਾਂ ਉਸ ਦਿਨ ਭੈਣ ਵੀ ਖਾਣਾ ਨਾ ਖਾਂਦੀ। ਜਿਵੇਂ ਉਹਦੀ ਭੁੱਖ ਵੀ ਭਰਾ ਦੇ ਢਿੱਡ ਨੂੰ ਹੀ ਲੱਗਦੀ ਹੋਵੇ। ਅੱਜ ਵੀ ਉਹ ਭਰਾ ਨੂੰ ਹੀ ਉਡੀਕ ਰਹੀ ਸੀ ਜਿਹੜਾ ਇਸ ਸਮੇਂ ਸਕੂਲ ਦੇ ਵਿਹੜੇ ਵਿੱਚ ਬੇਚੈਨ ਘੁੰਮ ਰਿਹਾ ਸੀ। ਇਹੋ ਜਿਹੇ ਮੌਕੇ ਉਹ ਆਮ ਤੌਰ ’ਤੇ ਦੇਵ ਸਰ ਕੋਲ ਚਲਾ ਜਾਂਦਾ ਅਤੇ ਕਿਸੇ ਵੀ ਬੱਚੇ ਦੀ ਝੂਠੀ ਸੱਚੀ ਸ਼ਿਕਾਇਤ ਲਾ ਦਿੰਦਾ, ਖ਼ਾਸਕਰ ਦੀਪ ਦੀ। ਦੀਪ, ਜਿਹੜਾ ਕਿ ਸੁਭਾਅ ਦਾ ਸ਼ਰਾਰਤੀ ਅਤੇ ਜੀਵਨ ਨੂੰ ਛੇੜ ਕੇ ਸੁਆਦ ਲੈਣਾ ਜਿਹਦੀ ਆਦਤ। ਜੀਵਨ ਨਾਲ ਇੰਜ ਉਹਦਾ ਇੱਟ ਖੜਿੱਕਾ ਹੀ ਰਹਿੰਦਾ। ਦੇਵ ਸਰ ਉਹਨੂੰ ਝੂਠਾ ਜਿਹਾ ਝਿੜਕ ਦਿੰਦੇ। ਜੀਵਨ ਪਿੱਛੋਂ ਭੰਗੜਾ ਪਾਉਣ ਲੱਗ ਜਾਂਦਾ। ਉਹ ਤਾਂ ਕਿਸੇ ਟੀਚਰ ਦੀ ਸ਼ਿਕਾਇਤ ਲੈ ਕੇ ਵੀ ਬੇਝਿਜਕ ਪੁੱਜ ਜਾਂਦਾ,
‘‘ਸਰ, ਰਮਾ ਮੈਡਮ ਮਾਰਦੀ ਮੈਨੂੰ, ਪੁੱਛੋ ਉਨ੍ਹਾਂ ਨੂੰ।’’ ਦੇਵ ਸਰ ਅੱਗਿਉਂ ਕਹਿ ਦਿੰਦੇ, ‘‘ਕੋਈ ਨਹੀਂ ਪੁੱਛੂੰਗਾ ਮੈਂ ਮੈਡਮ ਨੂੰ।’’
ਉਹ ਰੋਜ਼ ਦੇਵ ਸਰ ਕੋਲ ਜਾਂਦਾ, ‘‘ਸਰ, ਮੈਨੂੰ ਘਰ ਦਾ ਕੰਮ ਦਿਉ।’’
ਦੇਵ ਸਰ ਕਿਤਾਬ ਦੇ ਕਿਸੇ ਸਫ਼ੇ ਉੱਤੇ ਨਿਸ਼ਾਨੀ ਜਿਹੀ ਲਾ ਦਿੰਦੇ। ਜੀਵਨ ਘਰੋਂ ਕੁਝ ਲਿਖ ਲਿਆਉਂਦਾ ਅਤੇ ਸਵੇਰੇ ਅਸੈਂਬਲੀ ਤੋਂ ਪਹਿਲਾਂ ਹੀ ਉਨ੍ਹਾਂ ਕੋਲ ਪਹੁੰਚ ਜਾਂਦਾ। ਉਹ ਉਹਦੀ ਕਾਪੀ ਉੱਤੇ ਸਹੀ ਮਾਰ ਦਿੰਦੇ।
ਫਿਰ ਉਸ ਦਿਨ, ਜਦੋਂ ਇੱਕ ਵਾਰ ਇੱਕ ਕੁੜੀ ਨੇ ਸ਼ਿਕਾਇਤ ਲਾਈ, ‘‘ਸਰ, ਜੀਵਨ ਨੇ ਮੇਰੇ ਨਹੁੰ ਮਾਰ ਦਿੱਤਾ।’’
ਦੇਵ ਸਰ ਨੇ ਵੇਖਿਆ ਤਾਂ ਜੀਵਨ ਦੇ ਨਹੁੰ ਵਧੇ ਹੋਏ ਸਨ ਜਿਵੇਂ ਕਦੇ ਕੱਟੇ ਹੀ ਨਹੀਂ ਗਏ। ਉਨ੍ਹਾਂ ਕਿਹਾ, ‘‘ਜੀਵਨ ਕੱਲ ਨਹੁੰ ਕੱਟ ਕੇ ਆਵੀਂ ਤੇ ਆ ਕੇ ਮੈਨੂੰ ਵਿਖਾਵੀਂ। ਨਾਲੇ ਨਹਾ ਕੇ ਵੀ ਆਇਆ ਕਰ।’’ ਅਗਲੇ ਦਿਨ ਪਤਾ ਨਹੀਂ ਜੀਵਨ ਕਿਵੇਂ ਤੇ ਕੀਹਦੇ ਕੋਲੋਂ ਨਹੁੰ ਕਟਵਾ ਲਿਆਇਆ ਤੇ ਸਵੇਰੇ ਅਸੈਂਬਲੀ ਤੋਂ ਪਹਿਲਾਂ ਹੀ ਉਨ੍ਹਾਂ ਕੋਲ ਜਾ ਪਹੁੰਚਿਆ, ‘‘ਸਰ ਮੇਰੇ ਨਹੁੰ ਵੇਖੋ।’’ ਤੇ ਦੇਵ ਸਰ ਨੇ ਵੇਖਿਆ ਕਿ ਜੀਵਨ ਅੱਜ ਨਹਾ ਕੇ ਵੀ ਆਇਆ ਸੀ।
ਪਰ ਅੱਜ ਜੀਵਨ ਦੇਵ ਸਰ ਕੋਲ ਨਹੀਂ ਜਾ ਸਕਦਾ। ਉਨ੍ਹਾਂ ਹੀ ਤਾਂ ਉਹਨੂੰ ਬਾਹਰ ਭੇਜਿਆ ਸੀ। ਸੋ ਉਹ ਨਿਰਾਸ਼ਾ ਜਿਹੀ ’ਚ ਕਲਾਸ ਵੱਲ ਨੂੰ ਹੋ ਤੁਰਿਆ। ਕਲਾਸ ਵਿੱਚ ਜਾ ਕੇ ਉਹਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਹਦੇ ਵੱਲ ਧਿਆਨ ਹੀ ਨਾ ਦੇ ਰਿਹਾ ਹੋਵੇ। ਸਾਰੇ ਉਦਾਸ ਜਿਹੇ ਬੈਠੇ ਸਨ। ਸ਼ਾਇਦ ਕਿਸੇ ਬੱਚੇ ਨੇ ਡਰ ਜਾਂ ਸ਼ਰਾਰਤ ਨਾਲ ਉਹ ਅਫ਼ਵਾਹ ਫਿਰ ਦੁਹਰਾ ਦਿੱਤੀ ਸੀ ਕਿ ਇਨਾਂ੍ਹ ਟੀਕਿਆਂ ਨੇ ਬੱਚਿਆਂ ਦੇ ਸਰੀਰ ’ਤੇ ਬਾਹਲਾ ਮਾੜਾ ਅਸਰ ਕਰਨਾ। ਜੀਵਨ ਨੂੰ ਤਾਂ ਉਹ ਆਪਣੇ ਘੜੀ ਪਲ ਦੇ ਮਨੋਰੰਜਨ ਲਈ ਛੇੜਦੇ ਸਨ, ਪਰ ਡਰ ਅਤੇ ਉਦਾਸੀ ਵਿੱਚ ਮਨੋਰੰਜਨ ਕਿਹਨੂੰ ਸੁੱਝਦਾ? ਜੀਵਨ ਨਿਰਾਸ਼ਾ ਅਤੇ ਖਿਝ ਨਾਲ ਭਰਿਆ ਪਿਆ ਸੀ। ਉਹਦਾ ਦਿਲ ਕੀਤਾ ਕਿਸੇ ਦੇ ਕੁਝ ਮਾਰੇ, ਪਰ ਪਹਿਲਾਂ ਕੋਈ ਉਹਨੂੰ ਛੇੜੇ ਵੀ ਤਾਂ ਸਹੀ। ਹੁਣ ਸਾਰੀ ਕਲਾਸ ਦੀ ਬੇਧਿਆਨੀ ਨੇ ਉਹਦੀ ਖਿਝ ਨੂੰ ਹੋਰ ਵਧਾ ਦਿੱਤਾ। ਖਿੱਝ ਨਾਲ ਭਰਿਆ ਉਹ ਫਿਰ ਕਲਾਸ ’ਚੋਂ ਬਾਹਰ ਨਿਕਲ ਆਇਆ। ਬਾਹਰ ਆ ਕੇ ਉਹਨੇ ਇੱਕ ਰੋੜਾ ਚੁੱਕਿਆ, ਪਰ ਅੱਜ ਜਿਵੇਂ ਸਾਰਾ ਸਕੂਲ ਹੀ ਉਦਾਸ ਸੀ। ਕੋਈ ਉਹਦੇ ਵੱਲ ਵੇਖ ਕੇ ਨਾ ਹੱਸਿਆ ਨਾ ਕੁਝ ਬੋਲਿਆ। ਉਹਨੇ ਨਿਰਾਸ਼ਾ ਵਿੱਚ ਰੋੜਾ ਫਿਰ ਹੇਠਾਂ ਸੁੱਟ ਦਿੱਤਾ। ਉਹ ਸਕੂਲ ਵਿੱਚ ਹੀ ਕਿੰਨੀ ਦੇਰ ਇੱਧਰ ਉੱਧਰ ਘੁੰਮਦਾ ਰਿਹਾ ਅਤੇ ਆਖ਼ਰ ਫਿਰ ਲੈਬ ਵੱਲ ਨੂੰ ਹੋ ਤੁਰਿਆ। ਅੱਗੇ ਉਹਦੀ ਭੈਣ ਖੜ੍ਹੀ ਸੀ। ਜੀਵਨ ਨੇ ਪੁੱਛਿਆ, ‘‘ਤੇਰੇ ਲੱਗ ਗਿਆ ਟੀਕਾ?’’
ਭੈਣ ਨੇ ਹਾਂ ਵਿੱਚ ਸਿਰ ਹਿਲਾਇਆ। ਜੀਵਨ ਦੇ ਚਿਹਰੇ ’ਤੇ ਖ਼ੁਸ਼ੀ ਦਿਸੀ, ਪਰ ਜਲਦੀ ਹੀ ਫਿਰ ਨਿਰਾਸ਼ ਜਿਹਾ ਹੋ ਕੇ ਬੋਲਿਆ, ‘‘ਪਰ ਮੇਰੇ ਨਹੀਂ ਲਾਉਂਦੇ। ਕਹਿੰਦੇ, ਉਨ੍ਹਾਂ ਦੇ ਲਾਉਣੇ ਜਿਹੜੇ ਸ਼ਰਾਰਤਾਂ ਕਰਦੇ। ਤੂੰ ਕਦੋਂ ਸ਼ਰਾਰਤਾਂ ਕਰਦੀ ਏਂ।’’
ਭੈਣ ਚੁੱਪ ਰਹੀ। ਜੀਵਨ ਫਿਰ ਲੈਬ ਵੱਲ ਤੁਰ ਪਿਆ। ਲੈਬ ਦੇ ਸਾਹਮਣੇ ਅਜੇ ਵੀ ਤਿੰਨ ਚਾਰ ਬੱਚੇ ਖੜ੍ਹੇ ਸਨ। ਜੀਵਨ ਵੀ ਪਤਾ ਨਹੀਂ ਕਿਉਂ ਦੁਬਾਰਾ ਲਾਈਨ ’ਚ ਜਾ ਲੱਗਾ। ਸਭ ਤੋਂ ਅਖੀਰ ’ਚ ਉਹਦੀ ਵਾਰੀ ਆਈ ਤਾਂ ਉਹ ਸਿੱਧਾ ਦੇਵ ਸਰ ਵੱਲ ਗਿਆ, ‘‘ਸਰ, ਸਾਰਿਆਂ ਦੇ ਲਾ ‘ਤੇ, ਦੀਪ ਦੇ ਵੀ ਲੱਗਾ। ਮੈਂ ਵੀ ਲਵਾਉਣਾ ਟੀਕਾ।’’
ਦੇਵ ਸਰ ਕੁਝ ਪਲ ਸੋਚਦੇ ਰਹੇ। ਫਿਰ ਉਨ੍ਹਾਂ ਸਹਾਇਕ ਡਾਕਟਰ ਨੂੰ ਹੌਲੀ ਜਿਹੀ ਕੁਝ ਕਿਹਾ। ਉਹਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਫਿਰ ਉਹਨੇ ਜੀਵਨ ਨੂੰ ਸਟੂਲ ’ਤੇ ਬਿਠਾ ਲਿਆ। ਜੀਵਨ ਨੇ ਆਪਣੀ ਕਮੀਜ਼ ਦੀ ਬਾਂਹ ਉੱਪਰ ਕੀਤੀ। ਸਹਾਇਕ ਡਾਕਟਰ ਨੇ ਉਹਦੀ ਬਾਂਹ ਰੂੰ ਨਾਲ ਸਾਫ਼ ਕੀਤੀ ਤਾਂ ਜੀਵਨ ਨੇ ਅੱਖਾਂ ਬੰਦ ਕਰ ਲਈਆਂ। ਸਹਾਇਕ ਡਾਕਟਰ ਨੇ ਕਿਹਾ,
‘‘ਬੱਸ ਥੋੜ੍ਹੀ ਜਿਹੀ ਪੀੜ ਹੋਊ, ਤੈਨੂੰ ਟੀਕੇ ਦਾ ਪਤਾ ਵੀ ਨਹੀਂ ਲੱਗਣਾ।’’ ਫਿਰ ਉਹਨੇ ਖਾਲੀ ਸਰਿੰਜ ਜੀਵਨ ਦੀ ਬਾਂਹ ਨੂੰ ਲਾਈ ਤੇ ਬੋਲੀ, ‘‘ਬੱਸ ਲੱਗ ਗਿਆ ਟੀਕਾ। ਤੈਨੂੰ ਕਿਹਾ ਸੀ ਨਾ ਕਿ ਪਤਾ ਵੀ ਨਹੀਂ ਲੱਗਣਾ।’’ ਜੀਵਨ ਨੇ ਕਮੀਜ਼ ਦੀ ਬਾਂਹ ਹੇਠਾਂ ਕੀਤੀ ਅਤੇ ਕਲਾਸ ਵੱਲ ਭੱਜ ਗਿਆ। ਜਾ ਕੇ ਭੰਗੜਾ ਪਾਉਣ ਲੱਗਾ, ਪਰ ਬੱਚੇ ਬੇਧਿਆਨ ਬੈਠੇ ਰਹੇ।
... ... ...
ਫਿਰ ਦੋ ਸਾਲ ਬਾਅਦ ਕਰੋਨਾ ਕਾਲ ਆਇਆ। ਇਸ ਦੌਰਾਨ ਨਾ ਕੋਈ ਬੱਚਾ ਸਕੂਲ ਆਇਆ, ਨਾ ਕਿਸੇ ਪੇਪਰ ਦਿੱਤੇ ਪਰ ਪਾਸ ਸਾਰੇ ਹੋ ਗਏ। ਇਸ ਤਰ੍ਹਾਂ ਜੀਵਨ ਵੀ ਦਸਵੀਂ ਕਰ ਗਿਆ ਅਤੇ ਉਹਦੀ ਭੈਣ ਅੱਠਵੀਂ। ਸਕੂਲ ਖੁੱਲ੍ਹਣ ’ਤੇ ਜਦੋਂ ਉਹ ਆਪਣੀ ਮਾਂ ਅਤੇ ਭੈਣ ਨਾਲ ਗਿਆਰਵੀਂ ਵਿੱਚ ਦਾਖ਼ਲ ਹੋਣ ਲਈ ਆਇਆ ਤਾਂ ਅਧਿਆਪਕਾਂ ਨੇ ਉਹਨੂੰ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ। ਹਾਂ, ਇੰਨਾ ਜ਼ਰੂਰ ਕਿਹਾ ਕਿ ਕੁੜੀ ਨੂੰ ਬੇਸ਼ੱਕ ਕਰਾ ਜਾਉ। ਇਹਨੂੰ ਦਸਵੀਂ ਤੱਕ ਪੜ੍ਹਾ ਲਵਾਂਗੇ।
ਉਨ੍ਹਾਂ ਦੇਵ ਸਰ ਨੂੰ ਵੀ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੀਵਨ ਨੂੰ ਸਕੂਲ ਵਿੱਚ ਰੱਖਣਾ ਹੁਣ ਠੀਕ ਨਹੀਂ। ਐਵੇਂ ਕਿਸੇ ਬੱਚੇ ਦੇ ਕੁਝ ਮਾਰੂ ਜਾਂ ਆਪਣੇ ਸੱਟ ਲਵਾਊ। ਹੁਣ ਤਾਂ ਬੱਚਿਆਂ ਦੇ ਮਾਪਿਆਂ ਵੱਲੋਂ ਵੀ ਉਲ੍ਹਾਮੇ ਆਉਣ ਲੱਗ ਪਏ ਨੇ, ਖ਼ਾਸ ਕਰਕੇ ਕੁੜੀਆਂ ਦੇ।
ਜੀਵਨ ਨੇ ਨਿਰਾਸ਼ਾ ਜਿਹੀ ’ਚ ਸਿਰ ਹੇਠਾਂ ਕਰ ਲਿਆ ਤੇ ਕਈ ਪਲ ਇਸੇ ਤਰ੍ਹਾਂ ਖੜ੍ਹਾ ਰਿਹਾ ਸੀ। ਫਿਰ ਦੇਵ ਸਰ ਵੱਲ ਮੂੰਹ ਕਰਕੇ ਬੋਲਣ ਲੱਗਾ, ‘‘ਸਰ ਸਾਰੇ ਹੋਗੇ, ਦੀਪ ਵੀ ਹੋ ਗਿਆ, ਮੈਂ ਵੀ ਹੋਣਾ ਦਾਖ਼ਲ।’’
ਦੇਵ ਸਰ ਕੁਝ ਪਲ ਸੋਚਦੇ ਰਹੇ। ਫਿਰ ਜੀਵਨ ਨੂੰ ਪੁਚਕਾਰਦੇ ਹੋਏ ਪਿਆਰ ਜਿਹੇ ਨਾਲ ਬੋਲੇ, ‘‘ਉਏ ਜੀਵਨ, ਹੁਣ ਤੂੰ ਆਪਣੇ ਡੈਡੀ ਨਾਲ ਪੱਠੇ ਡੱਕੇ ਦਾ ਕੰਮ ਕਰਾਇਆ ਕਰ। ਨਾਲੇ ਹੁਣ ਕਿਸੇ ਨਾਲ ਵੀ ਐਵੇਂ ਲੜਿਆ ਵੀ ਨਾ ਕਰ, ਹੁਣ ਤੂੰ ਸਿਆਣਾ ਹੋ ਗਿਆ।’’
ਜੀਵਨ ਨੇ ਸਾਰੀ ਗੱਲ ਸੁਣੀ। ਕੁਝ ਪਲ ਖੜ੍ਹਾ ਰਿਹਾ ਅਤੇ ਫਿਰ ਨਿਰਾਸ਼ਾ ਜਿਹੀ ’ਚ ਸਿੱਧਾ ਗੇਟ ਵੱਲ ਨੂੰ ਹੋ ਤੁਰਿਆ। ਮਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਅੱਖਾਂ ਪੂੰਝਦੀ ਹੋਈ ਉਹ ਵੀ ਜੀਵਨ ਦੇ ਪਿੱਛੇ ਹੋ ਤੁਰੀ।
ਉਸ ਦਿਨ ਤੋਂ ਬਾਅਦ ਜੀਵਨ ਕਦੇ ਵੀ ਸਕੂਲ ਨਹੀਂ ਆਇਆ। ਉਹਦੀ ਭੈਣ ਵੀ ਨਹੀਂ।
... ... ...
ਅਤੇ ਅੱਜ ਡੇਢ ਸਾਲ ਬਾਅਦ ਪਿੰਡ ਵਿੱਚ ਨਗਰ ਕੀਰਤਨ ਨਿਕਲ ਰਿਹਾ ਹੈ। ਸਕੂਲ ਦੇ ਬੱਚੇ ਅਤੇ ਅਧਿਆਪਕ ਸਕੂਲ ਗੇਟ ’ਤੇ ਖੜ੍ਹੇ ਸੁਆਗਤ ਦੀਆਂ ਤਿਆਰੀਆਂ ਕਰ ਰਹੇ ਨੇ। ਚੁਫੇਰੇ ਚਹਿਲ ਪਹਿਲ ਹੈ। ਡਰਾਇੰਗ ਮਾਸਟਰ ਨੂੰ ਦੂਰੋਂ ਇੱਕ ਪੱਠਿਆਂ ਵਾਲਾ ਰੇਹੜਾ ਆਉਂਦਾ ਦਿਸਦਾ ਹੈ ਤਾਂ ਸੜਕ ’ਤੇ ਫੁੱਲ ਖਿਲਾਰ ਰਹੇ ਬੱਚਿਆਂ ਨੂੰ ਰੋਕਦੇ ਹਨ, ‘‘ਠਹਿਰ ਜਾਉ ਕਾਕਾ, ਰੇਹੜਾ ਲੰਘ ਜਾਣ ਦਿਉ, ਫੁੱਲ ਖ਼ਰਾਬ ਹੋਣਗੇ।’’ ਬੱਚੇ ਰੁਕ ਗਏ ਨੇ। ਗੇਟ ਦੇ ਸਾਹਮਣੇ ਆ ਕੇ ਰੇਹੜਾ ਰੁਕ ਗਿਆ ਹੈ। ਮੈਲਾ ਜਿਹਾ ਕੁੜਤਾ ਪਜਾਮਾ ਪਾਈ ਅਤੇ ਸਿਰ ’ਤੇ ਸਾਫ਼ਾ ਬੰਨ੍ਹੀ ਮੁੰਡਾ ਹੇਠਾਂ ਉੱਤਰਿਆ ਹੈ। ਡਰਾਇੰਗ ਮਾਸਟਰ ਮੁੰਡੇ ਨੂੰ ਪਛਾਣਨ ਦਾ ਯਤਨ ਕਰਦੇ ਹਨ, ‘ਬਈ ਇਹ ਤਾਂ ਜੀਵਨ ਲੱਗਦਾ’।
ਜੀਵਨ ਵਾਰੀ ਵਾਰੀ ਸਾਰੇ ਅਧਿਆਪਕਾਂ ਦੇ ਕੋਲ ਜਾਂਦਾ ਹੈ ਤੇ ਗੋਡਿਆਂ ਨੂੰ ਹੱਥ ਲਾਉਂਦਾ ਹੈ। ਦੇਵ ਸਰ ਕੋਲ ਗਿਆ ਤਾਂ ਉਹ ਪੁੱਛਦੇ ਨੇ, ‘‘ਜੀਵਨ, ਕੀ ਹਾਲ ਚਾਲ ਤੇਰਾ? ਕੀ ਕਰਦਾ ਹੁੰਦਾ ਏਂ ਅੱਜਕੱਲ੍ਹ?’’
‘‘ਸਰ, ਡੈਡੀ ਨਾਲ ਪੱਠਾ ਡੱਕਾ ਕਰਾਉਂਦਾ ਹੁੰਦਾਂ। ਨਾਲੇ ਸਰ ਹੁਣ ਮੈਂ ਕਿਸੇ ਨਾਲ ਲੜਦਾ ਵੀ ਨਹੀਂ।’’
ਇੰਨੀ ਕਹਿ ਕੇ ਜੀਵਨ ਰੇਹੜੇ ਵੱਲ ਨੂੰ ਤੁਰ ਪਿਆ ਹੈ।
ਸੰਪਰਕ: 89683-52349