For the best experience, open
https://m.punjabitribuneonline.com
on your mobile browser.
Advertisement

ਹੜ੍ਹਾਂ ਦੇ ਝੰਬੇ ਕਿਸਾਨਾਂ ਦੀ ਹਾਲੇ ਤੱਕ ਲੀਹ ’ਤੇ ਨਹੀਂ ਆਈ ਜ਼ਿੰਦਗੀ

10:14 AM Jul 18, 2024 IST
ਹੜ੍ਹਾਂ ਦੇ ਝੰਬੇ ਕਿਸਾਨਾਂ ਦੀ ਹਾਲੇ ਤੱਕ ਲੀਹ ’ਤੇ ਨਹੀਂ ਆਈ ਜ਼ਿੰਦਗੀ
ਮੁੰਡਾਪਿੰਡ ਵਿੱਚ ਹੜ੍ਹਾਂ ਪ੍ਰਭਾਵਿਤ ਜ਼ਮੀਨਾਂ ਨੂੰ ਪੱਧਰ ਕਰਵਾਉਂਦੇ ਹੋਏ ਕਿਸਾਨ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 17 ਜੁਲਾਈ
ਜ਼ਿਲ੍ਹੇ ਅੰਦਰ ਪਿਛਲੇ ਸਾਲ ਹੜ੍ਹਾਂ ਦੇ ਝੰਬੇ ਕਈ ਕਿਸਾਨਾਂ ਦੀ ਜ਼ਿੰਦਗੀ ਅੱਜ ਤੱਕ ਲੀਹ ’ਤੇ ਨਹੀਂ ਚੜ੍ਹ ਸਕੀ। ਹੜ੍ਹਾਂ ਦੌਰਾਨ ਸਤਲੁਜ ਦਰਿਆ ਵੱਲੋਂ ਖੇਤਾਂ ਵਿੱਚ ਵਿਛਾਈ ਰੇਤ ਕਾਰਨ ਉਹ ਇਸ ਵਾਰ ਵੀ ਸਾਉਣੀ ਦੀ ਫ਼ਸਲ ਨਹੀਂ ਬੀਜ ਸਕੇ| ਜ਼ਿਲ੍ਹੇ ਅੰਦਰ ਲਗਪਗ ਇੱਕ ਹਜ਼ਾਰ ਦੇ ਕਰੀਬ ਕਿਸਾਨ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਆਪਣੀ ਜ਼ਮੀਨ ਖੇਤੀਯੋਗ ਬਣਾਉਣ ਲਈ ਕਈ ਸਾਲ ਮੁਸ਼ੱਕਤ ਕਰਨੀ ਪਵੇਗੀ। ਹੜ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹੇ ਦੇ ਮੁੰਡਾਪਿੰਡ, ਮੁੱਠਿਆਂਵਾਲਾ ਆਦਿ ਪਿੰਡਾਂ ਦੀ ਕੌੜੀ ਹਕੀਕਤ ਅੱਖੀ ਦੇਖੀ ਜਾ ਸਕਦੀ ਹੈ।
ਮੁੰਡਾਪਿੰਡ ਦੇ ਕਿਸਾਨ ਅੰਗਰੇਜ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ, ਜਸਵੰਤ ਸਿੰਘ, ਪਰਮਜੀਤ ਸਿੰਘ, ਰਘਬੀਰ ਸਿੰਘ ਆਦਿ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚੋਂ ਰੇਤ ਹਟਾਉਣ ਲਈ ਦਸ ਮਹੀਨਿਆਂ ਤੋਂ ਦਿਨ-ਰਾਤ ਜੁਟੇ ਹੋਏ ਹਨ। ਉਹ ਲਗਪਗ ਇੱਕ ਹਜ਼ਾਰ ਏਕੜ ਵਿੱਚੋਂ ਸਿਰਫ਼ ਤਿੰਨ ਸੌ ਏਕੜ ਜ਼ਮੀਨ ਹੀ ਵਾਹੀਯੋਗ ਬਣਾ ਸਕੇ ਹਨ| ਇਨ੍ਹਾਂ ਹੜ੍ਹਾਂ ਮਾਰੇ ਕਿਸਾਨਾਂ ਦੀ ਮਦਦ ਗ਼ੈਰ-ਸਰਕਾਰੀ ਸੰਸਥਾ ‘ਖਾਲਸਾ ਏਡ’ ਵੱਲੋਂ ਵੀ ਕੀਤੀ ਜਾ ਰਹੀ ਹੈ। ਅੰਗਰੇਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੀੜਤ ਵਿੱਚੋਂ ਕਈ ਕਿਸਾਨ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਲਈ ਦਿਹਾੜੀ (ਮਜ਼ਦੂਰੀ) ਕਰਨ ਲਈ ਜਾ ਰਹੇ ਹਨ| ਇਸ ਦੇ ਨਾਲ ਹੀ ਇਲਾਕੇ ਦੇ ਪਿੰਡ ਗੁੱਜਰਪੁਰਾ, ਭੈਲ ਢਾਏਵਾਲਾ, ਜੌਹਲ ਢਾਏਵਾਲਾ, ਕਰਮੂੰਵਾਲਾ, ਧੁੰਦਾ ਆਦਿ ਪਿੰਡਾਂ ਦੇ ਕੋਈ 600 ਦੇ ਕਰੀਬ ਕਿਸਾਨ ਪਰਿਵਾਰ ਅਜਿਹੀ ਹੀ ਮਾਰ ਝੱਲ ਰਹੇ ਹਨ| ਹਿੰਦ-ਪਾਕਿ ਸਰਹੱਦ ਦੇ ਐਨ ਉਰੇ ਪਿੰਡ ਮੁੱਠਿਆਂਵਾਲਾ ਦੇ ਗੁਰਦੁਆਰਾ ਗੁਰਪਸਰ ਸਾਹਿਬ ਨੇੜੇ ਧੁੱਸੀ ਬੰਨ੍ਹ ਤੋਂ ਪਾਰ ਸਤਲੁਜ ਦਰਿਆ ਨੇ 50 ਏਕੜ ਜ਼ਮੀਨ ਤਬਾਹ ਕਰ ਦਿੱਤੀ।
ਹੜ੍ਹਾਂ ਦੌਰਾਨ ਦਰਿਆ ਨੇ ਕਿਸਾਨ ਬਲਦੇਵ ਸਿੰਘ ਦੀ ਸੱਤ ਏਕੜ ਜ਼ਮੀਨ ਨੂੰ ਜਿੱਥੇ ਛੇ-ਛੇ ਫੁੱਟ ਉੱਚੀ ਰੇਤ ਨਾਲ ਭਰ ਦਿੱਤਾ, ਉਥੇ ਉਸ ਦੀ ਜ਼ਮੀਨ ਦੇ ਐਨ ਵਿਚਕਾਰ ਤੋਂ ਦਰਿਆ ਨੇ ਖੁਦ ਹੀ ਰਾਹ ਬਣਾ ਲਿਆ ਹੈ| ਇਸ 50 ਏਕੜ ਜ਼ਮੀਨ ਦੇ ਮਾਲਕ ਬਲਦੇਵ ਸਿੰਘ ਤੋਂ ਇਲਾਵਾ ਹੋਰ ਮਾਲਕ ਕਿਸਾਨਾਂ ਬਲਵਿੰਦਰ ਸਿੰਘ ਤੇ ਅੰਗਰੇਜ ਸਿੰਘ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਮੀਨ ਨੂੰ ਠੀਕ ਕਰਨ ਦਾ ਵਿਚਾਰ ਛੱਡ ਦਿੱਤਾ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਰਿਆ ਦੇ ਖ਼ਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਲੱਖਾਂ ਰੁਪਏ ਉਧਾਰ ਲੈ ਕੇ ਖੇਤ ਪੱਧਰ ਕਰਨ ਦਾ ਵਿਚਾਰ ਵੀ ਛੱਡ ਦਿੱਤਾ ਹੈ। ਪੀੜਤ ਕਿਸਾਨ ਨਰਿੰਦਰ ਸਿੰਘ, ਅੰਗਰੇਜ ਸਿੰਘ, ਸਰਪੰਚ ਬਲਵਿੰਦਰ ਸਿੰਘ ਮੁੱਠਿਆਂਵਾਲਾ ਆਦਿ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਅੱਜ ਤੱਕ ਕੋਈ ਵਿੱਤੀ ਮਦਦ ਨਹੀਂ ਕੀਤੀ ਅਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਸਾਰ ਲੈਣ ਆਇਆ ਹੈ|

Advertisement

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 21 ਕਰੋੜ ਤੋਂ ਵੱਧ ਦਾ ਮੁਆਵਜ਼ਾ ਦਿੱਤਾ: ਡੀਸੀ

ਇਸ ਸਬੰਧੀ ਸੰਪਰਕ ਕਰਨ ’ਤੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਪੀੜਤ ਕਿਸਾਨ ਦੀ ਪ੍ਰਭਾਵਿਤ 31,766. 29 ਏਕੜ ਜ਼ਮੀਨ ਲਈ 21.60 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ| ਉਨ੍ਹਾਂ ਕਿਹਾ ਕਿ ਖ਼ਰਾਬ ਜ਼ਮੀਨ ਲਈ ਮੁਆਵਜ਼ਾ ਮੰਗੇ ਜਾਣ ਦੀ ਸੂਰਤ ਵਿੱਚ ਉਹ ਕਿਸਾਨ ਦੀ ਮੰਗ ਸਰਕਾਰ ਤੱਕ ਪਹੁੰਚਾਉਣਗੇ|

Advertisement
Author Image

joginder kumar

View all posts

Advertisement
Advertisement
×