ਰਿਹਾਇਸ਼ੀ ਖੇਤਰ ਨੇੜੇ ਹੱਡਾਰੋੜੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਜੁਲਾਈ
ਇੱਥੇ ਨੌਧਰਾਣੀ ਰੇਲਵੇ ਫਾਟਕ ਦੇ ਇੱਕ ਪਾਸੇ ਬਣੀ ਹੱਡਾਰੋੜੀ ਅਤੇ ਦੂਜੇ ਪਾਸੇ ਸੀਵਰੇਜ ਦੇ ਗੰਦੇ ਪਾਣੀ ਕਾਰਨ ਗਲੀ ’ਚ ਬਣੇ ਛੱਪੜ ਨੇ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦੋਵੇਂ ਨਗਰਾਂ ਦੇ ਵਸਨੀਕਾਂ ਵੱਲੋਂ ਇਹ ਦੋਵੇਂ ਮਸਲੇ ਵਿਧਾਇਕ, ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਹੋਣ ਦੇ ਬਾਵਜੂਦ ਵੀ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਨਹੀਂ ਮਿਲ ਰਹੀ। ਮੁਹੱਲਾ ਨਿਵਾਸੀ ਅਤੇ ਮੁਲਾਜ਼ਮਾਂ ਦੇ ਸੂਬਾਈ ਆਗੂ ਰਣਜੀਤ ਸਿੰਘ ਰਾਣਵਾਂ, ਮਹਿੰਦਰ ਸਿੰਘ, ਲਾਲ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਗੋਲੂ, ਰੋਸਾ ਖਾਂ, ਅਜੇ ਕੁਮਾਰ ਅਤੇ ਸੰਜੇ ਕੁਮਾਰ ਨੇ ਦੱਸਿਆ ਕਿ ਹੱਡਾਰੋੜੀ ਸਿਰਫ਼ ਗੋਬਿੰਦ ਨਗਰ ਅਤੇ ਗਾਂਧੀ ਨਗਰ ਦੇ ਰਿਹਾਇਸ਼ੀ ਖੇਤਰ ਦੇ ਨੇੜੇ ਹੀ ਨਹੀਂ ਸਗੋਂ ਹਲਕਾ ਅਮਰਗੜ੍ਹ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਮਾਲੇਰਕੋਟਲਾ ਸਥਿਤ ਸਕੂਲ ਤੋਂ ਮਹਿਜ਼ 100-150 ਗਜ਼ ਦੀ ਦੂਰੀ ’ਤੇ ਹੈ। ਹੱਡਾਰੋੜੀ ’ਚੋਂ ਬਦਬੂ ਕਾਰਨ ਸਕੂਲ ’ਚ ਪੜ੍ਹਦੇ ਵਿਦਿਆਰਥੀਆਂ ਦੀ ਸਿਹਤ ਤੇ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁਹੱਲੇ ਦੀ ਸੀਵਰੇਜ ਲਾਈਨ ਓਵਰਫ਼ਲੋਅ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਵਿੱਚ ਛੱਪੜ ਦਾ ਰੂਪ ਧਾਰਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਹੱਡਾਰੋੜੀ ਨੂੰ ਤੁਰੰਤ ਰਿਹਾੲਸ਼ੀ ਖੇਤਰ ਤੋਂ ਦੂਰ ਤਬਦੀਲ ਨਾ ਕੀਤਾ ਗਿਆ ਤਾਂ ਮੁਹੱਲਾ ਵਾਸੀ ਪਰਿਵਾਰਾਂ ਸਮੇਤ ਹੱਡਾਰੋੜੀ ’ਚੋਂ ਮੁਰਦਾ ਪਸ਼ੂਆਂ ਦੇ ਪਿੰਜਰ ਤੇ ਹੱਡ ਚੁੱਕ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਢੇਰ ਲਾਉਣ ਨੂੰ ਮਜਬੂਰ ਹੋਣਗੇ। ਨਗਰ ਕੌਂਸਲ ਦੀ ਪ੍ਰਧਾਨ ਨਸਰੀਨ ਅਸ਼ਰਫ਼ ਅਬਦੁੱਲਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਰਿਹਾਇਸ਼ੀ ਖੇਤਰ ਤੋਂ ਦੂਰ ਹੱਡਾਰੋੜੀ ਲਈ ਜ਼ਮੀਨ ਖ਼ਰੀਦੀ ਜਾ ਰਹੀ ਹੈ ਜਲਦੀ ਹੀ ਹੱਡਾਰੋੜੀ ਰਿਹਾਇਸ਼ੀ ਖੇਤਰ ਤੋਂ ਦੂਰ ਤਬਦੀਲ ਕਰ ਦਿੱਤੀ ਜਾਵੇਗੀ ਅਤੇ ਗੋਬਿੰਦ ਨਗਰ ਦੀ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦਾ ਕਰਵਾ ਦਿੱਤਾ ਜਾਵੇਗਾ।