ਦਰੱਖ਼ਤ ਵੱਢਣ ਦੇ ਹੁਕਮ ਦੇ ਰਹੇ ਨੇ ਉਪ ਰਾਜਪਾਲ: ਕੱਕੜ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਜੁਲਾਈ
ਆਮ ਆਦਮੀ ਪਾਰਟੀ ਦੀ ਤਰਜਮਾਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਇਕ ਪਾਸੇ ਕੇਜਰੀਵਾਲ ਸਰਕਾਰ ਰੁੱਖ ਲਗਾ ਕੇ ਹਵਾ ਪ੍ਰਦੂਸ਼ਣ ਘਟਾ ਰਹੀ ਹੈ ਅਤੇ ਦੂਜੇ ਪਾਸੇ ਦਿੱਲੀ ਦੇ ਉਪ ਰਾਜਪਾਲ ਬਿਨਾਂ ਮਨਜ਼ੂਰੀ ਦਰੱਖਤਾਂ ਦੀ ਕਟਾਈ ਕਰਨ ਦੇ ਕਥਿਤ ਹੁਕਮ ਦੇ ਰਹੇ ਹਨ। ਇਸ ਤਰ੍ਹਾਂ ਦਰੱਖ਼ਤਾਂ ਦੀ ਕਟਾਈ ਨਾਲ ਦਿੱਲੀ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਉਪਰ ਮਾੜਾ ਆਸਰ ਪਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਵਾ ਨੂੰ ਸਾਫ਼ ਕਰਨ ਲਈ ਸਰਕਾਰ ਨੇ ਉਦਯੋਗ ਨੂੰ ਪੀਐੱਨਜੀ ਵਿੱਚ ਤਬਦੀਲ ਕੀਤਾ ਹੈ। 1800 ਈ-ਬੱਸਾਂ ਚਲਾਈਆਂ ਅਤੇ 24 ਘੰਟੇ ਬਿਜਲੀ ਦਿੱਤੀ ਤਾਂ ਜੋ ਪ੍ਰਦੂਸ਼ਣ ਕੰਟਰੋਲ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਈਵੀ ਨੀਤੀ ਤਹਿਤ ਸਬਸਿਡੀ ਦੇ ਰਹੀ ਹੈ। ਦਿੱਲੀ ਵਿੱਚ 1800 ਚਾਰਜਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਕਰਕੇ ਅੱਜ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਵਾਹਨ ਦਿੱਲੀ ਵਿੱਚ ਹਨ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਕਰੋੜਾਂ ਰੁੱਖ ਲਗਾ ਕੇ ਦਿੱਲੀ ਦੀ ਹਰਿਆਲੀ ਨੂੰ 23 ਫੀਸਦੀ ਤੋਂ ਵਧ ਕੀਤਾ ਹੈ। ਬੁਲਾਰੇ ਨੇ ਦਾਅਵਾ ਕੀਤਾ ਕਿ ਸਰਕਾਰ ਦਿੱਲੀ ਦੇ ਸ਼ਾਸਤਰੀ ਪਾਰਕ, ਆਈਟੀਓ, ਮੁਖਮੇਲਪੁਰ, ਸ਼ਿਕਾਰਪੁਰ, ਆਯਾ ਨਗਰ ਅਤੇ ਜੌਨਾਪੁਰ ਵਿੱਚ ਸ਼ਹਿਰੀ ਜੰਗਲਾਂ (ਸਿਟੀ ਫਾਰੇਸਟ) ਦਾ ਵਿਕਾਸ ਕਰ ਰਹੀ ਹੈ। ਇਹ ਸਿਟੀ ਜੰਗਲ ਦਿੱਲੀ ਦੇ ਫੈਫੜੇ ਮੰਨੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੁਦ ਕਹਿੰਦੀ ਹੈ ਕਿ ਇੱਕ ਪਰਿਪੱਕ ਰੁੱਖ ਸਾਲਾਨਾ 22 ਕਿਲੋ ਕਾਰਬਨ ਡਾਈਆਕਸਾਈਡ ਸੋਖ ਲੈਂਦਾ ਹੈ ਅਤੇ ਦੋ ਵਿਅਕਤੀਆਂ ਦੀਆਂ ਆਕਸੀਜਨ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਉਨ੍ਹਾਂ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਐੱਲਜੀ ਨੇ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਅਤੇ ਰਿਜ ਖੇਤਰ ਵਿੱਚ 1100 ਦਰੱਖ਼ਤਾਂ ਦੀ ਕਟਾਈ ਦੇ ਮਾਮਲੇ ਵਿੱਚ ਭਾਜਪਾ ਨੇ ਦਿੱਲੀ ਦੇ ਲੋਕਾਂ ਨੂੰ ਕਈ ਦਿਨਾਂ ਤੱਕ ਗੁਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਐੱਲਜੀ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਸਰਮਾਏਦਾਰ ਦੋਸਤ ਨੂੰ ਫਾਇਦਾ ਪਹੁੰਚਾਉਣ ਲਈ ਉਸ ਨੇ ਰਿਜ ਖੇਤਰ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਰੱਖ਼ਤ ਕੱਟਣ ਦੇ ਨਿਰਦੇਸ਼ ਦਿੱਤੇ ਸਨ।