ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿੱਠੀ

06:09 AM Jul 18, 2023 IST

ਡਾ. ਅਮਨਦੀਪ ਰਾਜੌਰੀ

ਚਿੱਠੀ ਸ਼ਬਦ ਲਿਖਦਿਆਂ ਹੀ ਮਨ ਅੰਦਰ ਅਜਿਹਾ ਯੁੱਗ ਸਿਰਜਿਆ ਜਾਂਦਾ ਹੈ ਜਿਸ ਦੀ ਅੱਜ ਦੀ ਨੌਜਵਾਨ ਪੀੜ੍ਹੀ ਕਲਪਨਾ ਵੀ ਨਹੀਂ ਕਰ ਸਕਦੀ। ਮਨ ਵਿਚ ਉਠੇ ਵਲਵਲੇ, ਇੱਕ ਦੂਜੇ ਪ੍ਰਤੀ ਅਪਣੱਤ ਦੀ ਭਾਵਨਾ ਜਾਂ ਉਹ ਗੁੰਝਲਦਾਰ ਬੁਝਾਰਤਾਂ ਜੋ ਕੋਈ ਸਾਹਮਣੇ ਪ੍ਰਗਟ ਨਹੀਂ ਕਰ ਸਕਦਾ ਸੀ, ਚਿੱਠੀ ਰਾਹੀਂ ਸਹਿਜੇ ਹੀ ਲਿਖ ਕੇ ਮਨ ਸ਼ਾਂਤ ਕਰ ਲੈਂਦਾ।
ਜਿਸ ਦੌਰ ਵਿਚ ਚਿੱਠੀ ਇੱਕ ਦੂਜੇ ਦਾ ਹਾਲ-ਚਾਲ, ਦੁੱਖ-ਸੁੱਖ ਜਾਣਨ ਦਾ ਮੁੱਖ ਸ੍ਰੋਤ ਸੀ, ਉਹ ਦੌਰ ਹੁਣ ਲੰਘ ਗਿਆ ਹੈ। ਆਪਸੀ ਰਿਸ਼ਤੇ ਚਿੱਠੀ ਨਾਲ ਇੰਨੇ ਬੱਝੇ ਹੋਏ ਸੀ ਕਿ ਪਿੰਡ ’ਚ ਡਾਕੀਆ ਆਉਣ ਨਾਲ ਵੱਖਰੀ ਜਿਹੀ ਖ਼ੁਸ਼ੀ ਹੁੰਦੀ ਸੀ। ਆਪਣਿਆਂ ਦੀ ਜਾਣਕਾਰੀ ਲੈਣ ਲਈ ਬੜੀ ਉਤਸੁਕਤਾ ਨਾਲ ਡਾਈਏ ਦਾ ਇਤਜ਼ਾਰ ਰਹਿੰਦਾ। ਫਿਰ ਚਿੱਠੀ ਪ੍ਰਾਪਤ ਹੋਣ ’ਤੇ ਸਾਰੇ ਟੱਬਰ ਦਾ ਇੱਕ ਜਗ੍ਹਾ ਬੈਠ ਕੇ ਚਿੱਠੀ ਸੁਣਨਾ, ਦੁੱਖ-ਸੁੱਖ ਤੇ ਹੋਰ ਕੰਮ-ਕਾਰ ’ਤੇ ਚੁੰਝ ਚਰਚਾ ਕਰਨੀ ਆਮ ਗੱਲ ਹੁੰਦੀ ਸੀ। ਚਿੱਠੀ ਇੱਕ ਜਣਾ ਪੜ੍ਹਦਾ, ਬਾਕੀ ਸਾਰੇ ਉਤਸੁਕਤਾ ਦੇ ਵਹਿਣ ਵਿਚ ਵਹਿ ਕੇ ਚਿੱਠੀ ਦੇ ਸ਼ਬਦਾਂ ’ਚ ਆਪੋ-ਆਪਣੇ ਚਿਹਰਿਆਂ ਦੇ ਹਾਵ-ਭਾਵ ਬਦਲਦੇ। ਚਿੱਠੀ ਵਿਚ ਗਿਲੇ-ਸ਼ਿਕਵੇ ਵੀ ਪੜ੍ਹਨ ਸੁਣਨ ਨੂੰ ਮਿਲਦੇ। ਜਦੋਂ ਕਿਸੇ ਪਰਿਵਾਰਕ ਜੀਅ ਦਾ ਨਾਮ ਚਿੱਠੀ ਵਿਚ ਨਾ ਲਿਖਿਆ ਹੁੰਦਾ ਤਾਂ ਉਹ ਜਵਾਬੀ ਚਿੱਠੀ ਵਿਚ ਇਸ ਗੱਲ ਦਾ ਗਿਲਾ ਵੀ ਕਰਦਾ। ਉਦਾਸੀ, ਗ਼ਮੀ, ਖ਼ੁਸ਼ੀ, ਭਾਵ ਹਰ ਖ਼ਬਰ ਦਾ ਜ਼ਰੀਆ ਚਿੱਠੀ ਸੀ। ਜਿਸ ਘਰ ਵਿਚ ਕੋਈ ਪੜ੍ਹਿਆ ਲਿਖਿਆ ਨਾ ਹੁੰਦਾ, ਉਹ ਡਾਕੀਏ ਦਾ ਤਰਲਾ ਮਿੰਨਤ ਕਰ ਲੈਂਦਾ ਤੇ ਚਿੱਠੀ ਸੁਣ ਲੈਂਦਾ।
ਚਿੱਠੀ ਦਾ ਇਤਿਹਾਸ ਬਹੁਤ ਲੰਮਾ ਹੈ। ਇਹ ਜਿੰਨਾ ਲੰਮਾ ਹੈ, ਓਨਾ ਹੀ ਰੌਚਿਕ ਤੇ ਔਕੜਾਂ ਭਰਪੂਰ ਹੈ। ਬਹੁਤ ਪੁਰਾਣੇ ਸਮਿਆਂ ਵਿਚ ਲੋਕ ਇੱਕ ਦੂਸਰੇ ਨੂੰ ਸੰਦੇਸ਼ ਭੇਜਣ ਲਈ ਕਬੂਤਰਾਂ ਦਾ ਸਹਾਰਾ ਲੈਂਦੇ ਸਨ ਪਰ ਸਮਾਂ ਬਦਲਣ ਨਾਲ ਫਿਰ ਇਹ ਕੰਮ ਰਾਹਗੀਰਾਂ ਕੋਲੋਂ ਲਿਆ ਜਾਣ ਲੱਗਾ। ਰਾਹਗੀਰ ਇੱਕ ਪਿੰਡ ਤੋਂ ਦੂਸਰੇ ਪਿੰਡ ਪੈਦਲ ਚੱਲ ਕੇ ਚਿੱਠੀਆਂ ਦਿੰਦੇ ਰਹੇ। ਇਸ ਦੌਰ ਵਿਚ ਰਾਜੇ-ਮਹਾਰਾਜੇ ਸੰਦੇਸ਼ ਦੂਸਰੀਆਂ ਰਿਆਸਤਾਂ ਨੂੰ ਭੇਜਣ ਲਈ ਘੋੜ ਸਵਾਰਾਂ ਤੋਂ ਕੰਮ ਲੈਣ ਲੱਗ ਪਏ। ਰਾਹਗੀਰਾਂ ਦੇ ਪੈਦਲ ਚਿੱਠੀ ਪੱਤਰ ਰਾਹੀ ਸੰਦੇਸ਼ ਪਹੁੰਚਣ ਦੇ ਮੁਕਾਬਲੇ ਘੋੜ ਸਵਾਰ ਰਾਹੀਂ ਸੰਦੇਸ਼ ਪਹੁੰਚਾਉਣ ਵਾਲਾ ਕੰਮ ਜਲਦੀ ਹੋ ਜਾਂਦਾ।
18ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਨੇ ਆਪਣੀਆਂ ਆਰਥਿਕ ਤੇ ਰਾਜਨੀਤਕ ਜ਼ਰੂਰਤਾਂ ਦੀ ਪੂਰਤੀ ਲਈ ਭਾਰਤ ਅੰਦਰ ਕੋਲਕਾਤਾ, ਚੇਨਈ, ਮੁੰਬਈ ਆਦਿ ਵਿਚ ਆਪਣੇ ਡਾਕਖਾਨੇ ਖੋਲ੍ਹੇ। ਭਾਰਤ ਵਿਚ ਪਹਿਲਾ ਡਾਕਖਾਨਾ ਕੋਲਕਾਤਾ ਵਿਚ ਖੋਲ੍ਹਿਆ ਗਿਆ। ਵਾਰੇਨ ਹੇਸਟਿੰਗਜ਼ ਨੇ 31 ਮਾਰਚ 1774 ਨੂੰ ਭਾਰਤ ਦੇ ਆਮ ਲੋਕਾਂ ਲਈ ਡਾਕ ਸੇਵਾ ਦਾ ਕੰਮ ਸ਼ੁਰੂ ਕਰਵਾਇਆ। ਇਸ ਨੂੰ ਅਸੀਂ ਇਤਿਹਾਸਕ ਕਾਰਜ ਕਹਿ ਸਕਦੇ ਹਾਂ। ਈਸਟ ਇੰਡੀਆ ਕੰਪਨੀ ਨੇ 1837 ਵਿਚ ਡਾਕ ਨਿਯਮ ਲਾਗੂ ਕੀਤੇ ਜਿਸ ਦੇ ਫਲਸਰੂਪ ਸਰਵ ਭਾਰਤੀ ਡਾਕ ਸੇਵਾ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋਇਆ। 1837 ਤੋਂ ਬਾਅਦ 1854 ਵਿਚ ਦੂਸਰਾ ਐਕਟ ਲਿਆਂਦਾ ਗਿਆ ਜਿਸ ਤਹਿਤ ਡਾਕਘਰਾਂ ਨੂੰ ਪੂਰੀ ਤਰ੍ਹਾ ਸੁਧਾਰ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਡਾਕਘਰ ਅਤੇ ਤਾਰਘਰਾਂ ਦਾ ਬਰਾਬਰ ਦਾ ਵਿਕਾਸ ਹੋਣ ਲੱਗਾ। ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂਆਤ ਸਮੇਂ ਦੋਵਾਂ ਵਿਭਾਗਾਂ ਨੂੰ ਮਿਲਾ ਦਿੱਤਾ ਗਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਡਾਕਘਰਾਂ ਦੀ ਜ਼ਿੰਮੇਵਾਰ ਖ਼ੁਦ ਸੰਭਾਲੀ।
ਕਬੂਤਰਾਂ, ਰਾਹਗੀਰਾਂ ਅਤੇ ਘੋੜ ਸਵਾਰਾਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਡਾਕ ਵੰਡਣ ਲਈ ਬੱਸਾਂ, ਰੇਲਾਂ, ਹਵਾਈ ਜਹਾਜ਼ਾਂ, ਸਮੁੰਦਰੀ ਜਹਾਜ਼ਾਂ ਤੱਤਕ ਪੁੱਜ ਗਿਆ ਹੈ। ਭਾਰਤ ਸਰਕਾਰ ਨੇ ਡਾਕਘਰਾਂ ਨੂੰ ਡਾਕ ਤਾਰਾਂ ਤੱਕ ਸੀਮਤ ਨਹੀਂ ਰਖਿਆ ਬਲਕਿ ਹੁਣ ਤਾਂ ਲੋਕ ਕਲਿਆਣ ਦੀਆਂ ਅਨੇਕਾਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਹ ਡਾਕਘਰ ਹੀ ਹਨ ਜਿੱਥੋਂ ਮਨੀਆਰਡਰ, ਛੋਟੀਆਂ ਬੱਚਤ ਯੋਜਨਾਵਾਂ, ਜੀਵਨ ਬੀਮਾ ਸਮੇਤ ਈ-ਮੇਲ ਵਰਗੀਆਂ ਸੇਵਾਵਾਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਮੌਜੂਦਾ ਡਾਕਘਰ ਜੋ ਚਿੱਠੀ ਨੂੰ ਲੈ ਕੇ ਹੋਂਦ ਵਿਚ ਆਏ ਸਨ, ਅੱਜ ਦੇ ਦੌਰ ਵਿਚ ‘ਚਿੱਠੀ’ ਡਾਕਘਰਾਂ ’ਚੋਂ ਗਾਇਬ ਹੋ ਗਈ ਹੈ। ਅਸਲ ਵਿਚ ਜੋ ਸੰਦੇਸ਼ ਚਿੱਠੀ ਰਾਹੀਂ ਦਨਿ, ਹਫਤੇ, ਮਹੀਨੇ ਵਿਚ ਮਿਲਦੇ ਸਨ, ਉਹ ਹੁਣ ਮੋਬਾਈਲ ਫੋਨ ਰਾਹੀਂ ਸਕਿੰਟਾਂ ਵਿਚ ਹੀ ਪ੍ਰਾਪਤ ਹੋ ਜਾਂਦੇ ਹਨ। ਉਂਝ ਤਾਂ ਹਰ ਦੌਰ ਉੱਨਤੀ ਕਰਨ ਨਾਲ ਕੁਝ ਨਾ ਕੁਝ ਖ਼ਤਮ ਕਰ ਜਾਂਦਾ ਹੈ ਪਰ ਅਜੋਕੇ ਦੌਰ ਵਿਚ ਮੋਬਾਈਲ ਫੋਨ ਤਾਂ ਚਿੱਠੀ ਨੂੰ ਖਾ ਹੀ ਗਿਆ ਹੈ।
ਸੰਪਰਕ: 94191-71191

Advertisement

Advertisement
Tags :
ਚਿੱਠੀ