ਵਿਧਾਨਪਾਲਿਕਾ ਨੇ ਨਿਰਭਯਾ ਕਾਂਡ ਤੋਂ ਸਬਕ ਨਹੀਂ ਸਿੱਖਿਆ
ਇੰਦੌਰ, 17 ਸਤੰਬਰ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਇੰਦੌਰ ਵਿੱਚ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹੀਆਂ ਅਪਰਾਧਕ ਘਟਨਾਵਾਂ ਵਿੱਚ ਸ਼ਾਮਲ ਨਾਬਾਲਗਾਂ ਨਾਲ ‘ਕਾਫੀ ਨਰਮ ਰਵੱਈਆ’ ਅਪਣਾਇਆ ਜਾ ਰਿਹਾ ਹੈ ਅਤੇ ਵਿਧਾਨ ਪਾਲਿਕਾ ਨੇ 2012 ਦੇ ਨਿਰਭਯਾ ਕਾਂਡ ਤੋਂ ਹਾਲੇ ਤੱਕ ਕੋਈ ਸਬਕ ਨਹੀਂ ਸਿੱਖਿਆ।
ਹਾਈ ਕੋਰਟ ਦੇ ਜੱਜ ਸੁਬੋਧ ਅਭਿਅੰਕਰ ਨੇ ਬੱਚੀ ਨਾਲ ਜਬਰ-ਜਨਾਹ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਸਖ਼ਤ ਲਹਿਜ਼ੇ ਵਿੱਚ ਇਹ ਗੱਲ ਆਖੀ। ਇਹ ਪਟੀਸ਼ਨ ਮਾਮਲੇ ਵਿੱਚ ਦੋਸ਼ੀ ਠਹਿਰਾਏ ਵਿਅਕਤੀ ਦੇ ਪਿਤਾ ਨੇ ਦਾਇਰ ਕੀਤੀ ਸੀ। ਦੋਸ਼ੀ 2017 ਵਿੱਚ ਜਬਰ-ਜਨਾਹ ਦੀ ਘਟਨਾ ਸਮੇਂ 17 ਸਾਲ ਦਾ ਸੀ। ਉਹ ਸਜ਼ਾ ਸੁਣਾਏ ਜਾਣ ਤੋਂ ਛੇ ਮਹੀਨੇ ਮਗਰੋਂ 2019 ਵਿੱਚ ਸੱਤ ਹੋਰ ਲੜਕਿਆਂ ਨਾਲ ਬਾਲ ਸੁਧਾਰ-ਘਰ ’ਚੋਂ ਫ਼ਰਾਰ ਹੋ ਗਿਆ ਸੀ।
ਹਾਈ ਕੋਰਟ ਦੀ ਇੰਦੌਰ ਬੈਂਚ ਨੇ ਇਸ ਘਟਨਾ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ, ‘ਅਦਾਲਤ ਇੱਕ ਵਾਰ ਫਿਰ ਇਹ ਦੇਖ ਕੇ ਦੁਖੀ ਹੈ ਕਿ ਇਸ ਦੇਸ਼ ਵਿੱਚ ਨਾਬਾਲਗਾਂ ਨਾਲ ਕਾਫ਼ੀ ਨਰਮ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਵਿਧਾਨਪਾਲਿਕਾ ਨੇ ਨਿਰਭਯਾ ਕਾਂਡ ਦੀ ਭਿਆਨਕਤਾ ਤੋਂ ਹਾਲੇ ਵੀ ਕੋਈ ਸਬਕ ਨਹੀਂ ਲਿਆ। ਇਹ ਅਜਿਹੇ ਅਪਰਾਧਾਂ ਤੋਂ ਪੀੜਤ ਲੋਕਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ।’
ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹਾਲਾਂਕਿ ਸੰਵਿਧਾਨਿਕ ਅਦਾਲਤਾਂ ਵੱਲੋਂ ਵਾਰ-ਵਾਰ ਆਵਾਜ਼ ਚੁੱਕੀ ਜਾ ਰਹੀ ਹੈ ਪਰ ਪੀੜਤਾਂ ਲਈ ਨਿਰਾਸ਼ਾ ਦੀ ਗੱਲ ਹੈ ਕਿ ਨਿਰਭਯਾ ਕਾਂਡ ਦੇ ਦਹਾਕੇ ਮਗਰੋਂ ਵੀ ਵਿਧਾਨਪਾਲਿਕਾ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। -ਪੀਟੀਆਈ