ਵਿਧਾਇਕ ਤੇ ਕੌਂਸਲਰ ਨੇ ਇਕੋ ਕਾਰਜ ਦੀ ਵੱਖੋ-ਵੱਖਰੀ ਸ਼ੁਰੂਆਤ ਕਰਵਾਈ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 10 ਦਸੰਬਰ
ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ ਛੇ ਅਧੀਨ ਪੈਂਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੀਆਂ ਕਰੀਬ ਦਸ ਗਲੀਆਂ ਨੂੰ ਜੋੜਦੀਆਂ ਦੋ ਮੁੱਖ ਸੜਕਾਂ ਦੇ ਅਧੂਰੇ ਛੱਡੇ ਨਿਰਮਾਣ ਕਾਰਜ ਦੀ ਦੋ ਦਿਨਾਂ ’ਚ ਵਿਧਾਇਕ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਅਤੇ ਵਾਰਡ ਨੰਬਰ ਛੇ ਦੇ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਨੇ ਇੱਕੋ ਹੀ ਥਾਂ ’ਤੇ ਵੱਖੋ ਵੱਖਰੇ ਤੌਰ ’ਤੇ ਮੁੜ ਸ਼ੁਰੂਆਤ ਕਰਵਾਈ। ਦੱਸਣਯੋਗ ਹੈ ਕਿ ਉਕਤ ਵਾਰਡ ਅਧੀਨ ਜੁਝਾਰ ਸਿੰਘ ਨਗਰ ਦੀਆਂ ਦੋਵੇਂ ਮੁੱਖ ਸੜਕਾਂ ਦੀ ਮੁਰੰਮਤ ਦਾ ਟੈਂਡਰ ਅਤੇ ਵਰਕ ਆਰਡਰ ਪਾਸ ਹੋਣ ਉਪਰੰਤ ਠੇਕੇਦਾਰ ਨੇ ਕਰੀਬ ਡੇਢ ਮਹੀਨਾ ਪਹਿਲਾਂ ਦੋਵੇਂ ਸੜਕਾਂ ਪੁੱਟ ਕੇ ਕੰਮ ਸ਼ੁਰੂ ਵੀ ਕਰ ਦਿੱਤਾ ਸੀ।
ਠੇਕੇਦਾਰ ਵੱਲੋਂ ਇੱਕ ਸੜਕ ਦੀ ਕਰੀਬ ਸੌ ਫੁੱਟ ਸੜਕ ਬਣਾਉਣ ਉਪਰੰਤ ਹੀ ਕੰਮ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ ਅਨੁਸਾਰ ਠੇਕੇਦਾਰ ਨੂੰ ਲੇਬਰ ਦੀ ਸਮੱਸਿਆ ਆਉਣ ਕਾਰਨ ਤੇ ਕਿਸੇ ਨਿੱਜੀ ਰੁਝੇਵੇਂ ਕਾਰਨ ਸੜਕਾਂ ਦਾ ਕੰਮ ਰੋਕਣਾ ਪੈ ਗਿਆ ਸੀ। ਸੜਕ ਦਾ ਕੰਮ ਮੁੜ ਸ਼ੁਰੂ ਕਰਵਾਉਣ ਲਈ ਜੁਝਾਰ ਸਿੰਘ ਨਗਰ ਵਾਸੀਆਂ ਦੇ ਵਫ਼ਦ ਨੇ ਪੰਜ ਦਸੰਬਰ ਨੂੰ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਡਾ. ਪੱਲਵੀ ਨੂੰ ਮਿਲ ਕੇ ਸੜਕ ਦੇ ਅਧੂਰੇ ਪਏ ਕੰਮ ਨੂੰ ਮੁੜ ਸ਼ੁਰੂ ਕਰਵਉਣ ਲਈ ਮੰਗ ਪੱਤਰ ਦਿੱਤਾ ਸੀ। ਇਸ ਦੌਰਾਨ ਹੀ 9 ਦਸੰਬਰ ਨੂੰ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ 32 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਨੇਪਰੇ ਚੜ੍ਹਨ ਵਾਲੇ ਕੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਨੂੰ ਬਗੈਰ ਕਿਸੇ ਪੱਖਪਾਤ ਦੇ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।
ਅੱਜ ਵਾਰਡ ਦੇ ਕੌਂਸਲਰ ਕਾਮਰੇਡ ਮੁਹੰਮਦ ਇਸਮਾਈਲ ਨੇ ਉਸੇ ਥਾਂ ’ਤੇ ਹੀ ਟੱਕ ਲਾ ਕੇ ਸੜਕ ਬਣਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸਿਆਸੀ ਕਾਰਨਾਂ ਕਰਕੇ ਉਸ ਦੇ ਵਾਰਡ ਦਾ ਕੰਮ ਰੋਕ ਦਿੱਤਾ ਗਿਆ ਸੀ ਜਿਸ ਸਬੰਧੀ ਉਹ ਮੁਹੱਲਾ ਵਾਸੀਆਂ ਦਾ ਵਫ਼ਦ ਲੈ ਕੇ ਪੰਜ ਦਸੰਬਰ ਨੂੰ ਡਿਪਟੀ ਕਮਿਸ਼ਨਰ ਡਾ. ਪੱਲਵੀ ਨੂੰ ਮਿਲਿਆ ਸੀ। ਡਿਪਟੀ ਕਮਿਸ਼ਨਰ ਦੇ ਯਤਨਾਂ ਸਦਕਾ ਇਸ ਸੜਕ ਦਾ ਕੰਮ ਮੁੜ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਮਾਸਟਰ ਮੇਲਾ ਸਿੰਘ ਨੇ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਮੁਹੰਮਦ ਇਸਮਾਈਲ ਦਾ ਧੰਨਵਾਦ ਕੀਤਾ ਗਿਆ।