ਮਾਲੀ ਦੀ ਰਿਹਾਈ ਲਈ ਜੇਲ੍ਹ ਦੇ ਬਾਹਰ ਡਟੇ ਜਥੇਬੰਦੀਆਂ ਦੇ ਆਗੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਸਤੰਬਰ
ਮਨੁੱਖੀ ਅਧਿਕਾਰਾਂ ਦੇ ਹਾਮੀ, ਚਿੰਤਕ ਅਤੇ ਬੁੱਧੀਜੀਵੀ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਅੱਜ ਇਥੋਂ ਦੀ ਕੇਂਦਰੀ ਜੇਲ੍ਹ ਬਾਹਰ ਧਰਨਾ ਦਿੱਤਾ ਗਿਆ। ਇਹ ਧਰਨਾ ਰਾਜਸੀ ਮਾਹਰ ਡਾ. ਪਿਆਰੇ ਲਾਲ ਗਰਗ ਦੇ ਸੱਦੇ ’ਤੇ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਰਾਜਨੀਤਕ, ਕਿਸਾਨ, ਧਾਰਮਿਕ, ਸਮਾਜਿਕ ਅਤੇ ਜਨਤਕ ਖੇਤਰਾਂ ਦੇ ਆਗੂਆਂ ਸਣੇ ਆਮ ਲੋਕਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਦੇ ਭਰਾ ਰਣਜੀਤ ਗਰੇਵਾਲ ਰਾਹੀਂ ਮਾਲੀ ਨੂੰ ਜ਼ਮਾਨਤ ਨਾ ਕਰਵਾਉਣ ਦਾ ਸੁਨੇਹਾ ਵੀ ਭੇਜਿਆ ਗਿਆ ਅਤੇ ਬਿਨਾਂ ਸ਼ਰਤ ਰਿਹਾਈ ਯਕੀਨੀ ਬਣਾਉਣ ਦਾ ਅਹਿਦ ਲਿਆ। ਉਧਰ ਇੱਕ ਮੰਚ ’ਤੇ ਇਕੱਤਰ ਹੋਏ ਵੱਖ ਵੱਖ ਵਰਗਾਂ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਦਾ ਕਹਿਣਾ ਸੀ ਕਿ ਇਹ ਸਰਕਾਰ ਹਰ ਪੱਖ ਤੋਂ ਫੇਲ੍ਹ ਹੈ ਤੇ ਇਸ ਕਦਰ ਬੁਖਲਾਈ ਹੋਈ ਹੈ ਕਿ ਆਪਣੇ ਖਿਲਾਫ਼ ਸੱਚ ਸੁਣਨ ਤੋਂ ਵੀ ਇਨਕਾਰੀ ਹੈ। ਮਾਲੀ ਦੀ ਗ੍ਰਿਫਤਾਰੀ ਨੂੰ ਇਸੇ ਹੀ ਕੜੀ ਦਾ ਹਿੱੱਸਾ ਦੱਸਦਿਆਂ ਉਨ੍ਹਾਂ ਕਿਹਾ ਕਿ ਮਾਲੀ ਵਿਰੁੱਧ ਕਾਰਵਾਈ ਲੋਕਾਂ ਦੀ ਆਵਾਜ਼ ਨੂੰ ਦਬਾਉਣ ਕਰ ਕੇ ਕੀਤੀ ਗਈ ਹੈ ਜਿਸ ਦਾ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਕਿਸੇ ਹੋਰ ਨੂੰ ਅਜਿਹੀ ਕਾਰਵਾਈ ਦਾ ਸ਼ਿਕਾਰ ਨਾ ਹੋਣਾ ਪਵੇ। ਇਸ ਮੌਕੇ ਸਮੂਹ ਧਿਰਾਂ ਨੇ ਐਲਾਨ ਕੀਤਾ ਕਿ ਉਹ ਮਾਲੀ ਦੀ ਬਿਨਾਂ ਸ਼ਰਤ ਰਿਹਾਈ ਯਕੀਨੀ ਬਣਾਉਣਗੇ। ਇਸ ਮੌਕੇ ਡਾ. ਧਰਮਵੀਰ ਗਾਂਧੀ, ਸੁਖਪਾਲ ਖਹਿਰਾ, ਡਾ. ਪਿਆਰੇ ਲਾਲ ਗਰਗ, ਰਛਪਾਲ ਜੌੜਾਮਾਜਰਾ, ਜਗਦੇਵ ਸਿੰਘ ਕਮਾਲੂ, ਹਰਿੰਦਰਪਾਲ ਟੌਹੜਾ, ਕੁੱਕੀ ਗਿੱਲ, ਜਗਜੀਤ ਕੋਹਲੀ, ਡਾ.ਦਰਸ਼ਨ ਪਾਲ, ਰੁਲ਼ਦੂ ਸਿੰਘ ਮਾਨਸਾ, ਨਛੱਤਰ ਭੁਟਾਲ, ਰਣਜੀਤ ਗਰੇਵਾਲ, ਅਵਤਾਰ ਕੌਰਜੀਵਾਲ਼ਾ, ਬਲਰਾਜ ਜੋਸ਼ੀ, ਗੁਲਜ਼ਾਰ ਘਨੌਰ, ਵਿਧੂ ਸ਼ੇਖਰ ਭਾਰਦਵਾਜ, ਸੁਖਦਰਸ਼ਨ ਨੱਤ, ਅਜਾਇਬ ਸਿੰਘ ਟਿਵਾਣਾ, ਮੋਹਣ ਸਿੰਘ ਭੇਡਪੁਰਾ, ਮਨਜੀਤ ਚਾਹਲ, ਸ਼ਰਨਜੀਤ ਜੋਗੀਪੁਰ, ਬਿੱਟੂ ਰਾਠੀਆਂ, ਪ੍ਰਿੰਸੀਪਲ ਸੁੱਚਾ ਸਿੰਘ, ਫਲਜੀਤ ਸਿੰਘ, ਜਰਨੈਲ ਕਰਤਾਰਪੁਰ, ਭੁਪਿੰਦਰ ਸ਼ੇਖੂਪੁਰ, ਸੁਖਜੀਤ ਕੌਰ ਲਚਕਾਣੀ, ਸੰਦੀਪ ਪਾਠਕ, ਰਾਜਿੰਦਰ ਕੌਰ ਮੀਮਸਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ।