ਵਪਾਰ ਮੰਡਲ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੁਲਾਕਾਤ
ਪਵਨ ਕੁਮਾਰ ਵਰਮਾ
ਧੂਰੀ, 10 ਦਸੰਬਰ
ਵਪਾਰ ਮੰਡਲ ਪੰਜਾਬ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਮੁਲਾਕਾਤ ਕਰਦਿਆਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਦਿਆਂ ਵਪਾਰੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪ੍ਰਵਾਨ ਕਰਦਿਆਂ ਵਪਾਰੀ ਵਰਗ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਐਡਵੋਕੇਟ ਰਾਜੇਸ਼ਵਰ ਚੌਧਰੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਜਨਰਲ ਸਕੱਤਰ ਹੰਸ ਰਾਜ ਬਜਾਜ, ਚੇਅਰਮੈਨ ਜਤਿੰਦਰ ਸਿੰਘ ਸੋਨੀ ਮੰਡੇਰ, ਅਭਿਨਵ ਗੋਇਲ ਨਵੀ ਅਤੇ ਜ਼ਿਲ੍ਹਾ ਸਕੱਤਰ ਰਜਨੀਸ਼ ਗਰਗ ਮਿੰਟੂ ਨੇ ਦੱਸਿਆ ਕਿ ਪੰਜਾਬ ਵਿੱਚ ‘ਪੰਜਾਬ ਡਿਵੈਲਪਮੈਂਟ ਫੰਡ’ ਲਾਇਆ ਗਿਆ ਹੈ, ਜੋ ਇਨਕਮ ਟੈਕਸ ਰਿਟਰਨ ਵਾਲੇ ਹਰ ਵਪਾਰੀ ਉਪਰ ਥੋਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਵੀ ਵਪਾਰੀ ਆਪਣੀ ਕੋਈ ਵੀ ਪ੍ਰਾਪਰਟੀ ਨੂੰ ਬੈਂਕ ਪਾਸ ਗਹਿਣੇ ਰੱਖਕੇ ਬੈਂਕ ਤੋਂ ਲੋਨ ਜਾਂ ਲਿਮਟ ਲੈਂਦਾ ਹੈ ਤਾਂ ਮਾਲ ਵਿਭਾਗ ਵੱਲੋਂ 0.50 ਫੀਸਦੀ ਸਟੈਂਪ ਡਿਊਟੀ ਵਸੂਲੀ ਜਾ ਰਹੀ ਹੈ। ਉਨ੍ਹਾਂ ਇਹ ਫ਼ੀਸ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਸ਼ਹਿਰੀ ਪ੍ਰਾਪਰਟੀਆਂ ’ਤੇ ਥੋਪੇ ਗਏ ਪ੍ਰਾਪਰਟੀ ਟੈਕਸ ਵਿੱਚ ਹੁੰਦੇ ਹਰ ਸਾਲ ਵਾਧੇ ਨੂੰ ਵਪਾਰੀਆਂ ਨਾਲ ਧੱਕਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਪ੍ਰਾਪਰਟੀ ਟੈਕਸ ਦੀ ਦਰ ਘਟਾਈ ਜਾਵੇ ਅਤੇ ਇਨ੍ਹਾਂ ਵਿੱਚ ਹਰ ਸਾਲ ਵਾਧਾ ਨਾ ਕੀਤਾ ਜਾਵੇ।
ਉਨ੍ਹਾਂ ਬਿਜਲੀ ਯੂਨਿਟਾਂ ਨੂੰ ਮੁੜ 5 ਰੁਪਏ ਪ੍ਰਤੀ ਯੂਨਿਟ ਦੀ ਮੰਗ ਕਰਦਿਆਂ ਕਿਸੇ ਵੀ ਵਪਾਰੀ ਦਾ ਅੱਗ ਲੱਗਣ ਕਾਰਨ ਹੁੰਦੇ ਨੁਕਸਾਨ ਦੀ ਤੁਰੰਤ ਭਰਪਾਈ ਦੀ ਮੰਗ ਕਰਦਿਆਂ ਧੂਰੀ ਵਿੱਚ ਪਿਛਲੇ ਸਮੇਂ ਵਾਪਰੀਆਂ ਅਗਜ਼ਨੀ ਘਟਨਾਂ ਦੇ ਪੀੜਤ ਵਪਾਰੀਆਂ ਨੂੰ ਮਾਲੀ ਸਹਾਇਤਾ ਦੇਣ ਦੀ ਮੰਗ ਕੀਤੀ।
ਪੱਤਰਕਾਰਾਂ ਨੇ ਮੰਗ ਪੱਤਰ ਸੌਂਪਿਆ
ਧੂਰੀ (ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ): ਪ੍ਰੈੱਸ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਪ੍ਰਧਾਨ ਐਡਵੋਕੇਟ ਰਾਜੇਸ਼ਵਰ ਚੌਧਰੀ ਅਤੇ ਪ੍ਰੈੱਸ ਟਰੱਸਟ ਪੰਜਾਬ ਦੇ ਪ੍ਰਧਾਨ ਮਨੋਹਰ ਸਿੰਘ ਸੱਗੂ ਤੇ ਉਪ ਚੇਅਰਮੈਨ ਹਰਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਮੁਲਾਕਾਤ ਕਰਦਿਆਂ ਮੰਗ ਪੱਤਰ ਸੌਂਪਿਆ। ਪੱਤਰਕਾਰ ਆਗੂਆਂ ਨੇ ਜਿੱਥੇ ਜਥੇਬੰਦੀ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦੀ ਮੰਗ ਕੀਤੀ, ਉੱਥੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਹੋਰਨਾਂ ਸੂਬਿਆਂ ਵਾਂਗ ਪੱਤਰਕਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ, ਐਕਸੀਡੈਂਟਲ ਬੀਮਾ 5 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰਨ, ਪੀਲਾ ਕਾਰਡ ਧਾਰਕਾਂ ਨੂੰ ਮੁਫ਼ਤ ਬੱਸ ਪਾਸ ਸੁਵਿਧਾ ਦੇਣ, ਕੇਂਦਰ ਨਾਲ ਰਾਬਤਾ ਕਰ ਕੇ ਪੰਜਾਬ ਸਰਕਾਰ ਦੀ ਤਰਜ਼ ’ਤੇ ਨੈਸ਼ਨਲ ਟੌਲ ਪਲਾਜ਼ਿਆਂ ’ਤੇ ਟੌਲ ਤੋਂ ਛੋਟ ਦੇਣ, ਪੰਜਾਬ ਪ੍ਰੈੱਸ ਭਲਾਈ ਬੋਰਡ ਸਥਾਪਤ ਕਰ ਕੇ ਪੱਤਰਕਾਰ ਜਥੇਬੰਦੀਆਂ ਦੇ ਨੁਮਾਇੰਦੇ ਨਾਮਜ਼ਦ ਕਰਨ, ਪੰਜਾਬ ਮੀਡੀਆ ਕਮਿਸ਼ਨ ਦਾ ਗਠਨ ਕਰਕੇ ਪੱਤਰਕਾਰਾਂ ਨੂੰ ਨੁਮਾਇੰਦਗੀ ਦੇਣ, ਫੀਲਡ ਪੱਤਰਕਾਰਾਂ ਨੂੰ ਰਿਆਇਤੀ ਰੇਲ ਸਫ਼ਰ ਦੇਣ, ਪੀਜੀਆਈ ਵਰਗੇ ਵੱਡੇ ਹਸਪਤਾਲਾਂ ਵਿੱਚ ਇਲਾਜ ਪਹਿਲ ਦੇ ਆਧਾਰ ’ਤੇ ਕਰਨ, ਪੱਤਰਕਾਰਾਂ ਨੂੰ ਹੋਰਨਾਂ ਵਰਗਾਂ ਦੀ ਤਰਜ਼ ’ਤੇ 600 ਬਿਜਲੀ ਯੂਨਿਟਾਂ ਤੋਂ ਬਾਅਦ ਬਿਜਲੀ ਖਪਤ ਦਾ ਹੀ ਬਿੱਲ ਵਸੂਲਣ, ਸਰਕਾਰੀ ਰੈਸਟ ਘਰਾਂ ਵਿੱਚ ਠਹਿਰਣ ਅਤੇ 10 ਸਾਲ ਤੋਂ ਜ਼ਿਆਦਾ ਤਜਰਬੇ ਵਾਲੇ ਪੱਤਰਕਾਰਾਂ ਨੂੰ ਮਹੀਨਾਵਾਰ ਮਾਣ ਭੱਤੇ ਦੀ ਮੰਗ ਕੀਤੀ। ਸ੍ਰੀ ਘੁੰਮਣ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਨਗੇ। ਇਸ ਮੌਕੇ ਪੱਤਰਕਾਰ ਗੁਰਦੀਪ ਸਿੰਘ ਲਾਲੀ ਅਤੇ ਬੀਰਬਲ ਰਿਸ਼ੀ ਵੀ ਮੌਜੂਦ ਸਨ।