ਬੀਕੇਯੂ ਲੱਖੋਵਾਲ ਦੇ ਆਗੂਆਂ ਨੇ ਬਰਸਾਤੀ ਡਰੇਨ ਦਾ ਕੰਮ ਰੁਕਵਾਇਆ
ਪੱਤਰ ਪ੍ਰੇਰਕ
ਸਮਰਾਲਾ, 6 ਜੁਲਾਈ
ਸਥਾਨਕ ਪ੍ਰਸ਼ਾਸਨ ਵੱਲੋਂ ਕਿਸਾਨ ਜਥੇਬੰਦੀ ਦੀ ਮੰਗ ’ਤੇ ਸ਼ੁਰੂ ਕੀਤਾ ਗਿਆ ਡਰੇਨ ਦਾ ਕੰਮ ਅੱਜ ਦੂਜੇ ਦਿਨ ਦੂਜੀ ਜਥੇਬੰਦੀ ਦੇ ਵਿਰੋਧ ਕਰਨ ’ਤੇ ਰੋਕ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਗੜੀ ਤੋਂ ਲੈ ਕੇ ਪਿੰਡ ਢੰਡੇ ਤੱਕ ਜਾਂਦੀ ਬਰਸਾਤੀ ਡਰੇਨ ਨੂੰ ਮੁੱਢੋਂ ਬਣਾਉਣ ਦਾ ਕੰਮ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਪਿਆ ਹੋਇਆ ਹੈ। ਅੱਜ ਬੀਕੇਯੂ ਲੱਖੋਵਾਲ ਨੇ ਡਰੇਨ ਦਾ ਕੰਮ ਰੋਕਦੇ ਹੋਏ ਸਥਾਨਕ ਪ੍ਰਸ਼ਾਸਨ ਨੂੰ ਦਲੀਲਾਂ ਦਿੱਤੀਆਂ ਕਿ ਇੱਥੇ ਹੁਣ ਡਰੇਨ ਦਾ ਕੋਈ ਕੰਮ ਨਹੀਂ ਹੈ ਜੇਕਰ ਡਰੇਨ ਬਣਦਾ ਹੈ ਤਾਂ ਇਸ ਦਾ ਕਿਸਾਨਾਂ ਨੂੰ ਫ਼ਾਇਦਾ ਨਹੀਂ ਬਲਕਿ ਨੁਕਸਾਨ ਹੋਵੇਗਾ।
ਇਸ ਕੰਮ ਦਾ ਵਿਰੋਧ ਕਰਦੇ ਕਿਸਾਨਾਂ ਦੀ ਅਗਵਾਈ ਕਰਦਿਆਂ ਪਰਮਿੰਦਰ ਸਿੰਘ ਪਾਲਮਾਜਰਾ ਨੇ ਕਿਹਾ ਕਿ ਇੱਥੇ ਕਦੇ ਵੀ ਨਾ ਪਾਣੀ ਦੀ ਸਮੱਸਿਆ ਆਈ ਹੈ ਨਾ ਹੀ ਹੜ੍ਹਾਂ ਦੀ, ਪਿਛਲੇ 50 ਸਾਲਾਂ ਤੋਂ ਇਹ ਡਰੇਨ ਬੰਦ ਪਈ ਹੈ ਅਤੇ ਅੱਜ ਵੀ ਇਸ ਦੀ ਕੋੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਅੱਜ ਦਾ ਕੰਮ ਰੋਕ ਕੇ ਉਨ੍ਹਾਂ ਦੀ ਅਪੀਲ ਨੂੰ ਸੁਣਿਆ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜਥੇਬੰਦੀ ਦੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਅਤੇ ਮਨਜੀਤ ਸਿੰਘ ਢੀਂਡਸਾਂ ਸਣੇ ਹੋਰ ਵੀ ਆਗੂ ਹਾਜ਼ਰ ਸਨ।
ਪ੍ਰਸ਼ਾਸਨ ਆਪਣਾ ਕੰਮ ਕਾਨੂੰਨ ਮੁਤਾਬਕ ਕਰ ਰਿਹੈ: ਗਿਆਸਪੁਰਾ
ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਸਮਰਾਲਾ ਪ੍ਰਸ਼ਾਸਨ ਡਰੇਨ ਦੇ ਮਾਮਲੇ ’ਚ ਸਹੀ ਤੇ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰੋਸਾ ਹੈ ਕਿ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਜਦੋਂ ਵੀ ਹੜ੍ਹਾਂ ਦੀ ਸਥਿਤੀ ਬਣੀ ਹੈ, ਇਸ ਡਰੇਨ ਦੀ ਲੋੜ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਲੋਕਾਂ ਦੇ ਭਲੇ ਲਈ ਇਹ ਕਾਰਜ ਨੇਪਰੇ ਚੜ੍ਹਨਾ ਚਾਹੀਦਾ ਹੈ।
ਭਲਕੇ ਮੀਟਿੰਗ ’ਚ ਹੋਵੇਗਾ ਫ਼ੈਸਲਾ: ਕੁਮਾਰ
ਸਮਰਾਲਾ ਦੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਨੇ ਕਿਹਾ ਕਿ ਡਰੇਨ ਦਾ ਕੰਮ ਕਾਨੂੰਨ ਮੁਤਾਬਕ ਸਹੀ ਚੱਲ ਰਿਹਾ ਹੈ ਪਰ ਬੀਕੇਯੂ ਲੱਖੋਵਾਲ ਦੇ ਵਿਰੋਧ ਕਰਨ ’ਤੇ ਇਹ ਕੰਮ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਦੁਪਹਿਰ ਤਿੰਨ ਵਜੇ ਐੱਸਡੀਐੱਮ ਰਜਨੀਸ਼ ਅਰੋੜਾ ਵੱਲੋਂ ਦੋਵਾਂ ਧਿਰਾਂ ਦੇ ਪੱਖ ਸੁਣੇ ਜਾਣਗੇ| ਉਸ ਤੋਂ ਬਾਅਦ ਹੀ ਪ੍ਰਸ਼ਾਸਨ ਵੱਲੋਂ ਅਗਲਾ ਕਦਮ ਪੁੱਟਿਆ ਜਾਵੇਗਾ|