ਵਕੀਲਾਂ ਨੇ ਹੜਤਾਲ ਕਰਕੇ ਇਨਸਾਫ਼ ਮੰਗਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਨਵੰਬਰ
ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਉਸ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਸ਼ਹਿਰ ਦੇ ਵਕੀਲ ਗਗਨਪ੍ਰੀਤ ਸਿੰਘ ਦੇ ਹੱਕ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਖੜ੍ਹੀ ਹੋ ਗਈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅੱਜ ਇੱਕ ਰੋਜ਼ਾ ਹੜਤਾਲ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਦੀ ਅਗਵਾਈ ਹੇਠ ਵਕੀਲ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੂੰ ਮਿਲਣ ਪੁੱਜੇ। ਉਨ੍ਹਾਂ ਇਸ ਸਬੰਧੀ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਵਕੀਲਾਂ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਗਗਨਪ੍ਰੀਤ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤਾਂ ਉਸ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਵਾਪਸ ਲੈ ਲਿਆ ਜਾਵੇਗਾ, ਜਿਸ ਤੋਂ ਬਾਅਦ ਵਕੀਲ ਬਾਹਰ ਆ ਗਏ ਅਤੇ ਉਨ੍ਹਾਂ ਮੰਗਲਵਾਰ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਦੱਸਿਆ ਕਿ ਵਕੀਲ ਗਗਨਪ੍ਰੀਤ ਖ਼ਿਲਾਫ਼ ਕੇਸ ਗ਼ਲਤ ਦਰਜ ਕੀਤਾ ਗਿਆ ਹੈ। ਜਿਸ ਦਿਨ ਇਹ ਵਾਰਦਾਤ ਹੋਈ ਉਸ ਦਿਨ ਗਗਨਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਇੱਕ ਪਰਿਵਾਰਕ ਸਮਾਗਮ ਵਿੱਚ ਸੀ। ਉਸ ਨੂੰ ਇਸ ਵਾਰਦਾਤ ਬਾਰੇ ਬਾਅਦ ਵਿੱਚ ਪਤਾ ਲੱਗਾ, ਜਿਸ ਦੇ ਸਾਰੇ ਸਬੂਤ ਪੁਲੀਸ ਕਮਿਸ਼ਨਰ ਨੂੰ ਦੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਿੰਕਲ ਖ਼ਿਲਾਫ਼ ਕੁਝ ਕੇਸ ਦਰਜ ਹਨ। ਦੂਜੇ ਪਾਸੇ ਤੋਂ ਵਕੀਲ ਗਗਨਪ੍ਰੀਤ ਲੜ ਰਹੇ ਹਨ, ਜਿਸ ਕਾਰਨ ਪ੍ਰਿੰਕਲ ਦੀ ਉਨ੍ਹਾਂ ਨਾਲ ਰੰਜਿਸ਼ ਸੀ। ਉਨ੍ਹਾਂ ਕਿਹਾ ਕਿ ਗਗਨਪ੍ਰੀਤ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਹ ਵੀ ਪ੍ਰਿੰਕਲ ਖਿਲਾਫ ਕੇਸ ਲੜਦਾ। ਉਨ੍ਹਾਂ ਕਿਹਾ ਕਿ ਪੁਲੀਸ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਵੀ ਬੇਕਸੂਰ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਵੇਗੀ। ਪੁਲੀਸ ਜਾਂਚ ਮਗਰੋਂ ਹੀ ਕੋਈ ਕਾਰਵਾਈ ਕਰੇਗੀ।
ਗੈਂਗਸਟਰ ਨਾਨੂ ਦੇ ਸਾਥੀ ਆਕਾਸ਼ ਤੋਂ ਪੁੱਛ ਪੜਤਾਲ ਜਾਰੀ
ਸ਼ਹਿਰ ਦੀ ਪੁਲੀਸ ਇਸ ਮਾਮਲੇ ’ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਿਸ ਵਿੱਚ ਗੈਂਗਸਟਰ ਨਾਨੂ ਵੀ ਸ਼ਾਮਲ ਹੈ। ਹਾਲਾਂਕਿ ਗੈਂਗਸਟਰ ਨਾਨੂ ਨੂੰ ਤਿੰਨ ਗੋਲੀਆਂ ਲੱਗੀਆਂ ਸਨ ਅਤੇ ਉਸ ਦੇ ਸਾਥੀ ਸੁਸ਼ੀਲ ਨੂੰ ਵੀ ਗੋਲੀਆਂ ਲੱਗੀਆਂ ਸਨ। ਦੋਵੇਂ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਹਨ ਜਦੋਂਕਿ ਆਕਾਸ਼ ਨੂੰ ਪੁਲੀਸ ਨੇ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਸੀ। ਆਕਾਸ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਈ ਰਾਜ਼ ਖੋਲ੍ਹੇ ਹਨ। ਪੁਲੀਸ ਨੇ ਮੁਲਜ਼ਮ ਆਕਾਸ਼ ਤੋਂ ਹੋਈ ਪੁੱਛਗਿੱਛ ਦੌਰਾਨ ਕਈ ਸੁਰਾਗ ਮਿਲੇ, ਜਿਸ ਤੋਂ ਬਾਅਦ ਪੁਲੀਸ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ ’ਚ ਨੇ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿਚ ਚਲੇ ਗਏ ਹਨ। ਜਿਸ ਲਈ ਪੁਲੀਸ ਨੇ ਉਕਤ ਰਾਜਾਂ ਦੀ ਪੁਲੀਸ ਨਾਲ ਸੰਪਰਕ ਕੀਤਾ ਹੈ ਤਾਂ ਜੋ ਮੁਲਜ਼ਮਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁਲਜ਼ਮ ਆਕਾਸ਼ ਨੇ ਪੁਲੀਸ ਨੂੰ ਕਾਫੀ ਕੁਝ ਦੱਸਿਆ ਹੈ ਕੀ ਵਾਰਦਾਤ ਦੀ ਯੋਜਨਾ ਕਿਵੇਂ ਬਣਾਈ ਗਈ ਅਤੇ ਹਥਿਆਰ ਕਿੱਥੋਂ ਆਏ।