ਲਤੀਫ਼ਪੁਰਾ ਮਾਮਲਾ ਮੁੜ ਹਾਈ ਕੋਰਟ ਪੁੱਜਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਗਸਤ
ਲਤੀਫ਼ਪੁਰਾ ਵਿੱਚੋਂ ਉਜਾੜੇ ਲੋਕਾਂ ਦੀ ਬਾਂਹ ਸਰਕਾਰ ਵੱਲੋਂ ਨਾ ਫੜਨ ਕਾਰਨ ਪੀੜਤ ਪਰਿਵਾਰ ਅਜੇ ਵੀ ‘ਨੀਲੀ ਛੱਤ’ ਹੇਠ ਰਾਤਾਂ ਗੁਜਾਰਨ ਲਈ ਮਜਬੂਰ ਹਨ। ਪਿਛਲੇ ਸਾਲ ਦਸੰਬਰ ਵਿੱਚ ਲਤੀਫਪੁਰਾ ਦੇ ਤਿੰਨ ਦਰਜਨ ਤੋਂ ਵੱਧ ਘਰਾਂ ਨੂੰ ਸਰਕਾਰੀ ਬੁਲਡੋਜ਼ਰ ਨਾਲ ਮਲੀਆਮੇਟ ਕਰ ਦਿੱਤਾ ਗਿਆ ਸੀ। ਇਹ ਪੰਜਾਬ ਵਿੱਚ ਪਹਿਲੀ ਅਜਿਹੀ ਘਟਨਾ ਸੀ ਜਦੋਂ ਇੱਕੋ ਵੇਲੇ ਵਸਦੇ ਘਰਾਂ ਨੂੰ ਉਜਾੜਿਆ ਗਿਆ ਸੀ ਜਿਹੜੇ ਪਾਕਿਸਤਾਨ ਤੋਂ ਉਜੜ ਕੇ ਆਏ ਸਨ। ਲਤੀਫਪੁਰਾ ਵਿੱਚ ਆਪਣੇ ਹੱਕ ਲਈ ਹਾਅ ਦਾ ਨਾਅਰਾ ਮਾਰਦਿਆਂ ਪੀੜਤਾਂ ਨੇ ਹਾਈ ਕੋਰਟ ਦਾ ਰੁਖ਼ ਕੀਤਾ ਹੈ।
ਸੋਹਣ ਸਿੰਘ ਨਾਮੀਂ ਵਿਅਕਤੀ ਨੇ ਹਾਈ ਕੋਰਟ ਵਿੱਚ ਐਡਵੋਕੇਟ ਬਜਾਜ ਰਾਹੀਂ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਅਦਾਲਤੀ ਹੁਕਮਾਂ ਕਾਰਨ ਇਹ ਘਰ ਢਾਹੇ ਗਏ ਸਨ, ਉਸ ਦਾ ਕੋਈ ਲਾਭ ਪਟੀਸ਼ਨਕਰਤਾਵਾਂ ਨੂੰ ਨਹੀਂ ਹੋਇਆ ਕਿਉਂਕਿ ਉਜਾੜੇ ਗਏ ਘਰਾਂ ਦਾ ਮਲਬਾ ਅਜੇ ਵੀ ਉੱਥੇ ਹੀ ਪਿਆ ਹੈ। ਇਸ ਨਾਲ ਜਿਹੜੀ ਸੜਕ ਹੈ ਉਹ ਬੰਦ ਹੋ ਚੁੱਕੀ ਹੈ। ਇਸ ਮਾਮਲੇ ਸਬੰਧੀ ਅਦਾਲਤ ਨੇ ਪਟੀਸ਼ਨ ’ਤੇ ਅਗਲੀ ਸੁਣਵਾਈ 7 ਨਵੰਬਰ ਦੀ ਤੈਅ ਕੀਤੀ ਹੈ।