For the best experience, open
https://m.punjabitribuneonline.com
on your mobile browser.
Advertisement

ਆਖਰੀ ਜਿੱਤ

08:04 AM Jan 31, 2024 IST
ਆਖਰੀ ਜਿੱਤ
Advertisement

ਅਵਤਾਰ ਐੱਸ. ਸੰਘਾ

Advertisement

ਹਰਭਗਵਾਨ ਸਿੰਘ ਤੇ ਆਗਿਆਕਾਰ ਸਿੰਘ ਆਪਸ ਵਿੱਚ ਸਾਂਢੂ ਸਨ। ਹਰਭਗਵਾਨ ਖੇਤੀਬਾੜੀ ਯੂਨੀਵਰਸਿਟੀ ਤੋਂ 1972 ਵਿੱਚ ਪਲਾਂਟ ਪੈਥੌਲੋਜੀ ਵਿੱਚ ਐੱਮ. ਐੱਸਸੀ. ਦੀ ਪੜ੍ਹਾਈ ਕਰਨ ਉਪਰੰਤ ਉੱਥੇ ਹੀ ਲੈਕਚਰਾਰ ਲੱਗ ਗਿਆ ਸੀ। ਆਗਿਆਕਾਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮਏ ਅਰਥ ਸ਼ਾਸਤਰ ਸੀ ਤੇ ਲਾਗੇ ਦੇ ਇੱਕ ਕਾਲਜ ਵਿੱਚ ਲੈਕਚਰਾਰ ਲੱਗ ਗਿਆ ਸੀ। ਦੋਵੇਂ ਦੁਆਬੇ ਵਿੱਚ ਇੱਕ ਚੰਗੇ ਘਰ ਵਿਆਹੇ ਹੋਏ ਸਨ। ਦੋਹਾਂ ਦੀਆਂ ਘਰਵਾਲੀਆਂ ਹਾਈ ਸਕੂਲਾਂ ਵਿੱਚ ਸਾਇੰਸ ਅਧਿਆਪਕਾਵਾਂ ਸਨ।
ਸਾਲ 1973 ਦੇ ਕਰੀਬ ਆਸਟਰੇਲੀਆ ਦੀ ਵ੍ਹਾਈਟ ਆਸਟਰੇਲੀਆ ਪਾਲਿਸੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਸੀ ਤੇ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਇੱਧਰ ਨੂੰ ਵੀ ਥੋੜ੍ਹਾ ਥੋੜ੍ਹਾ ਪਰਵਾਸ ਸ਼ੁਰੂ ਹੋ ਗਿਆ ਸੀ। ਵੱਧ ਪਰਵਾਸ ਸਹੀ ਮਾਅਨਿਆਂ ਵਿੱਚ 1991 ਤੋਂ ਬਾਅਦ ਸ਼ੁਰੂ ਹੋਇਆ ਸੀ। 1992 ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਾਫ਼ੀ ਲੋਕ ਆਸਟਰੇਲੀਆ ਪਹੁੰਚ ਗਏ ਸਨ। ਬਹੁਤੇ ਪੜ੍ਹੇ ਲਿਖੇ ਉਦੋਂ ਸ਼ਾਇਦ 126 ਇੰਡੀਪੈਂਡੈਂਟ ਕੈਟੇਗਰੀ ਵਿੱਚ ਪੁਆਇੰਟ ਸਿਸਟਮ ਦੇ ਆਧਾਰ ’ਤੇ ਆਏ ਸਨ। ਹਰਭਗਵਾਨ ਵੀ ਇਸ ਸਾਲ ਹੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ ਸੀ। ਆਗਿਆਕਾਰ ਨੇ ਕਦੋਂ ਪਿੱਛੇ ਰਹਿਣਾ ਸੀ? ਉਹ ਵੀ ਤਾਂ ਹਰਭਗਵਾਨ ਦਾ ਸਾਂਢੂ ਸੀ। ਉਸ ਨੇ ਅਰਜ਼ੀ ਪਾਈ ਤੇ ਉਹ ਵੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ। ਸਾਂਢੂ ਆਪਸ ਵਿੱਚ ਘੱਟ ਹੀ ਬੋਲਦੇ ਹੁੰਦੇ ਸਨ। ਹਾਂ, ਭੈਣਾਂ ਇੱਕ ਦੂਜੀ ਨੂੰ ਗੁਰਦੁਆਰੇ ਅਕਸਰ ਮਿਲ ਲੈਂਦੀਆਂ ਸਨ। ਓਪਰਾ ਮੇਲ ਮਿਲਾਪ ਸੀ। ਅੰਦਰਲੀ ਗੱਲ ਸਾਂਢੂ ਤਾਂ ਕਦੀ ਕਰਦੇ ਹੀ ਨਹੀਂ। ਸਰਕਾਰ ਪਰਵਾਸੀ ਨੂੰ ਆਸਟਰੇਲੀਆ ਵਿੱਚ ਪਹੁੰਚਦੇ ਸਾਰ ਸੋਸ਼ਲ ਸਿਕਿਉਰਿਟੀ ਦੇ ਕੁਝ ਪੈਸੇ ਦੇ ਦਿੰਦੀ ਸੀ। ਇਨ੍ਹਾਂ ਨਾਲ ਛੋਟੇ ਘਰ ਦਾ ਕਿਰਾਇਆ ਤੇ ਰੋਟੀ ਦਾ ਖ਼ਰਚਾ ਪੂਰਾ ਹੋ ਜਾਂਦਾ ਸੀ। ਬਾਕੀ ਗੁਰੂ ਘਰ ਵਿੱਚ ਲੰਗਰ ਤਾਂ ਅਤੁੱਟ ਚੱਲਦਾ ਹੀ ਸੀ।
ਦੋਹਾਂ ਸਾਂਢੂਆਂ ਤੇ ਭੈਣਾਂ ਨੇ ਸ਼ੁਰੂ ਵਿੱਚ ਕੋਈ ਨੌਕਰੀ ਲੈਣ ਲਈ ਹੱਥ ਪੈਰ ਮਾਰੇ ਪਰ ਚੱਜ ਨਾਲ ਗੱਲ ਨਾ ਬਣੀ। ਫਿਰ ਦੋਹਾਂ ਟੱਬਰਾਂ ਨੇ ਪੰਜਾਬ ਤੋਂ ਸਿਡਨੀ ਆਏ ਬਾਕੀ ਪੜ੍ਹੇ ਲਿਖੇ ਪਰਵਾਸੀਆਂ ਬਾਰੇ ਪਤਾ ਕੀਤਾ। ਉਨ੍ਹਾਂ ਵਿੱਚੋਂ ਕਈ ਗ੍ਰਿਫਤ ਸ਼ਹਿਰ ਵਿੱਚ ਜਾ ਕੇ ਫ਼ਲ ਸਬਜ਼ੀਆਂ ਤੋੜਨ ਦਾ ਕੰਮ ਕਰਨ ਲੱਗ ਪਏ ਸਨ। ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਹਰਭਗਵਾਨ ਤਾਂ ਪਰਿਵਾਰ ਸਮੇਤ ਗ੍ਰਿਫਤ ਸ਼ਹਿਰ ਚਲਾ ਗਿਆ ਤੇ ਆਗਿਆਕਾਰ ਵੂਲਗੂਲਗਾ ਪਹੁੰਚ ਗਿਆ। ਪੰਜ ਛੇ ਮਹੀਨੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਇਨ੍ਹਾਂ ਕੋਲ ਗੁਜ਼ਾਰੇ ਜੋਗੇ ਪੈਸੇ ਹੋਣੇ ਸ਼ੁਰੂ ਹੋ ਗਏ। ਫਿਰ ਇਨ੍ਹਾਂ ਦੇ ਸਿਡਨੀ ਵੱਲ ਨੂੰ ਆਉਣ ਲਈ ਅੰਗ ਫਰਕਣ ਲੱਗ ਪਏ। ਹਰਭਗਵਾਨ ਨੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਲਈ ਅਰਜ਼ੀ ਲਾਈ ਤਾਂ ਕੰਮ ਆਸਾਨੀ ਨਾਲ ਬਣ ਗਿਆ ਤੇ ਉਹ ਇਸ ਨੌਕਰੀ ’ਤੇ ਲੱਗ ਗਿਆ। ਬੱਚੇ ਸਕੂਲਾਂ ਵਿੱਚ ਦਾਖਲ ਕਰਾ ਦਿੱਤੇ ਤੇ ਜ਼ਿੰਦਗੀ ਦੀ ਗੱਡੀ ਸੋਹਣੀ ਰਿੜ੍ਹ ਪਈ। ਸਕੂਲਾਂ ਵਿੱਚ ਪੀਆਰ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਨਹੀਂ ਸੀ। ਆਗਿਆਕਾਰ ਤੇ ਉਸ ਦੀ ਘਰਵਾਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੇ ਸਿਕਿਉਰਿਟੀ ਦਾ ਕੋਰਸ ਕੀਤਾ ਤੇ ਉਹ ਏਅਰਪੋਰਟ ’ਤੇ ਸਿਕਿਉਰਿਟੀ ਗਾਰਡ ਲੱਗ ਗਿਆ। ਉਸ ਦੀ ਘਰਵਾਲੀ ਪਰਮਦੀਪ ਕੌਰ ਡਾਕਖਾਨੇ ਵਿੱਚ ਮੇਲ ਸੌਰਟਰ ਲੱਗ ਗਈ। ਹਰਭਗਵਾਨ ਦੀ ਘਰਵਾਲੀ ਗੁਰਮੀਤ ਕੌਰ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਚੁਣੀ ਗਈ ਸੀ।
ਹੁਣ ਦੋਹਾਂ ਪਰਿਵਾਰਾਂ ਦਾ ਰੋਜ਼ ਦਾ ਕੰਮ ਇੱਕ ਦੂਜੇ ਬਾਰੇ ਸੂਹਾਂ ਲੈਣਾ ਸੀ। ਦੌੜ ਇਹ ਲੱਗੀ ਰਹਿੰਦੀ ਸੀ ਕਿ ਅੱਗੇ ਕੌਣ ਨਿਕਲਦਾ ਏ। ਦੋਹਾਂ ਪਰਿਵਾਰਾਂ ਦੇ ਚਾਰ ਹੀ ਪ੍ਰੋਢ ਜੀਆਂ ਦਾ ਸਾਰਾ ਜ਼ੋਰ ਵਧੀਆ ਤੋਂ ਵਧੀਆ ਰਿਜ਼ਿਯੂਮ ਤਿਆਰ ਕਰਨ ’ਤੇ ਲੱਗਾ ਰਹਿੰਦਾ ਸੀ। ਆਪਣੇ ਤੋਂ ਪਹਿਲਾਂ ਇਨ੍ਹਾਂ ਨੌਕਰੀਆਂ ’ਤੇ ਕੰਮ ਕਰਦੇ ਕਰਮਚਾਰੀਆਂ ਦੀ ਸਲਾਹ ਲੈਣੀ ਇਨ੍ਹਾਂ ਦਾ ਦੂਜਾ ਕੰਮ ਸੀ। ਯੂਨਿਟਾਂ ਰੂਪੀ ਛੋਟੇ ਘਰ ਦੋਹਾਂ ਪਰਿਵਾਰਾਂ ਨੇ ਨੌਕਰੀਆਂ ਮਿਲਦੇ ਸਾਰ ਹੀ ਖ਼ਰੀਦ ਲਏ ਸਨ। ਪੇਅ ਸਲਿਪ ਭਾਵੇਂ ਮਿੱਟੀ ਦੀ ਹੀ ਕਿਉਂ ਨਾ ਹੋਵੇ, ਕਰਜ਼ਾ ਲੈਣ ਵਿੱਚ ਜਾਦੂ ਦਾ ਕੰਮ ਕਰਦੀ ਹੈ। ਚਾਰਾਂ ਜੀਆਂ ਦਾ ਹੀ ਸ਼ਿਫਟ ਵਰਕ ਸੀ। ਬੱਚੇ ਤਾਂ ਆਏ ਹੀ ਕੁਝ ਵੱਡੇ ਹੋ ਕੇ ਸਨ। ਉਹ ਖ਼ੁਦ ਹੀ ਤਿਆਰ ਹੋ ਕੇ ਸਕੂਲਾਂ ਨੂੰ ਚਲੇ ਜਾਇਆ ਕਰਦੇ ਸਨ। ਬੱਚਿਆਂ ਦੀ ਚੋਣਵੇਂ ਸਕੂਲਾਂ ਵਿੱਚ ਜਾਣ ਦੀ ਉਮਰ ਪਹਿਲਾਂ ਹੀ ਲੰਘ ਚੁੱਕੀ ਸੀ। ਵੈਸੇ ਵੀ ਜੇ ਲੋਕ ਲੇਟ ਉਮਰ ਵਿੱਚ ਬਾਹਰ ਨੂੰ ਆਉਂਦੇ ਹਨ ਤਾਂ ਉਨ੍ਹਾਂ ਲਈ ਇੱਥੋਂ ਦੇ ਸਰਕਾਰੀ ਸਕੂਲ ਵੀ ਭਾਰਤ ਦੇ ਸਭ ਕਿਸਮ ਦੇ ਸਕੂਲਾਂ ਤੋਂ ਉੱਪਰ ਲੱਗਦੇ ਹਨ।
ਭਾਰਤੀ ਅਕਸਰ ਇਹੀ ਦੇਖਦੇ ਹਨ ਕਿ ਬੱਚਾ ਅੰਗਰੇਜ਼ੀ ਕਿੱਥੇ ਵੱਧ ਬੋਲਦਾ ਏ। ਜਦ ਬੱਚੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਆ ਗਏ ਤਾਂ ਪੜ੍ਹਾਈ ਦੇ ਮਿਆਰ ਵੱਲ ਪੰਜਾਬੀ ਘੱਟ ਹੀ ਧਿਆਨ ਦਿੰਦੇ ਹਨ। ਪੰਜਾਬੀਆਂ ਲਈ ਪਟਰ ਪਟਰ ਅੰਗਰੇਜ਼ੀ ਬੋਲਣਾ ਹੀ ਸਭ ਤੋਂ ਵੱਡੀ ਯੋਗਤਾ ਹੈ। ਹਰਭਗਵਾਨ ਦੇ ਮੁੰਡੇ ਜਸਰਾਜ ਦਾ ਨਾਮ ਹੁਣ ਜੇਸਨ ਚੱਲਦਾ ਸੀ। ਕੁੜੀ ਜਸਕਿਰਨ ਕੌਰ ਦਾ ਗੋਰਿਆਂ ਜਿਹਾ ਨਾਮ ਜੈਸਿਕਾ ਚੱਲਦਾ ਸੀ। ਆਗਿਆਕਾਰ ਦੀ ਲੜਕੀ ਕੁਲਵਿੰਦਰ ਦਾ ਛੋਟਾ ਨਾਮ ਕਾਇਲੀ ਤੇ ਮੁੰਡੇ ਹਰਪ੍ਰੀਤ ਦਾ ਛੋਟਾ ਨਾਮ ਹੈਰੀ ਚੱਲਦਾ ਸੀ।
ਆਗਿਆਕਾਰ ਦੀ ਹਰ ਸਮੇਂ ਇਹੀ ਕੋਸ਼ਿਸ਼ ਸੀ ਕਿ ਰੇਲਵੇ ਦੇ ਸਟੇਸ਼ਨ ਅਟੈਂਡੈਂਟ ਦੀ ਨੌਕਰੀ ਤੱਕ ਪਹੁੰਚੇ। ਗਾਰਡ ਤੱਕ ਪਹੁੰਚਣਾ ਅਜੇ ਦੂਰ ਦੀ ਗੱਲ ਲੱਗਦੀ ਸੀ। ਦੋ ਕੁ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਇਹ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਹਰਭਗਵਾਨ ਉਸ ਤੋਂ ਅੱਗੇ ਹੀ ਰਹਿਣਾ ਚਾਹੁੰਦਾ ਸੀ। ਉਸ ਨੇ ਗਾਰਡ ਦੀ ਨੌਕਰੀ ਦੀ ਦੋ ਕੁ ਵਾਰ ਕੋਸ਼ਿਸ਼ ਕੀਤੀ। ਆਖਰ ਉਹ ਬਣ ਗਿਆ। ਆਗਿਆਕਾਰ ਹੁਣ ਗਾਰਡ ਬਣਨ ਲਈ ਤਰਲੋ ਮੱਛੀ ਸੀ ਤੇ ਹਰਭਗਵਾਨ ਟਰੇਨ ਡਰਾਈਵਰ ਬਣਨ ਲਈ ਲੂਹਰੀਆਂ ਲੈਂਦਾ ਸੀ। ਇਹ ਕਸ਼ਮਕਸ਼ ਦੋ ਤਿੰਨ ਸਾਲ ਚੱਲਦੀ ਰਹੀ। ਪਰਮਦੀਪ ਡਾਕਖਾਨੇ ਤੋਂ ਛੁਟਕਾਰਾ ਪਾ ਕੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਬਣ ਕੇ ਓਵਰ ਟਾਈਮ ਲਗਾਉਣ ਨੂੰ ਝੂਰਦੀ ਸੀ ਤੇ ਗੁਰਮੀਤ ਤਾਂ ਹੁਣ ਤਕਰੀਬਨ ਟਰੇਨ ਗਾਰਡ ਬਣਨ ਹੀ ਵਾਲੀ ਸੀ।
ਉੱਧਰ ਬੱਚਿਆਂ ਦੀ ਹੈੱਚ.ਐੱਸ. ਸੀ. ਦੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਤੋਂ ਚੰਗੇ ਨੰਬਰ ਲੈਣ ਦੀ ਦੌੜ ਵੀ ਚੱਲ ਰਹੀ ਸੀ। ਇਨ੍ਹਾਂ ਦਾ ਡਾਕਟਰੀ ਦੀ ਪੜ੍ਹਾਈ ਵੱਲ ਜਾਣਾ ਤਾਂ ਮੁਸ਼ਕਿਲ ਸੀ ਕਿਉਂਕਿ ਇਨ੍ਹਾਂ ਦਾ ਆਧਾਰ ਓਨਾ ਮਜ਼ਬੂਤ ਨਹੀਂ ਸੀ। ਹਰਭਗਵਾਨ ਦੀ ਲੜਕੀ ਫਾਰਮੇਸੀ ਤੱਕ ਪਹੁੰਚ ਗਈ। ਲੜਕਾ ਅਜੇ ਹੈੱਚ.ਐਸ.ਸੀ. ਵਿੱਚ ਹੀ ਸੀ। ਆਗਿਆਕਾਰ ਦਾ ਲੜਕਾ ਬਿਜ਼ਨਸ ਦੀ ਡਿਗਰੀ ਕਰਨ ਲੱਗ ਪਿਆ ਸੀ। ਉਹ ਵੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ। ਉਸ ਨੂੰ ਹਰ ਵੇਲੇ ਇਹ ਤੌਖਲਾ ਸੀ ਕਿ ਹਰਭਗਵਾਨ ਦੀ ਕੁੜੀ ਫਾਰਮੇਸੀ ਵਿੱਚ ਚਲੀ ਗਈ। ਉਹ ਵੀ ਸਿਡਨੀ ਯੂਨੀਵਰਸਿਟੀ ਵਿੱਚ। ਸਿਡਨੀ ਯੂਨੀਵਰਸਿਟੀ ਚੰਗੀਆਂ ਵਿੱਚ ਗਿਣੀ ਜਾਂਦੀ ਸੀ ਤੇ ਵੈਸਟਰਨ ਸਿਡਨੀ ਕੁਝ ਮਾੜੀਆਂ ਵਿੱਚ। ਆਗਿਆਕਾਰ ਦੀ ਕੋਸ਼ਿਸ਼ ਸੀ ਕਿ ਉਸ ਦੀ ਲੜਕੀ ਸਿਡਨੀ ਯੂਨੀਵਰਸਿਟੀ ਵਿੱਚ ਜਾਵੇ ਜਾਂ ਫਿਰ ਯੂ.ਟੀ.ਐੱਸ. ਵਿੱਚ। ਹਰਭਗਵਾਨ ਵੀ ਹਰ ਸਮੇਂ ਆਪਣੇ ਲੜਕੇ ਲਈ ਯੂ.ਟੀ.ਐੱਸ. ਦੀ ਕਲਪਨਾ ਕਰਕੇ ਰੱਖਦਾ ਸੀ ਪਰ ਹੋ ਗਿਆ ਦੋਹਾਂ ਲਈ ਮਾੜਾ। ਦੋਹਾਂ ਦੇ ਦੋਵੇਂ ਛੋਟੇ ਬੱਚੇ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਹੀ ਦਾਖਲਾ ਲੈਣ ਦੇ ਯੋਗ ਹੋ ਸਕੇ। ਇਹ ਮੈਨੂੰ ਯਾਦ ਨਹੀਂ ਉਨ੍ਹਾਂ ਨੇ ਕੀ ਕੀ ਕੋਰਸ ਕੀਤੇ ਸਨ। ਖੈਰ ਚਾਰੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਸੋਹਣੀਆਂ ਨੌਕਰੀਆਂ ’ਤੇ ਲੱਗ ਗਏ। ਜਸਰਾਜ ਉਰਫ਼ ਜੇਸਨ ਨੇ ਇਟੈਲੀਅਨ ਨਾਲ ਵਿਆਹ ਕਰਵਾ ਲਿਆ। ਕਾਇਲੀ ਇੱਕ ਗੋਰੇ ਨਾਲ ਰਹਿਣ ਲਈ ਜ਼ਿੱਦ ਕਰ ਗਈ। ਵਿਆਹਾਂ ਵਾਸਤੇ ਦੋਹਾਂ ਸਾਂਢੂਆਂ ਨੂੰ ਆਪਣੀ ਹਾਰ ਮੰਨਣੀ ਪਈ। ਦੋਹਾਂ ਦੀ ਇੱਛਾ ਸੀ ਕਿ ਬੱਚੇ ਆਪਣੀ ਜਾਤ ਬਰਾਦਰੀ ਵਿੱਚ ਚੰਗੇ ਪਰਿਵਾਰਾਂ ਨਾਲ ਆਪਣਾ ਰਿਸ਼ਤਾ ਗੰਢਣ ਪਰ ਇੱਥੇ ਇਹ ਦੋਵੇਂ ਕਾਮਯਾਬ ਨਾ ਹੋ ਸਕੇ।
ਹੁਣ ਦੋਵਾਂ ਸਾਂਢੂਆਂ ਦੀਆਂ ਉਮਰਾਂ 70 ਦੇ ਕਰੀਬ ਹੋ ਗਈਆਂ ਸਨ। ਨੌਕਰੀਆਂ ਤੋਂ ਦੋਵੇਂ ਸੇਵਾਮੁਕਤ ਹੀ ਨਾ ਹੋਣ। ਸੋਚੀ ਜਾਣ ਜਿਹੜਾ ਸੇਵਾਮੁਕਤ ਹੋਊ ਉਹ ਹਾਰਿਆ ਹੋਇਆ ਸਮਝਿਆ ਜਾਊ ਜਾਂ ਇਹ ਕਹੋ ਕਿ ਡਾਲਰਾਂ ਦੀ ਘਾਟ ਦੋਹਾਂ ਤੋਂ ਹੀ ਨਹੀਂ ਸਹਾਰੀ ਜਾਂਦੀ ਸੀ। ਕੁਝ ਸਾਲ ਪਹਿਲਾਂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਦੋਹਾਂ ਕੋਲ ਸੋਹਣੇ ਘਰ ਸਨ। ਹਰਭਗਵਾਨ ਕੋਲ 5 ਕਮਰਿਆਂ ਵਾਲਾ ਘਰ ਕੁਏਕਰਜ ਹਿੱਲ ਵਿੱਚ ਸੀ। ਉਸ ਨੇ ਦੋ ਕੁ ਘਰ ਹੋਰ ਲੈ ਕੇ ਕਿਰਾਏ ’ਤੇ ਵੀ ਦਿੱਤੇ ਹੋਏ ਸਨ। ਉਹ ਅਜੇ ਬੈਲਾ ਵਿਸਟਾ ਵੱਲ ਨੂੰ ਵਧਣਾ ਚਾਹੁੰਦਾ ਸੀ। ਆਗਿਆਕਾਰ ਅਜੇ ਪਲੰਪਟਨ ਵਿੱਚ ਪੰਜ ਕਮਰਿਆਂ ਦੇ ਘਰ ਵਿੱਚ ਰਹਿੰਦਾ ਸੀ। ਉਹ ਝੂਰਦਾ ਤਾਂ ਬੌਖਮ ਹਿਲ ਵਿੱਚ ਵੱਡਾ ਘਰ ਲੈਣ ਬਾਰੇ ਸੀ ਪਰ ਸਫਲ ਨਹੀਂ ਸੀ ਹੋ ਰਿਹਾ। ਉਸ ਨੇ ਵੈਸੇ ਇੱਕ ਦੋ ਕਮਰਾ ਘਰ ਲੈ ਕੇ ਕਿਰਾਏ ’ਤੇ ਦਿੱਤਾ ਹੋਇਆ ਸੀ। ਦੋਵੇਂ ਸਾਂਢੂਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਨਵਾਂ ਖ਼ਰੀਦਿਆ ਘਰ ਚਾਰ ਕੁ ਸਾਲ ਬਾਅਦ ਵੇਚ ਕੇ ਉਸ ਵਿੱਚੋਂ ਕੁਝ ਨਫਾ ਕਮਾ ਕੇ ਅੱਗੇ ਹੋਰ ਇੱਕ ਘਰ ਲੈ ਲਿਆ ਜਾਵੇ ਤੇ ਉਹ ਕਿਰਾਏ ’ਤੇ ਦੇ ਦਿੱਤਾ ਜਾਵੇ। ਘਰਾਂ ਨੂੰ ਵੇਚ ਵੇਚ ਕੇ ਹਰ ਭਗਵਾਨ ਤਾਂ ਬੈਲਾ ਵਿਸਟਾ ਵਿੱਚ ਕਾਫ਼ੀ ਸ਼ਾਹੀ ਘਰ ਲੈਣ ਵਿੱਚ ਕਾਮਯਾਬ ਹੋ ਗਿਆ ਸੀ ਪਰ ਆਗਿਆਕਾਰ ਪਲੰਪਟਨ ਤੋਂ ਅੱਗੇ ਨਾ ਵਧ ਸਕਿਆ। ਇਸ ਤੋਂ ਬਾਅਦ ਮੇਰਾ ਇਨ੍ਹਾਂ ਪਰਿਵਾਰਾਂ ਨਾਲ ਕਾਫ਼ੀ ਲੰਬਾ ਸਮਾਂ ਨਾਤਾ ਟੁੱਟਿਆ ਰਿਹਾ ਕਿਉਂਕਿ ਮੈਂ ਦੂਸਰੇ ਦੇਸ਼ ਚਲਾ ਗਿਆ ਸਾਂ।
***
ਪਿਛਲੇ ਸਾਲ ਵਿਸਾਖੀ ਦੇ ਮੇਲੇ ’ਤੇ ਲੋਕਾਂ ਦਾ ਕਾਫ਼ੀ ਇਕੱਠ ਸੀ। ਮੈਂ ਵੀ ਮੇਲੇ ਵਿੱਚ ਗਿਆ ਹੋਇਆ ਸਾਂ।
‘‘ਅੰਕਲ ਜੀ, ਸਤਿ ਸ੍ਰੀ ਅਕਾਲ!’’
‘‘ਸਤਿ ਸ੍ਰੀ ਅਕਾਲ, ਬੇਟੇ! ਤੂੰ ਤਾਂ ਹਰਭਗਵਾਨ ਦਾ ਲੜਕਾ ਲੱਗਦਾ ਏਂ। ਕਾਫ਼ੀ ਵੱਡਾ ਹੋ ਗਿਆ। ਮੈਂ ਵੱਧ ਧਿਆਨ ਲਗਾ ਕੇ ਪਛਾਣਿਆ ਏ ਤੈਨੂੰ।’’
‘‘ਅੰਕਲ, ਮੈਂ ਜਸਰਾਜ ਹਾਂ। ਤੁਸੀਂ ਕਿਸੇ ਵੇਲੇ ਸਾਡੇ ਘਰ ਆਉਂਦੇ ਹੁੰਦੇ ਸੀ। ਉਦੋਂ ਮੈਂ 12 ਕੁ ਸਾਲ ਦਾ ਸਾਂ।’’
‘‘ਹਾਂ, ਬੇਟੇ। ਮੰਮ ਡੈਡ ਦਾ ਕੀ ਹਾਲ ਏ?’’
‘‘ਅੰਕਲ ਡੈਡ ਤਾਂ ਪੂਰੇ ਹੋ ਗਏ ਸਨ। ਮੰਮੀ ਜੀ ਠੀਕ ਹਨ।’’
‘‘ਸੱਚੀਂ?’’
‘‘ਜੀ ਹਾਂ, ਕਿਡਨੀਆਂ ਦੇ ਮਰੀਜ਼ ਸਨ। ਸਾਲ ਕੁ ਡਾਇਲਾਸਿਸ ’ਤੇ ਰਹੇ ਤੇ ਫਿਰ ਪੂਰੇ ਹੋ ਗਏ। ਮਾਸੜ ਜੀ ਉਨ੍ਹਾਂ ਤੋਂ ਦੋ ਸਾਲ ਪਹਿਲਾਂ ਪੂਰੇ ਹੋ ਗਏ ਸਨ।’’
‘‘ਬੇਟੇ, ਤੂੰ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਦਿੱਤੀ। ਮੈਂ ਤਾਂ ਸੱਤ ਸਾਲ ਬਾਅਦ ਕੈਨੇਡਾ ਤੋਂ ਮੁੜਿਆ ਹਾਂ। ਇਹ ਸਭ ਕੁਝ ਮੇਰੇ ਪਿੱਛੇ ਵਾਪਰ ਗਿਐ। ਬਹੁਤ ਮਾੜਾ ਹੋਇਆ। ਦੋਹਾਂ ਦੀ ਉਮਰ ਮਸਾ 75 ਕੁ ਸਾਲ ਹੀ ਸੀ। ਤੇਰੇ ਮਾਸੜ ਨੂੰ ਕੀ ਹੋ ਗਿਆ ਸੀ?’’
‘‘ਮਾਸੜ ਤਾਂ 70 ਦੇ ਸਨ ਤੇ ਡੈਡ 72 ਦੇ। ਮਾਸੜ ਨੂੰ ਦਿਲ ਦਾ ਦੌਰਾ ਪਿਆ ਸੀ।’’
‘‘ਤੁਹਾਡੇ ਪਿੰਡ ਵਾਲੇ ਬਜ਼ੁਰਗ?’’
‘‘ਬਾਬਾ ਜੀ ਅਜੇ ਵੀ ਠੀਕ ਹਨ। 91 ਸਾਲ ਦੇ ਹਨ। ਦਾਦੀ ਜੀ ਪੂਰੇ ਹੋ ਗਏ ਸਨ।’’
‘‘ਕਦੀ ਮਿਲਣ ਵੀ ਗਏ ਹੋ?’’
‘‘ਛੇ ਸਾਲ ਪਹਿਲਾਂ ਗਏ ਸਾਂ।’’
‘‘ਤੁਸੀਂ ਜਾਂ ਤੁਹਾਡੇ ਮਾਸੜ ਦਾ ਟੱਬਰ ਵੀ?’’
‘‘ਸਾਰਿਆਂ ਨੇ ਜਾਣਾ ਸੀ ਕਿਉਂਕਿ ਨਾਨਕਿਆਂ ਵਿੱਚ ਵਿਆਹ ਸੀ।’’
‘‘ਕਿਹਦਾ?’’
‘‘ਸਾਡੇ ਘਰ ਮਾਮੇ ਦੇ ਲੜਕੇ ਦਾ।’’
‘‘ਉੱਥੇ ਕਿਵੇਂ ਰਿਹਾ?’’
‘‘ਦਾਦਾ ਜੀ ਤਾਂ ਡੈਡੀ ਨੂੰ ਮਿਲਣ ਲੱਗੇ ਫੁੱਟ ਫੁੱਟ ਕੇ ਰੋ ਪਏ ਸੀ। ਬਾਕੀ ਸਭ ਤਾਂ ਠੀਕ ਰਿਹਾ ਪਰ ਡੈਡ ਤੇ ਮਾਸੜ ਉੱਥੇ ਵੀ ਚੰਗਾ ਜਲੂਸ ਕੱਢ ਕੇ ਆਏ ਸਨ। ਉਦੋਂ ਸਿਹਤ ਦੋਹਾਂ ਦੀ ਠੀਕ ਸੀ।’’
‘‘ਕੀ ਹੋ ਗਿਆ ਸੀ?’’
‘‘ਵਿਆਹ ’ਤੇ ਗਾਣੇ ਵਾਲੀ ਆਈ ਹੋਈ ਸੀ। ਮਾਸੜ ਨੇ ਸਾਡੇ ਨਾਲ ਪੰਗਾ ਲੈ ਲਿਆ। ਦੋ ਕੁ ਵਾਰ 100-100 ਦੇ ਨੋਟ ਗਾਣੇ ਵਾਲੀ ਵੱਲ ਨੂੰ ਕਰ ਦਿੱਤੇ। ਡੈਡੀ ਨੇ ਜੋਸ਼ ਵਿੱਚ ਆ ਕੇ ਪੰਜ-ਪੰਜ ਸੌ ਦੇ ਨੋਟਾਂ ਦੀ ਥੱਦੀ ਗਾਣੇ ਵਾਲੀ ਵੱਲ ਨੂੰ ਸੁੱਟ ਦਿੱਤੀ। ਗਾਣੇ ਵਾਲੀ ਕਦੀ ਇੱਧਰ ਨੂੰ ਨੋਟ ਚੁੱਕਣ ਦੌੜੇ ਤੇ ਕਦੀ ਉੱਧਰ ਨੂੰ। ਪੀਤੀ ਦੋਹਾਂ ਦੀ ਬਥੇਰੀ ਸੀ। ਡੈਡੀ ਤੋਂ ਕਹਿ ਹੋ ਗਿਆ ‘ਨਿੱਤਰ ਉਏ ਮੈਦਾਨ ਵਿੱਚ ਭੂਤਨੀ ਦਿਆ।’ ਮਾਸੜ ਡੈਡੀ ਵੱਲ ਨੂੰ ਵਧਿਆ। ਲੋਕਾਂ ਨੇ ਦੋਹਾਂ ਨੂੰ ਫੜ ਲਿਆ। ਹੱਥੋਪਾਈ ਮਸਾਂ ਮਸਾਂ ਬਚੀ। ਮਾਮੇ ਦੇ ਮੁੰਡੇ ਭਿੰਦੇ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਪੰਡਾਲ ਵਿੱਚ ਦਬੀੜਾਂ ਲੱਗ ਗਈਆਂ। ਕੁਰਸੀਆਂ ਉਲਟ ਦੀਆਂ ਫਿਰਨ। ਗਲਾਸੀਆਂ ਤੇ ਸੋਢੇ ਦੀਆਂ ਬੋਤਲਾਂ ਕੀਚਰਾਂ ਕੀਚਰਾਂ ਹੋ ਗਈਆਂ।’’
‘‘ਫਿਰ ਤਾਂ ਬਹੁਤ ਮਾੜੀ ਹੋਈ ਬੇਟੇ। ਰੁੱਖੇ ਰੁੱਖੇ ਤਾਂ ਪਹਿਲਾਂ ਵੀ ਰਹਿੰਦੇ ਹੁੰਦੇ ਸੀ ਪਰ ਕਦੀ ਹੱਥੋਪਾਈ ਤੱਕ ਗੱਲ ਨਹੀਂ ਸੀ ਪਹੁੰਚੀ। ਫਿਰ ਸਿਡਨੀ ਵਾਪਸ ਆ ਕੇ ਠੀਕ ਰਹੇ?’’
‘‘ਇੱਥੇ ਤਾਂ ਠੀਕ ਸਨ। ਜਦ ਬਿਮਾਰ ਹੋਏ ਉਦੋਂ ਵੀ ਟੱਬਰ ਘੱਟ ਹੀ ਮਿਲੇ। ਆਉਣਾ ਜਾਣਾ ਘੱਟ ਹੀ ਸੀ। ਨਾਲੇ ਮਾਸੜ ਤਾਂ ਅਚਾਨਕ ਹੀ ਪੂਰੇ ਹੋ ਗਏ ਸਨ। ਹਾਂ, ਮਾਸੀ ਤੇ ਅਸੀਂ ਕਦੀ ਕਦੀ ਗੁਰਦੁਆਰੇ ਮਿਲਦੇ ਰਹਿੰਦੇ ਸਾਂ।’’
‘‘ਸਸਕਾਰ ਵੇਲੇ?’’
‘‘ਸਿੱਧੇ ਕ੍ਰੀਮੇਸ਼ਨ ਗਰਾਊਂਡ ਗਏ ਸਾਂ। ਘਰੇ ਨਹੀਂ ਗਏ। ਕ੍ਰੀਮੇਸ਼ਨ ਵੇਲੇ ਵੀ ਜਿੱਤ ਸਾਡੀ ਹੀ ਹੋਈ ਸੀ।’’
‘‘ਦਾਗਾਂ ਵੇਲੇ ਜਿੱਤ? ਇਸ ਦਾ ਕੀ ਮਤਲਬ?’’
‘‘ਸਾਡੀ ਤੇ ਮਾਸੜ ਜੀ ਦੀ ਤਕਰੀਬਨ 35 ਸਾਲ ਤੋਂ ਦੌੜ ਲੱਗੀ ਹੋਈ ਸੀ। ਕਦੀ ਕਦੀ ਉਹ ਸਮਝਣ ਉਹ ਜਿੱਤ ਗਏ ਅਸੀਂ ਹਾਰ ਗਏ ਤੇ ਕਦੀ ਅਸੀਂ ਸਮਝੀਏ ਅਸੀਂ ਜਿੱਤ ਗਏ ਤੇ ਉਹ ਹਾਰ ਗਏ। ਬਾਹਰ ਨੂੰ ਦੌੜਨ ਵੇਲੇ ਵੀ, ਇਸ ਦੇਸ਼ ਵਿੱਚ ਸੈੱਟ ਹੋਣ ਵੇਲੇ ਵੀ, ਗ੍ਰਿਫਤ ਤੋਂ ਸਿਡਨੀ ਵੱਲ ਨੂੰ ਦੌੜਨ ਵੇਲੇ ਵੀ, ਨੌਕਰੀਆਂ ਲੱਭਣ ਵੇਲੇ ਵੀ, ਘਰ ਖ਼ਰੀਦਣ ਵੇਲੇ ਵੀ, ਵੱਡੇ ਘਰ ਬਣਾਉਣ ਵੇਲੇ ਵੀ, ਮਾੜੇ ਰਿਹਾਇਸ਼ੀ ਇਲਾਕਿਆਂ ਤੋਂ ਚੰਗੇ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਦੌੜਨ ਵੇਲੇ ਵੀ, ਬੱਚਿਆਂ ਦੀ ਪੜ੍ਹਾਈ ਵੇਲੇ ਵੀ, ਬੱਚਿਆਂ ਨੂੰ ਸੈੱਟ ਕਰਨ ਵੇਲੇ ਵੀ, ਪੰਜਾਬ ਦੇ ਗੇੜੇ ਮਾਰਨ ਵੇਲੇ ਵੀ, ਦੁਨੀਆ ਦਾ ਟੂਰ ਲਗਾਉਣ ਵੇਲੇ ਵੀ, ਕਾਰਾਂ ਖ਼ਰੀਦਣ ਵੇਲੇ ਵੀ, ਦੂਰਮੰਜ਼ਲੇ ਵਿਆਹਾਂ ਦੀ ਰਿਸੈਪਸ਼ਨ ਕਰਨ ਵੇਲੇ ਵੀ ਤੇ ਹੋਰ ਵੀ ਅਨੇਕਾਂ ਵਾਰੀ। ਜੇ ਉਹ ਜਸਲੀਨ ਦੀ ਡੈਸਟੀਨੇਸ਼ਨ ਮੈਰਿਜ ਲਈ ਮਸਾਂ ਫਿਜੀ ਗਏ ਤਾਂ ਅਸੀਂ ਮੇਰੇ ਵਿਆਹ ’ਤੇ ਇਟਲੀ ਗਏ ਸਾਂ।’’
‘‘ਬੇਟੇ, ਬਾਕੀ ਤਾਂ ਸਭ ਠੀਕ ਏ। ਆਹ ਮੌਤ ਸਮੇਂ ਦਾਗ ਦੇਣ ਵੇਲੇ ਤੁਹਾਡੀ ਜਿੱਤ ਦਾ ਮਤਲਬ ਮੈਂ ਨਹੀਂ ਸਮਝਿਆ?’’
‘‘ਅੰਕਲ, ਤੁਸੀਂ ਦੱਸੋ ਅੱਜਕੱਲ੍ਹ ਕਿਹੜਾ ਪੰਜਾਬੀ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਮੁਰਦੇ ਨੂੰ ਫੂਕਦਾ ਏ। ਅਸੀਂ ਆਪਣੇ ਡੈਡ ਦੇ ਦਾਗ ਕੈਸਲਬਰੁਕ ਦੇ ਕ੍ਰੀਮੇਟੋਰੀਅਮ ਵਿੱਚ ਦਿੱਤੇ। ਇਸ ਸ਼ਮਸ਼ਾਨਘਾਟ ਨੂੰ ਦੇਖ ਕੇ ਬੰਦੇ ਦੀ ਭੁੱਖ ਲਹਿੰਦੀ ਏ। ਇਹ ਸਵਰਗਾਂ ਦਾ ਬਾਗ਼ ਲੱਗਦਾ ਏ। ਫੁੱਲਾਂ ਦੀਆਂ ਕਿਆਰੀਆਂ ਨਾਲ ਭਰਿਆ ਪਿਆ ਏ ਸਾਰਾ ਖੁੱਲ੍ਹਾ ਡੁੱਲ੍ਹਾ ਇਲਾਕਾ। ਕਾਮੇ ਹਰ ਸਮੇਂ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹੀ ਰਹਿੰਦੇ ਹਨ। ਡੈਡ ਦੇ ਦਾਗਾਂ ਦੀ ਲਾਈਵ ਸਟਰੀਮਿੰਗ ਵੀ ਚੱਲੀ ਸੀ। ਵੀਡੀਓ ਵਾਲੇ ਚੰਗੇ ਪੈਸੇ ਲੈ ਗਏ ਸਨ। ਦੂਜੇ ਪਾਸੇ ਮਾਸੜ ਦਾ ਸੁਣ ਲਓ। ਦਾਗ ਪਲੰਪਟਨ ਤੋਂ ਪਰ੍ਹੇ ਕਿਤੇ ਟੁੱਟੇ ਜਿਹੇ ਸ਼ਮਸ਼ਾਨਘਾਟ ਵਿੱਚ ਦਿੱਤੇ। ਕਹਿੰਦੇ ਕ੍ਰੀਮੇਟੋਰੀਅਮ ਵੀ ਪੁਰਾਣਾ ਜਿਹਾ ਸੀ। ਬੈਠਣ ਲਈ ਹਾਲ ਵੀ ਘਟੀਆ ਜਿਹਾ। ਹੋਰ ਤਾਂ ਹੋਰ ਸਾਲਿਆਂ ਤੋਂ ਲਾਈਵ ਸਟਰੀਮਿੰਗ ਵੀ ਨਹੀਂ ਕਰਵਾ ਹੋਈ। ਉਦਾਂ ਦੇ ਸ਼ਮਸ਼ਾਨ ਤੋਂ ਤਾਂ ਬੰਦਾ ਨਰਕਾਂ ਨੂੰ ਹੀ ਜਾਊ, ਅੰਕਲ ਜੀ। ਅਸੀਂ ਡੈਡ ਦਾ ਘਰ ਠਾਠ ਨਾਲ ਭੋਗ ਪਾਇਆ। ਮਾਸੜ ਦਾ ਕੰਮ ਗੁਰਦੁਆਰੇ ਹੀ ਨਬਿੇੜ ਆਏ। ਆਖਰਕਾਰ ਸਾਡੀ ਹੀ ਜਿੱਤ ਹੋਈ। ਸਾਡੇ ਘਰ ਇਸ ਜਿੱਤ ਦੀਆਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।’’
ਮੈਂ ਮੁੰਡੇ ਦਾ ਆਖਰੀ ਜਿੱਤ ਵਾਲਾ ਵਿਚਾਰ ਸੁਣ ਕੇ ਹੈਰਾਨ ਰਹਿ ਗਿਆ। ਸਾਡੇ ਸੱਭਿਆਚਾਰ ਵਿੱਚ ਸਾਂਢੂ ਜਿਹੇ ਕਈ ਰਿਸ਼ਤੇ ਹਨ ਜਿਹੜੇ ਕਦਮ ਕਦਮ ’ਤੇ ਜਿੱਤ ਹਾਰ ਤਲਾਸ਼ਦੇ ਰਹਿੰਦੇ ਹਨ। ਵਾਹਿਗੁਰੂ! ਵਾਹਿਗੁਰੂ! ਟੇਢੀ ਲੱਕੜੀ ਨੂੰ ਸ਼ਾਇਦ ਅੱਗ ਹੀ ਸਿੱਧਾ ਕਰਦੀ ਏ!
ਸੰਪਰਕ: 0437641033

Advertisement
Author Image

joginder kumar

View all posts

Advertisement
Advertisement
×