ਆਖ਼ਰੀ ਨਿਸ਼ਾਨੀ: ਇਕ ਖ਼ਤ
ਸਾਂਵਲ ਧਾਮੀ
ਵੰਡ ਦੇ ਦੁੱਖੜੇ
ਮੌਜ ਮਜਾਰਾ ਅਤੇ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਪਿੰਡ ਹਨ। ਇਨ੍ਹਾਂ ਪਿੰਡਾਂ ਨੂੰ ਇਕ ਗਲੀ ਅਲੱਗ ਕਰਦੀ ਹੈ। ਠੱਕਰਵਾਲ ’ਚ ਬਹੁਤੇ ਸਿੱਖ ਅਤੇ ਮੌਜ ਮਜਾਰੇ ’ਚ ਮੁਸਲਮਾਨ ਮੰਝ ਰਾਜਪੂਤ ਵੱਸਦੇ ਸਨ।
ਠੱਕਰਵਾਲ ਦੇ ਸ. ਹਰਬੰਸ ਸਿੰਘ ਮੰਝ ਹੋਰੀਂ ਸੰਤਾਲੀ ਨੂੰ ਯਾਦ ਕਰਦਿਆਂ ਦੱਸਦੇ ਨੇ, “ਵੰਡ ਵੇਲੇ ਮੈਂ ਐਫ਼.ਏ. ’ਚ ਪੜ੍ਹਦਾ ਸੀ। ਮੈਟ੍ਰਿਕ ਮੈਂ ਖ਼ਾਲਸਾ ਹਾਈ ਸਕੂਲ ਬੱਡੋਂ ਤੋਂ ਕੀਤੀ ਸੀ। ਬੜੇਲਾਂ ਦਾ ਨਜ਼ੀਰ, ਰਹੱਲੀ ਦਾ ਬਸ਼ੀਰ, ਟੋਡਰਪੁਰ ਦਾ ਤਾਜ ਤੇ ਮੌਜ ਮਜਾਰੇ ਦਾ ਇਮਦਾਦ ਮੇਰੇ ਨਾਲ ਪੜ੍ਹਦੇ ਸਨ। ਇਨ੍ਹਾਂ ’ਚੋਂ ਇਮਦਾਦ ਅਲੀ ਮੇਰਾ ਸਭ ਤੋਂ ਨੇੜਲਾ ਦੋਸਤ ਸੀ।
ਉਹ ਦਸਵੀਂ ਤਕ ਸਾਡਾ ਮੌਨੀਟਰ ਰਿਹਾ ਸੀ। ਮੈਂ ਸਰਕਾਰੀ ਕਾਲਜ ’ਚ ਪੜ੍ਹਨ ਲੱਗ ਪਿਆ ਤੇ ਉਹ ਘਰੇ ਬੈਠਾ ਰਿਹਾ। ਮੈਂ ਗੱਲ ਕੀਤੀ ਤਾਂ ਉਸਨੇ ਘਰ ਦੇ ਹਾਲਾਤ ਦਾ ਜ਼ਿਕਰ ਕੀਤਾ। ਮੈਂ ਉਸਨੂੰ ਨਾਲ ਲੈ ਕੇ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਰਲਾ ਰਾਮ ਜੀ ਕੋਲ ਗਿਆ। ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਉਨ੍ਹਾਂ ਇਮਦਾਦ ਦੀ ਫੀਸ ਮੁਆਫ਼ ਕਰ ਦਿੱਤੀ ਤੇ ਕਿਤਾਬਾਂ ਦੇਣ ਦਾ ਵੀ ਵਾਅਦਾ ਕੀਤਾ।
ਇਮਦਾਦ ਕਾਲਜ ਦੇ ਆਰੀਆ ਸਮਾਜੀ ਮਾਹੌਲ ’ਚ ਢਲ ਨਾ ਸਕਿਆ। ਦਸ ਕੁ ਦਨਿਾਂ ਬਾਅਦ ਆਪਣਾ ਬਿਸਤਰਾ ਚੁੱਕ ਕੇ ਉਹ ਘਰ ਮੁੜ ਆਇਆ। ਮੈਨੂੰ ਪਤਾ ਲੱਗਿਆ ਤਾਂ ਮੈਂ ਉਸਦੇ ਘਰ ਗਿਆ। ਦਰ ਖੜਕਾਇਆ। ਆਵਾਜ਼ਾਂ ਮਾਰੀਆਂ, ਪਰ ਉਸਨੇ ਕੋਈ ਹੁੰਗਾਰਾ ਨਾ ਭਰਿਆ। ਇਹ ਅਪਰੈਲ ਮਹੀਨੇ ਦੀਆਂ ਗੱਲਾਂ ਨੇ।
ਅਗਸਤ ’ਚ ਜਦੋਂ ਹਾਲਾਤ ਵਿਗੜ ਗਏ ਤਾਂ ਮੌਜ ਮਜਾਰੇ ਦੇ ਮੁਸਤਫ਼ੇ ਨੇ ਗੋਲੀ ਚਲਾ ਦਿੱਤੀ। ਕਈ ਪਿੰਡਾਂ ਦੇ ਬੰਦੇ ਇਕੱਠੇ ਹੋ ਕੇ ਮੌਜ ਮਜਾਰੇ ’ਤੇ ਹਮਲਾ ਕਰਨ ਆ ਗਏ। ਜਦੋਂ ਚੀਕ-ਚਿਹਾੜਾ ਪਿਆ ਤਾਂ ਮੈਂ ਵੀ ਘਰੋਂ ਨਿਕਲ ਤੁਰਿਆ। ਮੇਰੀਆਂ ਅੱਖਾਂ ਸਾਹਵੇਂ ਧਾੜਵੀਆਂ ਨੇ ਇਕ ਅੱਠ-ਨੌਂ ਵਰ੍ਹਿਆਂ ਦਾ ਮੁੰਡਾ ਅੱਗ ’ਚ ਸੁੱਟ ਦਿੱਤਾ ਸੀ। ਮੈਂ ਉਸਨੂੰ ਕੱਢ ਲਿਆ। ਬੋਰੀ ’ਚ ਲਪੇਟ ਕੇ ਅੱਗ ਬੁਝਾ ਦਿੱਤੀ। ਕੁਝ ਬੰਦਿਆਂ ਨੇ ਮੁੰਡਾ ਮੇਰੇ ਹੱਥਾਂ ’ਚੋਂ ਖੋਹ ਲਿਆ। ਮੈਨੂੰ ਗਾਲ੍ਹਾਂ ਕੱਢੀਆਂ ਤੇ ਉਸਨੂੰ ਮੁੜ ਅੱਗ ’ਚ ਸੁੱਟ ਦਿੱਤਾ। ਮੈਂ ਰੋਂਦੇ ਦਿਲ ਨਾਲ ਅਗਾਂਹ ਵਧ ਗਿਆ।
ਮੌਜ ਮਜਾਰੇ ਦਾ ਇਕ ਧੜੱਲੇਦਾਰ ਬੰਦਾ ਹੁੰਦਾ ਸੀ; ਇਸਮਾਇਲ ਖਾਂ। ਉਸਨੇ ਲੋਕਾਂ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਕੁਝ ਦਿਨ ਪਹਿਲਾਂ ਉਸਨੇ ਆਪਣੇ ਪਿੰਡ ਦੇ ਇਕ ਬੰਦੇ ਨੂੰ ਪੁਲੀਸ ਕੋਲੋਂ ਨਾਜਾਇਜ਼ ਕੁਟਵਾਇਆ ਸੀ। ਉਸ ਬੰਦੇ ਨੇ ਕੁਹਾੜੇ ਨਾਲ ਉਸਦੇ ਘਰ ਦਾ ਦਰਵਾਜ਼ਾ ਪਾੜ ਕੇ ਉਸਨੂੰ ਬਾਹਰ ਘੜੀਸ ਲਿਆਂਦਾ। ਇਸਮਾਇਲ ਹੱਥ ਜੋੜਦਿਆਂ ਬੋਲਿਆ- ਮੈਨੂੰ ਨਾ ਮਾਰ! ਅਸੀਂ ਜੱਟ ਭਰਾ ਆਂ। ਸਾਡੇ ਪੜਦਾਦੇ ਭਰਾ ਹੁੰਦੇ ਸਨ।
ਉਹ ਬੰਦਾ ਮੂਹਰਿਓਂ ਹੱਸ ਕੇ ਬੋਲਿਆ- ਸਮੈਲਿਆ ! ਕਾਸ਼! ਇਹ ਗੱਲ ਤੂੰ ਕਦੇ ਪਹਿਲਾਂ ਵੀ ਕੀਤੀ ਹੁੰਦੀ!
ਮੈਂ ਫੌਜਾ ਸਿੰਘ ਦੇ ਘਰ ਵੱਲ ਗਿਆ ਤਾਂ ਵੇਖਿਆ ਕਿ ਇਮਦਾਦ ਅਲੀ ਪਿਛਲੀ ਕੰਧ ਨਾਲ ਲੱਗ ਕੇ ਖੜ੍ਹਾ ਸੀ। ਮੈਂ ਉਸਦੀ ਬਾਂਹ ਫੜਦਿਆਂ ਆਖਿਆ-ਚੱਲ, ਤੁਰ ਮੇਰੇ ਨਾਲ।
ਮੈਨੂੰ ਮੁਆਫ਼ ਕਰ ਦਈ ਹਰਬੰਸ-ਇਹ ਆਖ ਉਹ ਰੋਣ ਲੱਗ ਪਿਆ।
ਮੈਂ ਕਿਹਾ-ਇਹ ਵਕਤ ਪੁਰਾਣੀਆਂ ਗੱਲਾਂ ਕਰਨ ਦਾ ਨਹੀਂ।
ਮੈਂ ਉਸਨੂੰ ਆਪਣੇ ਪੁਰਾਣੇ ਘਰ ’ਚ ਵਾੜ ਕੇ ਬਾਹਰੋਂ ਜੰਦਰਾ ਲਗਾ ਦਿੱਤਾ। ਸ਼ਾਮ ਤਕ ਮੇਰੇ ਘਰ ਸਾਹਮਣੇ ਦੋ-ਢਾਈ ਸੌ ਬੰਦਾ ਇਕੱਠਾ ਹੋ ਗਿਆ। ਜੇ ਮੌਕੇ ’ਤੇ ਮੇਰੇ ਕਾਲਜ ਦੇ ਤਿੰਨ ਦੋਸਤ ਹਥਿਆਰਾਂ ਸਮੇਤ ਨਾ ਆਉਂਦੇ ਤਾਂ ਉਨ੍ਹਾਂ ਨੇ ਇਮਦਾਦ ਦਾ ਕਤਲ ਕਰ ਦੇਣਾ ਸੀ।
ਰਾਤ ਪਈ। ਮੈਂ ਇਮਦਾਦ ਮੂਹਰੇ ਰੋਟੀ ਵਾਲੀ ਥਾਲੀ ਰੱਖੀ। ਉਸਨੇ ਮਸਾਂ ਦੋ ਕੁ ਬੁਰਕੀਆਂ ਖਾਧੀਆਂ। ਮੈਂ ਉਸਨੂੰ ਨਾਲ ਲੈ ਕੇ ਪੰਡੋਰੀ ਬੀਬੀ ਵੱਲ ਲੈ ਤੁਰ ਪਿਆ। ਅੱਧ ਕੁ ਜਾ ਕੇ ਮੈਂ ਡਰ ਗਿਆ। ਉਸਨੂੰ ਰੋ ਕੇ ਜੱਫ਼ੀ ਪਾਉਂਦਿਆਂ ਮੈਂ ਅਲਵਿਦਾ ਆਖੀ ਤੇ ਮੁੜ ਆਇਆ। ਮੈਨੂੰ ਨਹੀਂ ਸੀ ਪਤਾ ਕਿ ਉਹ ਵੀ ਮੇਰੇ ਪਿੱਛੇ-ਪਿੱਛੇ ਪਿੰਡ ਨੂੰ ਮੁੜ ਆਇਆ ਏ। ਉਹ ਗੁਰਦੁਆਰੇ ਕੋਲ ਟਾਹਲੀ ਉੱਤੇ ਚੜ੍ਹ ਗਿਆ। ਦੂਜੇ ਦਿਨ ਮੁੱਖਲਿਆਣੇ ਨੂੰ ਜਾਂਦਿਆਂ ਸਾਡੇ ਜਮਾਤੀ ਜਗਤ ਸਿੰਘ ਨੇ ਉਸਨੂੰ ਵੇਖ ਲਿਆ। ਉਹ ਇਮਦਾਦ ਨੂੰ ਆਪਣੇ ਪਿੰਡ ਜਾਂਗਲੀਵਾਲ ਲੈ ਗਿਆ। ਮੇਰੇ ਚਾਚੇ ਦੀ ਧੀ ਓਸ ਪਿੰਡ ਵਿਆਹੀ ਹੋਈ ਸੀ। ਉਸਨੂੰ ਪਤਾ ਲੱਗਾ ਤਾਂ ਉਹ ਇਮਦਾਦ ਨੂੰ ਮਿਲਣ ਗਈ। ਉਹ ਕਹਿਣ ਲੱਗਾ- ਭੈਣ ਮੈਂ ਇੱਥੇ ਬਹੁਤ ਤੰਗ ਆਂ। ਸਾਡੇ ਜੀਜੇ ਨੇ ਉਸਨੂੰ ਆਪਣੇ ਹੁਸ਼ਿਆਰਪੁਰ ਵਾਲੇ ਘਰ ਭੇਜ ਦਿੱਤਾ। ਓਥੋਂ ਉਹ ਕਾਫ਼ਲੇ ’ਚ ਰਲ ਕੇ ਪਾਕਿਸਤਾਨ ਚਲਾ ਗਿਆ।
ਕੁਝ ਵਰ੍ਹਿਆਂ ਬਾਅਦ ਉਸਦਾ ਮਾਮਾ ਆਬਾਦ ਖਾਂ ਆਇਆ। ਉਦੋਂ ਤਕ ਮੈਂ ਅਧਿਆਪਕ ਬਣ ਚੁੱਕਾ ਸਾਂ। ਉਸਨੇ ਦੱਸਿਆ ਸੀ ਕਿ ਇਮਦਾਦ ਸਕੂਲ ਕਲਰਕ ਲੱਗ ਗਿਆ ਏ। ਆਬਾਦ ਖਾਂ ਫੌਜਾ ਸਿੰਘ ਦੇ ਘਰ ਰਿਹਾ। ਫੌਜਾ ਸਿੰਘ ਉਹ ਬੰਦਾ ਸੀ, ਜਿਹੜਾ ਅੱਧੀ ਰਾਤ ਨੂੰ ਗੱਡਾ ਜੋੜ ਕੇ ਪੰਦਰਾਂ-ਵੀਹ ਬੱਚਿਆਂ ਨੂੰ ਪੰਡੋਰੀ ਵਾਲੇ ਕੈਂਪ ਤਕ ਛੱਡ ਕੇ ਆਇਆ ਸੀ। ਮੈਂ ਇਮਦਾਦ ਲਈ ਪੱਗ ਭੇਜੀ। ਇਸ ਤੋਂ ਬਾਅਦ ਇਮਦਾਦ ਨੇ ਮੈਨੂੰ ਬਹੁਤ ਚਿੱਠੀਆਂ ਲਿਖੀਆਂ। ਉਸ ਤੋਂ ਬਾਅਦ ਮੈਂ ਆਪਣੇ ਬੇਟੇ ਕੋਲ ਕੈਨੇਡਾ ਚਲਾ ਗਿਆ। ਮੈਨੂੰ ਇਮਦਾਦ ਦੇ ਉੱਥੇ ਵੀ ਖ਼ਤ ਆਉਂਦੇ ਰਹੇ। ਫਿਰ …!” ਹਰਬੰਸ ਸਿੰਘ ਹੋਰੀਂ ਹਉਕਾ ਭਰਦਿਆਂ, ਚੁੱਪ ਹੋ ਗਏ।
“ਕੋਈ ਖ਼ਤ ਹੈ ਤਾਂ ਪੜ੍ਹ ਕੇ ਸੁਣਾਓ!” ਮੈਂ ਗੁਜ਼ਾਰਿਸ਼ ਕੀਤੀ ਤਾਂ ਉਨ੍ਹਾਂ ਨੇ ਕੰਬਦੇ ਹੱਥਾਂ ਨਾਲ ਜੇਬ ’ਚੋਂ ਖ਼ਤ ਕੱਢਿਆ ਤੇ ਪੜ੍ਹਨ ਲੱਗੇ। ਖ਼ਤ ਉਰਦੂ ’ਚ ਸੀ।
“ਤਾਰੀਕ: 17/3/1995
ਰਾਣਾ ਇਮਦਾਦ ਅਲੀ
ਚੱਕ ਨੰਬਰ 31/2 ਐੱਲ, ਡਾਕਖਾਨਾ ਖ਼ਾਸ,ਤਹਿਸੀਲ ਤੇ ਜ਼ਿਲ੍ਹਾ ਓਕਾੜਾ।
ਦੋਸਤ ਹਰਬੰਸ ਸਿੰਘ ਜੀ,
ਆਪ ਕਾ ਖ਼ਤ, ਫੋਟੋ ਔਰ ਡਰਾਫਟ ਵਸੂਲ ਹੋ ਗਿਆ ਹੈ। ਆਪਨੇ ਦੋ ਹਜ਼ਾਰ ਰੁਪਏ ਭੇਜ ਕਰ ਹਮਾਰੇ ਬੋਝ ਮੇਂ ਬਹੁਤ ਜ਼ਿਆਦਾ ਇਜ਼ਾਫ਼ਾ ਕਰ ਦੀਆ ਹੈ। ਮੈਂਨੇ ਪਹਿਲੇ ਵੀ ਆਪ ਕੋ ਅਹਿਸਾਨਾਤ ਮੇਂ ਬਹੁਤ ਵਾਰ ਦਬਾਯਾ ਥਾ। ਮੈਂ ਮਸਜਿਦ ਮੇਂ ਮਗ਼ਰਬ ਕੀ ਨਮਾਜ਼ ਪਡ ਰਹਾ ਥਾ। ਮੇਰੇ ਕਰੀਬ ਮੇਰਾ ਵਡਾ ਲਡਕਾ ਭੀ ਥਾ। ਮੁਹੰਮਦ ਇਕਬਾਲ, ਜੋ ਏਕ ਰਿਟਾਇਰਡ ਟੀਚਰ ਹੈਂ, ਔਰ ਡਾਕਖਾਨਾ ਚਲਾ ਰਹੇ ਹੈਂ ਨੇ ਅਹਿਸਤਾ ਸੇ ਆਪਕਾ ਖ਼ਤ ਮੇਰੇ ਆਗੇ ਰਖ ਦੀਆ। ਮੇਰੇ ਨਮਾਜ਼ ਸੇ ਫਾਰਗ਼ ਹੋਨੇ ਸੇ ਪਹਿਲੇ ਲਡਕਾ ਖ਼ਤ ਉਠਾ ਕਰ ਘਰ ਪਹੁੰਚ ਗਯਾ। ਜਬ ਮੈਂ ਘਰ ਪਹੁੰਚਾ, ਸਭ ਕੋ ਅਜੀਬੋ ਮੁਸਰਤ ਮੇਂ ਦੇਖਾ। ਗੋਯਾ ਸ਼ਾਦੀ ਕਾ ਸਮਾਂ ਹੋ। ਚਿਹਰੇ ਗੁਲਾਬ ਕੀ ਤਰਾਹ ਖਿਲੇ ਹੂਏ ਥੇ।
ਆਜ ਕਈ ਦਿਨ ਹੋ ਗਏ ਹੈਂ, ਮਗਰ ਯਹ ਦੇਖਨੇ, ਦਿਖਾਨੇ ਔਰ ਪਡਨੇ ਕਾ ਸਿਲਸਿਲਾ ਜਾਰੀ ਹੈ। ਹਰਬੰਸ ਸਾਹਿਬ ਆਧੀ ਸਦੀ ਬਾਅਦ ਆਪਨੇ ਦੋਸਤ ਔਰ ਉਸਕੇ ਕੁਨਬੇ ਕੀ ਫ਼ੋਟੋ ਦੇਖਨਾ, ਔਰ ਉਸ ਸੇ ਮੁਲਾਕਾਤ ਕੀ ਉਮੀਦ ਪੈਦਾ ਹੋਨਾ, ਕਿਸ ਤਰਹ ਸੇ ਮੁਸਰਤ ਹੋਤਾ ਹੈ, ਇਸ ਕੋ ਵਹੀ ਜਾਨ ਸਕਦਾ ਹੈ, ਜੋ ਇਸ ਹਾਲਾਤ ਸੇ ਗੁਜ਼ਰ ਰਹਾ ਹੋ। ਮੁਲਾਕਾਤ ਕਾ ਸ਼ੌਕ ਤੋ ਪਹਿਲੇ ਸੇ ਮੌਜੂਦ ਥਾ, ਅਬ ਇਸ ਮੇਂ ਬੇਹੱਦ ਇਜ਼ਾਫ਼ਾ ਹੋ ਚੁੱਕਾ ਹੈ। ਖੁਦਾ ਕਰੇ ਆਪ ਜਲਦ ਪਾਕਿਸਤਾਨ ਆ ਸਕੇਂ ਔਰ ਹਮੇਂ ਇਨ ਜਜ਼ਬਾਤ ਕੇ ਅਮਲੀ ਇਜ਼ਹਾਰ ਕਾ ਮੌਕਾ ਮਿਲ ਸਕੇ। ਆਪ ਸਭੀ ਕੇ ਫੋਟੋ ਦੇਖ ਕਰ ਇਸ ਤਰਹ ਲੱਗਤਾ ਹੈ, ਜੈਸੇ ਆਧੀ ਮੁਲਾਕਾਤ ਹੋ ਗਈ ਹੋ। ਪੂਰੀ ਮੁਲਾਕਾਤ ਤੋ ਆਪਕੇ ਆਨੇ ਪਰ ਹੀ ਹੋਗੀ। ਜਿਸਕਾ ਸ਼ਿੱਦਤ ਸੇ ਇੰਤਜ਼ਾਰ ਕਰ ਰਹੇ ਹੈਂ।
ਆਪਨੇ ਪੁਰਾਨੇ ਸਾਥੀਓਂ ਔਰ ਗਾਓਂ ਵਾਲ਼ੋਂ ਕੇ ਹਾਲਾਤ ਲਿਖ ਕਰ ਬਹੁਤ ਮਿਹਰਬਾਨੀ ਕੀ। ਉਨਕਾ ਪਡ ਕਰ ਖ਼ੁਸ਼ੀ ਭੀ ਹੋਤੀ ਹੈ, ਔਰ ਗ਼ਮੀ ਭੀ। ਯਹਾਂ ਤਕ ਮੁਝੇ ਯਾਦ ਹੈ, ਮੈਟ੍ਰਿਕ ਕੇ ਆਖ਼ਰੀ ਦਿਨੋਂ ਮੇਂ, ਜਬ ਹਮ ਹੋਸਟਲ ਮੇਂ ਹੋਤੇ ਥੇ ਤੋ ਏਕ ਵਡੇ ਕਮਰੇ ਮੇਂ ਰਹਿਤੇ ਥੇ। ਗਾਲਬਨ ਮਗ਼ਰਬ ਮੇਂ ਮੇਰੀ ਚਾਰਪਾਈ ਥੀ। ਮੇਰੇ ਸਾਥ ਆਪ, ਆਪ ਸੇ ਆਗੇ ਬਖ਼ਸ਼ੀਸ਼, ਬਿਲਕੁਲ ਮਸ਼ਰਕ ਮੇਂ ਨਰਿੰਦਰ, ਸ਼ੁਮਾਲ ਮੇਂ ਆਪ ਕੇ ਸਾਹਮਨੇਂ ਨਜ਼ੀਰ ਔਰ ਨਜ਼ੀਰ ਕੇ ਦਰਮਿਆਨ ਜਗਤ ਸਿੰਘ। ਜਗਤ ਸਿੰਘ ਬਹੁਤ ਸੰਜੀਦਾ ਔਰ ਜਿਹਨ-ਨਸ਼ੀਨ ਤਾਲਿਮ-ਇਲਮ ਥੇ। ਨਰਿੰਦਰ ਸਿੰਘ ਬਹੁਤ ਉਛਲ ਕੂਦ ਕੀਆ ਕਰਤੇ ਥੇ।
ਹਰਬੰਸ ਸਿੰਘ ਪੁਰਾਨੀ ਯਾਦੇਂ ਭੀ ਅਜੀਬ ਚੀਜ਼ ਹੋਤੀ ਹੈਂ। ਇਤਨਾ ਲੰਬਾ ਅਰਸਾ ਗੁਜ਼ਰ ਚੁਕਾ ਹੈ। ਚਿਹਰੇ ਧੁੰਦਲੇ ਤੋ ਹੋ ਚੁਕੇ ਥੇ ਮਗਰ ਗ਼ਾਇਬ ਹਰਗਿਜ਼ ਨਹੀਂ ਹੋਤੇ ਥੇ। ਆਪ ਕੇ ਖ਼ਤ ਸੇ ਫਿਰ ਸੇ ਨੁਮਾਇਆ ਹੋ ਗਏ ਹੈਂ।
ਖ਼ਤ ਬਹੁਤ ਲੰਬਾ ਹੋ ਗਯਾ ਹੈ, ਇਸ ਲੀਏ ਖ਼ਤਮ ਕਰਨਾ ਬਿਹਤਰ ਹੋਗਾ। ਮੁਨੀਰਾ ਔਰ ਮੇਰੀ ਤਰਫ਼ ਸੇ ਆਪ ਕੋ ਔਰ ਸਭ ਬੱਚੋਂ ਕੋ ਬਹੁਤ-ਬਹੁਤ ਸਲਾਮ ਔਰ ਪਿਆਰ। ਆਪਕਾ ਇਮਦਾਦ…ਜੋ ਕਭੀ ਮੌਜ ਮਜਾਰੇ ਮੇਂ ਰਹਾ ਕਰਤਾ ਥਾ!” ਖ਼ਤ ਖ਼ਤਮ ਹੋਇਆ ਤਾਂ ਮੰਝ ਸਾਹਿਬ ਦੇ ਚਿਹਰੇ ’ਤੇ ਉਦਾਸੀ ਸੀ।
“ਹੁਣ ਕੋਈ ਰਾਬਤਾ ਹੈ?” ਮੈਂ ਸਵਾਲ ਕੀਤਾ।
“ਉਹ ਵਿਚਾਰਾ ਮੈਨੂੰ ਉਡੀਕਦਾ ਦੁਨੀਆਂ ਤੋਂ ਤੁਰ ਗਿਆ। ਉਸਦੀ ਮੌਤ ਦੀ ਖ਼ਬਰ ਨੇ ਮੇਰਾ ਦਿਲ ਤੋੜ ਦਿੱਤਾ। ਮੈਂ ਆਪਣੇ ਪੁੱਤਰ ਰਣਬੀਰ ਨੂੰ ਉਸਦੇ ਚੱਕ ਭੇਜਿਆ। ਉਸਨੇ ਇਮਦਾਦ ਦੀ ਕਬਰ ’ਤੇ ਚਾਦਰ ਚੜ੍ਹਾਈ ਤੇ ਸਾਰੇ ਪਿੰਡ ਨੂੰ ਮਿੱਠੇ ਤੇ ਲੂਣ ਵਾਲੇ ਚੌਲ ਵੀ ਖਿਲਾਏ। ਦੋਸਤ ਤੁਰ ਗਿਆ। ਬਸ ਆਹ ਇਕ ਖ਼ਤ ਰਹਿ ਗਿਆ ਏ! ਉਸਦੀ ਆਖ਼ਰੀ ਨਿਸ਼ਾਨੀ!” ਗੱਲ ਮੁਕਾ ਹਰਬੰਸ ਸਿੰਘ ਹੋਰੀਂ ਰੋਣ ਲੱਗ ਪਏ।
ਸੰਪਰਕ : 97818-43444