ਗੁਰਦੁਆਰੇ ਦੇ ਲੰਗਰ ਹਾਲ ਦਾ ਲੈਂਟਰ ਡਿੱਗਿਆ; 15 ਜ਼ਖ਼ਮੀ
ਗੁਰਬਖਸ਼ਪੁਰੀ
ਤਰਨ ਤਾਰਨ, 5 ਸਤੰਬਰ
ਇੱਥੇ ਪਿੰਡ ਸੰਗਤਪੁਰ ਦੇ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਲੰਗਰ ਹਾਲ ਦੀ ਇਮਾਰਤ ਦਾ ਅੱਜ ਪਾਇਆ ਜਾ ਰਿਹਾ ਲੈਂਟਰ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ 15 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਹਨ। ਸੰਪਰਦਾ ਦੇ ਸੇਵਾਦਾਰ ਗੁਰਵਿੰਦਰ ਸਿੰਘ ਸੰਗਤਪੁਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਮੌਕੇ ’ਤੇ ਮੌਜੂਦ ਜੇਸੀਬੀ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮਲਬੇ ਹੇਠੋਂ ਕੱਢ ਕੇ ਜ਼ਖਮੀਆਂ ਨੂੰ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਸੰਗਤਪੁਰ ਦੇ ਕੁਲਵੰਤ ਸਿੰਘ (65), ਭੁਪਿੰਦਰ ਸਿੰਘ (50), ਲਖਵਿੰਦਰ ਸਿੰਘ (40), ਜੁਗਰਾਜ ਸਿੰਘ (20), ਸਤਨਾਮ ਸਿੰਘ (35) ਅਤੇ ਅੰਮ੍ਰਿਤਪਾਲ ਸਿੰਘ (30) ਨੂੰ ਤਰਨ ਤਾਰਨ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਦ ਕਿ 7 ਮਰੀਜ਼ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਦਾਖ਼ਲ ਹਨ। ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਸੰਗਤਪੁਰ ਜਾ ਕੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ 12 ਸ਼ਰਧਾਲੂ ਜ਼ਖ਼ਮੀ ਹੋਏ ਹਨ|