For the best experience, open
https://m.punjabitribuneonline.com
on your mobile browser.
Advertisement

ਮਾਂ ਬੋਲੀ ਦੀ ਨੁਹਾਰ

08:40 AM Feb 22, 2024 IST
ਮਾਂ ਬੋਲੀ ਦੀ ਨੁਹਾਰ
Advertisement

ਦਰਸ਼ਨ ਸਿੰਘ ਪ੍ਰੀਤੀਮਾਨ

Advertisement

ਸਾਕ, ਕਬੀਲੇ ਟੁੱਟੀਆਂ ਸਾਂਝਾਂ, ਵਿੱਚ ਭਾਈਆਂ ਦੇ ਪਿਆਰ ਨਹੀਂ।
ਪਿਓ ਦਾਦੇ ਦੇ ਵਾਲਾ ਸਾਨੂੰ, ਲੱਭਦਾ ਸੱਭਿਆਚਾਰ ਨਹੀਂ।
ਕਿਹੜੇ ਰਾਹੀਂ ਤੁਰ ਪਏ ‌ਕਦੇ ਨਾ, ਕੀਤਾ ਬੈਠ ਵਿਚਾਰ ਨੂੰ ਜੀ।
ਕਿਹੜੇ ਪਾਸੇ ਮੋੜ ਬੈਠੇ ਹਾਂ, ਮਾਂ ਬੋਲੀ ਦੀ ਅੱਜ ਨੁਹਾਰ ਨੂੰ ਜੀ?
ਚਾਚੀ, ਤਾਈ, ਭੂਆ, ਮਾਸੀ, ਮਾਮੀ, ਇਹ ਰਿਸ਼ਤੇ ਬੜੇ ਪਿਆਰੇ ਨੇ।
ਚਾਚਾ, ਤਾਇਆ, ਮਾਸੜ, ਫੁੱਫੜ, ਮਾਮਾ, ਸਾਥ ਬੜੇ ਹੀ ਗਾੜ੍ਹੇ ਨੇ।
ਆਂਟੀ ਅੰਕਲ ਨੇ ਲਾਤੇ ਖੂੰਜੇ, ਭੁੱਲ ਰਿਸ਼ਤਿਆਂ ਦੇ ਪਿਆਰ ਨੂੰ ਜੀ।
ਕਿਹੜੇ ਪਾਸੇ ਮੋੜ ਬੈਠੇ ਹਾਂ, ਮਾਂ ਬੋਲੀ ਦੀ ਅੱਜ ਨੁਹਾਰ ਨੂੰ ਜੀ?
‘ਓਏ ਯਾਰ’ ਸ਼ਬਦ ਮਾਂ, ਭੈਣ, ਪਿਓ, ਪੁੱਤ, ਸਾਰਿਆਂ ਉੱਤੇ ਵਰ੍ਹਿਆ ਹੈ।
ਮਾਮੂ, ਚਾਚੂ, ਤਾਊ, ਦਾਦੂ, ਨਾਨੂੰ, ਰਿਸ਼ਤਿਆਂ ਦਾ ਘਾਣ ਕਰਿਆ ਹੈ।
ਨਾਂ ਘਰ ਤੋਂ ਇਹ ਸ਼ੁਰੂ ਨੇ ਹੁੰਦੇ, ਕਾਹਦਾ ਦੋਸ਼ ਸੰਸਾਰ ਨੂੰ ਜੀ।
ਕਿਹੜੇ ਪਾਸੇ ਮੋੜ ਬੈਠੇ ਹਾਂ, ਮਾਂ ਬੋਲੀ ਦੀ ਅੱਜ ਨੁਹਾਰ ਨੂੰ ਜੀ?
ਗੁੱਡ ਚੰਗੇ ਨੂੰ, ਗੌਡ ਰੱਬ ਨੂੰ, ਕੁੱਤਾ ਡੋਗ ਅਖਵਾਇਆ ਹੈ।
ਚਾਹ ਨੂੰ ਟੀ ਤੇ ਮਿਲਕ ਦੁੱਧ ਨੂੰ, ਸਭ ਦੇ ਮੂੰਹ ’ਤੇ ਆਇਆ ਹੈ।
ਊੜਾ, ਐੜਾ ਭੁੱਲਦੇ ਜਾਈਏ, ਏ ਬੀ ਸੀ ਦੇ ਕਰੀਏ ਪ੍ਰਚਾਰ ਨੂੰ ਜੀ।
ਕਿਹੜੇ ਪਾਸੇ ਮੋੜ ਬੈਠੇ ਹਾਂ, ਮਾਂ ਬੋਲੀ ਦੀ ਅੱਜ ਨੁਹਾਰ ਨੂੰ ਜੀ?
ਅੱਜ ਮਾਂ ਬੋਲੀ ਉੱਤੇ ਹੋਰ, ਭਾਸ਼ਾਵਾਂ ਦਾ ਹੋ ਵਾਰ ਗਿਆ।
ਮਾਖਿਓਂ ਮਿੱਠੀ ਕਿਤੇ ਨਾ ਡਿੱਠੀ, ਜੀਹਨੂੰ ਕਹਿੰਦਾ ਸੀ ਸੰਸਾਰ ਪਿਆ।
ਪ੍ਰੀਤੀਮਾਨ ਸੰਭਾਲੋ ਮੌਕਾ, ਸ਼ਾਇਰੋ ਚੁੱਕੋ ਕਲਮ ਤਲਵਾਰ ਨੂੰ ਜੀ।
ਕਿਹੜੇ ਪਾਸੇ ਮੋੜ ਬੈਠੇ ਹਾਂ, ਮਾਂ ਬੋਲੀ ਦੀ ਅੱਜ ਨੁਹਾਰ ਨੂੰ?
ਸੰਪਰਕ: 97792-97682
* * *

ਆਈ ਰੁੱਤ ਬਸੰਤ ਦੀ

ਰਣਜੀਤ ਆਜ਼ਾਦ ਕਾਂਝਲਾ

ਹੈ ਆਈ ਹੁਸੀਨ ਰੁੱਤ ਬਸੰਤ ਦੀ ,ਮਿੱਤਰੋ ਖਿੜੀਆਂ ਗੁਲਜ਼ਾਰਾਂ!
ਮਹਿਕਿਆ ਟਹਿਕਿਆ ਹਰ ਥਾਂ ਦਿਸੇ ਜਿਧਰ ਵੀ ਨਜ਼ਰ ਮਾਰਾਂ!

ਵੰਨ ਸੁਵੰਨੇ ਰੰਗਾਂ ਵਿੱਚ ਕੁਦਰਤ ਰਾਣੀ ਮਹਿਕਾਂ ਪਈ ਖਿਲਾਰੇ!
ਰਸਭਿੰਨੀ ਖੁਸ਼ਬੋਈ ਦੇ ਚਾਰੇ ਪਾਸੇ ਕਿੰਝ ਵਗਦੇ ਪਏ ਫੁਹਾਰੇ!

ਖੁੱਲ੍ਹੇ ਡੁੱਲੇ ਦਿਨ ਹੋਏ ਵਡੇਰੇ ਨਾਲ ਧੁੱਪ ਨੇ ਰੰਗ ਵਟਾਇਆ ਹੈ।
ਖੁਸ਼ਬੂ ਭਰੇ ਵਾਤਾਵਰਣ ਵਿੱਚ ਕੁਦਰਤ ਨੇ ਮੂੰਹ ਵਿਖਾਇਆ ਹੈ।

ਖੇਤਾਂ ’ਚ ਹਰਿਆਲੀ ਛਾਈ ਖੁਸ਼ਬੋਈ ਨਾਲ ਮਹਿਕੇ ਚੌਗਿਰਦਾ।
ਮੱਲੋ ਮੱਲੀ ਮਨ ਟਹਿਕਿਆ ਮਹਿਕਿਆ ਪ੍ਰਾਣੀ ਭੱਜਿਆ ਫਿਰਦਾ।

ਚਹਿਚਹਾਉਂਦੇ ਪੰਛੀ ਉਡਾਰੀਆਂ ਮਾਰਦੇ ਬੋਲਦੇ ਮਿੱਠੜੀ ਬੋਲੀ।
ਕੁਦਰਤ ਦੇ ਰੰਗਾਂ ਵਿੱਚ ਰੰਗੀ, ਦੁਨੀਆ ਸੱਜਣਾਂ ਨਜ਼ਰੀਂ ਤੋਲੀ।

ਹਸੂੰ ਹਸੂੰ ਪਏ ਚਿਹਰੇ ਕਰਦੇ, ਬੜੇ ਮਾਣੇ ਨਖਰੇ ਨਾਜ਼ ਨਿਆਰੇ।
ਦਰ ’ਤੇ ਆ ਬਹਾਰਾਂ ਨੱਚਣ, ਕੰਨੀਂ ਰਸ ਘੋਲਦੇ ਬੋਲ ਪਿਆਰੇ।

ਰੰਗ ਬਰੰਗੇ ਫੁੱਲਾਂ ’ਤੇ ਭੌਰ ਪਤੰਗੇ ਮਿੱਠਾ ਰਾਗ ਪਏ ਸੁਣਾਉਂਦੇ।
ਤਿੱਤਲੀ ਭੌਰੇ ਮਸਤ ਹੋਏ ਉੱਡਦੇ ਵਾਯੂਮੰਡਲ ਰੰਗੀਨ ਬਣਾਉਂਦੇ।

ਹਰ ਸਮੇਂ ਸਭਨਾਂ ਦੇ ਘਰੀਂ ਸਦਾ ਛਾਈ ਰਹੇ ਬਸੰਤ ਬਹਾਰ ਜੀ!
‘ਅਜ਼ਾਦ’ ਵੀਰ ਰਲ ਮਿਲ ਵੰਡੀਏ ਸੁਗੰਧੀ ਪਰੁੱਚਾ ਪਿਆਰ ਜੀ!
ਸੰਪਰਕ: 094646-97781
* * *

ਬਸੰਤ

ਮਨਜੀਤ ਸਿੰਘ ਬੱਧਣ

ਹੇ ਕੁਦਰਤ!
ਓ ਪੰਛੀਓ-ਜਨੌਰੋ,
ਪੰਖੀਓ! ਓਏ ਕਾਸਦੋ।
ਗੁਨਾਹਗਾਰ ਹਾਂ ਮੈਂ ਤੁਹਾਡਾ
ਮੈਂ ਵੀ ਤਾਂ ਇਨਸਾਨ ਹਾਂ ।

ਮੇਰੀਏ ਕੁਦਰਤੇ!
ਭੇਦ ਨਾ ਰੱਖਿਆ
ਦਿਨ-ਰਾਤ, ਸਿਖਰ ਦੁਪਹਿਰ,
ਠੰਢ-ਬਰਸਾਤ, ਬਸੰਤ ਬਹਾਰ
ਜਨਮ ਤੇ ਮਰਨ ਵੀ
ਹਰ ਨੂੰ ਇੱਕ ਸਮਾਨ

ਅਸੀਂ ਇਨਸਾਨ
ਜਨੌਰਾਂ ਤੋਂ ਵੀ ਉੱਪਰ ਹੋਰ ਉੱਪਰ
ਹੋ ਰਹੇ
ਤੈਨੂੰ ਰੋਲ-ਮਧੋਲ ਕੇ
ਬਣ ਬੈਠ ਰਹੇ
ਇਸ ਧਰਤ ਦੇ ਭਗਵਾਨ
ਖੌਰੇ
ਸ਼ੈਤਾਨ ਜਾਂ ਬੇਈਮਾਨ

ਬਹੁਤ ਦੂਰ ਵੀ ਆ ਗਏ
ਪਤਾ ਨਹੀਂ ਕਿੱਥੇ ਛੱਡ ਆਏ
ਆਪਣੇ ਵਿੱਚੋਂ ਇਨਸਾਨ
ਇਨਸਾਨੀਅਤ ਟੋਲਦੀ ਹੋਊ

ਆਪਣਾ ਇਨਸਾਨ
ਜਿਸ ਦਾ
ਗੁਨਾਹਗਾਰ ਵੀ ਇਨਸਾਨ

ਗੁਨਾਹਗਾਰ ਦਾ
ਗੁਨਾਹ ਕਬੂਲਣਾ
ਜਿੱਤ ਨਹੀਂ
ਕੁਦਰਤ ਤੇ ਇਨਸਾਨੀਅਤ ਨੂੰ
ਇੱਕ ਸਕੂਨ ਹੈ
ਸਾਰੇ ਪੁੱਤ ਕਪੁੱਤ ਨਹੀਂ ਹੁੰਦੇ
* * *

ਭਵਿੱਖ

ਐੱਸ. ਪ੍ਰਸ਼ੋਤਮ

ਸੁਖਦ ਰੁੱਤਾਂ ਦੀ ਰਾਣੀ ਬਸੰਤ ਬਹਾਰ,
ਸਿਜਦਾ ਕਰ ਹਰ ਕੋਈ ਕਰੇ ਸਤਿਕਾਰ।
ਰੁੱਖਾਂ, ਪੰਛੀਆਂ ਲਈ ਅੰਗੜਾਈ,
ਪੁੰਗਰੇ ਪੱਤੇ, ਬੱਲੀਆਂ, ਸਰੋਂ, ਮਹਿਕਣ ਸੱਭੇ,
ਹੱਟ ਲਾਈ ਪ੍ਰਕਿਰਤੀ ਨੇ ਸ਼ਿੰਗਾਰ।
ਮਧੂ ਮੱਖੀਆਂ ਸੁਗੰਧੀ ਫੁੱਲ ਪੱਤੀ ’ਤੇ,
ਆਪਣੀ ਲੱਭ ਲਈ ਜੀਵਨਧਾਰ।
ਗ੍ਰੰਥਾਂ, ਪੁਰਾਣ, ਸ਼ਾਸਤਰਾਂ ’ਚ ਕਵੀਆਂ,
ਰਚਿਆ ਆਪਣਾ ਬਸੰਤ ਰਾਗ।
ਧਰਮ ਸਥਾਨਾਂ ’ਚ ਉਮੜੇ ਸ਼ਰਧਾਵਾਨਾਂ,
ਕੀਤਾ ਵੀਨਾ ਵਾਣੀ ’ਚ ਪਾਰ ਉਧਾਰ।
ਨਵੀਂ ਉਮੰਗ, ਉਤਸ਼ਾਹੀ ਊਰਜਾ ਲਈ,
ਮਨਾਈ ਘਰ ਬਸੰਤ ਮਿੱਠੇ ਪਲਾਓ ਨਾਲ।
ਉਮਰ ਦੀਆਂ ਹੱਦਾਂ ਤੋਂ ਉਪਰ ਉੱਠ ਸ਼ੌਕੀਨਾਂ,
ਚਾੜ੍ਹੀ ਪਤੰਗ ਬੋ ਕਾਟਾ ਡੋਰਾਂ ਪਿੰਨਿਆਂ ਨਾਲ।
ਅੰਨਦਾਤਾ ਮੋਹ ਭਰਮ ’ਚ ਭਰਮਿਆ,
ਜੂਨ ਹੰਢਾਵੇ ਗੜਿਆਂ, ਕੋਹਰੇ, ਤਪਸ਼ ਨਾਲ।
ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ,
ਜ਼ਹਿਰੀ ਮੌਤ ਨੂੰ ਲਾਉਂਦੇ ਸੀਨੇ ਨਾਲ।
ਦਿੰਦੇ ਬੰਜਰ ਤੇ ਪੱਥਰਾਂ ਦੀਆਂ ਹਿੱਕਾਂ ਪਾੜ।
ਮਿੱਟੀ ’ਚ ਮਿੱਟੀ ਕੁਨਬਾ ਧੱਸ ਕੇ
ਹੋਇਆ ਪੀੜਤ ਲਾਇਲਾਜ ਰੋਗਾਂ ਨਾਲ।

ਲੋਕਾਈ ਦਾ ਢਿੱਡ ਭਰਦਿਆਂ ਮੁਲਕ ’ਚ,
ਜੂਝ ਰਿਹਾ ਏ ਨੰਗ ਧੜੰਗ,
ਪੂੰਜੀਵਾਦੀ ਚਾਲਕਾਂ ਦੀਆਂ
ਚਲਾਕੀਆਂ ਬਦਨੀਤੀਆਂ ਨਾਲ।
ਛਲ ਦਾ ਸੰਤਾਪ ਹੰਢਾਉਂਦੇ ਖੁੱਲ੍ਹੇ ਤੀਸਰੇ ਨੇਤਰਾਂ ਨੇ,
ਧੜਿਆਂ, ਵਰਗਾਂ ਦੀ ਹਉਮੈਂ ਤੋਂ ਹੋ ਨਿਸ਼ੰਗ,
ਮੱਲੀਆਂ ਹੱਦਾਂ ਲਹੂ ਵੀਟਵੇਂ ਸੰਘਰਸ਼ਾਂ ਨਾਲ।
ਪਵਿੱਤਰ ਦਿਹਾੜੇ ਮੌਕੇ ਗਿਆ ਛਲਿਆ,
ਅੰਨਦਾਤਾ, ਹਾਕਮਾਂ ਦੇ ਫਿਰ ਛਲ ਨਾਲ।
ਅੰਦੋਲਨ ਫਤਿਹ ਦੀ ਗੂੰਜਾਂ ਨਾਲ।

ਅਜਿਹੇ ’ਚ ਪੱਤਝੜੀ ਪੱਤਿਆਂ ਤਰ੍ਹਾਂ
ਜ਼ਮੀਨੀ ਡਿੱਗੇ ਕਿਸਾਨਾਂ ਨੇ
ਆਪਣੀ ਉਦਾਸੀ ਰੁੱਤ ਬਸੰਤ ’ਚ ਕੀਤਾ,
ਅੰਮ੍ਰਿਤ ਮੰਥਨ ਸੰਘਰਸ਼ੀ ਜੀਵਨ ਨਾਲ।
ਬਸੰਤ ਰੁੱਤ ਦੇ ਪੂਰਬਲੇ ਦਿਨ,
ਦਿੱਲੀ ਦੇ ਛਲ ਨੂੰ ਰੋਲਣ ਲਈ,
ਜੀਵਨ ’ਚ ਬਸੰਤੀ ਰੰਗ ਘੋਲਣ ਲਈ।
ਮੁੱਕਣ ਦਾ ਨਾਂ ਨਾ ਲੈਂਦੇ ਸ਼ਾਹ ਮਾਰਗਾਂ ’ਤੇ,
ਧੂੜਾਂ ਪੁੱਟਦੇ ਜਾ ਆਢਾ ਲਾਇਆ,
ਹੈਂਕੜ ਦੀ ਹਰ ਹੱਦ ਨਾਲ।
ਸਿਆਸਤ ਤਾਂ ਭਰਾ ਭਰਾ ਨੂੰ ਲੜਾਵੇ,
ਕਿਸਾਨ ਦੇ ਪੁੱਤਰ ਵਰਦੀਧਾਰੀਆਂ ਨੂੰ,
ਹੱਦਾਂ ’ਤੇ ਤਾਇਨਾਤ ਕੀਤਾ ਬੇਕਿਰਕੀ ਨਾਲ।
ਤਾਣੀਆਂ ਹਿੱਕਾਂ ’ਤੇ ਬਸੰਤ ਹੰਢਾਈ ਕਿਸਾਨਾਂ,
ਹੰਝੂ ਕੱਢਦੇ ਡਰੋਨਾਂ ਨੂੰ ਡੇਗ ਪਤੰਗਾਂ ਨਾਲ।
ਜਲ ਤੋਪਾਂ ਤੇ ਖਾਧੀਆਂ ਮਸਨੂਈ ਗੋਲੀਆਂ ਨਾਲ।
ਧਰਤ ਜੀਵਨ ਦੀ ਖੁਸ਼ਹਾਲੀ ਲਈ,
ਧਰਤੀ ਪੁੱਤ ਦੇਣਗੇ ਫਿਰ ਡੱਟਵਾਂ ਪਹਿਰਾ,
ਇਸ ਵੇਰੀਂ ਫਿਰ ਦਿੱਲੀ ਦੇ ਕ੍ਰਿਸ਼ਮਈ,
ਲਾਰਿਆਂ ਦੀ ਜੇ ਕਿਤੇ ਝੱਲਗੇ ਮਾਰ,
ਤਾਂ ਨਹੀਂ ਕਰੇਗਾ ਕਦੇ ਭਵਿੱਖ ਮਾਫ਼।
ਸੰਪਰਕ: 98152-71246
* * *

ਗ਼ਜ਼ਲ

ਸ਼ਾਇਰ ਭੱਟੀ

ਸ਼ਾਇਰ ਲੋਕ ਅਵੱਲੇ ਹੁੰਦੇ, ਲੋਕੀਂ ਸਮਝਣ ਝੱਲੇ ਹੁੰਦੇ।
ਗ਼ਜ਼ਲਾਂ ਵਿੱਚ ਪਰੋਂਦੇ ਪੀੜਾਂ, ਜਦ ਜਦ ਦਿਲ ’ਤੇ ਹੱਲੇ ਹੁੰਦੇ।

ਹੁੰਦੀ ਜਿੱਤ ਯਕੀਨਨ ਪੱਕੀ, ਹਾਰ ਕਦੇ ਨਾ ਹਿੱਸੇ ਆਉਂਦੀ,
ਉਸਨੂੰ ਕੌਣ ਦਬਾ ਸਕਦਾ ਹੈ, ਸ਼ਾਇਰ ਜਿਸਦੇ ਵੱਲੇ ਹੁੰਦੇ।

ਸੰਵਾਦ ਰਚਾਉਂਦੇ ਅਪਣੇ ਨਾਲ ਹੀ ਭੁੱਲ ਕੇ ਦੁਨੀਆਦਾਰੀ ਨੂੰ,
ਸੋਚ ਉਡਾਰੀ ਉੱਚੀ ਭਰਦੇ, ਜਦ ਵੀ ਸ਼ਾਇਰ ’ਕੱਲੇ ਹੁੰਦੇ।

ਡਾਕ ਜਵਾਬੀ ਮੈਂ ਵੀ ਘੱਲਦਾ, ਘੱਲਦਾ ਉਸਦੇ ਨਾਂ ਦੇ ਉੱਤੇ,
ਮੇਰੇ ਮਹਿਰਮ ਮੇਰੇ ਨਾਂ ’ਤੇ, ਇੱਕ ਦੋ ਖ਼ਤ ਜੇ ਘੱਲੇ ਹੁੰਦੇ।

ਸ਼ਾਇਰ ਪੂਰੀ ਦੁਨੀਆ ਦੇ ਨਿੱਤ, ਪੁੱਛਣ ਅਪਣੇ ਮੁਰਸ਼ਦ ਕੋਲੋਂ,
ਹੱਦੋਂ ਵੱਧ ਜੋ ਮਿਹਨਤ ਕਰਦੇ, ਕਾਹਤੋਂ ਕਰਜ਼ੇ ਥੱਲੇ ਹੁੰਦੇ?

ਕਿਉਂ ਜਾਨੋਂ ਵੱਧ ਹਿਫ਼ਾਜ਼ਤ ਕਰਦੇ, ਦਿੱਤੀ ਪਿਆਰ ਨਿਸ਼ਾਨੀ ਦੀ,
ਕਾਹਤੋਂ ਏਨੇ ਦਰਦ ਖ਼ਜ਼ਾਨੇ, ਹਰ ਆਸ਼ਕ ਦੇ ਪੱਲੇ ਹੁੰਦੇ?

ਜਾਇਦਾਦ ਨਿਰਾਲੀ ਨਾਥਾਂ ਦੀ, ਜੋ ਅੰਤਾਂ ਤੀਕਰ ਨਾਲ ਨਿਭੇ,
ਗਲ਼ ਵਿੱਚ ਗਾਨੀ, ਖ਼ਾਲੀ ਠੂਠਾ, ਹੱਥੀਂ ਛਾਪਾਂ ਛੱਲੇ ਹੁੰਦੇ।

ਯਾਰ ਯਕੀਨਨ ਹੋ ਸਕਦੀ ਹੈ, ਹਰ ਸ਼ੈਅ ਬਾਸੀ ਦੁਨੀਆ ਦੀ,
ਮਿਲਦੇ ਪਾਕ ਮੁਹੱਬਤ ਵਿੱਚ ਜੋ, ਜ਼ਖ਼ਮ ਸਦਾ ਹੀ ਅੱਲੇ ਹੁੰਦੇ।

ਇਤਿਹਾਸ ਗਵਾਹੀ ਭਰਦਾ ਹੈ, ਇਹ ਹੋਰ ਟਿਕਾਣਾ ਭਾਲਣ ਨਾ,
ਲਿਖਤਾਂ ਵਿੱਚ ਵੀ ਸ਼ਾਇਰ ਲੋਕਾਂ, ਦਰ ਮਹਿਰਮ ਦੇ ਮੱਲੇ ਹੁੰਦੇ।

ਉਨ੍ਹਾਂ ਕਰਕੇ ਭੱਟੀ ਖ਼ੁਦ ਨੂੰ, ਤੂੰ ਵੱਡਾ ਸ਼ਾਇਰ ਸਮਝੀ ਨਾ,
ਸ਼ਿਅਰ ਸੁਣਨ ਤੋਂ ਪਹਿਲਾ ਜਿਹੜੇ, ਕਰਦੇ ਬੱਲੇ ਬੱਲੇ ਹੁੰਦੇ।
* * *

ਮਾਂ ਬੋਲੀ ਪੰਜਾਬੀ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਮੈਂ ਹਾਂ ਪੁੱਤ ਪੰਜਾਬ ਦਾ ਤੇ ਮਾਂ ਬੋਲੀ ਪੰਜਾਬੀ
ਐਪਰ ਮੈਂ ਹਾਂ ਭੁੱਲਿਆ ਫਿਰਦਾ, ਛੱਡ ਕੇ ਸ਼ਾਨ ਨਵਾਬੀ।
ਆਇਆ ਸੀ ਇੱਕ ਬਾਬਾ ਨਾਨਕ, ਗਾਉਂਦਾ ਮਿੱਠੀ ਬਾਣੀ
ਨਾਲ ਉਦ੍ਹੇ ਸੀ ਮਿੱਤਰ-ਸਾਥੀ, ਕੱਢੇ ਸੁਰ ਰਬਾਬੀ।

ਭੱਟਾਂ, ਭਗਤਾਂ, ਗੁਰੂਆਂ ਇਸ ਨੂੰ ਦਿੱਤਾ ਮਾਣ ਸੀ ਡਾਹਢਾ
ਕਿੱਸਾਕਾਰਾਂ, ਕਵੀਆਂ ਇਸ ਨੂੰ ਦਿੱਤੀ ਹੋਰ ਰੋਆਬੀ।
ਹਿੰਦੀ, ਉੜੀਆ, ਸਿੰਧੀ ਬੋਲੀ, ਕੀ ਕੰਨੜ, ਬੰਗਾਲੀ
ਮਹਿਕਾਂ ਭਰਿਆ ਬਾਗ਼ ਬਗੀਚਾ, ਇਹ ਹੈ ਫੁੱਲ ਗ਼ੁਲਾਬੀ।

ਆ ਗਈ ਪੀੜ੍ਹੀ ਗਿਟਮਿਟ ਕਰਦੀ, ਮਾਂ ਬੋਲੀ ਦੁਰਕਾਰੇ
ਭੁੱਲ ਗਈ ਲੱਗਦੈ, ਮਾਂ ਬੋਲੀ ਹੈ ਹੁੰਦੀ ਜੀਵਨ ਚਾਬੀ।
ਆ ਜਾਓ ਭੈਣੋ ਵੀਰੋ ਸਾਰੇ, ਰਲ ਮਿਲ ਮਤਾ ਪਕਾਈਏ
ਮਾਂ ਬੋਲੀ ਦੇ ਸਿਰ ਮੁੜ ਧਰੀਏ ਸਾਲੂ ਓਹੀ ਉਨਾਬੀ।

ਮਾਂ ਬੋਲੀ ਦਾ ਦੇਣ ਭਲਾ ਹੈ ਕਿੱਥੇ ਦਿੱਤਾ ਜਾਂਦਾ?
ਪਹਿਲੇ ਸਾਹ ਤੋਂ ਆਖ਼ਰੀ ਸਾਹ ਤੱਕ ਇਹੋ ਜੀਵਨ-ਆਬੀ।
ਕਹਿਣ ਨੂੰ ਇਸਦੇ ਰੂਪ ਅਨੇਕਾਂ ਪਰ ਹੈ ਮਾਖ਼ਿਉਂ ਮਿੱਠੀ
ਪੋਠੋਹਾਰੀ, ਮਲਵਈ, ਪੁਆਧੀ, ਮਾਝੀ ਅਤੇ ਦੁਆਬੀ।

ਜੁਗ ਜੁਗ ਜੀਵੇ ਮਾਂ ਬੋਲੀ ਇਹ, ਗੁਰੂਆਂ ਪੀਰਾਂ ਜਾਈ
ਇਸਦੇ ਮੁੱਖ ’ਤੇ ਨੂਰ ਅੱਲ੍ਹਾ ਦਾ, ਇਸ ਦੇ ਚੋਜ਼ ਖ਼ਿਤਾਬੀ।
ਸੰਪਰਕ: 97816-46008
* * *

ਗ਼ਜ਼ਲ

ਭੁਪਿੰਦਰ ਸਿੰਘ ਬੋਪਾਰਾਏ

ਜਿਹੜੇ ਬੱਦਲ ਗਰਜਦੇ, ਉਹ ਤਾਂ ਵਰ੍ਹਦੇ ਘੱਟ।
ਹਿੰਮਤੀ ਕਾਜ ਨਬਿੇੜਦੇ, ਲਾ ਕੇ ਪੂਰੀ ਝੱਟ।

ਹਾਕਮ ਜਿਸ ਵੀ ਦੇਸ਼ ਦਾ, ਹੋਵੇ ਜੁਮਲੇ-ਬਾਜ਼,
ਉੱਥੇ ਅੰਨ੍ਹੀ ਪੀਂਹਵਦੀ, ਕੁੱਤਾ ਜਾਵੇ ਚੱਟ।

ਕਾਲਾ ਧਨ ਵਿਦੇਸ਼ ਤੋਂ, ਅਸੀਂ ਲਿਆਉਣਾ ਮੋੜ,
ਕੇਵਲ ਵੋਟਾਂ ਵਕਤ ਹੀ, ਲੀਡਰ ਲਾਉਂਦੇ ਰੱਟ।

ਬਾਬਰ ਦੀ ਰੂਹ ਆ ਵੱਸੀ, ਰਾਜੇ ਦੇ ਕਲਬੂਤ,
ਹੱਕਾਂ ਖਾਤਰ ਲੜਨ ਜੋ, ਫੜ ਫੜ ਮਾਰਨ ਬੱਟ।

ਬੇਹੱਦ ਆਉਂਦੀ ਸ਼ਰਮ ਹੈ, ਸੁਣਦੇ ਹਾਂ ਜਦ ਗੱਲ,
ਗੁਰ ਪੀਰਾਂ ਦੀ ਧਰਤ ’ਤੇ, ਕੁਝ ਲੋਕ ਨਸ਼ੇ ਦੇ ਮੱਟ।

ਫਿਰ ਵੀ ਹੋਠੀਂ ਸੀ ਨਹੀਂ, ਹੋਇਆ ਤਨ ਲੰਗਾਰ,
ਪੀੜਾਂ ਪੀੜਾਂ ਕੂਕਦੈਂ, ਖਾ ਕੇ ਇੱਕ ਹੀ ਫੱਟ।

ਲੋੜ ਪਏ ਨਾ ਬਹੁੜਦੇ, ਖਿਸਕਣ ਪੋਲੇ ਪੈਰ,
‘ਬੋਪਾਰਾਏ’ ਬੁਰੇ ਨੇ, ਮਿੱਤਰ ਕੌਲੀ ਚੱਟ।
ਸੰਪਰਕ: 97797-91442
* * *

ਬੰਦਾ

ਗੁਰਤੇਜ ਸਿੰਘ ਖੁਡਾਲ

ਹਰ ਪਾਸੇ ਅੱਜ ਜ਼ਹਿਰ ਨਾ ਹੁੰਦਾ,
ਜੇਕਰ ਬੰਦਾ, ਹੁੰਦਾ ਬੰਦਾ...
ਰੱਬ ਦੇ ਘਰ ਨਾ ਜਿੰਦਰਾ ਹੁੰਦਾ
ਜੇਕਰ ਚੰਗਾ ਹੁੰਦਾ ਬੰਦਾ...
ਵੋਟਾਂ ਦਾ ਜਦੋਂ ਵੇਲਾ ਹੁੰਦਾ,
ਬੋਤਲ ਲਈ ਵਿਕ ਜਾਂਦਾ ਬੰਦਾ...
ਬੋਤਲ ਲਈ ਜੋ ਵਿਕਿਆ ਬੰਦਾ,
ਲੀਡਰਾਂ ਤੋ ਕੀ ਲੱਭੇ ਬੰਦਾ?
ਹੱਕ ਪਰਾਇਆ ਚੋਰੀ ਖਾਂਦਾ,
ਰੱਜਦਾ ਫਿਰ ਨਹੀਂ ਇਹ ਬੰਦਾ...
ਦੂਜਿਆਂ ਨੂੰ ਇਹ ਲੁੱਟ ਲੁੱਟ ਕੇ,
ਆਪਣਾ ਘਰ ਹੈ ਭਰਦਾ ਬੰਦਾ..
ਹੋਰਾਂ ਦੇ ਘਰ ਅੱਗ ਲਗਾ ਕੇ,
ਆਪਣੇ ਘਰ ਸੁੱਖ ਲੱਭੇ ਬੰਦਾ...
ਪੈਸਾ ਪੈਸਾ ਪੈਸਾ ਕਰਦਾ ਰਹਿੰਦਾ ,
ਪਾਗਲ ਹੋਇਆ ਫਿਰਦੈ ਬੰਦਾ..
ਬਜ਼ੁਰਗਾਂ ਅਤੇ ਰੱਬ ਨੂੰ ਭੁਲ ਕੇ..
ਬਹੁਤ ਸਿਆਣਾ ਬਣਦੈ ਬੰਦਾ...
ਖੁਡਾਲ ਕਹੇ ਸੁਣ ਸਾਡੀ ਰੱਬਾ,
ਬੰਦਾ ਬਣਜੇ, ਬਸ ਅੱਜ ਦਾ ਬੰਦਾ..
ਸੰਪਰਕ: 9464129118
* * *

ਮੇਰੀ ਅਪਣੀ ਇੱਕ ਦੁਨੀਆ

ਅਮਨ ਗਿੱਲ

ਇਸ ਸੰਸਾਰ ਤੋਂ ਪਰ੍ਹੇ
ਮੇਰੀ ਅਪਣੀ ਇੱਕ ਦੁਨੀਆ
ਜਿੱਥੇ ਮੇਰੇ ਮਨਘੜਤ ਵਿਚਾਰ ਕਿਰਦਾਰ ਨੇ
ਜਿੱਥੇ ਮੇਰੀਆਂ ਰੀਝਾਂ ਤੁਰੀਆਂ ਫਿਰਦੀਆਂ ਨੇ
ਜਿੱਥੇ ਕੋਈ ਵੀ ਬੇਵੱਸ ਲਾਚਾਰ ਨੀ
ਮਨ ਦੀਆਂ ਮੌਜਾਂ ਹੀ ਮੌਜਾਂ ਨੇ ਕੋਈ ਰੋਕ ਟੋਕ ਨੀ
ਕਿਸੇ ਦੇ ਗਲ਼ ’ਚ ਤੇਰੇ ਮੇਰੇ ਹੱਕ ਦੀ ਜ਼ੰਜੀਰੀ ਨੀ
ਹਰ ਕੋਈ ਆਪਣੀ ਸੋਚ ਨਾਲ ਆਜ਼ਾਦ ਏ
ਜਿੱਥੇ ਬੇਵਜ੍ਹਾ ਕਿਸੇ ਦਾ ਡਰ ਨੀ
ਜੇ ਮੈਂ ਇਹ ਕੀਤਾ ਉਹ ਕੀ ਆਖੂ
ਜੇ ਮੈਂ ਉਹ ਕੀਤਾ ਤਾਂ ਇਹ ਕੀ ਆਖੂ
ਹਵਾਂ ’ਚ ਉੱਡਣਾ ਚਾਹਿਆ ਤਾਂ ਪੰਛੀਆਂ ਨਾਲ ਉਡਾਰੀ ਭਰ ਲਈ
ਜੇ ਮਹਿਕਣਾ ਚਾਹਿਆ ਤਾਂ ਫੁੱਲ ਬਣਨ ਦੀ ਤਿਆਰੀ ਕਰ ਲਈ
ਜਿੱਥੇ ਇਹ ਰਿਵਾਜ ਨੀ ਤੂੰ ਵਿਆਹ ਕਰਾ ਘਰ ਵਸਾ
ਪੜ੍ਹ ਲਿਖ ਪੈਰਾਂ ਤੇ ਖੜ੍ਹਨਾ ਸਿੱਖ
ਜਿੱਥੇ ਅਪਣਾ ਕੋਈ ਘਰ ਨੀ ਕਿਸੇ ਰਿਸ਼ਤੇ ਦਾ ਕੋਈ ਬੰਧਨ ਨੀਂ
ਜਿੱਥੇ ਸ਼ਾਮ ਸਵੇਰ ਦਾ ਕੋਈ ਡਰ ਨੀਂ
ਹਕੀਕਤ ਤੋਂ ਕੋਹਾਂ ਦੂਰ ਖ਼ਾਬਾਂ ਦੀ ਇੱਕ ਦੁਨੀਆ
ਇਸ ਸੰਸਾਰ ਤੋਂ ਪਰ੍ਹੇ
ਮੇਰੀ ਅਪਣੀ ਇੱਕ ਦੁਨੀਆ...
ਸੰਪਰਕ: 82889-72132

Advertisement
Author Image

joginder kumar

View all posts

Advertisement
Advertisement
×