For the best experience, open
https://m.punjabitribuneonline.com
on your mobile browser.
Advertisement

ਚੁੱਪ ਦੀ ਭਾਸ਼ਾ

07:59 AM Dec 16, 2023 IST
ਚੁੱਪ ਦੀ ਭਾਸ਼ਾ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮਨੁੱਖ ਦੀ ਕਲਮ ਨਾਲ ਲਿਖੇ ਹੋਏ ਅਤੇ ਮੂੰਹ ਨਾਲ ਬੋਲੇ ਹੋਏ ਸ਼ਬਦ ਹੀ ਦੂਜਿਆਂ ਦੇ ਦਿਲਾਂ ਨੂੰ ਛੂਹ ਸਕਦੇ ਹਨ, ਉਨ੍ਹਾਂ ਦੇ ਮਨਾ ਨੂੰ ਟੁੰਬ ਸਕਦੇ ਹਨ ਜਾਂ ਫੇਰ ਉਨ੍ਹਾਂ ਦੇ ਮਨਾਂ ਨੂੰ ਹੋਰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਚੁੱਪ ਦੇ ਵੀ ਆਪਣੇ ਸ਼ਬਦ ਹੁੰਦੇ ਹਨ। ਉਸ ਚੁੱਪ ’ਚ ਉਸ ਦੀ ਸੂਝਬੂਝ ਅਤੇ ਸਿਆਣਪ ਲੁਕੀ ਹੋਈ ਹੁੰਦੀ ਹੈ। ਹਿੰਦੀ ਭਾਸ਼ਾ ਦੇ ਮਹਾਨ ਵਿਦਵਾਨ ਸੁਮਿੱਤਰਾ ਨੰਦਨ ਪੰਤ ਦਾ ਕਹਿਣਾ ਹੈ ਕਿ ਗੁਣਵਾਨ ਅਤੇ ਸੁਲਝੇ ਹੋਏ ਲੋਕਾਂ ਦੀ ਸ਼ਖ਼ਸੀਅਤ ਦੀ ਚੁੱਪ ਦੇ ਸ਼ਬਦ ਦੂਜਿਆਂ ਦੇ ਮਨਾਂ ਉਤੇ ਉਹ ਪ੍ਰਭਾਵ ਛੱਡ ਜਾਂਦੇ ਹਨ ਜੋ ਕਿ ਕਲਮ ਨਾਲ ਲਿਖੇ ਅਤੇ ਮੂੰਹ ਨਾਲ ਬੋਲੇ ਸ਼ਬਦ ਨਹੀਂ ਛੱਡ ਪਾਉਂਦੇ।
ਉਨ੍ਹਾਂ ਲੋਕਾਂ ਦੀ ਸ਼ਖ਼ਸੀਅਤ ਦੀ ਚੁੱਪ ਦੇ ਸ਼ਬਦ ਹੀ ਅਸਰਦਾਰ ਹੁੰਦੇ ਹਨ ਜੋ ਸੁਭਾਅ ਦੇ ਸ਼ਾਂਤ ਅਤੇ ਗੰਭੀਰ ਹੁੰਦੇ ਹਨ। ਉਹ ਬਿਨਾਂ ਮਤਲਬ ਅਤੇ ਬੇਹੂਦਾ ਨਹੀਂ ਬੋਲਦੇ। ਉਹ ਸੰਵੇਦਨਸ਼ੀਲ, ਡੂੰਘਾਈ ਨਾਲ ਸੋਚਣ ਵਾਲੇ, ਸਹਿਣਸ਼ੀਲ ਅਤੇ ਸਬਰ ਸੰਤੋਖ ਦੀ ਭਾਵਨਾ ਰੱਖਣ ਵਾਲੇ ਹੁੰਦੇ ਹਨ। ਉਹ ਲਾਲਚ ਅਤੇ ਸਵਾਰਥ ਨੂੰ ਆਪਣੇ ਨੇੜੇ ਢੁਕਣ ਨਹੀਂ ਦਿੰਦੇ। ਉਹ ਆਪਣੀ ਜ਼ਿੰਦਗੀ ’ਚ ਆਉਣ ਵਾਲੇ ਤਿਆਗ ਦੇ ਮੌਕੇ ਨੂੰ ਕਦੇ ਵੀ ਹੱਥੋਂ ਖੁੰਝਣ ਨਹੀਂ ਦਿੰਦੇ। ਚੰਗੇ ਅਧਿਆਪਕ, ਡਾਕਟਰ, ਵਕੀਲ, ਜੱਜ, ਮਨੋਵਿਗਿਆਨਕ, ਸਲਾਹਕਾਰ, ਪ੍ਰਬੰਧਕ ਤੇ ਚੰਗੇ ਸੰਤ ਬਹੁਤ ਜ਼ਿਆਦਾ ਬੋਲਣ ਨਾਲੋਂ ਜ਼ਿਆਦਾ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ। ਕਿਉਂਕਿ ਉਨ੍ਹਾਂ ਦੀ ਚੁੱਪ ਹੀ ਦੂਜਿਆਂ ਨੂੰ ਬਹੁਤ ਕੁੱਝ ਸਮਝਾ ਦਿੰਦੀ ਹੈ। ਕਲਮ ਅਤੇ ਜੀਭ ਦੇ ਸ਼ਬਦਾਂ ਨਾਲੋਂ ਚੁੱਪ ਦੇ ਸ਼ਬਦ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਤਾਕਤਵਾਰ ਹੁੰਦੇ ਹਨ ਕਿਉਂਕਿ ਮਨੁੱਖ ਤਲਖ਼ੀ ’ਚ ਬੋਲਦਾ ਬੋਲਦਾ ਕੁੱਝ ਅਜਿਹਾ ਬੋਲ ਜਾਂਦਾ ਹੈ ਜੋ ਉਸ ਦੀ ਸ਼ਖ਼ਸੀਅਤ ਦਾ ਦੂਜਿਆਂ ਉਤੇ ਮਾੜਾ ਅਸਰ ਪਾਉਂਦਾ ਹੈ। ਮੂੰਹ ਤੋਂ ਇੱਕ ਵਾਰ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ, ਉਹ ਮਨੁੱਖ ਨੂੰ ਤਾਅ ਉਮਰ ਬੁਰਾ ਬਣਾ ਦਿੰਦੇ ਹਨ ਅਤੇ ਦੂਜਿਆਂ ਨਾਲੋਂ ਉਸ ਦੇ ਸਬੰਧ ਤੋੜ ਦਿੰਦੇ ਹਨ, ਪਰ ਚੁੱਪ ਦੇ ਸ਼ਬਦ ਨਾ ਤਾਂ ਮਨੁੱਖ ਨੂੰ ਬੁਰਾ ਬਣਨ ਦਿੰਦੇ ਹਨ ਤੇ ਨਾ ਹੀ ਦੂਜਿਆਂ ਨਾਲੋਂ ਉਸ ਦੇ ਸਬੰਧਾਂ ਨੂੰ ਟੁੱਟਣ ਦਿੰਦੇ ਹਨ। ਮਨੁੱਖ ਜਦੋਂ ਤੱਕ ਆਪਣੀ ਜ਼ੁਬਾਨ ਤੋਂ ਕੁੱਝ ਨਹੀਂ ਬੋਲਦਾ ਉਦੋਂ ਤੱਕ ਉਹ ਦੂਜਿਆਂ ਲਈ ਅਜਨਬੀ ਬਣਿਆ ਰਹਿੰਦਾ ਹੈ। ਉਸ ਦੇ ਮਨ ’ਚ ਕੀ ਹੈ, ਉਹ ਇਹ ਵੀ ਉਸ ਬਾਰੇ ਨਹੀਂ ਜਾਣ ਪਾਉਂਦੇ। ਚੁੱਪ ਆਪਣੀ ਲੈਅ ਵਿੱਚ ਆਪਣੇ ਮਨ ਦੀ ਗੱਲ ਬੜੇ ਹੀ ਤਹੱਮਲ ਨਾਲ ਸਮਝਾ ਦਿੰਦੇ ਹਨ।
ਆਪਣੇ ਮਨ ਦੀ ਗੱਲ ਕਹਿਣ ਲਈ ਮਨੁੱਖ ਕਲਮ ਤੇ ਹਰਫ਼ਾਂ ਦੇ ਸੁਮੇਲ ਨੂੰ ਸਾਧਨ ਬਣਾਉਂਦਾ ਹੈ, ਪਰ ਅਨੁਭਵੀ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਕ ਵਾਰ ਕਲਮ ਨਾਲ ਲਿਖੇ ਅਤੇ ਦੂਜਿਆਂ ਤੱਕ ਪਹੁੰਚੇ ਹਰਫ਼ ਨਾ ਤਾਂ ਮਿਟਾਏ ਜਾ ਸਕਦੇ ਹਨ ਤੇ ਨਾ ਹੀ ਲਿਖਣ ਵਾਲੇ ਪਾਸ ਮੁੜ ਵਾਪਸ ਆ ਸਕਦੇ ਹਨ। ਚੁੱਪ ਦੇ ਹਰਫ਼ਾਂ ਨੂੰ ਨਾ ਮਿਟਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਨੀ ਪੈਂਦੀ ਹੈ। ਕਲਮ ਅਤੇ ਮੂੰਹ ਵਿੱਚੋਂ ਨਿਕਲੇ ਜਿਹੜੇ ਸ਼ਬਦ ਦੂਜਿਆਂ ਦੇ ਮਨਾਂ ਨੂੰ ਵਲੂੰਧਰ ਜਾਂਦੇ ਹਨ, ਉਹ ਮਨੁੱਖ ਲਈ ਪਛਤਾਵੇ ਦਾ ਕਾਰਨ ਬਣ ਜਾਂਦੇ ਹਨ, ਪਰ ਚੁੱਪ ਦੇ ਸ਼ਬਦ ਨਾ ਤਾਂ ਮਨੁੱਖ ਨੂੰ ਸ਼ਰਮਿੰਦਾ ਹੋਣ ਦਿੰਦੇ ਹਨ ਅਤੇ ਨਾ ਹੀ ਉਸ ਨੂੰ ਪਛਤਾਉਣ ਦਾ ਮੌਕਾ ਦਿੰਦੇ ਹਨ। ਦੋ ਪ੍ਰੇਮੀਆਂ ’ਚ ਪਿਆਰ ਦੀ ਸ਼ੁਰੂਆਤ ਵੀ ਚੁੱਪ ਦੇ ਸ਼ਬਦਾਂ ਤੋਂ ਹੀ ਹੁੰਦੀ ਹੈ। ਚੁੱਪ ਦੇ ਸ਼ਬਦਾਂ ਤੋਂ ਬਾਅਦ ਭਾਵੇਂ ਕਲਮ ਤੇ ਮੂੰਹ ਦੇ ਸ਼ਬਦਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਪਰ ਪ੍ਰੇਮ ਸਬੰਧ ਸਿਰੇ ਤਾਂ ਹੀ ਚੜ੍ਹਦੇ ਹਨ ਜੇਕਰ ਦੋਹਾਂ ਪ੍ਰੇਮੀਆਂ ’ਚ ਚੁੱਪ ਦੇ ਸ਼ਬਦਾਂ ਨੂੰ ਬਰਕਰਾਰ ਰੱਖਿਆ ਜਾਵੇ। ਚੁੱਪ ਦੇ ਸ਼ਬਦਾਂ ਦਾ ਇੱਕ ਸਲੀਕਾ ਹੁੰਦਾ ਹੈ, ਲਿਆਕਤ ਤੇ ਨਜ਼ਾਕਤ ਹੁੰਦੀ ਹੈ। ਇੱਕ ਵਿਅਕਤੀ ਵੱਲੋਂ ਗੁੱਸੇ ਵਿੱਚ ਮੂੰਹ ਨਾਲ ਬੋਲੇ ਗਏ ਅਤੇ ਕਲਮ ਨਾਲ ਲਿਖੇ ਗਏ ਸ਼ਬਦਾਂ ਦਾ ਜੇਕਰ ਕੋਈ ਵਿਅਕਤੀ ਉਸੇ ਗੁੱਸੇ ਵਾਲੇ ਲਹਿਜੇ ਨਾਲ ਜਵਾਬ ਦੇ ਦੇਵੇ ਤਾਂ ਲੜਾਈ ਝਗੜੇ ਦੀ ਨੌਬਤ ਪੈਦਾ ਹੋ ਜਾਂਦੀ ਹੈ। ਅਦਾਲਤਾਂ ਦਾ ਮੂੰਹ ਵੇਖਣਾ ਪੈ ਜਾਂਦਾ ਹੈ, ਪਰ ਚੁੱਪ ਦੇ ਸ਼ਬਦਾਂ ਦੀ ਸ਼ਖ਼ਸੀਅਤ ਆਪਣੇ ਵਿਰੋਧੀ ਨੂੰ ਆਪਣੇ ਸ਼ਾਂਤਮਈ ਲਹਿਜੇ ਵਿੱਚ ਇਹ ਸਮਝਾ ਦਿੰਦੀ ਹੈ ਕਿ ਮੈਂ ਗੁੱਸੇ ਦਾ ਜਵਾਬ ਸ਼ਾਂਤ ਰਹਿ ਕੇ ਦੇਣਾ ਜਾਣਦਾ ਹਾਂ। ਇਹ ਕਹਾਵਤ ਆਮਤੌਰ ’ਤੇ ਸੁਣਨ ਨੂੰ ਮਿਲਦੀ ਹੈ ਕਿ ਜੇਕਰ ਚੁੱਪ ਰਹਿ ਕੇ ਸਰਦਾ ਹੋਵੇ ਤਾਂ ਬੋਲਣ ਅਤੇ ਕਲਮ ਚਲਾਉਣ ਦੀ ਕੀ ਲੋੜ ਹੈ।
ਮੇਰੀ ਇੱਕ ਜਾਣਕਾਰ ਅਧਿਆਪਕ ਬਹੁਤ ਹੀ ਗੁਸੈਲੀ ਤੇ ਬਹੁਤ ਜ਼ਿਆਦਾ ਬੋਲਣ ਵਾਲੀ ਸੀ। ਗੁੱਸੇ ਵਿੱਚ ਉਹ ਆਪਣੇ ਆਪ ਤੋਂ ਐਨੀ ਬਾਹਰੀ ਹੋ ਜਾਂਦੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਕੀ ਬੋਲ ਰਹੀ ਹੈ। ਕਿਸੇ ਵੀ ਸਕੂਲ ਮੁਖੀ ਨਾਲ ਉਸ ਦੀ ਬਣੀ ਨਹੀਂ ਸੀ। ਹਰ ਕੋਈ ਉਸ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦਾ ਸੀ, ਪਰ ਉਸ ਦਾ ਘਰਵਾਲਾ ਸਦਾ ਹੀ ਚੁੱਪ ਤੇ ਸ਼ਾਂਤ ਰਹਿਣ ਵਾਲਾ ਇਨਸਾਨ ਸੀ। ਉਸ ਨੇ ਕਦੇ ਵੀ ਕਿਸੇ ਨਾਲ ਆਪਣੀ ਪਤਨੀ ਦੇ ਗੁੱਸੇਬਾਜ਼ ਅਤੇ ਲੜਾਕੀ ਹੋਣ ਦੀ ਸ਼ਿਕਾਇਤ ਨਹੀਂ ਕੀਤੀ ਸੀ। ਕਿਸੇ ਨੇ ਵੀ ਉਨ੍ਹਾਂ ਦੋਹਾਂ ਦਾ ਇੱਕ ਦੂਜੇ ਨਾਲ ਤਕਰਾਰ ਜਾਂ ਲੜਾਈ ਝਗੜਾ ਨਹੀਂ ਸੁਣਿਆ ਸੀ। ਉਸ ਅਧਿਆਪਕਾ ਦੇ ਘਰ ਵਾਲੇ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਹੀ ਕਮਾਲ ਦਾ ਸੀ। ਉਸ ਦਾ ਕਹਿਣਾ ਸੀ ਕਿ ਜੇਕਰ ਚੁੱਪ ਰਹਿ ਕੇ ਸਰਦਾ ਹੋਵੇ ਤਾਂ ਘਰ ਵਿੱਚ ਕਾਟੋਕਲੇਸ਼ ਜ਼ਰੂਰ ਪਵਾਉਣਾ ਹੈ। ਘਰ ਦਾ ਜਲੂਸ ਨਿਕਲਣ ਤੋਂ ਬਚਿਆ ਰਹਿੰਦਾ ਹੈ। ਮੈਂ ਆਪਣੀ ਜ਼ਿੰਦਗੀ ਦਾ ਸਕੂਨ ਭੰਗ ਨਹੀਂ ਕਰਨਾ ਚਾਹੁੰਦਾ। ਇਹ ਤਾਂ ਆਦਤ ਤੋਂ ਮਜਬੂਰ ਹੈ। ਜਦੋਂ ਇਹ ਬੋਲਦੀ ਹੈ ਤਾਂ ਮੈਂ ਆਪਣੇ ਮਨ ਨੂੰ ਹੀ ਸਮਝਾ ਲੈਂਦਾ ਹਾਂ ਕਿ ਮੈਂ ਕੁੱਝ ਸੁਣਿਆ ਹੀ ਨਹੀਂ।
ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾ ਬੋਲਣ ਵਾਲੇ ਲੋਕ ਮਨ ਦੇ ਸਾਫ਼ ਹੁੰਦੇ ਹਨ ਤੇ ਜਿਹੜੇ ਚੁੱਪ ਰਹਿੰਦੇ ਹਨ, ਉਹ ਮਨ ਦੇ ਕਾਲੇ ਹੁੰਦੇ ਹਨ। ਉਹ ਮੂੰਹੋਂ ਕੁੱਝ ਨਹੀਂ ਬੋਲਦੇ, ਪਰ ਅੰਦਰੋਂ ਹੀ ਛੁਰੀ ਚਲਾਉਂਦੇ ਹਨ। ਇਹ ਕਹਾਵਤ ਕਿਸੇ ਹੱਦ ਤੱਕ ਠੀਕ ਵੀ ਹੈ, ਪਰ ਇਹੋ ਜਿਹੇ ਲੋਕਾਂ ਨੂੰ ਚੁੱਪ ਰਹਿਣ ਵਾਲੇ ਨਹੀਂ ਸਗੋਂ ਘੁੰਨੇ ਕਿਹਾ ਜਾਂਦਾ ਹੈ। ਇਨ੍ਹਾਂ ਦੀ ਨਾ ਨੀਅਤ ਸਾਫ਼ ਹੁੰਦੀ ਹੈ ਤੇ ਨਾ ਹੀ ਨੀਤੀ। ਇਨ੍ਹਾਂ ਦੀ ਸ਼ਖ਼ਸੀਅਤ ਸਾਫ਼ ਸੁਥਰੀ ਨਹੀਂ ਸਗੋਂ ਘਸਮੈਲੀ ਹੁੰਦੀ ਹੈ। ਇਹ ਮੌਕੇ ਉੱਤੇ ਕੁੱਝ ਨਹੀਂ ਬੋਲਦੇ, ਪਰ ਮੌਕਾ ਮਿਲਣ ਦੀ ਤਾਕ ਵਿੱਚ ਰਹਿੰਦੇ ਹਨ। ਜਿਵੇਂ ਹੀ ਮੌਕਾ ਮਿਲਦਾ ਹੈ, ਇਹ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਸ ਕਿਸਮ ਵਿੱਚ ਉਹ ਪ੍ਰਬੰਧਕ ਅਤੇ ਅਧਿਕਾਰੀ ਆਉਂਦੇ ਹਨ ਜਿਹੜੇ ਆਪਣੇ ਮਾਤਹਿਤਾਂ ਵੱਲੋਂ ਉਨ੍ਹਾਂ ਦੇ ਵਿਰੁੱਧ ਕੁੱਝ ਗ਼ਲਤ ਕਰਨ ਤੇ ਉਨ੍ਹਾਂ ਨੂੰ ਕੁੱਝ ਨਹੀਂ ਕਹਿੰਦੇ, ਪਰ ਆਪਣੀ ਕਲਮ ਦੇ ਇਸਤੇਮਾਲ ਨਾਲ ਉਨ੍ਹਾਂ ਨੂੰ ਨੁਕਸਾਨ ਜ਼ਰੂਰ ਪਹੁੰਚਾਉਂਦੇ ਹਨ। ਅਹਿਜੇ ਪ੍ਰਬੰਧਕਾਂ ਜਾਂ ਅਧਿਕਾਰੀਆਂ ਨੂੰ ਕਦੇ ਚੰਗਾ ਨਹੀਂ ਸਮਝਿਆ ਜਾਂਦਾ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਆਲੋਚਨਾ ਹੁੰਦੀ ਰਹਿੰਦੀ ਹੈ। ਇਹੋ ਜਿਹੇ ਘੁੱਨੇ ਲੋਕ ਮੂੰਹ ਦੇ ਮਾੜੇ ਨਹੀਂ ਸਗੋਂ ਕਲਮ ਦੇ ਮਾੜੇ ਹੁੰਦੇ ਹਨ। ਉਨ੍ਹਾਂ ਦੀ ਚੁੱਪ ਬਹੁਤ ਭਿਆਨਕ ਹੁੰਦੀ ਹੈ। ਇਹੋ ਜਿਹੀ ਚੁੱਪ ਵਾਲੇ ਲੋਕਾਂ ਦੀ ਸ਼ਖ਼ਸੀਅਤ ਨੂੰ ਸਦਾ ਨਿੰਦਿਆ ਹੀ ਜਾਂਦਾ ਹੈ। ਕਈ ਪਰਿਵਾਰਾਂ ਵਿੱਚ ਨੂੰਹਾਂ ਸਦਾ ਹੀ ਚੁੱਪ ਰਹਿੰਦੀਆਂ ਹਨ। ਉਹ ਪਰਿਵਾਰ ਦੇ ਕਿਸੇ ਜੀਅ ਨਾਲ ਉੱਕੜ ਨਹੀਂ ਬੋਲਦੀਆਂ। ਆਂਢੀਆਂ ਗੁਆਂਢੀਆਂ ਅਤੇ ਗਲੀ ਮੁਹੱਲੇ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਚੌਵੀ ਕੈਰੇਟ ਦਾ ਸੋਨਾ ਹੁੰਦੀਆਂ ਹਨ, ਪਰ ਪਰਿਵਾਰ ਵਿੱਚ ਉਨ੍ਹਾਂ ਦੀ ਚੁੱਕ ਰੱਖ ਕਰਨ ਦੀ ਆਦਤ, ਹਉਮੈ, ਹਰ ਵੇਲੇ ਲੜਾਈ ਝਗੜੇ ਦਾ ਮਾਹੌਲ ਬਣਾ ਕੇ ਰੱਖਣ ਦੀ ਆਦਤ ਪਰਿਵਾਰ ਦੇ ਨਾਹਸੀਂ ਧੂੰਆਂ ਦੇ ਰੱਖਦੀ ਹੈ। ਉਹ ਅੰਦਰੋਂ ਅੰਦਰੀ ਆਪਣਾ ਸ਼ੀਤ ਯੁੱਧ ਜਾਰੀ ਰੱਖਦੀਆਂ ਹਨ ਜਦੋਂ ਤੱਕ ਉਹ ਆਪਣਾ ਭਾਂਡਾ ਟੀਂਡਾ ਚੁੱਕ ਕੇ ਪਰਿਵਾਰ ਤੋਂ ਅੱਡ ਨਹੀਂ ਹੋ ਜਾਂਦੀਆਂ।
ਤਹਿਜ਼ੀਬ ਨਾਲ ਭਰੀ ਚੁੱਪ ਵਾਲੇ ਲੋਕਾਂ ਦੇ ਮਨ ਸਮੁੰਦਰ ਵਾਂਗ ਸ਼ਾਂਤ ਅਤੇ ਗਹਿਰਾਈ ਭਰੇ ਹੁੰਦੇ ਹਨ। ਉਹ ਦੂਜਿਆਂ ਦੇ ਗਿਲੇ ਸ਼ਿਕਵੇ ਤੇ ਆਪਣੇ ਦੁੱਖ ਦਰਦ ਆਪਣੇ ਮਨਾਂ ਵਿੱਚ ਹੀ ਸਮੋ ਲੈਂਦੇ ਹਨ। ਜੇਕਰ ਉਨ੍ਹਾਂ ਨਾਲ ਕੋਈ ਜਾਣ ਪਹਿਚਾਣ ਰੱਖਣ ਵਾਲਾ ਵਿਅਕਤੀ ਉਨ੍ਹਾਂ ਨੂੰ ਆਪਣਾ ਸਮਝ ਕੇ ਉਨ੍ਹਾਂ ਨਾਲ ਦੁੱਖ ਦਰਦ ਸਾਂਝਾ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਮਨਾਂ ਵਿੱਚ ਹੀ ਸਮੋ ਜਾਂਦਾ ਹੈ। ਹੋਛੇ ਲੋਕਾਂ ਵਾਂਗ ਉਹ ਉਸ ਦੀ ਛਿੰਝ ਨਹੀਂ ਪਾਉਂਦੇ। ਉਹ ਉਸ ਨੂੰ ਕੇਵਲ ਧਿਆਨ ਨਾਲ ਸੁਣਦੇ ਹੀ ਨਹੀਂ ਸਗੋਂ ਉਨ੍ਹਾਂ ਦੇ ਰਾਹ ਦਸੇਰੇ ਵੀ ਬਣਦੇ ਹਨ। ਸਾਡੇ ਇਲਾਕੇ ਦੇ ਇੱਕ ਸੰਤ ਆਪਣੇ ਚੁੱਪ ਸ਼ਾਂਤ ਸੁਭਾਅ ਲਈ ਪ੍ਰਸਿੱਧ ਸਨ। ਉਨ੍ਹਾਂ ਬਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਉਨ੍ਹਾਂ ਦਾ ਚੁੱਪ ਸ਼ਾਂਤ ਚਿਹਰਾ ਵੇਖ ਕੇ ਮਨ ਨੂੰ ਅਪਾਰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਸਾਹਮਣੇ ਜਾਂਦਿਆਂ ਹੀ ਮਨੁੱਖ ਆਪਣੇ ਦੁੱਖ ਦਰਦ ਭੁੱਲ ਬੈਠਦਾ ਹੈ।
ਚੁੱਪ ਦੀਆਂ ਸੀਮਾਵਾਂ ਵੀ ਹੁੰਦੀਆਂ ਹਨ। ਚੁੱਪ ਤੇ ਸ਼ਾਂਤ ਰਹਿਣ ਵਾਲੇ ਲੋਕਾਂ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਜਦੋਂ ਜਵਾਬ ਦੇ ਜਾਂਦੀ ਹੈ ਤਾਂ ਉਨ੍ਹਾਂ ਦੇ ਮਨਾਂ ਵਿੱਚ ਜਿਹੜਾ ਜਵਾਰ ਭਾਟਾ ਆਉਂਦਾ ਹੈ ਤਾਂ ਉਹ ਆਪਣੀਆਂ ਹੱਦਾਂ ਸਰਹੱਦਾਂ ਛੱਡ ਜਾਂਦਾ ਹੈ। ਉਹ ਆਪਾ ਖੋ ਬੈਠਦੇ ਹਨ। ਲੋੜ ਪੈਣ ’ਤੇ ਜਾਂ ਸਮੇਂ ਅਨੁਸਾਰ ਨਾ ਬੋਲਣਾ ਵੀ ਮਨੁੱਖ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਅਨੁਕੂਲ ਨਹੀਂ ਹੁੰਦਾ। ਉਹ ਮਨੁੱਖ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਡਰਪੋਕ ਜਾਂ ਕਾਇਰ ਬਣਾ ਸਕਦਾ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਚੁੱਪ ਹੋਵੇ ਜਾਂ ਕਲਮ ਅਤੇ ਮੂੰਹ ਵਿੱਚੋਂ ਨਿਕਲੇ ਸ਼ਬਦ ਹੋਣ ਹਰ ਇੱਕ ਦੀਆਂ ਸੀਮਾਵਾਂ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਦੀ ਵਰਤੋਂ ਮਨੁੱਖ ਦੀ ਸਿਆਣਪ ’ਤੇ ਨਿਰਭਰ ਹੁੰਦੀ ਹੈ।
ਈਮੇਲ: vijaykumarbehki@gmail.com

Advertisement

Advertisement
Author Image

joginder kumar

View all posts

Advertisement
Advertisement
×