ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਫ਼ਰਤ ਦਾ ਆਲਮ ਤੇ ਭਾਸ਼ਾ

06:50 AM Sep 24, 2023 IST

ਸਵਰਾਜਬੀਰ

Advertisement

ਵੀਰਵਾਰ ਲੋਕ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਰਮੇਸ਼ ਬਿਧੂੜੀ ਨੇ ਬਹੁਜਨ ਸਮਾਜ ਪਾਰਟੀ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਐੱਮਪੀ ਦਾਨਿਸ਼ ਅਲੀ ਬਾਰੇ ਅਤਿਅੰਤ ਇਤਰਾਜ਼ਯੋਗ ਸ਼ਬਦ ਵਰਤੇ। ਇਹ ਸ਼ਬਦ ਧਾਰਮਿਕ ਤੇ ਮਨੁੱਖੀ, ਹਰ ਦ੍ਰਿਸ਼ਟੀਕੋਣ ਤੋਂ ਅਪਮਾਨਜਨਕ ਸਨ। ਬਾਅਦ ਵਿਚ ਭਾਜਪਾ ਦੇ ਲੋਕ ਸਭਾ ਵਿਚ ਉਪ-ਨੇਤਾ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ‘‘ਜੇ ਵਿਰੋਧੀ ਪਾਰਟੀਆਂ ਨੂੰ ਮੈਂਬਰ (ਭਾਵ ਭਾਜਪਾ ਦੇ ਮੈਂਬਰ) ਦੀ ਟਿੱਪਣੀ ਤੋਂ ਕੋਈ ਠੇਸ ਪਹੁੰਚੀ ਹੈ ਤਾਂ ਮੈਂ ਖੇਦ ਪ੍ਰਗਟ ਕਰਦਾ ਹਾਂ।’’ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਭਾਜਪਾ ਮੈਂਬਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਸ ਨੇ ਅਜਿਹੇ ਸ਼ਬਦ ਦੁਬਾਰਾ ਬੋਲੇ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਕਿਉਂਕਿ ਬੋਲੇ ਗਏ ਸ਼ਬਦ ਸਿਖਰ ਦੇ ਕੁਹਜ ਦਾ ਪ੍ਰਗਟਾਵਾ ਅਤੇ ਗ਼ੈਰ-ਸੰਸਦੀ ਹੀ ਨਹੀਂ ਸਗੋਂ ਸਪੱਸ਼ਟ ਰੂਪ ਵਿਚ ਨਫ਼ਰਤੀ ਭਾਸ਼ਾ ਵਿਚ ਗੜੁੱਚ ਸਨ। ਬਸਪਾ ਮੈਂਬਰ ਨੇ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਵਿਚਾਰ ਲਈ ਭੇਜਿਆ ਜਾਣਾ ਚਾਹੀਦਾ ਹੈ। ਕਾਂਗਰਸੀ ਆਗੂ ਜੈਰਾਮ ਰਮੇਸ਼ ਅਨੁਸਾਰ, ‘‘ਭਾਜਪਾ ਮੈਂਬਰ ਅਜਿਹੀ ਭਾਸ਼ਾ ਬੋਲਿਆ ਜਿਹੜੀ ਸਿਰਫ਼ ਸੰਸਦ ਨਹੀਂ ਸਗੋਂ ਹਰ ਭਾਰਤੀ ਦਾ ਅਪਮਾਨ ਹੈ।’’
ਸੰਸਦ ਵਿਚ ਵਰਤੀ, ਬੋਲੀ ਤੇ ਲਿਖੀ ਜਾਂਦੀ ਭਾਸ਼ਾ ਮਿਆਰੀ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਕੁਝ ਸ਼ਬਦਾਂ ਨੂੰ ਸੰਸਦ ਦੀ ਕਾਰਵਾਈ ਦੇ ਰਿਕਾਰਡਾਂ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਨੂੰ ਗ਼ੈਰ-ਸੰਸਦੀ ਕਰਾਰ ਦਿੱਤਾ ਗਿਆ ਹੈ। ਕਈ ਵਾਰ ਮਿਆਰੀ ਭਾਸ਼ਾ ਵਰਤਣ ਦੀ ਮੰਗ ਨੂੰ ਇਕ ਕੁਲੀਨਵਾਦੀ (elitist) ਮੰਗ ਕਿਹਾ ਜਾਂਦਾ ਹੈ; ਇਹ ਦਲੀਲ ਗ਼ਲਤ ਹੈ; ਸੰਸਦ ਹੀ ਨਹੀਂ ਸਗੋਂ ਵਿਚਾਰ-ਵਟਾਂਦਰੇ ਦੇ ਹਰ ਮੰਚ ’ਤੇ ਵਿਚਾਰ ਪ੍ਰਗਟਾਉਣ ਵਾਲੀ ਭਾਸ਼ਾ ਮਿਆਰੀ ਤੇ ਸੱਭਿਅਕ ਹੋਣੀ ਚਾਹੀਦੀ ਹੈ; ਸੰਵਾਦ ਵਾਲੀ ਲੋਕ-ਭਾਸ਼ਾ ਵਿਚ ਆਪਣਾ ਸੁਹਜ, ਸਹਿਜ, ਵਿਵੇਕ ਤੇ ਸੱਜਰਾਪਣ ਹੁੰਦਾ ਹੈ; ਉਹ ਖਰ੍ਹਵੀ ਹੋ ਸਕਦੀ ਹੈ ਪਰ ਕਿਸੇ ਨੂੰ ਠੇਸ ਪਹੁੰਚਾਉਣ ਵਾਲੀ ਨਹੀਂ। ਕਿਸੇ ਵੀ ਪੱਧਰ ’ਤੇ ਵਿਚਾਰ-ਵਟਾਂਦਰੇ ਦੀ ਭਾਸ਼ਾ ਨਾ ਤਾਂ ਗਾਲੀ-ਗਲੋਚ ਵਾਲੀ ਹੋ ਸਕਦੀ ਹੈ ਅਤੇ ਨਾ ਹੀ ਉਸ ਵਿਚ ਅਜਿਹੇ ਸ਼ਬਦ ਵਰਤੇ ਜਾ ਸਕਦੇ ਹਨ ਜੋ ਕਿਸੇ ਧਰਮ, ਜਾਤ, ਫ਼ਿਰਕੇ ਜਾਂ ਵਰਗ ਲਈ ਅਪਮਾਨਜਨਕ ਹੋਣ।
ਭਾਸ਼ਾ ਸਿਰਫ਼ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦਾ ਹੀ ਸਾਧਨ ਨਹੀਂ ਹੈ ਸਗੋਂ ਇਹ ਸਾਡੇ ਸਮਾਜ ਪ੍ਰਤੀ ਦ੍ਰਿਸ਼ਟੀਕੋਣ ਨੂੰ ਵੀ ਸਾਹਮਣੇ ਲਿਆਉਂਦੀ ਹੈ। ਮੌਜੂਦਾ ਮਾਮਲਾ ਇਹ ਦਰਸਾਉਂਦਾ ਹੈ ਕਿ ਭਾਜਪਾ ਮੈਂਬਰ ਦੇ ਮਨ ਵਿਚ ਘੱਟਗਿਣਤੀ ਫ਼ਿਰਕੇ ਸਬੰਧੀ ਕਿਹੋ ਜਿਹੀਆਂ ਭਾਵਨਾਵਾਂ ਹਨ। ਭਾਸ਼ਾ ਸਾਡੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਵਾਹਕ ਹੀ ਨਹੀਂ ਸਗੋਂ ਇਹ ਸਾਡੇ ਵਿਚਾਰਾਂ ਨੂੰ ਸਿਰਜਣ-ਸੰਵਾਰਨ ਦਾ ਸਾਧਨ ਵੀ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਜਿੱਥੇ ਭਾਸ਼ਾ ਸਾਡੇ ਵਿਚਾਰਾਂ ਨੂੰ ਸਜੀਲੀ ਤੇ ਸਕਾਰਾਤਮਕ ਨੁਹਾਰ ਦੇ ਸਕਦੀ ਹੈ, ਉੱਥੇ ਇਹ ਅਚੇਤ-ਸੁਚੇਤ ਉਨ੍ਹਾਂ ਵਿਚ ਵਿਗਾੜ ਦਾ ਕਾਰਨ ਵੀ ਬਣ ਸਕਦੀ ਹੈ ਕਿਉਂਕਿ ਸਮਾਜਿਕ ਮਾਨਸਿਕਤਾ ਵਿਚ ਛੁਪੇ ਤੁਅੱਸਬ ਅਛੋਪਲੇ ਹੀ ਭਾਸ਼ਾ ਵਿਚ ਦਾਖ਼ਲ ਹੋ ਜਾਂਦੇ ਹਨ। ਭਾਸ਼ਾ ਸਮਾਜ ’ਚ ਪੈਦਾ ਹੁੰਦੀ ਹੈ; ਸਮਾਜ ਦਾ ਸੁਹਜ ਤੇ ਕੁਹਜ ਦੋਵੇਂ ਇਸ ਦਾ ਹਿੱਸਾ ਬਣ ਜਾਂਦੇ ਹਨ। ਮਨੁੱਖ ਦਾ ਕੰਮ ਸੁਹਜ ਨੂੰ ਵਧਾਉਣਾ ਤੇ ਕੁਹਜ ਨੂੰ ਛਾਂਗਣਾ ਹੈ।
ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਭਾਸ਼ਾ ਨਿਰਪੱਖ ਹੈ। ਭਾਸ਼ਾ ਸਮਾਜਿਕ ਪੈਦਾਵਾਰ ਹੋਣ ਦੇ ਨਾਤੇ ਸਮਾਜਿਕ ਸਮਝ ਵਿਚ ਪਣਪੇ ਤੁਅੱਸਬਾਂ, ਪੱਖਪਾਤ ਤੇ ਤਰਫ਼ਦਾਰੀ ਰਵੱਈਏ ਨੂੰ ਆਪਣੇ ਵਿਚ ਸਮੋਈ ਬੈਠੀ ਹੁੰਦੀ ਹੈ। ਜੋ ਸ਼ਬਦ ਬਿਧੂੜੀ ਨੇ ਬੋਲੇ, ਉਹ ਭਾਸ਼ਾ ਦਾ ਹਿੱਸਾ ਅਤੇ ਸਮਾਜਿਕ ਪੈਦਾਵਾਰ ਹਨ, ਸਮਾਜ ਦੇ ਚੇਤਨ ਤੇ ਅਵਚੇਤਨ ਦੇ ਵਿਕਾਸ ਦਾ ਹਿੱਸਾ। ਭਾਸ਼ਾ ਦਾ ਖਾਸਾ ਸਮਾਜਿਕ ਤੇ ਇਤਿਹਾਸਕ ਹੈ; ਇਹ ਕਿਤੇ ਉੱਪਰੋਂ ਵਰੋਸਾਈ ਵਸਤ ਨਹੀਂ। ਸਾਡੀਆਂ ਭਾਸ਼ਾਵਾਂ ਵਿਚ ਔਰਤ-ਵਿਰੋਧੀ, ਨਸਲਵਾਦੀ (ਰੰਗ ਦੇ ਪੱਖੋਂ ਤੁਅੱਸਬ) ਤੇ ਜਾਤੀਵਾਦੀ ਰਵੱਈਆ ਇਉਂ ਸਮੋਇਆ ਹੋਇਆ ਹੈ ਕਿ ਬਹੁਤ ਵਾਰ ਇਹ ਕੁਦਰਤੀ ਲੱਗਦਾ ਹੈ। ਉਦਾਹਰਨ ਦੇ ਤੌਰ ’ਤੇ ਬੜੇ ਮਿੱਠੇਪਣ ਨਾਲ ਕਹੇ-ਬੋਲੇ ਗਏ ਪੰਜਾਬੀ ਦੇ ਇਨ੍ਹਾਂ ਲੋਕ-ਬੋਲਾਂ ਵਿਚ ਔਰਤ-ਵਿਰੋਧੀ ਸੰਸਕਾਰ ਲੋਪ ਰੂਪ ਵਿਚ ਹਾਜ਼ਰ ਹਨ, ‘‘ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ, ਭਾਵੇਂ ਲੱਖ ਦੌਲਤਾਂ ਭਰੀਆਂ ਹੋਣ।’’, ‘‘ਦੁੱਧ ਪੁੱਤ ਖਸਮ ਘਰ ਤੇਰੇ, ਤੂੰ ਰੱਬ ਤੋਂ ਕੀ ਮੰਗਦੀ।’’ ਇਸ ਸਭ ਕੁਝ ਦੇ ਬਾਵਜੂਦ ਭਾਸ਼ਾ ਦਾ ਸਮਾਜ ਵਿਚਲੇ ਤੁਅੱਸਬਾਂ ਦਾ ਧਾਰਨੀ ਹੋਣਾ ਇਕ ਵੱਖ ਮਸਲਾ ਹੈ ਪਰ ਕੁਹਜੀ, ਮਾੜੀ ਅਤੇ ਗਾਲੀ-ਗਲੋਚ ਨਾਲ ਭਰੀ ਭਾਸ਼ਾ ਬੋਲਣਾ ਉਜੱਡਤਾ ਦੀ ਸਿਖਰ ਹੀ ਨਹੀਂ ਸਗੋਂ ਮਨੁੱਖ ਦੇ ਮਨੁੱਖ ਹੋਣ ਨੂੰ ਨਕਾਰਨਾ ਹੈ।
ਇਹ ਉਜੱਡ, ਕੁਹਜੇ, ਨਫ਼ਰਤ ਭਰੇ ਤੇ ਦਿਲ ਦੁਖਾਉਣ ਵਾਲੇ ਸ਼ਬਦ ਕਿੱਥੋਂ ਉਪਜਦੇ ਹਨ; ਇਹ ਕਿਹੜੇ ਸਮਾਜਿਕ ਕਾਰਖਾਨਿਆਂ ਦੀ ਪੈਦਾਵਾਰ ਹਨ? ਫਰਾਂਸੀਸੀ ਵਿਦਵਾਨ ਅਲਤਿਊਸਰ ਨੇ ਸਾਨੂੰ ਦੱਸਿਆ ਸੀ ਕਿ ਸਮਾਜਿਕ ਵਿਚਾਰ ਤੇ ਸਮਝ ਵਿਚਾਰਧਾਰਕ ਸੱਤਾ ਸੰਸਥਾਵਾਂ (Ideological State Apparatuses) ਜਿਵੇਂ ਘਰ-ਪਰਿਵਾਰ, ਧਾਰਮਿਕ, ਵਿੱਦਿਅਕ ਤੇ ਕਾਨੂੰਨੀ ਅਦਾਰਿਆਂ ਅਤੇ ਹੋਰ ਸੱਤਾ-ਸੰਸਥਾਵਾਂ ਵਿਚ ਪੈਦਾ ਹੁੰਦੀ ਹੈ। ਸਮਾਜ ਵਿਚ ਮੌਜੂਦ ਕੱਟੜਪੰਥੀ ਸੰਸਥਾਵਾਂ ਅਜਿਹੇ ਵਿਚਾਰਾਂ ਅਤੇ ਭਾਸ਼ਾ ਨੂੰ ਇਕਸਾਰ ਕਰਨ ਵਿਚ ਵੱਡੀ ਭੂਮਿਕਾ ਅਦਾ ਕਰਦੀਆਂ ਹਨ। ਕੱਟੜਪੰਥੀ ਸੰਸਥਾਵਾਂ ਵਿਚ ਆਪਸੀ ਵਖਰੇਵਿਆਂ ਤੇ ਸਾਂਝਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਜਾਂਦਾ ਸਗੋਂ ਘਰ-ਪਰਿਵਾਰ ਤੇ ਸਮਾਜਿਕ ਵਿਚਾਰ ਵਿਚੋਂ ਉਪਜੇ ਤੁਅੱਸਬਾਂ ਨੂੰ ਤਿੱਖਿਆਂ ਕਰ ਕੇ ਨਫ਼ਰਤ ਦੀ ਮੁਹਾਰਨੀ ਪੜ੍ਹਾਈ ਜਾਂਦੀ ਹੈ; ਨਫ਼ਰਤ ਫੈਲਾਉਣ ਨੂੰ ਕਾਰੋਬਾਰ ਬਣਾਇਆ ਜਾਂਦਾ ਹੈ; ਭਾਸ਼ਾ ਇਸ ਕਾਰੋਬਾਰ ਦਾ ਵਾਹਕ ਬਣ ਜਾਂਦੀ ਹੈ।
ਇਨ੍ਹਾਂ ਵਰਤਾਰਿਆਂ ਦੀ ਸਿਖਰ ਭਾਸ਼ਾ ਨੂੰ ਭੜਕਾਊ, ਨਫ਼ਰਤੀ ਅਤੇ ਜ਼ਹਿਰੀਲੀ ਬਣਾ ਕੇ ਸੱਤਾ ਪ੍ਰਾਪਤੀ ਲਈ ਵਰਤਣਾ ਹੈ। ਵੈਸੇ ਤਾਂ ਤਾਕਤ/ਸੱਤਾ ਸਮਾਜਿਕ ਵਿਹਾਰ ਦੀ ਹਰ ਪੱਧਰ ’ਤੇ ਮੌਜੂਦ ਹੁੰਦੀ ਹੈ ਪਰ ਜਦੋਂ ਮੰਜ਼ਿਲ ਸਿਆਸੀ ਸੱਤਾ ਪ੍ਰਾਪਤੀ ਬਣ ਜਾਵੇ ਤਾਂ ਕੱਟੜਪੰਥੀ ਤਾਕਤਾਂ ਭਾਸ਼ਾ ਦੇ ਨਫ਼ਰਤੀ ਸੈਲਾਬ ਨਾਲ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ ਤੇ ਬਹੁਤ ਵਾਰ ਕਾਮਯਾਬ ਵੀ ਹੁੰਦੀਆਂ ਹਨ। ਦੇਸ਼ ਦੀ ਇਕ ਟੀਵੀ ਚੈਨਲ ਜਿਸ ਨੂੰ ਕੁਝ ਸਮਾਂ ਪਹਿਲਾਂ ਇਕ ਵਿਵਾਦਗ੍ਰਸਤ ਕਾਰਪੋਰੇਟ ਘਰਾਣੇ ਨੇ ਖਰੀਦ ਲਿਆ ਸੀ, ਨੇ 2022 ਵਿਚ ਕੀਤੇ ਇਕ ਸਰਵੇਖਣ ਵਿਚ ਦੱਸਿਆ ਸੀ ਕਿ 2014 ਤੋਂ ਬਾਅਦ ਨਫ਼ਰਤੀ ਭਾਸ਼ਣ 1130 ਫ਼ੀਸਦੀ ਵਧੇ ਸਨ; ਇਨ੍ਹਾਂ ਨਫ਼ਰਤੀ ਭਾਸ਼ਣਾਂ ਵਿਚੋਂ 80 ਫ਼ੀਸਦੀ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਸਿਆਸਤਦਾਨਾਂ ਨੇ ਦਿੱਤੇ ਸਨ। ਸਰਵੇਖਣ ਨੇ ਦੱਸਿਆ ਸੀ ਕਿ 2009 ਤੇ 2014 ਵਿਚਕਾਰ ਸਿਆਸੀ ਖੇਤਰ ਵਿਚ ਮਹੱਤਵਪੂਰਨ ਵਿਅਕਤੀਆਂ (ਵੀਆਈਪੀਜ਼) ਨੇ 19 ਵਾਰ ਨਫ਼ਰਤੀ ਭਾਸ਼ਾ ਵਰਤੀ ਭਾਵ ਮਹੀਨੇ ਵਿਚ 0.3 ਵਾਰ; 2014 ਤੇ 2022 ਵਿਚਕਾਰ ਇਹ ਵਰਤੋਂ 348 ਵਾਰ ਹੋਈ ਹਰ ਮਹੀਨੇ ਵਿਚ ਔਸਤ 3.8 ਵਾਰ; 1130 ਫ਼ੀਸਦੀ ਦਾ ਇਜ਼ਾਫ਼ਾ। ਚੋਣਾਂ ਵਾਲੇ ਮਹੀਨਿਆਂ ਵਿਚ ਇਨ੍ਹਾਂ ਨਫ਼ਰਤੀ ਭਾਸ਼ਣਾਂ ਦੀ ਗਿਣਤੀ ਮਹੀਨੇ ’ਚ ਔਸਤਨ 10 ਹੋ ਗਈ; ਸੰਵਿਧਾਨਕ ਅਹੁਦਿਆਂ ’ਤੇ ਤਾਇਨਾਤ ਰਾਜਪਾਲਾਂ ਨੇ 18 ਵਾਰ ਨਫ਼ਰਤੀ ਭਾਸ਼ਾ ਵਰਤੀ। ਮੁੱਖ ਮੰਤਰੀ, ਕੇਂਦਰੀ ਮੰਤਰੀ ਕੋਈ ਵੀ ਪਿੱਛੇ ਨਾ ਰਿਹਾ। ਇਹ ਸ਼ਬਦ ‘‘ਦੇਸ਼ ਕੇ ਗੱਦਾਰੋਂ ਕੋ/ ਗੋਲੀ ਮਾਰੋ... ਕੋ’’ ਕਿਸ ਨੂੰ ਭੁੱਲਣੇ ਹਨ। ਸੱਤਾ ਦੇ ਗਲਿਆਰਿਆਂ ਵਿਚ ਨਫ਼ਰਤੀ ਭਾਸ਼ਾ ਬੋਲਣ ਵਾਲਿਆਂ ਦਾ ਮਾਣ-ਸਤਿਕਾਰ ਵਧਿਆ ਅਤੇ ਉਨ੍ਹਾਂ ਨੂੰ ਉੱਚੇ ਅਹੁਦੇ ਬਖਸ਼ੇ ਗਏ।
ਪ੍ਰਮੁੱਖ ਪ੍ਰਸ਼ਨ ਇਹ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਦੇਸ਼ ਤੇ ਸਮਾਜ ਦਾ ਨਿਰਮਾਣ ਕਰ ਰਹੇ ਹਾਂ। ਨਵੀਆਂ ਇਮਾਰਤਾਂ ਨਵਾਂ ਸਮਾਜ ਨਹੀਂ ਬਣਾ ਸਕਦੀਆਂ। ਨਵੇਂ ਸਮਾਜ ਦੀ ਸਿਰਜਣਾ ਵੱਖ ਵੱਖ ਭਾਈਚਾਰਿਆਂ ਦੀਆਂ ਭਾਵਨਾਵਾਂ ਤੇ ਵਖਰੇਵਿਆਂ ਨੂੰ ਸਮਝਣ, ਉਨ੍ਹਾਂ ਨੂੰ ਸਤਿਕਾਰ ਦੇਣ ਅਤੇ ਭਾਈਚਾਰਕ ਸਾਂਝ ਦਾ ਤਾਣਾ-ਬਾਣਾ ਬੁਣਨ ਰਾਹੀਂ ਹੀ ਸੰਭਵ ਹੈ। ਨਫ਼ਰਤਾਂ ਭਰੇ ਰਾਹ ਉੱਤਮ ਸਮਾਜ ਤੇ ਸੰਸਥਾਵਾਂ ਦੀ ਸਿਰਜਣਾ ਨਹੀਂ ਕਰ ਸਕਦੇ।
ਸਾਨੂੰ ਪੰਜਾਬੀਆਂ ਨੂੰ ਸਹੀ ਤੇ ਮਿੱਠੇ ਬੋਲ ਬੋਲਣ ਦੀ ਸਿੱਖਿਆ ਦਿੱਤੀ ਗਈ ਹੈ। ਪੰਜਾਬੀ ਦੇ ਮੋਢੀ ਸ਼ਾਇਰ ਸ਼ੇਖ ਫ਼ਰੀਦ ਨੇ ਕਿਹਾ ਹੈ, ‘‘ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।। ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ।।’’ ਅਧਿਆਤਮਕ ਪੱਖ ਤੋਂ ਦਲੀਲ ਦਿੱਤੀ ਗਈ ਹੈ ਕਿ ਕਿਸੇ ਨਾਲ ਵੀ ਫਿੱਕੇ ਬੋਲ ਨਹੀਂ ਬੋਲਣੇ ਚਾਹੀਦੇ ਕਿਉਂਕਿ ਸੱਚਾ ਪਰਮਾਤਮਾ ਸਭਨਾਂ ਵਿਚ ਵਸਦਾ ਹੈ; ਕਿਸੇ ਦਾ ਦਿਲ ਨਹੀਂ ਢਾਹੁਣਾ ਚਾਹੀਦਾ, ਸਾਰੇ ਮਨੁੱਖ ਅਮੋਲਕ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।’’ ਮਿੱਠਾ ਬੋਲਣਾ ਗੁਣਾਂ ਦੀ ਸਾਰ ਹੈ।... ਤੇ ਬੁੱਲ੍ਹੇ ਸ਼ਾਹ ਨੇ ਸਾਨੂੰ ਸਮਝਾਇਆ ਹੈ, ‘‘ਇਕ ਲਾਜਮ ਬਾਤ ਅਦਬ ਦੀ ਏ।’’ ਅਦਬ ਨਾਲ ਵਿਹਾਰ ਕਰਨਾ ਹੀ ਮਨੁੱਖ ਹੋਣਾ ਹੈ। ਬੇਅਦਬ, ਕੁਹਜਾ ਵਿਹਾਰ ਤੇ ਸ਼ਬਦ-ਸੰਚਾਰ ਮਨੁੱਖ ਹੋਣ ਦੀ ਬੇਅਦਬੀ ਹੈ। ਬੁੱਲ੍ਹੇ ਸ਼ਾਹ ਜਾਣਦਾ ਸੀ ਕਿ ਕੋਈ ਮਨੁੱਖ ਸੰਪੂਰਨ ਨਹੀਂ ਹੁੰਦਾ; ਉਸ ਨੂੰ ਵਾਰ ਵਾਰ ਆਪਣੇ ਆਪ ਨੂੰ ਸਮਝਣਾ ਤੇ ਸਮਝਾਉਣਾ ਪੈਂਦਾ ਹੈ; ਇਸ ਲਈ ਉਹ (ਬੁੱਲ੍ਹੇ ਸ਼ਾਹ) ਤਰਕ ਨੂੰ ਆਵਾਜ਼ ਮਾਰਦਾ ਹੈ ‘‘ਐ ਸ਼ਾਹ ਅਕਲ ਤੂੰ ਆਇਆ ਕਰ/ ਸਾਨੂੰ ਅਦਬ ਅਦਾਬ ਸਿਖਾਇਆ ਕਰ।’’ ਬਿਧੂੜੀ ਜਿਹੇ ਵਿਅਕਤੀਆਂ ਦੇ ਮਨਾਂ ਵਿਚ ਸ਼ਾਹ ਅਕਲ ਦੀ ਆਮਦ ਤੇ ਲਗਾਤਾਰ ਫੇਰੇ-ਤੋਰੇ ਦੀ ਜ਼ਰੂਰਤ ਹੈ।
ਆਓ, ਇਸ ਮੁਗ਼ਾਲਤੇ ਵਿਚ ਵੀ ਨਾ ਰਹੀਏ ਕਿ ਬਿਧੂੜੀ ਦੁਆਰਾ ਵਰਤੀ ਗਈ ਭਾਸ਼ਾ ਦੀ ਪੈਦਾਵਾਰ ਦਾ ਕਾਰਨ ਸਿਰਫ਼ ਇਕ ਕੱਟੜਪੰਥੀ ਸੰਸਥਾ ਹੈ; ਕਈ ਕੱਟੜਪੰਥੀ ਸੰਸਥਾਵਾਂ ਜੋ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਦਾ ਦਾਅਵਾ ਕਰਦੀਆਂ ਹਨ, ਮੈਦਾਨ ਵਿਚ ਹਨ। ਉਹ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਵਿਰੁੱਧ ਧਰਮ-ਸੰਸਦਾਂ ਸੱਦਦੀਆਂ ਅਤੇ ਉਨ੍ਹਾਂ ਦੇ ਕਤਲੇਆਮ ਦੇ ਸੱਦੇ ਦਿੰਦੀਆਂ ਹੋਈਆਂ ਹਿੰਦੂ ਰਾਸ਼ਟਰ ਦੇ ‘ਨਿਰਮਾਣ’ ਵਿਚ ਇਕ-ਦੂਸਰੇ ਨਾਲੋਂ ਅੱਗੇ ਲੰਘਣ ਦੀ ਦੌੜ ਵਿਚ ਹਨ। ਇਸ ਦੇ ਨਾਲ ਨਾਲ ਇਹੋ ਜਿਹੇ ਸ਼ਬਦ ਹਰ ਧਰਮ ਨਾਲ ਸਬੰਧਿਤ ਕੱਟੜਪੰਥੀ ਸੰਸਥਾਵਾਂ ਅਤੇ ਵਿਅਕਤੀ ਵੀ ਵਰਤਦੇ ਹਨ, ਹਿੰਦੂ, ਮੁਸਲਮਾਨ, ਯਹੂਦੀ, ਸਿੱਖ, ਇਸਾਈ, ਬੋਧੀ ਸਭ; ਇਨ੍ਹਾਂ ਕੱਟੜਪੰਥੀ ਸੰਸਥਾਵਾਂ ਤੇ ਵਿਅਕਤੀਆਂ ਦੁਆਰਾ ਵਰਤੇ ਗਏ ਸ਼ਬਦ ਸੋਸ਼ਲ ਮੀਡੀਆ ’ਤੇ ਕੁਹਜ ਬਿਖਰੇਦੇ ਤੇ ਨਫ਼ਰਤ ਫੈਲਾਉਂਦੇ ਹਨ। ਦੂਸਰੇ ਧਰਮਾਂ ਦੇ ਲੋਕਾਂ ਨੂੰ ਆਪਣੇ ਦੁਸ਼ਮਣ ਗਰਦਾਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਹਸਤੀ ਨੂੰ ਮਿੱਟੀ ਵਿਚ ਮਿਲਾਉਣ ਦੇ ਨੇਸਤੋਨਾਬੂਦ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ।
ਲੋਕ ਸਭਾ ਵਿਚ ਹੋਈ ਇਸ ਘਟਨਾ ਦੇ ਸੰਦਰਭ ਵਿਚ ਕੁਝ ਗੱਲ ਭਾਰਤੀ ਜਨਤਾ ਪਾਰਟੀ ਦੇ ਦੂਸਰੇ ਮੈਂਬਰਾਂ ਬਾਰੇ ਹੋਣੀ ਚਾਹੀਦੀ ਹੈ। ਜਦੋਂ ਬਿਧੂੜੀ ਬੋਲ ਰਿਹਾ ਸੀ ਤਾਂ ਪਿੱਛੇ ਬੈਠੇ ਐੱਮਪੀ, ਜੋ ਕੇਂਦਰੀ ਮੰਤਰੀ ਰਹਿ ਚੁੱਕੇ ਸਨ, ਉਸ ਦੇ ਸ਼ਬਦਾਂ ਦਾ ‘ਆਨੰਦ’ ਲੈ ਰਹੇ ਤੇ ਹੱਸ ਰਹੇ ਸਨ ਜਿਵੇਂ ਕੋਈ ਕਹਿ ਰਿਹਾ ਹੋਵੇ ‘ਇਹ ਹੋਈ ਨਾ ਗੱਲ।’ ਬਾਅਦ ਵਿਚ ਉਨ੍ਹਾਂ ਨੇ ਬਿਧੂੜੀ ਦੇ ਸ਼ਬਦਾਂ ਤੋਂ ਦੂਰੀ ਬਣਾਉਂਦਿਆਂ ਟਵੀਟ ਕੀਤੇ ਹਨ। ਭਾਜਪਾ ਵਿਚ ਇਨ੍ਹਾਂ ਕੁਹਜਮਈ ਸ਼ਬਦਾਂ ਦੀ ਵਰਤੋਂ ਦਾ ਕੋਈ ਵਿਰੋਧ ਨਹੀਂ ਹੋਇਆ; ਕਿਸੇ ਮੈਂਬਰ ਨੇ ਅਫ਼ਸੋਸ ਪ੍ਰਗਟ ਨਹੀਂ ਕੀਤਾ; ਸ਼ਾਇਦ ਹੀ ਕਿਸੇ ਦੇ ਮਨ ਵਿਚ ਦੋਸ਼-ਭਾਵਨਾ ਜਾਂ ਆਤਮ-ਗਿਲਾਨੀ ਜਿਹੀ ਭਾਵਨਾ ਪਣਪੀ ਹੋਵੇ। ਇਕ ਪੱਤਰਕਾਰ ਦੋਸਤ ਦੇ ਕਹਿਣ ਅਨੁਸਾਰ ਬਿਧੂੜੀ ਦੇ ਸ਼ਬਦ ਸਾਨੂੰ ਅਹਿਸਾਸ ਕਰਵਾਉਂਦੇ ਹਨ ਕਿ ਅਸੀਂ ਕਿਹੋ ਜਿਹੇ ਜ਼ਹਿਰੀਲੇ ਸਮਿਆਂ ਵਿਚ ਰਹਿ ਰਹੇ ਹਾਂ।
ਨਫ਼ਰਤ ਫੈਲਾਉਣ ਵਾਲੀ ਭਾਸ਼ਾ ਦੀ ਵਰਤੋਂ ਸੰਸਦੀ ਮਰਿਆਦਾ ਦੇ ਉਲਟ ਹੈ। ਇਹ ਸਹੀ ਹੈ ਕਿ ਸੰਸਦ ਦੇ ਮੈਂਬਰਾਂ ਵਿਰੁੱਧ ਉਸ ਸਭ ਕੁਝ, ਜੋ ਉਹ ਕਿਸੇ ਵੀ ਸਦਨ ਵਿਚ ਬੋਲਣ, ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ ਪਰ ਇਸ ਦੇ ਅਰਥ ਇਹ ਨਹੀਂ ਕਿ ਕੋਈ ਸੰਸਦ ਮੈਂਬਰ ਕਿਸੇ ਧਰਮ, ਜਾਤ ਜਾਂ ਫ਼ਿਰਕੇ ਦੇ ਵਿਅਕਤੀਆਂ ਜਾਂ ਵਿਅਕਤੀ ਵਿਰੁੱਧ ਨਫ਼ਰਤੀ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰੇ। ਇਹ ਜਮਹੂਰੀ ਅਤੇ ਸੰਸਦੀ ਅਸੂਲਾਂ ਦੀ ਉਲੰਘਣਾ ਹੈ। ਲੋਕ ਸਭਾ ਦੇ ਸਪੀਕਰ ਨੂੰ ਭਾਜਪਾ ਮੈਂਬਰ ਦੇ ਅਪ-ਸ਼ਬਦਾਂ ਦਾ ਨੋਟਿਸ ਲੈਂਦੇ ਹੋਏ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ’ਚੋਂ ਖਾਰਜ ਕਰ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਭਾਜਪਾ ਨੂੰ ਵੀ ਆਪਣੇ ਮੈਂਬਰ ਵਿਰੁੱਧ ਉੱਚਿਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕਾਰਵਾਈ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਲੋਕ ਸਭਾ ਦਾ ਮੈਂਬਰ ਅਜਿਹੀ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਨਾ ਸਿਰਫ਼ ਸਮਾਜ ਵਿਚ ਨਫ਼ਰਤੀ ਭਾਵਨਾਵਾਂ ਫੈਲਦੀਆਂ ਹਨ ਸਗੋਂ ਹੋਰ ਕੱਟੜਪੰਥੀ ਤੱਤ ਵੀ ਅਜਿਹੀ ਭਾਸ਼ਾ ਵਰਤਣ ਲਈ ਉਤਸ਼ਾਹਿਤ ਹੁੰਦੇ ਹਨ। ਭਾਜਪਾ ਅਜਿਹੀ ਕਾਰਵਾਈ ਕਰੇ ਜਾਂ ਨਾ ਕਰੇ, ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਨਫ਼ਰਤ ਫੈਲਾਉਣ ਵਾਲੀਆਂ ਜਥੇਬੰਦੀਆਂ, ਪਾਰਟੀਆਂ ਅਤੇ ਵਿਅਕਤੀਆਂ ਵਿਰੁੱਧ ਇਕਮੁੱਠ ਹੋਣਾ ਚਾਹੀਦਾ ਹੈ ਕਿਉਂਕਿ ਕੱਟੜਪੰਥੀਆਂ ਦਾ ਮੁੱਖ ਟੀਚਾ ਜਮਹੂਰੀ ਰਵਾਇਤਾਂ, ਸੰਸਥਾਵਾਂ ਤੇ ਧਿਰਾਂ ਨੂੰ ਕਮਜ਼ੋਰ ਕਰਨਾ ਹੈ।

Advertisement
Advertisement