ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 20 ਨਵੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਦੇ ਵਫ਼ਦ ਨੇ ਜਗਤਾਰ ਸਿੰਘ ਤੋਲੇਵਾਲ ਦੀ ਅਗਵਾਈ ਵਿੱਚ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਨੂੰ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪ ਕੇ ਪ੍ਰਸ਼ਾਸਨ ਨੂੰ ਯੂਨੀਅਨ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਦੀ ਅਪੀਲ ਕੀਤੀ। ਵਫ਼ਦ ਵਿੱਚ ਬੂਟਾ ਸਿੰਘ ਤੋਲ਼ੇਵਾਲ ਲਖਵਿੰਦਰ ਸਿੰਘ ਤੋਲੇਵਾਲ, ਕਿਰਨਜੀਤ ਕੌਰ ਤੋਲੇਵਾਲ ਹਰਦੀਪ ਸਿੰਘ ਲਾਂਗੜੀਆਂ, ਜ਼ੋਰਾ ਸਿੰਘ ਪੰਮਾ ਲਾਂਗੜੀਆਂ ਆਦਿ ਸ਼ਾਮਲ ਸਨ।
ਕਮੇਟੀ ਦੀ ਪਿੰਡ ਤੋਲੇਵਾਲ ਇਕਾਈ ਦੇ ਆਗੂ ਰਣਜੀਤ ਸਿੰਘ ਅਤੇ ਗੁਰਜੰਟ ਸਿੰਘ ਨੇ ਕਿਹਾ ਕਿ ਗ੍ਰਾਮ ਸਭਾ ਤੋਲੇਵਾਲ ਰਾਹੀਂ ਗ਼ਰੀਬ ਲੋਕਾਂ ਲਈ 5-5 ਮਰਲੇ ਦੇ ਰਿਹਾਇਸ਼ੀ ਪਲਾਟ ਕੱਟਣ ਨੂੰ ਲਗਪਗ ਦੋ ਸਾਲ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕੱਟੇ ਹੋਏ ਪਲਾਟਾਂ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਪਿੰਡ ਲਾਂਗੜੀਆਂ ਦੇ ਇਕਾਈ ਦੇ ਆਗੂ ਹਰਦੀਪ ਸਿੰਘ ਅਤੇ ਬਿਰਜ ਸਿੰਘ ਨੇ ਦੱਸਿਆ ਕਿ ਪਿੰਡ ਲਾਂਗੜੀਆਂ ਦੀ ਸ਼ਾਮਲਾਟ ਜ਼ਮੀਨ ਉੱਪਰ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਕਥਿਤ ਕਬਜ਼ਾ ਕੀਤਾ ਹੋਇਆ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਹੋਈ ਪਿਛਲੀ ਮੀਟਿੰਗ ‘ਚ ਸ਼ਾਮਲ ਵਧੀਕ ਡਿਪਟੀ ਕਮਿਸ਼ਨਰ, ਪੰਚਾਇਤ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਕੇਸ ਦਾਇਰ ਕਰਕੇ ਉਕਤ ਜ਼ਮੀਨ ਛੁਡਵਾਉਣ ਲਈ ਹਾਮੀ ਭਰੀ ਸੀ ਅਤੇ ਰੂੜੀਆਂ ਵਾਲੀ ਥਾਂ ਜੋ ਕਿ ਮਜ਼ਦੂਰਾਂ ਨੂੰ 1970 ਵਿੱਚ ਅਲਾਟ ਹੋਈ ਸੀ ਦੇ ਸਨਦ ਪੱਤਰ ਜਾਰੀ ਕਰਨ ਦਾ ਫ਼ੈਸਲਾ ਹੋਇਆ ਸੀ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਕਤ ਮੰਗਾਂ ਨੂੰ ਲਾਗੂ ਨਹੀਂ ਕਰਵਾਇਆ ਗਿਆ। ਆਗੂਆਂ ਕਿਹਾ ਕਿ ਬੇਜ਼ਮੀਨੇ ਮਜ਼ਦੂਰਾਂ ਨੂੰ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਇਆ ਜਾਵੇ ਅਤੇ ਬਣੇ ਹੋਏ ਮੈਂਬਰਾਂ ਨੂੰ ਸਸਤੇ ਕਰਜ਼ਾ ਦਾ ਪ੍ਰਬੰਧ ਕੀਤਾ ਜਾਵੇ। ਆਗੂਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 24 ਨਵੰਬਰ ਤੱਕ ਉਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਕਮੇਟੀ ਵੱਲੋਂ 25 ਨਵੰਬਰ ਨੂੰ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।