ਦਸਾਂ ਨਹੁੰਆਂ ਦੀ ਕਿਰਤ ਤਰੱਕੀ ਦੇ ਰਾਹ ਖੋਲ੍ਹਦੀ ਹੈ: ਨਰਿੰਦਰ ਸ਼ੇਰਗਿੱਲ
ਪੱਤਰ ਪ੍ਰੇਰਕ
ਕੁਰਾਲੀ, 4 ਨਵੰਬਰ
ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਾਰੇ ਧਰਮ ਸਮਾਜ ਨੂੰ ਆਪਸ ਵਿੱਚ ਜੋੜਦੇ ਹਨ। ਉਨ੍ਹਾਂ ਵਿਸ਼ਵਕਰਮਾ ਜੀ ਵੱਲੋਂ ਸਮਾਜ ਨੂੰ ਕਿਰਤ ਕਰਨ ਦੇ ਦਿੱਤੇ ਸੁਨੇਹੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦਾ ਮਨੁੱਖ ਹੱਥੀਂ ਕਿਰਤ ਕਰਨ ਤੋਂ ਪਾਸਾ ਵੱਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਥੀਂ ਕਿਰਤ ਕਰਨ ਤੇ ਦਸਾਂ ਨਹੁੰਆਂ ਦੀ ਕਮਾਈ ਹੀ ਮਨੁੱਖ ਦੀ ਤਰੱਕੀ ਦੇ ਰਾਹ ਖੋਲ੍ਹਦੀ ਹੈ। ਉਹ ਇੱਥੇ ਵਿਸ਼ਵਕਰਮਾ ਮੰਦਰ ਸਭਾ ਵੱਲੋਂ ਕਰਵਾਏ ਗਏ 45ਵੇਂ ਮੂਰਤੀ ਸਥਾਪਨਾ ਦਿਵਸ ਤੇ 66ਵੇਂ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਸਭਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ। ਸਮਾਗਮ ਦੇ ਪਹਿਲੇ ਗੇੜ ਵਿੱਚ ਹਵਨ ਯੱਗ ਤੇ ਝੰਡੇ ਦੀ ਰਸਮ ਹੋਈ। ਝੰਡੇ ਦੀ ਰਸਮ ਪ੍ਰਾਚੀਨ ਡੇਰਾ ਗੁਸਾਈਂਆਣਾ ਦੇ ਮੁਖੀ ਬਾਬਾ ਧਨਰਾਜ ਗਿਰ ਜੀ ਨੇ ਨਿਭਾਈ। ਭਜਨ ਮੰਡਲੀਆਂ ਨੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਮੁਫ਼ਤ ਵੋਕੇਸ਼ਨਲ ਕੋਰਸਾਂ ਲਈ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ। ਬਾਬਾ ਧਨਰਾਜ ਗਿਰ ਜੀ ਨੇ ਇਸ ਸੈਂਟਰ ਦਾ ਉਦਘਾਟਨ ਕੀਤਾ। ਦੂਜੇ ਗੇੜ ਵਿੱਚ ਪੰਜ ਪਿਆਰਿਆਂ ਦੀ ਅਗਵਾਈ ’ਚ ਸ਼ੋਭਾ ਯਾਤਰਾ ਸਜਾਈ ਗਈ। ਇਨ੍ਹਾਂ ਸਮਾਗਮਾਂ ਦੇ ਅੰਤਿਮ ਪੜਾਅ ਵਿੱਚ ਲੰਘੀ ਦੇਰ ਰਾਤ ਤੱਕ ਧਾਰਮਿਕ ਸਮਾਗਮ ਹੋਇਆ। ਸਭਾ ਦੇ ਪ੍ਰਧਾਨ ਮਾਸਟਰ ਗੁਰਮੁੱਖ ਸਿੰਘ, ਚੇਅਰਮੈਨ ਜਸਵਿੰਦਰ ਗੋਲਡੀ ਤੇ ਹੋਰ ਪ੍ਰਬੰਧਕਾਂ ਦੀ ਅਗਵਾਈ ਵਿੱਚ ਬੱਲ ਸਾਊਪੁਰੀਆ ਤੇ ਹੋਰਨਾਂ ਗਾਇਕਾਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਮਾਸਟਰ ਗੁਰਮੁੱਖ ਸਿੰਘ ਨੇ ਸਭਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਕੇਂਦਰ ਵਿੱਚ ਕਟਿੰਗ ਤੇ ਟੇਲਰਿੰਗ ਕੋਰਸ ਸ਼ੁਰੂ ਕੀਤਾ ਗਿਆ ਹੈ ਜਦਕਿ ਹੋਰ ਕਕੋਰਸ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਭਾਜਪਾ ਆਗੂ ਲਖਵਿੰਦਰ ਕੌਰ ਗਰਚਾ, ਕਰਨੈਲ ਸਿੰਘ, ਲੱਕੀ ਕਲਸੀ, ਹਰਨੇਕ ਸਿੰਘ, ਇੰਜਨੀਅਰ ਬਹਾਦਰ ਸਿੰਘ, ਸਤਨਾਮ ਧੀਮਾਨ, ਗੁਰਚਰਨ ਸਿੰਘ ਰਾਣਾ ਸਮੇਤ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।