ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਮੌਨਸੂਨ ਦੀ ਦਸਤਕ

07:57 AM Jul 08, 2024 IST

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ 48 ਘੰਟਿਆਂ ਦੌਰਾਨ ਅੱਛਾ ਖਾਸਾ ਮੀਂਹ ਪਿਆ ਹੈ ਜਿਸ ਨੂੰ ਸੂਬੇ ਵਿੱਚ ਮੌਨਸੂਨ ਦੀ ਬਾਕਾਇਦਾ ਦਸਤਕ ਮੰਨਿਆ ਜਾ ਰਿਹਾ ਹੈ। ਸੂਬੇ ਵਿੱਚ ਝੋਨੇ ਦੀ ਲੁਆਈ ਦੇ ਅਮਲ ਨੂੰ ਤਿੰਨ ਹਫ਼ਤੇ ਬੀਤ ਚੁੱਕੇ ਹਨ ਅਤੇ ਐਤਕੀਂ ਜਿਵੇਂ ਜੇਠ ਅਤੇ ਹਾੜ੍ਹ ਦੇ ਦਿਨ ਰਾਤ ਤਪੇ ਹਨ, ਉਸ ਨੇ ਸਮੁੱਚੇ ਜੀਅ-ਜੰਤ ਅਤੇ ਬਨਸਪਤੀ ਲਈ ਸੰਕਟਮਈ ਹਾਲਾਤ ਪੈਦਾ ਕਰ ਦਿੱਤੇ ਸਨ ਜਿਸ ਤੋਂ ਰਾਹਤ ਲਈ ਸਾਰਿਆਂ ਦੇ ਹੱਥ ਉੱਪਰ ਵੱਲ ਉੱਠ ਰਹੇ ਸਨ ਕਿ ਕਦੋਂ ਮੀਂਹ ਵਰ੍ਹੇ ਤੇ ਧਰਤੀ ਦਾ ਸੀਨਾ ਠਰੇ ਹੋਵੇ ਅਤੇ ਇਹ ਸੰਕਟ ਕੱਟਿਆ ਜਾ ਸਕੇ। ਰਿਪੋਰਟਾਂ ਆਈਆਂ ਹਨ ਕਿ ਮੌਨਸੂਨ ਦੀ ਸੱਜਰੀ ਸਰਗਰਮੀ ਤਹਿਤ ਦਰਜਨ ਭਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ ਅਤੇ ਕੁਝ ਖੇਤਰਾਂ ਨੂੰ ਮੀਂਹ ਨੇ ਸਰਸ਼ਾਰ ਵੀ ਕੀਤਾ ਹੈ। ਐਤਕੀਂ ਦੇਸ਼ ਦੇ ਦੱਖਣੀ ਤੱਟ ’ਤੇ ਮੌਨਸੂਨ ਦੀ ਆਮਦ ਕਈ ਦਿਨ ਅਗੇਤੀ ਹੋ ਗਈ ਸੀ ਅਤੇ ਫਿਰ ਦੱਖਣ ਤੇ ਪੂਰਬ ਦੇ ਕਈ ਸੂਬਿਆਂ ਨੂੰ ਮੌਨਸੂਨ ਨੇ ਤੇਜ਼ੀ ਨਾਲ ਕਲਾਵੇ ਵਿੱਚ ਲੈ ਲਿਆ ਸੀ ਪਰ ਮੌਨਸੂਨ ਨੇ ਉੱਤਰੀ ਅਤੇ ਪੱਛਮੀ ਸੂਬਿਆਂ ਵੱਲ ਮੂੰਹ ਨਹੀਂ ਕੀਤਾ ਸੀ। ਝੋਨੇ ਦੀ ਲੁਆਈ ਦਾ ਸੀਜ਼ਨ ਉੱਤਰੀ ਖ਼ਿੱਤੇ ਵਿੱਚ ਹੁੰਦਾ ਹੈ ਜਿਸ ਕਰ ਕੇ ਮੌਨਸੂਨ ਦੇ ਮੀਂਹ ਵਿੱਚ ਦੇਰੀ ਕਿਸਾਨਾਂ ਲਈ ਸੰਕਟ ਬਣ ਜਾਂਦੀ ਹੈ। ਖ਼ੈਰ, ਹਾਲੇ ਵੀ ਬਹੁਤੀ ਦੇਰ ਨਹੀਂ ਹੋਈ ਅਤੇ ਮੌਨਸੂਨ ਦੀ ਦਸਤਕ ਹੋ ਗਈ ਹੈ ਜਿਸ ਸਦਕਾ ਝੋਨੇ ਦੀ ਲੁਆਈ ਸਿਰੇ ਚੜ੍ਹ ਜਾਣ ਦੇ ਆਸਾਰ ਬਣ ਗਏ ਹਨ।
ਮੌਸਮ ਵਿਭਾਗ ਵੱਲੋਂ ਸ਼ਨਿਚਰਵਾਰ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਿਛਲੇ ਚੌਵੀ ਘੰਟਿਆਂ ਦੌਰਾਨ ਰਾਜਧਾਨੀ ਚੰਡੀਗੜ੍ਹ ਵਿੱਚ 18.8 ਐੱਮਐੱਮ, ਅੰਮ੍ਰਿਤਸਰ ਵਿੱਚ 22.6 ਐੱਮਐੱਮ, ਲੁਧਿਆਣਾ ਵਿੱਚ 13.8 ਐੱਮਐੱਮ, ਪਟਿਆਲਾ ਵਿੱਚ 60.4 ਐੱਮਐੱਮ, ਬਠਿੰਡਾ ਵਿੱਚ 2.2 ਐੱਮਐੱਮ, ਫਰੀਦਕੋਟ ਵਿੱਚ 37.8 ਐੱਮਐੱਮ, ਗੁਰਦਾਸਪੁਰ ਵਿੱਚ 37.6 ਐੱਮਐੱਮ, ਨਵਾਂ ਸ਼ਹਿਰ ਵਿੱਚ 4 ਐੱਮਐੱਮ, ਫਰੀਦਕੋਟ ਵਿੱਚ 34.5 ਐੱਮਐੱਮ, ਬਰਨਾਲਾ ਵਿੱਚ 8.5 ਐੱਮਐੱਮ, ਫਿਰੋਜ਼ਪੁਰ ਵਿੱਚ 10.5 ਐੱਮਐੱਮ, ਮੁਹਾਲੀ ਵਿੱਚ 8 ਐੱਮਐੱਮ, ਪਠਾਨਕੋਟ ਵਿੱਚ 52.5 ਐੱਮਐੱਮ, ਰੂਪਨਗਰ ਵਿੱਚ 11.5 ਐੱਮਐੱਮ ਮੀਂਹ ਪਿਆ ਹੈ। ਆਉਣ ਵਾਲੇ ਕੁਝ ਦਿਨਾਂ ਵਿਚ ਮੌਨਸੂਨ ਦੀ ਸਰਗਰਮੀ ਜਾਰੀ ਰਹੇਗੀ ਅਤੇ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੇ ਆਸਾਰ ਹਨ।
ਇਸ ਦੌਰਾਨ ਮੀਂਹ ਨਾਲ ਜੁੜੀਆਂ ਆਮ ਲੋਕਾਂ ਦੀਆਂ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਵੀ ਸਾਹਮਣੇ ਆ ਰਹੀਆਂ ਹਨ। ਕਈ ਸ਼ਹਿਰਾਂ ਦੇ ਨੀਵੇਂ ਇਲਾਕਿਆਂ ਅਤੇ ਸੜਕਾਂ ਆਦਿ ਉੱਪਰ ਮੀਂਹ ਦਾ ਪਾਣੀ ਭਰਨ ਨਾਲ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਦੀਆਂ ਰਿਪੋਰਟਾਂ ਆ ਰਹੀਆਂ ਹਨ ਜਿਸ ਨਾਲ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਖ਼ਦਸ਼ਾ ਹੈ। ਪਿਛਲੇ ਸਾਲ ਘੱਗਰ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਬਹੁਤ ਸਾਰੇ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਨ੍ਹਾਂ ਪਿੰਡਾਂ ਦੇ ਲੋਕਾਂ ਵਿਚ ਹੁਣ ਫਿਰ ਹੜ੍ਹਾਂ ਦਾ ਸਹਿਮ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਬਾਰੇ ਬਹੁਤੇ ਫ਼ਿਕਰਮੰਦ ਨਹੀਂ ਜਾਪ ਰਿਹਾ ਜਿਸ ਕਰ ਕੇ ਸਰਦੂਲਗੜ੍ਹ ਜਿਹੇ ਖੇਤਰਾਂ ਵਿੱਚ ਲੋਕਾਂ ਨੇ ਆਪਣੇ ਪੱਧਰ ’ਤੇ ਇਸ ਸਬੰਧ ਚਾਰਾਜੋਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪ੍ਰਤੀ ਚੌਕਸ ਹੋਣ ਅਤੇ ਫੌਰੀ ਧਿਆਨ ਦੇਣ ਦੀ ਲੋੜ ਹੈ।

Advertisement

Advertisement