ਕਿਸਾਨ ਮਹਾਪੰਚਾਇਤ ਨੇ ਖੇਤੀ ਮੰਤਰੀ ਤੋਂ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਮੰਗੀ
ਨਵੀਂ ਦਿੱਲੀ, 7 ਅਕਤੂਬਰ
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਨੇ ਅੱਜ ਕਿਸਾਨਾਂ ਦੀ ਜਥੇਬੰਦੀ ਕਿਸਾਨ ਮਹਾਪੰਚਾਇਤ ਦੇ ਆਗੂਆਂ ਨਾਲ ਮੀਟਿੰਗ ਕਰਕੇ ਫਸਲ ਬੀਮਾ ਸਕੀਮ ਸਣੇ ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੇ ਵੱਖ-ਵੱਖ ਮੁੱਦਿਆਂ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਹੱਲ ਦਾ ਭਰੋਸਾ ਦਿੱਤਾ। ਕਿਸਾਨ ਮਹਾਪੰਚਾਇਤ ਦੇ ਕੌਮੀ ਪ੍ਰਧਾਨ ਰਾਮਪਾਲ ਜਾਟ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਵਧਾਉਣ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਾਰੰਟੀ ਮਿਲਣੀ ਚਾਹੀਦੀ ਹੈ। ਖੇਤੀ ਮੰਤਰੀ ਨੇ ਇਹ ਮੀਟਿੰਗ 24 ਸਤੰਬਰ ਤੋਂ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਆਰੰਭੀ ਲੜੀ ਤਹਿਤ ਕੀਤੀ ਹੈ। ਮੀਟਿੰਗ ਤੋਂ ਬਾਅਦ ਰਾਮਪਾਲ ਜਾਟ ਨੇ ਕਿਹਾ ਕਿ ਮੰਤਰੀ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਹੱਲ ਦਾ ਭਰੋਸਾ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਐੱਮਐੈੱਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਆਪਣੀ ਪੈਦਾਵਾਰ ਸਮਰਥਨ ਮੁੱਲ ਤੋਂ ਹੇਠਾਂ ਨਾ ਵੇਚਣੀ ਪਵੇ। ਚੌਹਾਨ ਨੇ ਮੀਟਿੰਗ ਤੋਂ ਬਾਅਦ ਆਖਿਆ, ‘ਮੈਂ ਕਿਸਾਨ ਮਹਾਪੰਚਾਇਤ ਦੇ ਮੁਖੀ ਰਾਮਪਾਲ ਜਾਟ ਤੇ ਹੋਰ ਸੂਬਿਆਂ ਤੋਂ ਉਨ੍ਹਾਂ ਦੀ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਸਾਡੀ ਉਸਾਰੂ ਗੱਲਬਾਤ ਹੋਈ ਅਤੇ ਅਸੀਂ ਕਈ ਮੁੱਦਿਆਂ ਦਾ ਗੰਭੀਰਤਾ ਨਾਲ ਮੁਲਾਂਕਣ ਕੀਤਾ। ਕਿਸਾਨਾਂ ਦੇ ਜਿਹੜੇ ਦੇ ਮੁੱਦੇ ਸਾਹਮਣੇ ਆਏ ਹਨ, ਉਨ੍ਹਾਂ ਵਿੱਚੋਂ ਕੁਝ ਸੂਬਾ ਸਰਕਾਰਾਂ ਨਾਲ ਅਤੇ ਕੁਝ ਕੇਂਦਰ ਨਾਲ ਸਬੰਧਤ ਹਨ। ਮੈਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗਾ ਅਤੇ ਇਹ ਯਕੀਨੀ ਬਣਾਵਾਗਾ ਕਿ ਕਿਸਾਨ ਕਿਸ ਤਰ੍ਹਾਂ ਅੱਗੇ ਵਧਣ ਅਤੇ ਖੇਤੀ ਸੈਕਟਰ ਦਾ ਵਿਕਾਸ ਹੋਵੇ।’ -ਪੀਟੀਆਈ