ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ

10:06 AM Jun 15, 2024 IST

ਪ੍ਰਿੰ. ਸਰਵਣ ਸਿੰਘ
Advertisement

ਕ੍ਰਿਸਟਿਆਨੋ ਰੋਨਾਲਡੋ ਦੀਆਂ ਕਿਆ ਬਾਤਾਂ! ਉਹ ਫੁੱਟਬਾਲ ਦਾ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਹੈ। ਲੱਖਾਂ ਡਾਲਰਾਂ ਬਦਲੇ ਖੇਡਣ ਵਾਲਾ ਵਿਸ਼ਵ ਦਾ ਸਿਰਮੌਰ ਖਿਡਾਰੀ। ਉਸ ਨੂੰ ਫੁੱਟਬਾਲ ਦਾ ਅਫਲਾਤੂਨ ਕਿਹਾ ਜਾ ਸਕਦੈ। ਉਹ ਕਰੋੜਾਂ ਲੋਕਾਂ ਦਾ ਮਹਿਬੂਬ ਖਿਡਾਰੀ ਹੈ। ਉਸ ਨੇ ਫੁੱਟਬਾਲ ਖੇਡ ਕੇ ਕਰੋੜਾਂ ਕੀ, ਅਰਬਾਂ ਡਾਲਰ ਕਮਾਏ ਹਨ। ਉਸ ਨੂੰ ਪੰਜ ਵਾਰ ਫੁੱਟਬਾਲ ਦਾ ਸਰਬੋਤਮ ਖਿਡਾਰੀ ਹੋਣ ਦਾ ਬੈਲਨ ਡੀ ਓਰ ਐਵਾਰਡ ਮਿਲ ਚੁੱਕਾ ਹੈ। ਕਦੇ ਉਹ ਮਾਨਚੈੱਸਟਰ ਯੂਨਾਈਟਿਡ ਕਲੱਬ ਦਾ ਮਾਣ ਸੀ, ਕਦੇ ਰੀਅਲ ਮੈਡਰਿਡ ਕਲੱਬ ਦਾ ਨਿਸ਼ਾਨ ਤੇ ਹੁਣ ਸਾਊਦੀ ਅਰਬ ਦੇ ਅਲ-ਨਾਸਰ ਕਲੱਬ ਦੀ ਸ਼ਾਨ ਹੈ। ਉਸ ਬਾਰੇ ਲੱਖਾਂ ਲਫ਼ਜ਼ ਲਿਖੇ ਗਏ ਤੇ ਵੀਹਾਂ ਵੀਡੀਓ’ਜ਼ ਬਣਾਈਆਂ ਗਈਆਂ। ਉਸ ਦੀ ਉਮਰ 39 ਸਾਲਾਂ ਦੀ ਹੈ ਪਰ ਤਾਕਤ ਤੇ ਫੁਰਤੀ ਪੱਚੀਆਂ ਸਾਲਾਂ ਦੇ ਗੱਭਰੂ ਵਰਗੀ ਹੈ। ਉਸ ਨੇ 2023-24 ’ਚ ਵਿਸ਼ਵ ਪ੍ਰਸਿੱਧ ਕਲੱਬਾਂ ਦੇ 70 ਲੀਗ ਮੈਚਾਂ ਵਿੱਚ 64 ਗੋਲ ਕੀਤੇ ਹਨ।
ਉਹ ਉਂਗਲਾਂ ’ਤੇ ਗਿਣੇ ਜਾਣ ਵਾਲੇ ਵਿਸ਼ਵ ਦੇ ਮਹਾਨ ਪੇਸ਼ਾਵਰ ਫੁੱਟਬਾਲ ਖਿਡਾਰੀਆਂ ’ਚੋਂ ਹੈ ਜਿਨ੍ਹਾਂ ਨੇ 1200 ਤੋਂ ਵੱਧ ਉੱਚ ਪੱਧਰੀ ਮੈਚ ਖੇਡੇ ਹਨ। ਉਸ ਨੇ ਕਲੱਬ ਲੀਗਾਂ ਤੇ ਮੁਲਕਾਂ ਵਿਚਾਲੇ ਹੋਏ ਮੈਚਾਂ ਵਿੱਚ 890 ਤੋਂ ਵੱਧ ਗੋਲ ਕੀਤੇ ਹਨ। ਉਹ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਮੰਨਿਆ ਜਾਂਦਾ ਹੈ। ਫੁੱਟਬਾਲ ਦੇ ਵਿਸ਼ਵ ਕੱਪਾਂ ਵਿੱਚ ਉਹ ਪੁਰਤਗਾਲ ਦੀ ਫੁੱਟਬਾਲ ਟੀਮ ਦਾ ਪੰਜ ਵਾਰ ਵਿਸ਼ੇਸ਼ ਖਿਡਾਰੀ ਹੋਣ ਦੇ ਨਾਲ ਇੰਗਲੈਂਡ ਦੇ ਮਾਨਚੈੱਸਟਰ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਸਪੇਨ ਦੇ ਰੀਅਲ ਮੈਡਰਿਡ ਕਲੱਬ ਦਾ ਵੀ ਚਹੇਤਾ ਖਿਡਾਰੀ ਰਿਹੈ। 2023 ਤੋਂ ਉਹ ਰਿਆਧ ਦੇ ਅਲ ਨਾਸਰ ਫੁੱਟਬਾਲ ਕਲੱਬ ਵੱਲੋਂ ਖੇਡ ਰਿਹੈ ਜਿੱਥੇ ਅਜੇ ਵੀ ਸਭ ਤੋਂ ਵੱਧ ਗੋਲ ਕਰ ਰਿਹੈ। ਉਸ ਦੀ ਸਾਲਾਨਾ ਕਮਾਈ 200 ਮਿਲੀਅਨ ਯੂਰੋ ਤੋਂ ਵਧੇਰੇ ਹੈ।
6 ਫੁੱਟ 2 ਇੰਚ ਲੰਮੇ 83 ਕਿਲੋ ਵਜ਼ਨੀ, ਸਡੌਲ ਜੁੱਸੇ ਤੇ ਤਿੱਖੇ ਨੈਣ ਨਕਸ਼ਾਂ ਵਾਲੇ ਫੁੱਟਬਾਲਰ ਦਾ ਪੂਰਾ ਨਾਂ ਹੈ, ਕ੍ਰਿਸਟਿਆਨੋ ਰੋਨਾਲਡੋ ਡੋਜ਼ ਸੰਤੋਜ਼ ਐਵੀਰੋ। ਉਸ ਦਾ ਜਨਮ 5 ਫਰਵਰੀ 1985 ਨੂੰ ਪੁਰਤਗਾਲ ਦੇ ਮਡੀਰਾ ਟਾਪੂ ’ਤੇ ਫੰਚਲ ’ਚ ਹੋਇਆ। ਜਿਸ ਟਾਪੂ ’ਤੇ ਉਸ ਦਾ ਜਨਮ ਹੋਇਆ, ਉੱਥੋਂ ਦੇ ਹਵਾਈ ਅੱਡੇ ਦਾ ਨਾਂ 29 ਮਾਰਚ 2017 ਨੂੰ ‘ਕ੍ਰਿਸਟਿਆਨੋ ਰੋਨਾਲਡ ਇੰਟਰਨੈਸ਼ਨਲ ਏਅਰਪੋਰਟ’ ਰੱਖ ਕੇ ਉਹਦਾ ਸਟੈਚੂ ਸਥਾਪਿਤ ਕਰ ਦਿੱਤਾ ਗਿਆ ਤਾਂ ਕਿ ਭਵਿੱਖ ਦੀਆਂ ਨਸਲਾਂ ਰੋਨਾਲਡੋ ਨੂੰ ਯਾਦ ਰੱਖਣ।
ਉਸ ਦੀ ਜੀਵਨ ਕਹਾਣੀ ਡਿੱਗਿਆਂ ਢੱਠਿਆਂ ਨੂੰ ਉਤਸ਼ਾਹ ਦੇਣ ਵਾਲੀ ਪ੍ਰੇਰਨਾਮਈ ਗਾਥਾ ਹੈ। ਉਸ ਦਾ ਬਾਪ ਜੋਜ਼ ਅਵੀਰੋ ਡਿਨਿਸ਼ ਬਾਗ਼ਬਾਨ ਤੇ ਬਾਗ਼ ਦੇ ਸਾਮਾਨ ਦਾ ਰਾਖਾ ਸੀ। ਮਾਂ ਮਾਰੀਆ ਡੋਲੋਰਸ ਡੋਜ਼ ਸੈਂਟੇਸ ਏਵੀਰੋ ਸਾਧਾਰਨ ਕੰਮਕਾਜੀ ਔਰਤ ਸੀ। ਬਾਪ ਖ਼ੁਦ ਫੁੱਟਬਾਲ ਖੇਡਣ ਤੇ ਫਿਲਮਾਂ ਵੇਖਣ ਦਾ ਸ਼ੌਕੀ ਸੀ। ਉਹ ਫਿਲਮ ਐਕਟਰ ਰੋਨਾਲਡ ਵਿਲਸਨ ਰੀਗਨ ਦਾ ਦੀਵਾਨਾ ਸੀ ਜੋ ਕ੍ਰਿਸਟਿਆਨੋ ਦੇ ਜਨਮ ਸਮੇਂ ਅਮਰੀਕਾ ਦਾ ਪ੍ਰਧਾਨ ਸੀ। ਪਿਓ ਨੇ ਆਪਣੇ ਪੁੱਤਰ ਦੇ ਨਾਂ ਨਾਲ ਆਪਣੇ ਚਹੇਤੇ ਐਕਟਰ ਰੋਨਾਲਡ ਦਾ ਨਾਂ ਵੀ ਜੋੜ ਦਿੱਤਾ ਜੋ ਰੋਨਾਲਡੋ ਵਜੋਂ ਮੂੰਹ ਚੜ੍ਹ ਗਿਆ। ਰੋਨਾਲਡੋ ਤੋਂ ਨੌਂ ਕੁ ਸਾਲ ਵੱਡੇ ਬ੍ਰਾਜ਼ੀਲ ਦੇ ਇੱਕ ਹੋਰ ਫੁੱਟਬਾਲਰ ਦਾ ਨਾਂ ਵੀ ਰੋਨਾਲਡੋ ਨਜ਼ਾਰੀਓ ਹੈ ਜਿਸ ਨੇ ਘਰੜ ਕੇ ਮੁੰਨੇ ਸਿਰ ਦਾ ਫੈਸ਼ਨ ਚਲਾਇਆ। ਕਲੱਬ ਲੀਗਾਂ ਵਿੱਚ ਉਹਦੀ ਵੀ ਗੁੱਡੀ ਚੜ੍ਹੀ ਰਹੀ। ਪੇਲੇ ਵਾਂਗ ਉਹ ਵੀ ਬ੍ਰਾਜ਼ੀਲ ਦੀ ਸ਼ਾਨ ਬਣਿਆ ਰਿਹਾ।

ਕ੍ਰਿਸਟਿਆਨੋ ਰੋਨਾਲਡੋ ਦਾ ਬਚਪਨ ਆਰਥਿਕ ਤੰਗੀਆਂ ਤੇ ਪਰੇਸ਼ਾਨੀਆਂ ’ਚੋਂ ਲੰਘਿਆ। ਉਹ ਚਾਰ ਭੈਣ-ਭਰਾ ਸਨ। ਉਸ ਦੇ ਮਾਪਿਆਂ ਦੀ ਕਮਾਈ ਸੀਮਤ ਸੀ ਜਿਸ ਨਾਲ ਵੱਡੇ ਪਰਿਵਾਰ ਦਾ ਗੁਜ਼ਾਰਾ ਮਸੀਂ ਚੱਲਦਾ ਸੀ। ਛੋਟੀ ਉਮਰੇ ਉਸ ਨੂੰ ਦਿਲ ਦਾ ਰੋਗ ਲੱਗ ਗਿਆ ਜਿਸ ਦੀ ਸਰਜਰੀ ਕਰਾਉਣੀ ਪਈ। ਰੋਨਾਲਡੋ ਨੂੰ ਸੁਰਤ ਸੰਭਲਣ ਤੋਂ ਹੀ ਫੁੱਟਬਾਲ ਦੀ ਖੇਡ ਵਿੱਚ ਦਿਲਚਸਪੀ ਸੀ। ਜਦੋਂ ਵੀ ਦਾਅ ਲੱਗਦਾ ਉਹ ਫੁੱਟਬਾਲ ਨੂੰ ਕਿੱਕਾਂ ਮਾਰਦਾ ਫਿਰਦਾ। ਛੇ ਸਾਲ ਦੀ ਉਮਰ ’ਚ ਉਸ ਨੂੰ ਫੁੱਟਬਾਲ ਦੇ ਅੰਡੋਰਿਨਹਾ ਕਲੱਬ ਵਿੱਚ ਭੇਜ ਦਿੱਤਾ ਗਿਆ। ਉੱਥੇ ਉਸ ਨੂੰ ਫੁੱਟਬਾਲ ਖੇਡਣ ਦੀ ਐਸੀ ਲਗਨ ਲੱਗੀ ਕਿ ਆਏ ਦਿਨ ਉਹ ਅੱਗੇ ਹੀ ਅੱਗੇ ਵਧਦਾ ਗਿਆ। ਇਹ ਮੰਨੀ ਪ੍ਰਮੰਨੀ ਗੱਲ ਹੈ ਕਿ ਜਿਸ ਕਾਰਜ ਲਈ ਲਗਨ ਨਾਲ ਮਿਹਨਤ ਕੀਤੀ ਜਾਵੇ ਉਸ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਰੋਨਾਲਡੋ ਪੰਦਰਾਂ ਸਾਲ ਦੀ ਉਮਰੇ ਪਹਿਲਾਂ ਮਡੀਰਾ ਦੇ ਡੈਸਪੋਰਟੀਵੋ ਨੈਸ਼ਨਲ ਕਲੱਬ ਵੱਲੋਂ ਖੇਡਿਆ ਫਿਰ ਪੁਰਤਗਾਲ ਦੇ ਸਪੋਰਟਿੰਗ ਕਲੱਬ ’ਚ ਚਲਾ ਗਿਆ ਜਿਸ ਨੂੰ ਸਪੋਰਟਿੰਗ ਲਿਜ਼ਬਨ ਵੀ ਕਿਹਾ ਜਾਂਦਾ ਸੀ। ਉਹ 2002 ’ਚ ਸਪੋਰਟਿੰਗ ਲਿਜ਼ਬਨ ਦੀ ਮੁੱਖ ਟੀਮ ਵਿੱਚ ਖੇਡਿਆ। ਤਦ ਤੱਕ ਉਸ ਦਾ ਕੱਦ 6 ਫੁੱਟ 1 ਇੰਚ ਹੋ ਗਿਆ ਸੀ। ਸਥਾਨਕ ਕਲੱਬ ’ਚ ਖੇਡਣ ਪਿੱਛੋਂ ਉਸ ਨੂੰ 2003 ’ਚ ਇੰਗਲੈਂਡ ਦੇ ਪਾਵਰਹਾਊਸ ਮਾਨਚੈੱਸਟਰ ਯੂਨਾਈਟਿਡ ਨੇ ਸਾਈਨ ਕਰ ਲਿਆ। ਉੱਥੇ ਉਸ ਦੀ ਖੇਡ ਨੇ ਨ੍ਹੇਰੀ ਲਿਆਂਦੀ ਤਾਂ ਉਸ ਨੂੰ ਵਿਸ਼ਵ ਦਾ ਸਰਬੋਤਮ ਫਾਰਵਰਡ ਖਿਡਾਰੀ ਮੰਨਿਆ ਜਾਣ ਲੱਗਾ। 2007-08 ਵਿੱਚ ਉਸ ਨੇ ਕੱਪਾਂ ਤੇ ਲੀਗ ਮੈਚਾਂ ਵਿੱਚ 42 ਗੋਲ ਕੀਤੇ ਜਿਨ੍ਹਾਂ ਨਾਲ ਉਸ ਨੂੰ ਗੋਲਡਨ ਬੂਟ ਦਾ ਐਵਾਰਡ ਮਿਲਿਆ। ਉਸ ਦੇ ਗੋਲਾਂ ਨਾਲ ਹੀ ਮਾਨਚੈੱਸਟਰ ਯੂਨਾਈਟਿਡ ਕਲੱਬ ਨੇ ਮਈ 2007-08 ਸੀਜ਼ਨ ਦੀ ਚੈਂਪੀਅਨਸ਼ਿਪ ਜਿੱਤੀ। ਫੀਫਾ ਨੇ ਰੋਨਾਲਡੋ ਨੂੰ ਵਰਲਡ ਪਲੇਅਰ ਆਫ ਦਾ ਯੀਅਰ ਐਵਾਰਡ ਨਾਲ ਸਨਮਾਨਿਆ। 2009 ਦੀ ਚੈਂਪੀਅਨਜ਼ ਲੀਗ ਸਮੇਂ ਉਹ ਮਾਨਚੈੱਸਟਰ ਦੀ ਟੀਮ ਦਾ ਕਪਤਾਨ ਸੀ ਪਰ ਬਦਕਿਸਮਤੀ ਨਾਲ ਉਸ ਦੀ ਟੀਮ ਫੁੱਟਬਾਲ ਕਲੱਬ ਬਾਰਸੀਲੋਨਾ ਤੋਂ ਹਾਰ ਗਈ।
ਅਗਲੇ ਸੀਜ਼ਨ ’ਚ ਸਪੇਨ ਦੇ ਰੀਅਲ ਮੈਡਰਿਡ ਕਲੱਬ ਨੇ ਉਸ ਨੂੰ 80 ਮਿਲੀਅਨ ਪੌਂਡਾਂ ’ਚ ਖ਼ਰੀਦ ਲਿਆ। ਉਸ ਨੇ 2010-11 ਸੀਜ਼ਨ ਦੇ ਲੀਗ ਮੈਚਾਂ ਵਿੱਚ 40 ਗੋਲ ਕੀਤੇ ਜਿਨ੍ਹਾਂ ਨਾਲ ਨਵਾਂ ਰਿਕਾਰਡ ਬਣ ਗਿਆ। ਉਹ ਰਿਕਾਰਡ ਫਿਰ ਗਜ਼ਬ ਦੇ ਫੁੱਟਬਾਲਰ ਲਿਉਨੈੱਲ ਮੈੱਸੀ ਨੇ ਤੋੜਿਆ। 2011-12 ’ਚ ਰੋਨਾਲਡੋ ਨੇ ਲਾ ਲੀਗਾ ਚੈਂਪੀਅਨਸ਼ਿਪ ਦੇ ਲੀਗ ਮੈਚਾਂ ਵਿੱਚ 46 ਗੋਲ ਕੀਤੇ। 2013 ਵਿੱਚ ਉਸ ਨੇ ਵਰਲਡ ਪਲੇਅਰ ਆਫ ਦਾ ਯੀਅਰ ਫੀਫਾ ਬਲੂਨ ਡੀ ਓਰ ਐਵਾਰਡ ਫਿਰ ਜਿੱਤਿਆ। ਮਾਨਚੈੱਸਟਰ ਯੂਨਾਈਟਿਡ ਵੱਲੋਂ ਉਹ 2006 ਤੋਂ 2009 ਤੱਕ ਤੇ 2021-22 ਵਿੱਚ ਖੇਡਿਆ। ਸਪੇਨ ਦੇ ਰੀਅਲ ਮੈਡਰਿਡ ਕਲੱਬ ਵੱਲੋਂ 2009 ਤੋਂ 2018 ਤੱਕ ਅਤੇ ਇਟਲੀ ਦੇ ਜੁਵੈਂਟੂਸ ਕਲੱਬ ਵੱਲੋਂ 2018-21 ਤੱਕ ਖੇਡਿਆ। 2023 ਤੋਂ ਉਹ ਸਾਊਦੀ ਅਰਬ ਦੇ ਅਲ ਨਾਸਰ ਕਲੱਬ ਵੱਲੋਂ ਖੇਡ ਰਿਹੈ।
ਕਲੱਬਾਂ ਤੋਂ ਬਿਨਾ ਉਹ ਪੁਰਤਗਾਲ ਦੀ ਅੰਡਰ 15 ਦੀ ਕੌਮੀ ਟੀਮ ਵੱਲੋਂ 9 ਮੈਚ ਖੇਡਿਆ ਜਿਨ੍ਹਾਂ ’ਚ 7 ਗੋਲ ਕੀਤੇ। 17 ਸਾਲ ਤੋਂ ਘੱਟ ਉਮਰ ਦੀ ਟੀਮ ਦਾ ਮੈਂਬਰ ਬਣ ਕੇ 7 ਮੈਚਾਂ ਵਿੱਚ 5 ਗੋਲ ਕੀਤੇ। 20 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਦੇ 5 ਮੈਚਾਂ ਵਿੱਚ 1 ਗੋਲ, 21 ਸਾਲ ਦੀ ਟੀਮ ਦੇ 10 ਮੈਚਾਂ ਵਿੱਚ 3 ਗੋਲ ਤੇ 23 ਸਾਲ ਦੀਆਂ ਟੀਮਾਂ ਦੇ 3 ਮੈਚਾਂ ਵਿੱਚ 2 ਗੋਲ ਕੀਤੇ। 2003 ਤੋਂ ਪੁਰਤਗਾਲ ਵੱਲੋਂ ਖੇਡਦਿਆਂ 206 ਮੈਚਾਂ ਵਿੱਚ 128 ਗੋਲ ਕੀਤੇ। ਫੀਫਾ ਫੁੱਟਬਾਲ ਕੱਪ ਉਹ 2006, 2010, 2014, 2018 ਤੇ 2022 ਵਿੱਚ 5 ਵਾਰ ਖੇਡਿਆ। ਯੂਰੋ ਕੱਪ ਉਹ 2008, 2012, 2016 ਤੇ 2020 ਵਿੱਚ ਖੇਡਿਆ। ਉਹ ਫਾਰਵਰਡ ਖਿਡਾਰੀ ਵਜੋਂ ਖੇਡਦਾ ਰਿਹੈ ਤੇ ਫੀਫਾ ਕੱਪ ਵਿੱਚ ਪੁਰਤਗਾਲ ਦੀ ਟੀਮ ਦਾ ਕਪਤਾਨ ਵੀ ਰਿਹਾ। ਉਸ ਨੂੰ ਅਨੇਕ ਵੱਡੇ ਐਵਾਰਡ, ਗੋਲਡਨ ਬੂਟ, ਗੋਲਡਨ ਬਾਲਾਂ ਤੇ ਗੋਲਡ ਕੱਪ ਮਿਲੇ।
ਫੁੱਟਬਾਲ ਖੇਡਣ ਬਦਲੇ ਉਸ ਦੀ ਫੀਸ ਸੁਣ ਕੇ ਆਮ ਲੋਕਾਂ ਨੂੰ ਹੈਰਾਨੀ ਹੋ ਸਕਦੀ ਹੈ। 37 ਸਾਲ ਦੀ ਉਮਰੇ 30 ਦਸੰਬਰ 2022 ਨੂੰ ਜਦੋਂ ਉਸ ਨੇ ਸਾਊਦੀ ਅਰਬ ਦੇ ਕਲੱਬ ਅਲ-ਨਾਸਰ ਵੱਲੋਂ ਦੋ ਸਾਲ ਖੇਡਣ ਦਾ ਕੰਟਰੈਕਟ ਕੀਤਾ ਤਾਂ ਇਕਰਾਰਨਾਮੇ ਵਿੱਚ ਲਿਖਿਆ ਗਿਆ ਕਿ ਕਲੱਬ ਉਸ ਨੂੰ ਇੱਕ ਸਾਲ ਦੇ 20 ਕਰੋੜ ਯੂਰੋ ਤੇ ਦੋ ਸਾਲਾਂ ਦੇ 40 ਕਰੋੜ ਯੂਰੋ ਦੇਵੇਗਾ। ਮਸ਼ਹੂਰੀਆਂ ਦੇ ਪੈਸੇ ਉਸ ਨੂੰ ਵੱਖ ਮਿਲਦੇ ਰਹਿਣਗੇ।
ਰੋਨਾਲਡੋ ਨੇ ਪਹਿਲਾ ਫੀਫਾ ਕੱਪ 2006 ’ਚ ਖੇਡਿਆ ਤੇ ਪਹਿਲਾ ਗੋਲ ਇਰਾਨ ਦੀ ਟੀਮ ਸਿਰ ਕੀਤਾ। ਉਹ 2007 ’ਚ ਪਹਿਲੀ ਵਾਰ ਬ੍ਰਾਜ਼ੀਲ ਦੀ ਟੀਮ ਵਿਰੁੱਧ ਦੋਸਤਾਨਾ ਮੈਚ ਖੇਡਣ ਵਾਲੀ ਪੁਰਤਗਾਲ ਦੀ ਟੀਮ ਦਾ ਕਪਤਾਨ ਬਣਿਆ। ਉਸ ਨੇ ਪਹਿਲਾ ਇੰਟਰਨੈਸ਼ਨਲ ਹੈਟ੍ਰਿਕ (ਲਗਾਤਾਰ ਤਿੰਨ ਗੋਲ) 6 ਸਤੰਬਰ 2013 ਨੂੰ ਮਾਰਿਆ ਜੋ ਸਿਰਫ਼ 15 ਮਿੰਟਾਂ ਵਿੱਚ ਵੱਜਾ। ਪੈਰ, ਲੱਤਾਂ, ਗਿੱਟੇ-ਗੋਡੇ ਤੇ ਸਿਰ ਨਾਲ ਤਾਂ ਗੋਲ ਹੁੰਦੇ ਹੀ ਹਨ, ਰੋਨਾਲਡੋ ਅੱਡੀ ਨਾਲ ਪਿਛਲਖੁਰੀ ਵੀ ਗੋਲ ਕਰਦਾ ਆ ਰਿਹੈ। 2018 ਦੇ ਵਰਲਡ ਕੱਪ ਵਿੱਚ ਉਸ ਨੇ ਰੂਸ ਵਿਰੁੱਧ 4 ਗੋਲ ਕੀਤੇ ਸਨ ਤੇ ਸਪੇਨ ਨੂੰ ਆਪਣੇ ਹੈਟ੍ਰਿਕ ਨਾਲ 3-3 ਗੋਲਾਂ ’ਤੇ ਬਰਾਬਰ ਰੱਖ ਲਿਆ ਸੀ। ਉਹ ਸੱਜੇ ਖੱਬੇ ਦੋਹਾਂ ਵਿੰਗਾਂ ’ਤੇ ਖੇਡ ਸਕਦਾ ਹੈ ਪਰ ਦੋਹੇਂ ਪੈਰ ਇੱਕੋ ਜਿਹੇ ਚੱਲਣ ਦੇ ਬਾਵਜੂਦ ਵਧੇਰੇ ਗੋਲ ਸੱਜੇ ਪੈਰ ਨਾਲ ਕਰਦਾ ਹੈ। ਉਹ ਤੇਜ਼ਤਰਾਰ ਖਿਡਾਰੀ ਹੈ ਜਿਸ ਦੀ ਸਪੀਡ ਵਿਸ਼ਵ ਦੇ ਮੰਨੇ ਦੰਨੇ ਸਪਰਿੰਟਰਾਂ ਜਿੰਨੀ ਹੈ। ਉਹ ਸਿਰ ਨਾਲ ਖੇਡਣ ਦਾ ਵੀ ਪੂਰਾ ਮਾਹਿਰ ਹੈ ਤੇ ਬੜਾ ਉੱਚਾ ਕੁੱਦ ਕੇ ਹੈੱਡਰ ਮਾਰ ਜਾਂਦਾ ਹੈ। ਉਸ ਨੂੰ ਕਿੱਕ ਨਾਲ ਬਾਲ ਹਵਾ ’ਚ ਘੁੰਮਾਉਣੀ ਆਉਂਦੀ ਹੈ ਜਿਸ ਕਰਕੇ ਵਧੇਰੇ ਗੋਲਚੀ ਉਹਦੀ ਬਾਲ ਦਾ ਟਪਲਾ ਖਾ ਜਾਂਦੇ ਹਨ। ਉਸ ਦੀ ਡ੍ਰਿਬਲਿੰਗ ਦਾ ਵੀ ਕੋਈ ਸਾਨੀ ਨਹੀਂ। ਉਸ ਕੋਲ ਵਿਰੋਧੀ ਖਿਡਾਰੀਆਂ ਨੂੰ ਪਾਸ ਕਰਨ ਤੇ ਗੋਲਚੀਆਂ ਨੂੰ ਬੀਟ ਕਰਨ ਦੀਆਂ ਅਨੇਕ ਜੁਗਤਾਂ ਹਨ। ਮੱਛੀ ਦੀ ਅੱਖ ਵਾਂਗ ਉਸ ਦਾ ਧਿਆਨ ਗੋਲ ਕਰਨ ਲਈ ਗੋਲ ਪੋਸਟ ’ਤੇ ਰਹਿੰਦਾ ਹੈ।
ਉਸ ਦੀ ਡਾਈਵਿੰਗ ਤੇ ਕੁਝ ਕੱਬੇ ਸੁਭਾਅ ਕਰਕੇ ਵਿਰੋਧੀ ਖਿਡਾਰੀ ਉਸ ਤੋਂ ਕੰਨ ਭੰਨਦੇ ਹਨ। ਆਲੋਚਕ ਨਿੰਦਾ ਵੀ ਕਰਦੇ ਹਨ ਪਰ ਉਸ ਖੇਡ ਕਲਾ ਦਾ ਲੋਹਾ ਵੀ ਮੰਨਦੇ ਹਨ। ਉਹ ਗੋਲ ਕਰ ਕੇ ਅਕਸਰ ਹਿੱਕ ਥਾਪੜਦਾ ਤੇ ਬਾਹਾਂ ਫੈਲਾਉਂਦਾ ਹੈ। ਕਦੇ ਕਦੇ ਗੁੱਸਾ ਤੇ ਰੋਸ ਵੀ ਵਿਖਾਉਂਦਾ ਹੈ ਜੋ ਏਡੇ ਵੱਡੇ ਖਿਡਾਰੀ ਨੂੰ ਨਹੀਂ ਸੋਂਹਦਾ। ਇੱਕ ਵਾਰ ਤਾਂ ਉਸ ਨੇ ਇੱਕ ਰਿਪੋਰਟਰ ਦਾ ਮਾਈਕਰੋਫੋਨ ਹੀ ਝੀਲ ’ਚ ਚਲਾ ਮਾਰਿਆ ਸੀ। ਰੋਨਾਲਡੋ ਦੀਆਂ ਕਈ ਆਦਤਾਂ ਅਲੋਕਾਰ ਹਨ। ਉਹ ਲਗਾਤਾਰ 7-8 ਘੰਟੇ ਸੌਣ ਦੀ ਥਾਂ ਡੇਢ-ਡੇਢ ਘੰਟੇ ਦੀਆਂ ਪੰਜ ਨੀਂਦਾਂ ਲੈਂਦਾ ਹੈ ਤੇ ਸਾਰੇ ਦਿਨ ਦੀ ਖੁਰਾਕ 6 ਵਾਰ ਵੰਡ ਕੇ ਖਾਂਦਾ ਹੈ। ਉਸ ਦੀ ਖੁਰਾਕ ਵਿੱਚ ਪ੍ਰੋਟੀਨ ਵੱਧ ਮਾਤਰਾ ਵਿੱਚ ਹੁੰਦੀ ਹੈ ਤੇ ਫੈਟ ਘੱਟ। ਉਹ ਹਰ ਰੋਜ਼ 3-4 ਘੰਟੇ ਕਸਰਤ ਕਰਦਾ ਤੇ ਖੇਡਦਾ ਹੈ। ਉਸ ਦੇ 83 ਕਿਲੋ ਵਜ਼ਨੀ ਜੁੱਸੇ ਵਿੱਚ ਫੈਟੀ ਵਜ਼ਨ ਕੇਵਲ 6% ਫੀਸਦੀ ਜਦ ਕਿ ਵਧੇਰੇ ਵਜ਼ਨ ਪੱਠਿਆਂ ਦਾ ਹੈ। ਇਹ ਪੱਠਿਆਂ ਦੀ ਤਾਕਤ ਹੀ ਹੈ ਜੋ ਉਸ ਨੂੰ 39 ਸਾਲ ਦੀ ਉਮਰ ਵਿੱਚ ਵੀ ਆਪਣੇ ਤੋਂ 14 ਸਾਲ ਛੋਟਿਆਂ ਦੇ ਬਰਾਬਰ ਰੱਖ ਰਹੀ ਹੈ।
ਉਹ ਵਿਆਹਿਆ ਵਰਿਆ ਹੈ ਤੇ ਚਾਰ ਬੱਚਿਆਂ ਦਾ ਬਾਪ ਹੈ। ਉਸ ਦੀਆਂ ਕੁਝ ਅਵੱਲੀਆਂ ਆਦਤਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਤੇ ਲਿਖਿਆ ਜਾਂਦਾ ਰਹੇਗਾ। ਉਸ ਦਾ ਪਿਤਾ ਜੋਜ਼ ਅਵੀਰੋ ਬਾਗ਼ ਦਾ ਕਾਮਾ ਤਾਂ ਬੜਾ ਤਕੜਾ ਸੀ ਪਰ ਦਾਰੂ ਪੀਣ ਦਾ ਆਦੀ ਸੀ। ਹੌਲੀ ਹੌਲੀ ਉਸ ਦੀ ਦਾਰੂ ਵਿਤੋਂ ਵਧ ਗਈ ਤੇ ਉਹ ਅਲਕੋਹਲਕ ਹੋ ਗਿਆ ਸੀ। ਸਤੰਬਰ 2005 ਵਿੱਚ ਉਹ ਕੇਵਲ 52 ਸਾਲ ਦੀ ਉਮਰੇ ਜਿਗਰ ਦੀ ਬਿਮਾਰੀ ਨਾਲ ਅਲਵਿਦਾ ਕਹਿ ਗਿਆ ਸੀ। ਉਹਦੇ ਕਰਮਾਂ ਵਿੱਚ ਨਹੀਂ ਸੀ ਕਿ ਆਪਣੇ ਪੁੱਤਰ ਨੂੰ ਵਿਸ਼ਵ ਦਾ ਸਰਬੋਤਮ ਫੁੱਟਬਾਲ ਖਿਡਾਰੀ ਬਣਿਆ ਵੇਖ ਸਕਦਾ। ਉਸੇ ਖੇਡ ਦਾ ਜਿਸਦਾ ਉਹ ਆਪ ਸ਼ੌਕੀ ਸੀ। ਸ਼ਰਾਬ ਪੀਣ ਨਾਲ ਆਪਣੇ ਬਾਪ ਦੀ ਹੋਈ ਮੌਤ ਕਰਕੇ ਰੋਲਾਨਡੋ ਨੇ ਕਦੇ ਸ਼ਰਾਬ ਨਹੀਂ ਪੀਤੀ। ਉਹ ਮਿੱਠੇ ਪੀਣੇ ਵੀ ਨਹੀਂ ਪੀਂਦਾ ਪਰ ਫੋਕਾ ਪਾਣੀ ਰੋਜ਼ਾਨਾ ਛੇ ਲਿਟਰ ਪੀਂਦਾ ਹੈ। ਉਹਦੀ ਖੁਰਾਕ ਵਿੱਚ ਮੱਛੀ, ਆਂਡਾ, ਮੀਟ ਤੇ ਪ੍ਰੋਟੀਨ ਭਰਪੂਰ ਸ਼ਾਕਾਹਾਰੀ ਖਾਧ ਪਦਾਰਥ ਹੁੰਦੇ ਹਨ। ਉਹ ਰੋਮਨ ਕੈਥੋਲਿਕ ਹੈ ਤੇ ਉਸ ਨੇ ਆਪਣੇ ਪਿੰਡੇ ’ਤੇ ਕੋਈ ਟੈਟੂ ਨਹੀਂ ਖੁਦਵਾਇਆ ਤਾਂ ਜੋ ਖੂਨ ਦਾਨ ਵੇਲੇ ਕੋਈ ਰੁਕਾਵਟ ਨਾ ਆਵੇ। ਖੂਨ ਦਾਨ ਨਾਲ ਉਹ ਬੱਚਿਆਂ ਦੀ ਸਿੱਖਿਆ ਤੇ ਸਿਹਤ ਲਈ ਖੁੱਲ੍ਹਾ-ਡੁੱਲ੍ਹਾ ਦਾਨ ਕਰਦਾ ਹੈ।
ਉਹ ਬੇਹੱਦ ਸੋਹਣਾ ਸੁਨੱਖਾ ਖਿਡਾਰੀ ਹੈ ਜਿਸ ਦੇ ਤਿੱਖੇ ਨੈਣ ਨਕਸ਼ ਰਾਹ ਜਾਂਦਿਆਂ ਨੂੰ ਖਿੱਚ ਪਾਉਂਦੇ ਹਨ। ਰੰਗ ਗੋਰਾ ਨਿਸ਼ੋਹ ਤੇ ਅੱਖਾਂ ਮਸਤਾਨੀਆਂ ਹਨ। ਸ਼ੌਕੀਨ ਵੀ ਪੁੱਜ ਕੇ ਹੈ। ਅਜਿਹੇ ਰੰਗੀਲੇ ਨੌਜੁਆਨ ’ਤੇ ਕੁੜੀਆਂ ਕਤਰੀਆਂ ਦਾ ਮਰਨਾ ਸੁਭਾਵਿਕ ਸੀ। ਉਸ ਦੇ ਪਹਿਲੇ ਬੱਚੇ ਦਾ ਜਨਮ ਅਮਰੀਕਾ ’ਚ ਮਿਲੀ ਮੁਟਿਆਰ ਦੀ ਕੁੱਖੋਂ 17 ਜੂਨ 2010 ਨੂੰ ਅਮਰੀਕਾ ਦੇ ਹਸਪਤਾਲ ਵਿੱਚ ਹੋਇਆ। ਰੋਨਾਲਡੋ ਨੇ ਉਸ ਦੀ ਜ਼ਿੰਮੇਵਾਰੀ ਚੁੱਕ ਕੇ ਉਸ ਦਾ ਨਾਂ ਰੋਨਾਲਡੋ ਜੂਨੀਅਰ ਰੱਖਿਆ ਤੇ ਆਪਣੇ ਪੁੱਤਰ ਨੂੰ ਉਹਦੀ ਮਾਂ ਬਾਰੇ ਕੁਝ ਨਹੀਂ ਦੱਸਿਆ। ਪਹਿਲਾਂ ਵਾਂਗ ਹੀ ਇੱਕ ਹੋਰ ਅਮਰੀਕਨ ਕੁੜੀ ਦੀ ਕੁੱਖੋਂ 8 ਜੂਨ 2017 ਨੂੰ ਉਸ ਦੇ ਜੌੜੇ ਬੱਚੇ ਫਿਰ ਅਮਰੀਕਾ ’ਚ ਹੀ ਪੈਦਾ ਹੋਏ। ਇਸ ਦੌਰਾਨ ਸਪੇਨ ਦੀ ਮਾਡਲ ਕੁੜੀ ਜੋਰਗੀਨਾ ਰੋਡਰਿਗਜ਼ ਉਹਦੀ ਦੋਸਤ ਬਣ ਗਈ। ਨਵੰਬਰ 2017 ’ਚ ਉਸ ਨੇ ਉਹਦੀ ਪਹਿਲੀ ਧੀ ਅਲਾਨਾ ਨੂੰ ਜਨਮ ਦਿੱਤਾ। 2010 ਤੋਂ 2015 ਤੱਕ ਰੂਸੀ ਮਾਡਲ ਇਰੀਨਾ ਸ਼ਾਇਕ ਵੀ ਉਸ ਦੀ ਦੋਸਤ ਰਹੀ ਪਰ ਉਹਦੇ ਤੋਂ ਉਸ ਦਾ ਕੋਈ ਬੱਚਾ ਨਹੀਂ। ਚਾਰਾਂ ਔਰਤਾਂ ’ਚੋਂ ਉਸ ਦੀ ਪਤਨੀ ਬਣਨ ਦਾ ਹੱਕ ਕੇਵਲ ਜੋਰਗੀਨਾ ਰੋਡਰਿਗਜ਼ ਨੂੰ ਨਸੀਬ ਹੋਇਆ। ਜਿਨ੍ਹਾਂ ਨੇ ਉਸ ਦੇ ਲਾਈਫ ਸਟਾਈਲ ਤੇ ਫੁੱਟਬਾਲ ਕਰੀਅਰ ਨੂੰ ਹੋਰ ਜਾਣਨਾ ਹੋਵੇ ਉਹ 2015 ’ਚ ਬਣੀ ਮੂਵੀ ‘ਰੋਨਾਲਡੋ’ ਵੇਖ ਸਕਦੇ ਹਨ।

Advertisement
Advertisement
Tags :
articlecristiano ronaldoFootballfootball playerfootball teamfootball world cupPunjabi News