For the best experience, open
https://m.punjabitribuneonline.com
on your mobile browser.
Advertisement

ਬਰਨਾਲਾ ਵਾਸੀਆਂ ਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ: ਮੀਤ ਹੇਅਰ

08:00 AM May 13, 2024 IST
ਬਰਨਾਲਾ ਵਾਸੀਆਂ ਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ  ਮੀਤ ਹੇਅਰ
ਕੈਬਨਿਟ ਮੰਤਰੀ ਮੀਤ ਹੇਅਰ ਸਮਾਗਮ ’ਚ ਆਏ ਲੋਕਾਂ ਦਾ ਪਿਆਰ ਕਬਲੂਦੇ ਹੋਏ।
Advertisement

ਰਵਿੰਦਰ ਰਵੀ/ਪਰਸ਼ੋਤਮ ਬੱਲੀ
ਬਰਨਾਲਾ, 12 ਮਈ
ਕੈਬਨਿਟ ਮੰਤਰੀ ਤੇ ਸੰਗਰੂਰ ਸੰਸਦੀ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਸ਼ਾਂਤੀ ਹਾਲ ਵਿੱਚ ਰੱਖੇ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦੀ ਪਹਿਲੀ ਪੌੜੀ ਚੜ੍ਹਾਉਣ ’ਚ ਬਰਨਾਲਾ ਹਲਕੇ ਦੇ ਲੋਕਾਂ ਦਾ ਅਹਿਸਾਨ ਉਹ ਜ਼ਿੰਦਗੀ ਭਰ ਨਹੀਂ ਭੁੱਲ ਸਕਦੇ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜੀਵ ਲੂਬੀ ਅਤੇ ਸਹੌਰੀਆਂ ਪਰਿਵਾਰ ਵੱਲੋਂ ਰੱਖੇ ਸਮਾਗਮ ’ਚ ਕੌਂਸਲਰ ਹੇਮ ਰਾਜ ਨੇ ਮੀਤ ਹੇਅਰ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸਮੁੱਚੀ ਪਾਰਟੀ ਮੁੱਖ ਮੰਤਰੀ ਤੇ ਪਾਰਟੀ ਦੀ ਲੀਡਰਸ਼ਿਪ ਦੀ ਧੰਨਵਾਦੀ ਹੈ ਜਿਨ੍ਹਾਂ ਸੰਗਰੂਰ ਹਲਕੇ ਦੀ ਨੁਮਾਇੰਦਗੀ ਲਈ ਬਰਨਾਲਾ ਤੋਂ ਦੋ ਵਾਰ ਐੱਮ ਐੱਲ ਏ ਬਣੇ ਨੌਜਵਾਨ ਆਗੂ ਮੀਤ ਹੇਅਰ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਮੀਤ ਹੇਅਰ ਨੂੰ ਵੱਡੀ ਲੀਡ ਦਿਵਾ ਕੇ ਪਾਰਲੀਮੈਂਟ ਵਿੱਚ ਪਹੁੰਚਾਇਆ ਜਾਵੇਗਾ ਅਤੇ ਸੰਸਦ ਵਿੱਚ ਵੀ ਭਗਵੰਤ ਮਾਨ ਅਤੇ 13-0 ਦੇ ਮਿਸ਼ਨ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ‘ਆਪ’ ਦੇ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਮਾਲਵੇ ਖਿੱਤੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਮੁੱਦਾ ਜ਼ੋਰ ਸ਼ੋਰ ਨਾਲ ਸੰਸਦ ’ਚ ਉਠਾਇਆ ਜਾਵੇਗਾ ਅਤੇ ਨਵੀਂ ਬਣਨ ਜਾ ਰਹੀ ਰੇਲਵੇ ਲਾਈਨ ਲਈ ਕੇਂਦਰ ਸਰਕਾਰ ਤੋਂ ਇਹ ਮੁੱਦਾ ਸਭ ਤੋਂ ਪਹਿਲਾਂ ਹੱਲ ਕਰਵਾਇਆ ਜਾਵੇਗਾ।
ਇਸ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਰਾਜ ਕਰਨ ਵਾਲੀਆਂ ਪਿਛਲੀਆਂ ਪਾਰਟੀਆਂ ਨੇ ਟਰਾਂਸਪੋਰਟ ਮਾਫੀਆ ਨੂੰ ਲਾਹਾ ਦੇਣ ਲਈ ਪੂਰੇ ਮਾਲਵੇ ਖਿੱਤੇ ਨੂੰ ਸਭ ਤੋਂ ਸਸਤੇ ਆਵਾਜਾਈ ਸਾਧਨ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲੋਂ ਤੋੜੀ ਰੱਖਿਆ। ਅਬੋਹਰ, ਬਠਿੰਡਾ ਤੋਂ ਤਪਾ, ਬਰਨਾਲਾ, ਧੂਰੀ ਹੁੰਦੀ ਹੋਈ ਰੇਲਵੇ ਲਾਈਨ ਰਾਜਪੁਰਾ ਤੋਂ ਅੰਬਾਲਾ ਤੱਕ ਜਾਂਦੀ ਹੈ ਪਰ ਸਿਰਫ ਰਾਜਪੁਰਾ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਚੰਡੀਗੜ੍ਹ ਨੂੰ ਕੋਈ ਸਿੱਧੀ ਰੇਲ ਲਾਈਨ ਨਹੀਂ ਜਾਂਦੀ। ਮਾਲਵੇ ਦੇ ਲੋਕ ਬੱਸਾਂ ਉੱਪਰ ਮਹਿੰਗਾ ਸਫ਼ਰ ਕਰਨ ਲਈ ਮਜਬੂਰ ਹਨ। ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਭੇਜਿਆ ਜਾਵੇ ਅਤੇ ਅਗਲੀ ਬਣਨ ਵਾਲੀ ਸਰਕਾਰ ਵਿੱਚ ਅਹਿਮ ਰੋਲ ਨਿਭਾਅ ਕੇ ਪੰਜਾਬ ਦੇ ਮੁੱਦੇ ਸੁਲਝਾਏ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬੇ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਵਿਕਾਸ ਦੀ ਸਿਆਸਤ ਕਰਦੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×