ਕੇਜਰੀਵਾਲ ਸਰਕਾਰ ਨੇ ਆਪਣੇ ਕੰਮ ਗਿਣਾਏ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਦਿੱਲੀ ਵਿੱਚ ਕਰੋਨਾ ਖ਼ਿਲਾਫ਼ ਜੰਗ ਦੌਰਾਨ ਦਿੱਲੀ ਸਰਕਾਰ ਵੱਲੋਂ ਜੋ ਅਹਿਮ ਪੰਜ ਕਦਮ ਪੁੱਟੇ ਗਏ ਹਨ, ਉਨ੍ਹਾਂ ਬਾਰੇ ਦਿੱਲੀ ਸਰਕਾਰ ਵੱਲੋਂ ਵਿਸ਼ੇਸ਼ ਜਿਕਰ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਮੁਤਾਬਕ ਪਹਿਲਾਂ ਜਾਂਚ ਤੇਜ਼ ਕਰਦੇ ਹੋਏ ਰੋਜ਼ਾਨਾ 5500 ਟੈਸਟ ਕਰਨ ਦੀ ਸਮੱਰਥਾ 21000 ਕੀਤੀ ਗਈ ਤੇ ਮੌਜੂਦਾ ਜਾਂਚ ਦਰ 50 ਹਜ਼ਾਰ ਪ੍ਰਤੀ ਲੱਖ ਹੈ। ਇਸ ਨਾਲ ਮੌਤ ਦਰ ਘਟੀ। ਦੂਜਾ ਕੰਮ ਆਕਸੀਮੀਟਰ ਮਰੀਜ਼ਾਂ ਤਕ ਪੁੱਜਦੇ ਕੀਤੇ ਗਏ ਤੇ ਦਿੱਲੀ ਸਰਕਾਰ ਨੇ ਮਰੀਜ਼ਾਂ ਨੂੰ ਘਰ ਇਕਾਂਤਵਾਸ ਕਰਨ ਉਪਰ ਜ਼ੋਰ ਦਿੱਤਾ। ਹਾਲਾਂਕਿ ਕੇਂਦਰ ਵੱਲੋਂ ਵਿਰੋਧ ਵੀ ਕੀਤਾ ਗਿਆ। ਦਿੱਲੀ ਸਰਕਾਰ ਨੇ 59000 ਤੋਂ ਵੱਧ ਆਕਸੀਮੀਟਰ ਮਰੀਜ਼ਾਂ ਨੂੰ ਮੁਫ਼ਤ ਦਿੱਤੇ। ਗੰਭੀਰ ਮਰੀਜ਼ਾਂ ਨੂੰ ਹਸਪਤਾਲ ਪੁੱਜਦਾ ਕਰਨ ਦੇ ਪ੍ਰਬੰਧ ਕੀਤੇ ਗਏ।ਤਾਲਾਬੰਦੀ ਸ਼ੁਰੂ ਹੋਣ ਵੇਲੇ ਦਿੱਲੀ ਸਰਕਾਰ ਕੋਲ 134 ਐਂਬੂਲੈਂਸਾਂ ਸਨ ਤੇ ਹਾਲਤ ਸੁਧਾਰਨ ਲਈ ਜੁਲਾਈ ਦੌਰਾਨ 602 ਐਂਬੂਲੈਂਸਾਂ ਗਈਆਂ। ਕੇਜਰੀਵਾਲ ਵੱਲੋਂ ਖ਼ੁਦ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਸੇਵਾਵਾਂ ਦਾ ਸਮਾਂ ਦਾ ਵਕਫ਼ਾ 55 ਮਿੰਟ ਤੋਂ ਘੱਟ ਕੇ 20-30 ਮਿੰਟ ਰਹਿ ਗਿਆ ਹੈ।ਬਿਸਤਰੇ ਵਧਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੁਲਾਰੇ ਮੁਤਾਬਕ ਮਈ ਵਿੱਚ ਦਿੱਲੀ ਅੰਦਰ 3700 ਬਿਸਤਰੇ ਸਨ ਤੇ ਜੁਲਾਈ ਦੇ ਆਖ਼ੀਰ ਤਕ 15 ਹਜ਼ਾਰ ਦੇ ਕਰੀਬ ਹੋ ਗਏ ਹਨ। ਕਰੋਨਾ ਐੱਪ ਵੀ ਸ਼ੁਰੂ ਕੀਤਾ ਗਿਆ ਤੇ ਬਿਸਤਰਿਆਂ ਦੀ ਕਾਲਾਬਾਜ਼ਾਰੀ ਬਾਰੇ ਨਿਜੀ ਹਸਪਤਾਲਾਂ ਉਪਰ ਨਕੇਲ ਕੱਸੀ ਗਈ।ਆਈਸੀਯੂ ਦੇ ਬਿਸਤਰੇ ਵਧੇ। ਇਕ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਕੇਂਦਰ ਸਰਕਾਰ ਦੇ ਆਰਐਮਐਲ ਹਸਪਤਾਲ ਦੀ ਮੌਤ ਦਰ ਜੂਨ ਵਿਚ 81 ਫ਼ੀਸਦੀ ਸੀ, ਜੋ ਜੁਲਾਈ ਵਿਚ ਘਟ ਕੇ 58 ਫ਼ੀਸਦੀ ਰਹਿ ਗਈ। ਕੇਂਦਰ ਸਰਕਾਰ ਦੇ ਇਕ ਹੋਰ ਸਫਦਰਜੰਗ ਹਸਪਤਾਲ ਵਿਚ ਮੌਤ ਦਰ ਜੂਨ ਵਿਚ 40 ਫ਼ੀਸਦੀ ਤੋਂ ਘਟ ਕੇ ਜੁਲਾਈ ਵਿਚ 31 ਫ਼ੀਸਦੀ ਰਹਿ ਗਈ।