ਜੁੰਟਾ ਸ਼ਾਸਨ ਨੇ ਨਾਇਜਰ ਦਾ ਹਵਾਈ ਖੇਤਰ ਬੰਦ ਕੀਤਾ
ਨਿਆਮੀ (ਨਾਇਜਰ), 7 ਅਗਸਤ
ਨਾਇਜਰ ਦੀ ਬਾਗ਼ੀ ਫੌਜ ਨੇ ਗੁਆਂਢੀ ਮੁਲਕਾਂ ’ਤੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਲਾਉਂਦਿਆਂ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਕਿਉਂਕਿ ਜੁੰਟਾ ਸ਼ਾਸਨ ਨੇ ਤੈਅ ਸਮਾਂ-ਸੀਮਾ ਬੀਤਣ ਦੇ ਬਾਵਜੂਦ ਗੱਦੀਓਂ ਲਾਹੇ ਰਾਸ਼ਟਰਪਤੀ ਨੂੰ ਬਹਾਲ ਨਹੀਂ ਕੀਤਾ। ਉਧਰ, ਖੇਤਰੀ ਗੁੱਟ ‘ਪੱਛਮੀ ਅਫਰੀਕਾ ਰਾਜ ਆਰਥਿਕ ਭਾਈਚਾਰੇ’ (ਈਸੀਓਡਬਲਯੂਏਐੱਸ) ਨੇ ਕਿਹਾ ਹੈ ਕਿ ਸਮਾਂ-ਸੀਮਾ ਬੀਤ ਜਾਣ ਮਗਰੋਂ ਜੁੰਟਾ ਸ਼ਾਸਨ ਖ਼ਿਲਾਫ਼ ਅਗਲਾ ਕਦਮ ਚੁੱਕਣ ਲਈ ਉਨ੍ਹਾਂ ਵੱਲੋਂ ਵੀਰਵਾਰ ਨੂੰ ਮੀਟਿੰਗ ਕੀਤੀ ਜਾਵੇਗੀ। ਤਖ਼ਤਾ ਪਲਟ ਕੇ ਸੱਤਾ ’ਤੇ ਕਾਬਜ਼ ਫ਼ੌਜੀ ਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਉੱਤੋਂ ਦੀ ਉਡਾਣ ਭਰਨ ਦੀ ਕਿਸੇ ਵੀ ਕੋਸ਼ਿਸ਼ ਦਾ ‘ਪੂਰੀ ਤਾਕਤ ਤੇ ਫੌਰੀ’ ਜਵਾਬ ਦਿੱਤਾ ਜਾਵੇਗਾ। ਫੌਜੀ ਸ਼ਾਸਨ ਨੇ ਐਤਵਾਰ ਰਾਤ ਨੂੰ ਹਵਾਈ ਖੇਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਹ ਐਲਾਨ ਈਸੀਓਡਬਲਯੂਏਐੱਸ ਵੱਲੋਂ ਤੈਅ ਸਮਾਂ-ਸੀਮਾ ਤੋਂ ਕੁੱਝ ਘੰਟੇ ਪਹਿਲਾਂ ਕੀਤਾ ਗਿਆ ਹੈ। ਬਗ਼ਾਵਤ ਕਰਨ ਵਾਲੇ ਫੌਜੀ ਆਗੂਆਂ ਦੇ ਬੁਲਾਰੇ ਕਰਨਲ ਮੇਜਰ ਅਮਾਦਾਊ ਅਬਦਰਾਮਾਨੇ ਨੇ ਗੁਆਂਢੀ ਮੁਲਕ ਵਿੱਚ ਦਖ਼ਲਅੰਦਾਜ਼ੀ ਕਰਨ ਸਬੰਧੀ ਯੋਜਨਾ ਬਣਾਉਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਨਾਇਜਰ ਦਾ ਹਵਾਈ ਖੇਤਰ ਅਗਲੇ ਹੁਕਮਾਂ ਤੱਕ ਬੰਦ ਰਹੇਗਾ। ਜੁੰਟਾ ਸ਼ਾਸਨ ਨੇ ਦਾਅਵਾ ਕੀਤਾ ਕਿ ਦੋ ਅਫਰੀਕੀ ਮੁਲਕ ਹਮਲੇ ਦੀ ਯੋਜਨਾ ਬਣਾ ਰਹੇ ਹਨ। -ਏਪੀ