For the best experience, open
https://m.punjabitribuneonline.com
on your mobile browser.
Advertisement

ਮੁਹੱਬਤ ਦੇ ਰਸ

08:03 AM Sep 21, 2023 IST
ਮੁਹੱਬਤ ਦੇ ਰਸ
Advertisement

ਪ੍ਰੋ. ਸਾਧੂ ਸਿੰਘ
ਕਿਸ ਕਿਸ ਤਰ੍ਹਾਂ ਹੈ ਮਰਨਾ
ਮੁਹੱਬਤ ਦੀ ਮੌਤ ਮਾਰੇ।
ਜੀਵਨ ’ਚ ਰਸ ਤਾਂ ਘੁਲਦੇ
ਮੁਹੱਬਤ ਦੇ ਬਹੁਤ ਨਿਆਰੇ।

Advertisement

ਮੁਹੱਬਤ ਦੀ ਕੋਈ ਧੁਨ ਹੈ
ਸੂਲੀ ਤੇ ਜੋ ਨਚਾਵੇ
ਕਿਹੜੀ ਇਹ ਸੁਰ ਦਬਾਵੇ
ਸੁੱਟਦੀ ਜੋ ਕਰ ਨਕਾਰੇ।

ਨੰਗੇ ਵੀ ਬਦਨ ਮੁਹੱਬਤ
ਗਲ ਵਿੱਚ ਖਿਲਾਰੀ ਜੁਲਫਾਂ
ਬਸਤੀ ’ਚੋਂ ਹੋਕਾ ਦੇਵੇ
ਮੈਨੂੰ ਵੀ ਕੋਈ ਸ਼ਿੰਗਾਰੇ।

ਮੁਹੱਬਤ ਦੇ ਬੀਜ ਬਣ ਬਣ
ਜਿਨ੍ਹਾਂ ਵਸਾਈ ਧਰਤੀ
ਵਾਰਸ ਉਹ ਜ਼ਿੰਦਗੀ ਦੇ
ਦਰ ਦਰ ਨੇ ਫਿਰਦੇ ਮਾਰੇ।

ਬਲਦੇ ਨੇ ਤਨ ਬਦਨ ਇਹ
ਸੂਰਜ ਹੀ ਖ਼ੁਦ ਗਵਾਹ ਹੈ
ਰੂਹਾਂ ਦਿਲਾਂ ਦੀ ਤੜਪਣ
ਵੇਂਹਦੇ ਨੇ ਰਾਤੀਂ ਤਾਰੇ।

ਦਰਦਾਂ ਦੀ ਸਾਂਝ ਬਾਝੋਂ
ਸੀਖਾਂ ਸਲੀਬਾਂ ਖਾਲੀ
ਫਿਰਦਾ ਜ਼ਮਾਨਾ ਵਿਹਲਾ
ਏਹਨੂੰ ਦੀ ਲਾ ਦੇ ਕਾਰੇ।

ਮੁਹੱਬਤ ਦਾ ਰਸ ਬਦਲ ਕੇ
ਮਹੁਰਾ ਬਣਾ ਜਾਂ ਅੰਮ੍ਰਿਤ
ਮਿਟੀਏ ਜਾਂ ਅਮਰ ਹੋਈਏ
ਜਿਉਂਦੇ ਹੀ ਜੀਅ ਨਾ ਮਾਰੇ।
ਸੰਪਰਕ: 75086-65151
* * *

ਦੋਹੇ

ਪ੍ਰਿੰ. ਨਵਰਾਹੀ ਘੁਗਿਆਣਵੀ
ਮਤਲਬ ਦੀਆਂ ਸਕੀਰੀਆਂ, ਗ਼ਰਜ਼ਾਂ ਭਰੇ ਸਬੰਧ।
ਪ੍ਰੇਮ ਨਾ ਕੋਈ ਜਾਣਦਾ, ਕੇਵਲ ਹਵਸ ਪਸੰਦ।

ਕੰਮ ਤੋਂ ਜੀਅ ਕਤਰਾਂਵਦੇ, ਹਰ ਪਲ ਚਾਹੁੰਦੇ ਵਿਹਲ।
ਤਾਂ ਹੀ ਸਾਰਾ ਸਿਲਸਿਲਾ, ਹੋ ਚੱਲਿਆ ਹੈ ਫੇਲ੍ਹ।

ਆਸ਼ਰਮ ਦੇ ਵਿੱਚ ਮਾਂ-ਪਿਉ, ਬੱਚੇ ਕਿਧਰੇ ਹੋਰ।
ਪੈਸਾ ਕਾਹਦਾ ਆ ਗਿਆ, ਟੇਢੀ ਹੋ ਗਈ ਤੋਰ।

ਪਤਾ ਨਾ ਕੋਈ ਗੁਆਂਢ ਦਾ, ਲਾਂਭੇ ਰਿਸ਼ਤੇਦਾਰ।
ਏਦਾਂ ਦੇ ਹਾਲਾਤ ਲਈ, ਕੌਣ ਹੈ ਜ਼ਿੰਮੇਵਾਰ?

ਰਿਸ਼ਵਤਖ਼ੋਰੀ ਸ਼ਰੇਆਮ, ਕੋਈ ਨਾ ਪਾਉਂਦਾ ਠੱਲ੍ਹ।
ਸਭ ਮਸਲੇ ਉਲਝਾ ਰਹੇ, ਕੋਈ ਨਾ ਲੱਭੇ ਹੱਲ।

ਧਰਮ ਵਖ਼ਾਲਾ ਹੋ ਗਿਆ, ਗੋਲਕ ਵੱਲ ਧਿਆਨ।
ਲੋਕਾਂ ਵੱਲ ਹੈਰਾਨ ਹੋ, ਝਾਕ ਰਿਹਾ ਭਗਵਾਨ।

‘ਨਵਰਾਹੀ’ ਨੂੰ ਫ਼ਿਕਰ ਹੈ, ਹੋਸੀ ਕਿਵੇਂ ਸੁਧਾਰ?
ਦੁਖਿਆਰੇ ਸੰਸਾਰ ਦੀ, ਕੋਈ ਨਾ ਲੈਂਦਾ ਸਾਰ।
ਸੰਪਰਕ: 98150-02302
* * *

ਅੱਜ ਵੀ ਜਾਗਦੀ ਪਰ ਆਵਾਜ਼

ਪ੍ਰੋ. ਕੁਲਵੰਤ ਔਜਲਾ
ਸਾਜ਼ਾਂ ਨੂੰ ਦੱਬਣ ਵਾਲੇ ਅਤੇ ਸ਼ਬਦਾਂ ਨੂੰ ਦਬਾਉਣ ਵਾਲੇ
ਬਹੁਤ ਆਏ ਦੁਨੀਆਂ ਉੱਤੇ ਹਿਟਲਰ ਅਖਵਾਉਣ ਵਾਲੇ

ਅਜੇ ਵੀ ਜਾਗਦੀ ਹੈ ਪਰ ਆਵਾਜ਼, ਅਜੇ ਵੀ ਗੁਣਗੁਣਾਉਂਦੇ ਨੇ ਸਾਜ਼
ਖ਼ੁਦ ਬੇਨਾਮ ਹੋ ਗਏ ਪਰ ਨਾਮੋ ਨਿਸ਼ਾਨ ਮਿਟਾਉਣ ਵਾਲੇ
ਬਹੁਤ ਆਏ...

ਅਜੇ ਵੀ ਗੂੰਜਦੇ ਪਰਵਾਨਿਆਂ ਦੇ ਬੋਲ, ਅਜੇ ਵੀ ਧੜਕਦੇ ਦੀਵਾਨਿਆਂ ਦੇ ਬੋਲ
ਆਪ ਖੰਡਰਾਤ ਹੋ ਗਏ, ਮਾਸੂਮਾਂ ਨੂੰ ਨੀਂਹਾਂ ਵਿੱਚ ਚਿਣਵਾਉਣ ਵਾਲੇ
ਬਹੁਤ ਆਏ...

ਅਜੇ ਵੀ ਗੁਫ਼ਤਗੂ ਕਰਦੇ ਨੇ ਇਤਿਹਾਸ, ਅਜੇ ਵੀ ਸਿੰਮਦੇ ਨੇ ਅਹਿਸਾਸ
ਖ਼ਾਮੋਸ਼ ਹੋ ਗਏ ਲੇਕਿਨ ਹਵਾਵਾਂ ਨੂੰ ਜ਼ੰਜੀਰਾਂ ਪਾਉਣ ਵਾਲੇ
ਬਹੁਤ ਆਏ...

ਦਿਲਾਂ ਨੂੰ ਸਿੰਜਦੀ ਹੈ ਅਜੇ ਵੀ ਬਾਬਰਵਾਣੀ, ਲਹੂ ਗਰਮਾਵੇ ਅਜੇ ਵੀ ਭੰਗਾਣੀ
ਬੀਤੇ ਦੀ ਬਾਤ ਹੋ ਗਏ ਐਪਰ ਇਬਾਦਤਗਾਹਾਂ ਨੂੰ ਢਾਹੁਣ ਵਾਲੇ
ਬਹੁਤ ਆਏ...

ਹਿਰਦਿਆਂ ਨੂੰ ਟੁੰਬਦੀ ਅਜੇ ਵੀ ਰਬਾਬ, ਖਿੜਦੇ ਮੌਲਦੇ ਨੇ ਅਜੇ ਵੀ ਗੁਲਾਬ
ਖ਼ੁਦ ਨੇਸਤੋ-ਨਾਬੂਦ ਹੋ ਗਏ ਵਕਤ ਨੂੰ ਪਰ ਸੂਲੀਆਂ ਚੜ੍ਹਾਉਣ ਵਾਲੇ
ਬਹੁਤ ਆਏ...

ਸਿਆਹੀ ਨੂੰ ਸੁੱਕਣ ਨਾ ਦੇਵੀਂ ਕੁਲਵੰਤ, ਸੰਵੇਦਨਾ ਨੂੰ ਮੁੱਕਣ ਨਾ ਦੇਵੀਂ ਕੁਲਵੰਤ
ਸਦਾ ਸਦਾ ਲਈ ਜੀਊਂਦੇ ਨੇ ਅੱਖਰਾਂ ਨੂੰ ਚੰਦ ਸੂਰਜ ਬਣਾਉਣ ਵਾਲੇ
ਬਹੁਤ ਆਏ ਦੁਨੀਆਂ ਉੱਤੇ ਹਿਟਲਰ ਅਖਵਾਉਣ ਵਾਲੇ
ਸੰਪਰਕ: 84377-88856
* * *

ਖ਼ੁਆਹਿਸ਼

ਸੁਹਿੰਦਰ ਬੀਰ
ਪਰਬਤ ਦੀ ਗੋਦੀ ਵਿੱਚ ਮੇਰਾ ਘਰ ਹੋਵੇ।
ਮਹਿਕਾਂ ਮਹਿਕਾਂ ਮਹਿਕਾਂ ਵਾਲਾ ਦਰ ਹੋਵੇ।

ਤਪਸ਼ਾਂ ਵਿੱਚ ਮੈਂ ਰੁੱਖਾਂ ਹੇਠਾਂ ਵਾਸ ਕਰਾਂ,
ਸੌਣ ਲਈ ਸਾਰੀ ਧਰਤੀ ਬਿਸਤਰ ਹੋਵੇ।

ਸਰਦੀ ਦੇ ਵਿੱਚ ਧੁੱਪਾਂ ਸਾਹਵੇਂ ਬਹਿ ਜਾਵਾਂ,
ਹਾੜ੍ਹ ਮਹੀਨੇ ਬੱਦਲਾਂ ਦੀ ਛਹਬਿਰ ਹੋਵੇ।

ਰੁੱਖਾਂ ਵਰਗੀ ਸੀਰਤ ਦੇ ਵਿੱਚ ਢਲ ਜਾਵਾਂ,
ਮਾਨਵਤਾ ਹਿਤ ਕਦਮ ਅਗੇਰੇ ਧਰ ਹੋਵੇ।

ਰੋਣਾ ਧੋਣਾ ਮੁੱਕ ਜਾਵੇ ਇਹ ਮੈਂ ਮੈਂ ਦਾ
ਕੁਦਰਤ ਮੇਰੀ ਹਰ ਇੱਕ ਥਾਂ ਰਹਬਿਰ ਹੋਵੇ।

ਰਾਗ ਇਲਾਹੀ ਮਨ ਨੂੰ ਦੇਵੇ ਸਹਿਜ ਸਕੂਨ,
ਸ਼ਾਂਤ ਸਮਾਧੀ ਵਿੱਚ ਭਵ-ਸਾਗਰ ਤਰ ਹੋਵੇ।

ਮਾਖਿਓਂ ਵਰਗੇ ਬੋਲਾਂ ਦਾ ਵਰ ਦੇ ਰੱਬਾ!
ਸਾਰਾ ਜਗਤ ਕਲਾਵੇ ਦੇ ਵਿੱਚ ਭਰ ਹੋਵੇ।

ਸੁਬਹ-ਸਵੇਰੇ ਜਿਉਂ ਪ੍ਰਕਾਸ਼ ਕਰੇ ਸੂਰਜ,
ਊਸ਼ਾ ਵਰਗਾ ਕਰਮ ਸੁਹੰਦਾ ਕਰ ਹੋਵੇ।
* * *

ਕੈਦ

ਡਾ. ਸੋਨੂੰ ਰਾਣੀ
ਮੈਨੂੰ ਨਿੱਜਤਾ ਪਿਆਰੀ ਐ
ਮੈਂ ਘਰ ਭੀੜਾ, ਕਮਰਾ ਵੱਖਰਾ ਲੈ ਲਿਆ
ਹੁਣ ਮੇਰੇ ਘਰ ਦੇ, ਰਿਸ਼ਤੇਦਾਰ
ਮੇਰੇ ਬਾਰੇ ਕੁਝ ਨਹੀਂ ਜਾਣ ਸਕਦੇ
ਕਿੰਨਾ ਸਕੂਨਦੇਹ ਹੈ,
ਆਪਣੇ ਨਿੱਜੀ ਕਮਰੇ ’ਚ
ਨਿੱਜੀ ਅਹਿਸਾਸ ’ਚ ਰਹਿਣਾ।

ਜਦ ਚਾਹੇ ਮੈਂ ਸੋਸ਼ਲ ਮੀਡੀਏ ਦੀ ਸੈਰ ਕਰਦੀ ਆਂ,
ਤਸਵੀਰਾਂ, ਵੀਡੀਓਜ਼ ਦੇਖਦੀ ਆਂ,
ਸ਼ੇਅਰ ਕਰਦੀ ਆਂ,
ਫਰੋਲਦਿਆਂ-ਫਰੋਲਦਿਆਂ ਉਹ ਮੇਰੇ ਪਸੰਦੀਦਾ
ਗਾਣੇ, ਵੀਡੀਓ, ਲੋਕ, ਪੇਜ਼
ਸ਼ੋਅ ਕਰਦੇ ਨੇ।

ਉਹ ਜਾਣਦੇ ਨੇ ਮੇਰੀ ਨਿੱਕੀ ਤੋਂ ਨਿੱਕੀ ਗੱਲ ਨੂੰ,
ਵਾਹ ਕਿਆ ਬਾਤ ਐ।
ਹੁਣ ਵਿਸ਼ਵ ਦਾ ਹਰ ਵਿਅਕਤੀ
ਜਾਣ ਲੈਂਦਾ ਐ ਮੇਰੇ ਬਾਰੇ,
ਬਿਨਾਂ ਮੇਰੇ ਚਾਹਿਆਂ।
ਕਿੰਨਾ ਖਿਆਲ ਐ ਸਭ ਨੂੰ ਮੇਰਾ।
ਚੇਤਿਆਂ ’ਚੋਂ ਵਿਸਰ ਗਿਐ
ਵੱਡਾ ਘਰ, ਵੱਡਾ ਪਰਿਵਾਰ,
ਮੈਂ ਹੁਣ ਗਲੋਬਲ ਦਾ ਹਿੱਸਾ ਹਾਂ।

ਪਰ ਇਹ ਗਲੋਬਲੀ ਸੰਸਾਰ ਕਰ ਰਿਹਾ ਐ ਪਿੱਛਾ,
ਕਿਤੇ ਵੀ ਜਾਵਾਂ, ਕੁਝ ਵੀ ਖਾਵਾਂ,
ਕੁਝ ਵੀ ਪੜ੍ਹਾਂ, ਕੁਝ ਵੀ ਦੇਖਾਂ,
ਉਹ ਸਭ ਜਾਣ ਲੈਂਦੇ ਨੇ
ਓਨਾ,
ਜਿੰਨਾ ਮੇਰੇ ਘਰਦੇ ਵੀ ਨਹੀਂ ਜਾਣ ਸਕਦੇ।
ਮੈਨੂੰ ਡਰ ਲੱਗ ਰਿਹੈ,
ਮੈਂ ਕੈਦ ਹੋ ਗਈ ਆਂ,
ਇਸ ਦਾ ਕੋਈ ਦਰਵਾਜ਼ਾ ਨਹੀਂ
ਇਹ ਖੁੱਲ੍ਹਾ ਹੈ ਬਹੁਤ ਖੁੱਲ੍ਹਾ,
ਪਰ ਬੰਦ
ਸੰਪਰਕ: 91159-30504
* * *

ਰੁਬਾਈਆਂ

ਸੁਖਦਰਸ਼ਨ ਗਰਗ
ਬਿਨ ਰਿਸ਼ਵਤ ਦੇ ਕੰਮ ਨਹੀਂ ਹੁੰਦੇ, ਦਫ਼ਤਰ ਅਤੇ ਕਚਹਿਰੀ।
ਹੱਡਾਂ ਦੇ ਵਿੱਚ ਰਚ ਗਈ ਸਭ ਦੇ, ਰੂਪ ਧਾਰਿਆ ਜ਼ਹਿਰੀ।
ਹਰ ਟੇਬਲ ’ਤੇ ਕਾਸਾ ਰੱਖਿਐ, ਬਿਨ ਦਿੱਤੇ ਨਹੀਂ ਸਰਦਾ,
ਰਿਸ਼ਵਤ ਦੀ ਲਤ ਮਾੜੀ ਜੱਗ ’ਤੇ ਲਾਹਣਤ ਸਭ ਤੋਂ ਭੈੜੀ।

ਤੁਰਿਆ ਚੱਲ ਤੂੰ ਤੁਰਨ ਨਾਲ ਕਦੇ ਰਾਹ ਨਹੀਂ ਮੁੱਕਦੇ।
ਸਫ਼ਰ ਹਮੇਸ਼ਾ ਕਰਦੇ ਜਿਹੜੇ, ਕਦੇ ਨਿਸ਼ਾਨੇ ਤੋਂ ਨਹੀਂ ਉੱਕਦੇ।
ਰਸਤਾ ਨਾਪ-ਨਾਪ ਕੇ ਲੋਕੀਂ ਆਪਣੇ ਰਾਹ ਤੋਂ ਜਿਹੜੇ ਭਟਕਣ,
ਮੰਜ਼ਿਲ ’ਤੇ ਉਹ ਪੁੱਜ ਨਹੀਂ ਸਕਦੇ, ਥੱਕੇ ਹਾਰੇ ਰਾਹ ਵਿੱਚ ਨੇ ਰੁਕਦੇ।

ਮੋਹ ਦੇ ਨਾਲ ਬੁਲਾਵੇ ਜਿਹੜਾ, ਉਸਦਾ ਹੀ ਫਿਰ ਹੋ ਕੇ ਰਹੀਏ।
ਕਿਣਮਿਣ ਕਿਣਮਿਣ ਜਦ ਹੋਵੇ ਅੰਬਰੋਂ, ਫਿਰ ਇੱਕ ਦੂਜੇ ਨੇੜੇ ਬਹੀਏ।
ਸੁਪਨੇ ਸੱਚੇ ਹੋਵਣ ਸਭ ਦੇ ਜੋ ਰਾਤਾਂ ਨੂੰ ਵੇਖ ਰਹੇ ਨੇ,
ਭਰ ਕੇ ਵਿੱਚ ਕਲਾਵੇ ਚੰਨ ਨੂੰ, ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਹੀਏ।
ਸੰਪਰਕ: 93560-60980
* * *

ਗ਼ਜ਼ਲ

ਹਰੀ ਸਿੰਘ ‘ਚਮਕ’
ਬੱਚੇ ਜੰਮਣ ਸੜਕਾਂ ਉੱਤੇ, ਧੁੱਪੇ ਤੜਪਣ ਮਾਵਾਂ,
ਕਿਸ ਮੂੰਹੋਂ ਮੈਂ ਸੋਨ-ਚਿੜੀ ਦੇ, ਗੀਤ ਸੁਹਾਵੇਂ ਗਾਵਾਂ।

ਕਤਲ ਹੱਕਾਂ ਦਾ ਥਾਂ-ਥਾਂ ਹੋਇਆ, ਜੀਭਾਂ ਟੁਕੜੇ ਟੁਕੜੇ,
ਰਾਤ ਲੰਮੇਰੀ ਕਿੱਥੋਂ ਲੱਭਾ, ਚਾਨਣ ਦਾ ਸਿਰਨਾਵਾਂ।

ਬਾਲ-ਮਜ਼ੂਰੀ ਲਾਹਣਤ ਵੱਡੀ, ਐਪਰ ਬੇ-ਬਸ ਮਾਪੇ
ਬੇ-ਰਿਜ਼ਕੀ ਦੇ ਦੈਂਤ ਦਾ ਕਿੱਡਾ, ਭਿਆਨਕ ਹੈ ਪਰਛਾਵਾਂ।

ਮਾਵਾਂ, ਭੈਣਾਂ, ਧੀਆਂ ਬਣ ਕੇ, ਜੋ ਸੰਸਾਰ ਨੂੰ ਸਿਰਜਣ,
ਉਸ ਜਨਨੀ ਦੀ ਕੁੱਖੋਂ ਪਲਦੇ, ਬਾਲ ਮੈਂ ਕਤਲ ਕਰਾਵਾਂ।

ਇੱਕ ਦੂਜੇ ਦੇ ਖ਼ੂਨ ਦਾ ਪਿਆਸਾ, ਭਾਈ-ਭਾਈ ਹੋਇਆ,
ਨਾ ਉਹ ਭਰਤ, ਨਾ ਰਾਮ, ਨਾ ਲਛਮਣ, ਨਾ ਉਹ ਤਖ਼ਤ ਖੜਾਵਾਂ।

ਲਿਸ਼-ਲਿਸ਼ ਕਰਦੇ ਸੂਰਜ ਹੇਠਾਂ, ਘੁੱਪ ਹਨੇਰਾ ਯਾਰੋ,
ਮਨ-ਮਸਤਕ ਰੁਸ਼ਨਾਣ ਖ਼ਾਤਿਰ, ਕਿਹੜਾ ਦੀਪ ਜਗਾਵਾਂ?

ਮੁਹਰਾਂ ਦੀ ਤੱਕੜੀ ਵਿੱਚ ਤੁਲਦੇ, ਮੁਨਸਿਫ਼ ਅਤੇ ਕਚਹਿਰੀ,
ਮੈਂ ਨਿਰਧਨ ਫ਼ਰਿਆਦੀ ਦੱਸੋ, ਕਿਸ ਦਰ ਅਲਖ ਜਗਾਵਾਂ।

ਜਜ਼ਬੇ ਜ਼ਿੰਮੇਵਾਰੀ ਵਾਲੇ, ਕੱਖੋਂ ਹੌਲੇ ਹੋਏ,
ਧੁਖ਼ਦੇ ਸਿਵਿਆਂ ਵਾਂਗੂੰ ਹੋਈਆਂ, ਸਾਡੀਆਂ ਸਿਹਤ ਸੇਵਾਵਾਂ।

ਸੜਕਾਂ ਉੱਤੇ ਨੈਤਿਕਤਾ ਦੀ ਲਾਸ਼ ਹੈ ਰੁਲਦੀ ਫਿਰਦੀ
ਰਲ-ਮਿਲ ਜਸ਼ਨ ਮਨਾਇਆ ਵੇਖੋ, ਸ਼ਿਕਰੇ, ਗਿਰਝਾਂ ਕਾਵਾਂ।

ਸਰਕਾਰੀ ਵਾਅਦੇ ਖਾ ਜਾਂਦੇ, ਘੁਣ ਵਾਂਗ ਜਨਤਾ ਨੂੰ,
ਹੱਕ ‘ਚਮਕ’ ਮਹਿਫੂਜ਼ ਉਨ੍ਹਾਂ ਦੇ, ਜਿਸ ਦੇ ਬੋਝੇ ਨਾਵਾਂ।
ਸੰਪਰਕ: 93178-31521
* * *

ਗ਼ਜ਼ਲ

ਡਾ. ਹਰਨੇਕ ਸਿੰਘ ਕਲੇਰ
ਤਾਹੀਂ ਰਾਜੇ ਦੇ, ਦਰ ਬਹਿਸਣ।
ਅੱਖਾਂ ਦੇ ਵਿੱਚ, ਸੁਪਨੇ ਟਹਿਕਣ।

ਕਰਦਾ ਉਹ ਮਨਆਈ, ਤਾਹੀਂ,
ਅੱਖਾਂ ਵਿੱਚ, ਅੰਗਾਰੇ ਦਹਿਕਣ।

ਹੋਂਦ ਵਿਹੂਣਾ, ਕ੍ਵਾਦਾ ਜੀਵਨ,
ਲੋਕ ਤਲੀ ’ਤੇ, ਸਿਰ ਧਰ ਚਹਿਕਣ।

ਮਜ਼ਦੂਰ, ਕਿਸਾਨ ਸਦਾ ’ਕੱਠੇ,
ਫੁੱਲ ਜਿਵੇਂ, ਬਾਗਾਂ ਵਿੱਚ ਮਹਿਕਣ।

ਖੇਤੀ ਹੀ ਹੈ, ਸਾਡਾ ਜੀਵਨ,
ਖੇਤਾਂ ਖਾਤਰ, ਸੀਨੇ ਡਹਿਸਣ।

ਬਾਬੇ ਕੇ ਦੱਸ, ਕਦ ਨੇ ਹਾਰੇ,
ਪੁਸਤਕ ਦੇ ਪੰਨੇ, ਇਹ ਕਹਿਸਣ।
* * *

ਗ਼ਜ਼ਲ

ਮਨਦੀਪ ਸਿੰਘ ‘ਸੇਖੋਂ’
ਪੁੱਛਾਂ ਉਹਨੂੰ, ਭੇਤ ਕਿਤੇ ਪੈ ਜਾਏ ਖੁਦਾਈ ਦਾ।
ਹਰ ਵੇਲੇ ਘਾਣ ਕਾਹਤੋਂ ਕਰਦੈਂ ਲੋਕਾਈ ਦਾ।
ਝੰਡਿਆਂ ਦਾ ਰੌਲ਼ਾ, ਕਦੇ ਗੱਲ ਸਰਹੱਦ ਦੀ,
ਭਾਈਆਂ ਹੱਥੋਂ ਕਤਲ ਕਰਾਵੇਂ ਕਾਹਤੋਂ ਭਾਈ ਦਾ।

ਮੱਚਦੀ ’ਤੇ ਤੇਲ ਪਾਵੇ ਆਗੂਆਂ ਦੀ ਪੀਪਣੀ,
ਗਲ਼ੀ-ਕੂਚੇ ਫੁਕੇ ਕਿਉਂ, ਪਹਾੜ ਬਣ ਰਾਈ ਦਾ।
ਰੁਲ਼ਦੀਆਂ ਲਾਸ਼ਾਂ, ਕਿਤੇ ਵੈਣ ਪੈਂਦੇ ਸੱਧਰਾਂ ਦੇ,
ਪਸੀਜੇ ਕਿਉਂ ਨਾ ਦਿਲ, ਦੁੱਖ ਦੇਖ ਮਾਂ ਜਾਈ ਦਾ।

ਬੇਸਿਰੇ ਹਜੂਮ ਕਾਹਤੋਂ ਘਰ ਢਾਹੁਣ ਇਸ਼ਟਾਂ ਦੇ,
ਝੱਖੜ ਇਹ ਹਰੇ-ਲਾਲ ਰੰਗਾਂ ਦੀ ਦੁਹਾਈ ਦਾ।
ਦਿੱਤੇ ਕਦੇ ਖੋਹੇ ਹੱਕ, ਕਾਨੂੰਨ ਦਿਆਂ ਘਾੜਿਆਂ ਨੇ,
ਲਾਉਂਦੇ ਨਾ ਹਿਸਾਬ, ਧਰਤੀ ਰੱਤੀ ਰੰਗਾਈ ਦਾ।

ਡੋਬਾ ਕਿਤੇ ਸੋਕਾ, ਅਸੀਂ ਮੰਨਦੇ ਸੀ ਖੇਡ ਤੇਰੀ,
ਲੱਗੇ ਕਿਉਂ ਅਸਰ ਉਹ ਵੀ, ਕਲਮ ਘਸਾਈ ਦਾ।
ਡਰੀ ਜਾਂਦਾ ਸੱਚ ‘ਸੇਖੋਂ’ ਝੂਠ ਤੇ ਫਰੇਬ ਸਾਹਵੇਂ,
ਬੱਝੇ ਕਿਉਂ ਨਾ ਧੀਰ, ਦਰ ਝੋਲ਼ੀ ਫੈਲਾਈ ਦਾ।
ਸੰਪਰਕ: 94643-68055
* * *

ਅਕਲ ਵਿਹੂਣੇ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਅਕਲ ਵਿਹੂਣੇ ਕੁਝ ਲੋਕੀਂ ਮੈਂ, ਥਾਂ ਥਾਂ ਖੱਲਰ ਪਾਉਂਦੇ ਵੇਖੇ।
ਜੀਵਨ ਵਿੱਚ ਖ਼ੁਦ ਸਿੱਖਿਆ ਕੁਝ ਨਾ, ਪੜ੍ਹਿਆਂ ਨੂੰ ਸਮਝਾਉਂਦੇ ਵੇਖੇ।

ਤੇਲ ਨਾ ਜਿਨ੍ਹਾਂ ਤਿਲਾਂ ਦੇ ਅੰਦਰ, ਭੁੱਲ ਬੈਠੇ ਆਪਣੀ ਮਾਂ ਬੋਲੀ,
ਲੇਕਿਨ ਖ਼ੁਦ ਨੂੰ ਪੰਜਾਬੀ ਦੇ, ਸੇਵਾਦਾਰ ਕਹਾਉਂਦੇ ਵੇਖੇ।

ਮਾਂ ਬੋਲੀ ਨੂੰ ਜੋ ਸਤਿਕਾਰੇ, ਕਿੰਤੂ ਪਰੰਤੂ ਉਸ ’ਤੇ ਕਰਕੇ,
ਖੇਹ ਦੁਨੀਆਂ ਦੀ ਆਪਣੇ ਹੀ ਸਿਰ, ਅੱਖਾਂ ਨਾਲ ਮੈਂ ਪਾਉਂਦੇ ਵੇਖੇ।

ਗ਼ੈਰਾਂ ਨਾਲ ਗਿਲਾ ਕੀ ਕਰਨਾ, ਉਹ ਤਾਂ ਪਾਟੇ ਢੋਲ ਵਜਾਉਂਦੇ,
ਲਾਹਨਤ ਉਨ੍ਹਾਂ ਪੁੱਤਰਾਂ ਨੂੰ, ਜੋ ਮਾਂ ਦੀ ਕਦਰ ਘਟਾਉਂਦੇ ਵੇਖੇ।

ਹੀਂ ਹੀਂ ਕਰਕੇ ਦੰਦੀਆਂ ਕੱਢਦੇ, ਆਪੇ ਤਾੜੀਆਂ ਜਾਣ ਵਜਾਈ,
ਨਾਸਮਝ ਮੈਂ ਲੱਖਾਂ ‘ਲੱਖੇ’, ਫਿਰ ਵੀ ਨਾ ਸ਼ਰਮਾਉਂਦੇ ਵੇਖੇ।

ਆਓ ਮਾਂ ਬੋਲੀ ਦੇ ਜਾਇਓ, ਪੰਜਾਬੀ ਦੀ ਸੇਵਾ ਕਰੀਏ,
ਰਲਮਿਲ ਕੇ ਜੋ ਕਦਮ ਉਠਾਉਂਦੇ, ਓਹੀ ਸ਼ੋਹਰਤ ਪਾਉਂਦੇ ਵੇਖੇ।
ਸੰਪਰਕ: 98552-27530

* * *

ਗ਼ਜ਼ਲ

ਕੇ.ਐੱਸ. ਅਮਰ
ਮੈਂ ਤਾਂ ਅਜੇ ਵੀ ਗੁੰਮ ਨਹੀਂ ਹੋਇਆ,
ਮੈਂ ਤਾਂ ਬਸ ਯਾਦਾਂ ਵਿੱਚ ਖੋਇਆ।

ਬਚਪਨ ਦੀ ਇੱਕ ਯਾਦ ਸਿਰਜ ਕੇ,
ਮਾਂ ਦੀ ਗੋਦੀ ਵਿੱਚ ਜਾ ਸੋਇਆ।

ਯਾਦਾਂ ਦੀ ਇੱਕ ਕਿਰਨ ਸੁਨਹਿਰੀ,
ਛੋਟਾ ਬਾਲ ਜਦ ਬਣ ਕੇ ਰੋਇਆ।

ਗੀਤਾਂ ਦੀ ਮਾਂ ਵਣਜਾਰਨ ਲਈ,
ਹੰਝੂਆਂ ਦਾ ਸੀ ਹਾਰ ਪਰੋਇਆ।

ਅੱਗੇ ਪਿੱਛੇ ਲੱਭਦਾ ਰਸਤਾ,
ਵਿੱਚ ਚੁਰਸਤੇ ਜਾ ਖਲੋਇਆ।

ਤਰਸ ਗਿਆ ਜਦ ਉਸ ਮੰਜ਼ਿਲ ਲਈ,
ਮਾਂ ਦੀਆਂ ਯਾਦਾਂ ਵਿੱਚ ਸਮੋਇਆ।

ਬਚਪਨ ਮੇਰਾ ਕੋਈ ਮੋੜ ਲਿਆਵੇ,
‘ਅਮਰ’ ਜੀਵਨ ਭਰ ਉਸ ਦਾ ਹੋਇਆ।

Advertisement
Author Image

joginder kumar

View all posts

Advertisement
Advertisement
×