ਜੱਜ ਨੇ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ
ਪੱਤਰ ਪ੍ਰੇਰਕ
ਮਾਨਸਾ, 19 ਨਵੰਬਰ
ਪੰਜਾਬ ਸਟੇਟ ਮਨੁੱਖ ਅਧਿਕਾਰ ਕਮਿਸ਼ਨਰ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ, ਐੱਸਐੱਸਪੀ ਡਾ. ਨਾਨਕ ਸਿੰਘ ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਗੁਰਜੀਤ ਕੌਰ ਢਿੱਲੋਂ ਵੀ ਮੌਜੂਦ ਸਨ।
ਜਸਟਿਸ ਸੰਤ ਪ੍ਰਕਾਸ਼ ਨੇ ਜੇਲ੍ਹ ’ਚ ਵੱਖ-ਵੱਖ ਕੈਦੀਆਂ ਤੇ ਹਵਾਲਾਤੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਔਰਤ ਕੈਦੀਆਂ ਦੇ ਬੈਰਕ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਨ੍ਹਾਂ ਦੀਆਂ ਸੰਭਵ ਸਮੱਸਿਆਵਾਂ ਦਾ ਹੱਲ ਕਰਨ। ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਵਿਚ ਸਾਫ-ਸਫਾਈ ਦਾ ਵੀ ਖਾਸ ਧਿਆਨ ਰੱਖਣ ਲਈ ਕਿਹਾ। ਉਨ੍ਹਾਂ ਔਰਤ ਕੈਦੀਆਂ ਦੇ ਬੈਰਕ ਵਿਚ ਮੌਜੂਦ ਇਕ ਔਰਤ ਕੈਦੀ ਨਾਲ ਰਹਿ ਰਹੇ ਬੱਚੇ ਨੂੰ ਰੋਜ਼ਾਨਾ ਸਕੂਲ ਭੇਜਣ ਲਈ ਕਿਹਾ, ਜਿਸ ’ਤੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਬੱਚੇ ਨੂੰ ਸਕੂਲ ਭੇਜਣ ਦਾ ਭਰੋਸਾ ਦਿਵਾਇਆ।