ਜਿੱਤ ਦੀ ਖ਼ੁਸ਼ੀ
ਡਾ. ਇਕਬਾਲ ਸਿੰਘ ਸਕਰੌਦੀ
ਨਵੀਂ ਬਣੀ ਸਰਕਾਰ ਦੇ ਨਵੇਂ ਬਣੇ ਸਿੱਖਿਆ ਮੰਤਰੀ ਨੇ ਆਪਣੇ ਇੱਕ ਚਹੇਤੇ ਨੂੰ ਖ਼ੁਸ਼ ਕਰਨ ਲਈ ਚਾਰ ਪ੍ਰਿੰਸੀਪਲਾਂ ਨੂੰ ਇੱਕ ਤੋਂ ਦੂਜੀ ਥਾਂ ਬਦਲ ਦਿੱਤਾ ਸੀ। ਨਾਲ ਹੀ ਆਦੇਸ਼ ਜਾਰੀ ਕਰ ਦਿੱਤਾ ਕਿ ਸਾਰੇ ਪ੍ਰਿੰਸੀਪਲ ਤੁਰੰਤ ਆਪਣੇ ਨਵੇਂ ਸਟੇਸ਼ਨ ’ਤੇ ਹਾਜ਼ਰ ਹੋ ਕੇ ਰਿਪੋਰਟ ਕਰਨ। ਉਸ ਦਿਨ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਸਵੇਰੇ ਤਿੰਨ ਵਜੇ ਘਰੋਂ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾ ਰਿਹਾ ਸੀ। ਉਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਉੱਤੇ ਨਤਮਸਤਕ ਹੋਇਆ। ਦੇਗ਼ ਕਰਾਈ। ਕੁਝ ਸਮੇਂ ਲਈ ਗੁਰੂ ਕੇ ਲੰਗਰ ਵਿੱਚ ਬਰਤਨਾਂ ਦੀ ਸੇਵਾ ਕੀਤੀ। ਲੰਗਰ ਛਕਿਆ। ਵਾਪਸੀ ਲਈ ਚਾਲੇ ਪਾ ਦਿੱਤੇ। ਅਜੇ ਉਹ ਰਸਤੇ ਵਿੱਚ ਹੀ ਸੀ। ਸਕੂਲ ਦੀ ਕਲਰਕ ਨੇ ਉਸ ਨੂੰ ਫੋਨ ਰਾਹੀਂ ਜਾਣਕਾਰੀ ਦਿੱਤੀ, ‘‘ਸਰ, ਨਵੀਂ ਪ੍ਰਿੰਸੀਪਲ ਸਾਹਿਬਾ ਨੇ ਤੁਹਾਡੀ ਥਾਂ ’ਤੇ ਜੁਆਇੰਨ ਕਰ ਲਿਆ ਹੈ। ਤੁਸੀਂ ਹੁਣ ਹਵਾ ਵਿੱਚ ਹੋ।’’
ਉਸ ਨੇ ਹੱਸਦਿਆਂ ਹੋਇਆਂ ਕਿਹਾ, ‘‘ਨਹੀਂ ਹਰਪ੍ਰੀਤ, ਮੈਂ ਤਾਂ ਕਾਰ ਵਿੱਚ ਹਾਂ। ਪਰ ਹਵਾ ਮੈਨੂੰ ਜ਼ਰੂਰ ਲੱਗ ਰਹੀ ਹੈ।’’ ਫਿਰ ਉਸ ਨੇ ਥੋੜ੍ਹਾ ਗੰਭੀਰ ਹੋ ਕੇ ਆਖਿਆ, ‘‘ਕੋਈ ਗੱਲ ਨਹੀਂ। ਉਨ੍ਹਾਂ ਸਰਕਾਰੀ ਹੁਕਮਾਂ ਦੀ ਪਾਲਣਾ ਕਰਨੀ ਹੀ ਸੀ।’’
ਜਦੋਂ ਉਹ ਆਪਣੇ ਨਵੇਂ ਸਕੂਲ ਵਿੱਚ ਪਹੁੰਚਿਆ ਤਾਂ ਦੁਪਹਿਰ ਦੇ ਤਿੰਨ ਵੱਜ ਚੁੱਕੇ ਸਨ। ਉਦੋਂ ਤੱਕ ਅਧਿਆਪਕ ਅਤੇ ਵਿਦਿਆਰਥੀ ਛੁੱਟੀ ਕਰਕੇ ਆਪੋ-ਆਪਣੇ ਘਰਾਂ ਨੂੰ ਜਾ ਚੁੱਕੇ ਸਨ। ਪਰ ਜਿਨ੍ਹਾਂ ਦੀ ਥਾਂ ਉਸ ਨੇ ਚਾਰਜ ਸੰਭਾਲਣਾ ਸੀ, ਉਹ ਪ੍ਰਿੰਸੀਪਲ ਸਕੂਲ ਵਿੱਚ ਮੌਜੂਦ ਸਨ ਤੇ ਇੱਕ ਦਰਜਾ ਚਾਰ ਕਰਮਚਾਰੀ ਹਾਜ਼ਰ ਸੀ। ਉਸ ਨੇ ਆਰਡਰ ਬੁੱਕ ਵਿੱਚ ਜੁਆਇਨਿੰਗ ਰਿਪੋਰਟ ਲਿਖੀ। ਚਾਹ ਦਾ ਕੱਪ ਪੀਤਾ। ਵਾਪਸ ਘਰ ਲਈ ਚੱਲ ਪਿਆ।
ਅਗਲੇ ਦਿਨ ਉਹ ਸਕੂਲ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਹੀ ਸਕੂਲ ਪਹੁੰਚ ਗਿਆ ਸੀ। ਜਿਉਂ ਹੀ ਉਸ ਨੇ ਆਪਣੀ ਗੱਡੀ ਰੋਕੀ, ਸਕੂਲ ਦਾ ਚੌਕੀਦਾਰ ਦੂਰੋਂ ਭੱਜ ਕੇ ਆਇਆ। ਉਸ ਨੇ ਸਤਿ ਸ੍ਰੀ ਅਕਾਲ ਬੁਲਾਈ। ਤੁਰੰਤ ਕਾਰ ਦੀ ਤਾਕੀ ਖੋਲ੍ਹੀ। ਬੈਗ ਨੂੰ ਚੁੱਕਣ ਲਈ ਹੱਥ ਪਾ ਲਿਆ, ਪਰ ਚੀਮਾ ਜੀ ਨੇ ਉਸ ਨੂੰ ਰੋਕ ਦਿੱਤਾ। ਤਦ ਉਹ ਬੋਲਿਆ, ‘‘ਸਾਹਿਬ, ਤੁਹਾਡਾ ਬੈਗ ਚੁੱਕਣ ਦੀ ਡਿਊਟੀ ਤਾਂ ਮੇਰੀ ਹੈ। ਪਹਿਲੇ ਸਾਹਿਬ ਦਾ ਬੈਗ ਮੈਂ ਹੀ ਚੁੱਕ ਕੇ ਲਿਜਾਂਦਾ ਸਾਂ। ਫਿਰ ਤੁਸੀਂ ਮੈਨੂੰ ਬੈਗ ਚੁੱਕਣ ਤੋਂ ਰੋਕ ਕਿਉਂ ਦਿੱਤਾ?’’
‘‘ਦਰਸ਼ਨ ਸਿੰਘ, ਮੈਂ ਆਪਣਾ ਹਰ ਕੰਮ ਆਪ ਹੀ ਕਰਦਾ ਹਾਂ। ਮੈਨੂੰ ਬੈਗ ਚੁੱਕਦਿਆਂ ਵੇਖ ਕੇ ਸਕੂਲ ਦੇ ਵਿਦਿਆਰਥੀਆਂ ਨੂੰ ਇਹ ਸੁਨੇਹਾ ਜਾਵੇਗਾ ਕਿ ਹਰੇਕ ਵਿਅਕਤੀ ਨੂੰ ਆਪਣਾ ਕੰਮ ਖ਼ੁਦ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣਾ ਕੰਮ ਆਪਣੇ ਹੱਥੀਂ ਕਰਨ ਦੀ ਆਦਤ ਪਵੇਗੀ।’’ ਉਸ ਨੇ ਨਵੇਂ ਸਾਹਿਬ ਦੀਆਂ ਗੱਲਾਂ ਸੁਣੀਆਂ ਤੇ ਚੁੱਪਚਾਪ ਇੱਕ ਪਾਸੇ ਹੋ ਕੇ ਖੜ੍ਹੋ ਗਿਆ।
ਉਹ ਦਫ਼ਤਰ ਵਿੱਚ ਚਲਾ ਗਿਆ। ਉਸ ਨੇ ਆਪਣਾ ਬੈਗ ਮੇਜ ’ਤੇ ਟਿਕਾ ਦਿੱਤਾ। ਫਿਰ ਪੂਰੇ ਸਕੂਲ ਦਾ ਇੱਕ ਚੱਕਰ ਲਾਇਆ। ਉਸ ਨੇ ਵੇਖਿਆ ਕਿ ਪੂਰਾ ਕੰਪਲੈਕਸ ਹੀ ਹਰੀਆਂ ਭਰੀਆਂ ਵੇਲਾਂ ਅਤੇ ਫੁੱਲ ਬੂਟਿਆਂ ਨਾਲ ਭਰਿਆ ਪਿਆ ਸੀ। ਸਵੇਰ ਦੀ ਸਭਾ ਲੱਗੀ। ਸ਼ਬਦ ਗਾਇਨ ਹੋਇਆ। ਰਾਸ਼ਟਰੀ ਗਾਣ ਗਾਇਆ ਗਿਆ। ਵਿਦਿਆਰਥੀਆਂ ਨੂੰ ਐਕਸਰਸਾਈਜ਼ ਕਰਵਾਈ ਗਈ। ਇੱਕ ਵਿਦਿਆਰਥਣ ਨੇ ਖ਼ਬਰਾਂ ਪੜ੍ਹ ਕੇ ਸੁਣਾਈਆਂ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਆਰੇ ਵਿਦਿਆਰਥੀਓ! ਜਿਹੜੇ ਪ੍ਰਿੰਸੀਪਲ ਸਾਹਿਬ ਕੱਲ੍ਹ ਤੱਕ ਇਸ ਸਕੂਲ ਵਿੱਚ ਸੇਵਾ ਨਿਭਾਅ ਰਹੇ ਸਨ, ਉਨ੍ਹਾਂ ਨੇ ਸਕੂਲ ਲਈ ਬਹੁਤ ਸਲਾਹੁਣਯੋਗ ਕਾਰਜ ਕੀਤੇ ਹਨ। ਇਸ ਲਈ ਆਪਾਂ ਸਾਰੇ ਉਨ੍ਹਾਂ ਲਈ ਤਾੜੀਆਂ ਵਜਾ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਦੂਜੀ ਗੱਲ ਇਹ ਹੈ ਕਿ ਅਸੀਂ ਸਾਰਿਆਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਸਕੂਲ ਨੂੰ ਬਿਹਤਰੀਨ ਸਕੂਲ ਬਣਾਉਣਾ ਹੈ। ਧੰਨਵਾਦ।’’
ਇਸ ਉਪਰੰਤ ਉਹ ਦਫ਼ਤਰ ਵਿੱਚ ਚਲਾ ਗਿਆ। ਉਸ ਨੇ ਪਹਿਲੀ ਘੰਟੀ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਚੈੱਕ ਕੀਤੀ। 1690 ਵਿਦਿਆਰਥੀਆਂ ਵਿੱਚੋਂ ਇੱਕ ਸੌ ਸੱਠ ਵਿਦਿਆਰਥੀ ਗ਼ੈਰ ਹਾਜ਼ਰ ਸਨ ਜਿਨ੍ਹਾਂ ਵਿੱਚੋਂ ਕੇਵਲ ਅੱਠ ਵਿਦਿਆਰਥੀਆਂ ਨੇ ਛੁੱਟੀ ਪ੍ਰਵਾਨ ਕਰਵਾਈ ਹੋਈ ਸੀ। ਉਸ ਨੇ ਉਸੇ ਵੇਲੇ ਆਰਡਰ ਬੁੱਕ ਵਿੱਚ ਸਮੂਹ ਅਧਿਆਪਕਾਂ ਨੂੰ ਆਰਡਰ ਕਰ ਦਿੱਤਾ, ‘‘ਜਿਹੜਾ ਵਿਦਿਆਰਥੀ ਸਕੂਲ ਵਿੱਚੋਂ ਗ਼ੈਰਹਾਜ਼ਰ ਹੁੰਦਾ ਹੈ, ਪਹਿਲੀ ਘੰਟੀ ਵਿੱਚ ਹੀ ਉਸ ਦੇ ਘਰ ਫੋਨ ਕਰਕੇ ਜਾਣਕਾਰੀ ਲਈ ਜਾਵੇ ਕਿ ਉਨ੍ਹਾਂ ਦੀ ਧੀ ਜਾਂ ਪੁੱਤਰ ਸਕੂਲ ਕਿਉਂ ਨਹੀਂ ਆਇਆ?’’
ਅਜਿਹਾ ਕਰਨ ਨਾਲ ਸਕੂਲ ਵਿੱਚ ਅਨੁਸ਼ਾਸਨ ਕਾਇਮ ਹੋ ਗਿਆ। ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਲੱਗ ਪਿਆ। ਪਹਿਲਾਂ ਕੁਝ ਮੁੰਡੇ ਕੁੜੀਆਂ ਘਰੋਂ ਤਾਂ ਪੜ੍ਹਨ ਲਈ ਆਉਂਦੇ ਸਨ, ਪਰ ਉਹ ਸਕੂਲ ਨਹੀਂ ਵੜਦੇ ਸਨ ਤੇ ਇੱਧਰ ਉੱਧਰ ਘੁੰਮ ਫਿਰ ਕੇ ਛੁੱਟੀ ਵੇਲੇ ਨੂੰ ਆਪਣੇ ਘਰ ਮੁੜ ਜਾਂਦੇ ਸਨ। ਮਾਪੇ ਇਸ ਭੁਲੇਖੇ ਵਿੱਚ ਰਹਿੰਦੇ ਸਨ ਕਿ ਸਾਡੀ ਧੀ ਜਾਂ ਪੁੱਤਰ ਸਕੂਲੋਂ ਪੜ੍ਹ ਕੇ ਆਇਆ ਹੈ। ਸਕੂਲ ਮੁਖੀ ਅਤੇ ਅਧਿਆਪਕ ਇਸ ਭੁਲੇਖੇ ਵਿੱਚ ਰਹਿ ਜਾਂਦੇ ਕਿ ਵਿਦਿਆਰਥੀ ਨੂੰ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਘਰ ਰੱਖ ਲਿਆ ਹੈ। ਬੱਸ ਇਹੋ ਇੱਕ ਪਰਦਾ ਪਿਆ ਹੋਇਆ ਸੀ, ਜਿਸ ਦਾ ਵਿਦਿਆਰਥੀ ਨਾਜਾਇਜ਼ ਫ਼ਾਇਦਾ ਉਠਾਉਂਦੇ ਰਹੇ ਸਨ।
ਇਸ ਨਵੇਂ ਸਕੂਲ ਵਿੱਚ ਆਇਆਂ ਚੀਮਾ ਜੀ ਨੂੰ ਇੱਕ ਮਹੀਨਾ ਹੋ ਗਿਆ ਸੀ। ਅੱਜ ਸੋਮਵਾਰ ਸੀ। ਤੀਜੀ ਘੰਟੀ ਵਿੱਚ ਗਿਆਰ੍ਹਵੀਂ ਜਮਾਤ ਦੀ ਇੰਚਾਰਜ ਮੈਡਮ ਗੀਤਾ ਰਾਣੀ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਆਈ ਤੇ ਬੋਲੀ, ‘‘ਪ੍ਰਿੰਸੀਪਲ ਸਾਹਿਬ, ਮੇਰੀ ਜਮਾਤ ਦੀ ਇੱਕ ਲੜਕੀ ਗੁਰਪ੍ਰੀਤ ਕੌਰ ਹੈ। ਉਹ ਕਦੇ ਕਦਾਈਂ ਹੀ ਸਕੂਲ ਆਉਂਦੀ ਹੈ। ਪਿਛਲੇ ਮਹੀਨੇ ਉਹ ਕੇਵਲ ਇੱਕ ਦਿਨ ਸਕੂਲ ਆਈ ਹੈ। ਇਸੇ ਕਰਕੇ ਉਹ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਪਛੜੀ ਹੋਈ ਹੈ। ਮੈਂ ਵਾਰ-ਵਾਰ ਉਸ ਦੇ ਘਰ ਸੁਨੇਹਾ ਵੀ ਲਾਇਆ ਹੈ ਕਿ ਉਹ ਹਰ ਰੋਜ਼ ਸਕੂਲ ਆਵੇ, ਪਰ ਉਹ ਤਾਂ ਬੜੀ ਢੀਠ ਕੁੜੀ ਹੈ, ਸਰ। ਸਰ, ਜੇਕਰ ਤੁਸੀਂ ਇਜਾਜ਼ਤ ਦੇਵੋ ਤਾਂ ਕੀ ਉਸ ਦਾ ਨਾਂ ਕੱਟ ਦੇਈਏ?’’
‘‘ਤੁਸੀਂ ਉਸ ਦਾ ਪੂਰਾ ਵੇਰਵਾ ਮੈਨੂੰ ਲਿਖ ਕੇ ਦਿਓ। ਮੈਂ ਵੇਖਦਾਂ ਕਿ ਕੀ ਕਰਨਾ ਹੈ।’’ ਪ੍ਰਿੰਸੀਪਲ ਨੇ ਕਿਹਾ।
ਫੋੋਨ ਨੰਬਰ ਲੈ ਕੇ ਉਸ ਨੇ ਉਸੇ ਵੇਲੇ ਗੁਰਪ੍ਰੀਤ ਦੇ ਘਰ ਤਿੰਨ ਵਾਰ ਫੋਨ ਕੀਤਾ, ਪਰ ਫੋਨ ਕਿਸੇ ਨੇ ਵੀ ਨਹੀਂ ਚੁੱਕਿਆ। ਉਸ ਨੇ ਆਪਣੇ ਇੱਕ ਸਾਥੀ ਸੱਜਣ ਸਿੰਘ ਐੱਸ.ਐੱਲ.ਏ. ਨੂੰ ਬੁਲਾਇਆ, ਜੋ ਕਿ ਉਸੇ ਪਿੰਡ ਦਾ ਰਹਿਣ ਵਾਲਾ ਸੀ। ਉਹ ਦਫ਼ਤਰ ਵਿੱਚ ਆਇਆ ਤੇ ਪੁੱਛਿਆ, ‘‘ਜੀ, ਸਰ।’’
‘‘ਇਹ ਗੁਰਪ੍ਰੀਤ ਕੌਰ ਦੇ ਘਰ ਦਾ ਪਤਾ ਹੈ। ਹੁਣੇ ਇਸ ਦੇ ਘਰ ਜਾਓ। ਘਰ ਵਿੱਚ ਜੋ ਵੀ ਕੋਈ ਵੱਡਾ ਮੈਂਬਰ ਹੋਵੇ, ਉਸ ਨੂੰ ਮੇਰੇ ਵੱਲੋਂ ਕਹਿਣਾ ਕਿ ਉਹ ਮੈਨੂੰ ਸਕੂਲ ਆ ਕੇ ਦਫ਼ਤਰ ਵਿੱਚ ਮਿਲੇ।’’
ਇੱਕ ਘੰਟੇ ਬਾਅਦ ਸੱਜਣ ਸਿੰਘ ਵਾਪਸ ਆ ਗਿਆ। ਉਸ ਨੇ ਆਉਂਦਿਆਂ ਹੀ ਕਿਹਾ, ‘‘ਪ੍ਰਿੰਸੀਪਲ ਸਾਹਿਬ! ਉਹ ਕੁੜੀ ਪੜ੍ਹਨਾ ਨਹੀਂ ਚਾਹੁੰਦੀ। ਉਹ ਤਾਂ ਜੀ ਘਰ ਗਿਆਂ ਦੇ ਗਲ਼ ਨੂੰ ਪੈਂਦੇ ਐ। ਮੈਨੂੰ ਉਹਦੇ ਦਾਦੇ ਨੇ ਬੜੇ ਕੁਰੱਖਤ ਲਹਿਜੇ ਵਿੱਚ ਉਸ ਦਾ ਨਾਂ ਕੱਟਣ ਲਈ ਕਿਹਾ ਹੈ। ਨਾਲ ਹੀ ਉਸ ਨੇ ਕਿਹਾ ਹੈ ਕਿ ਨਵੇਂ ਆਏ ਪ੍ਰਿੰਸੀਪਲ ਨੂੰ ਕਹੀਂ ਕਿ ਉਹ ਵਾਰ-ਵਾਰ ਸਾਡੇ ਘਰ ਫੋਨ ਕਰਕੇ ਸਾਨੂੰ ਪ੍ਰੇਸ਼ਾਨ ਨਾ ਕਰੇ।’’
‘‘ਹੂੰ! ਠੀਕ ਐ। ਤੁਸੀਂ ਜਾ ਸਕਦੇ ਹੋ।’’ ਸੱਜਣ ਸਿੰਘ ਦੇ ਦਫ਼ਤਰ ਵਿੱਚੋਂ ਜਾਣ ਉਪਰੰਤ ਪ੍ਰਿੰਸੀਪਲ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਿਆ, ‘ਹਾਲਾਂਕਿ ਸਕੂਲ ਵਿੱਚੋਂ ਲੰਮੀ ਗ਼ੈਰਹਾਜ਼ਰੀ ਕਾਰਨ ਕੁੜੀ ਦਾ ਨਾਂ ਕੱਟਣਾ ਤਾਂ ਬੜਾ ਸੌਖਾ ਕਾਰਜ ਹੈ, ਪਰ ਕੁੜੀ ਦਾ ਨਾਂ ਕੱਟਣ ਵਿੱਚ ਮੇਰੀ ਆਪਣੀ ਹਾਰ ਹੈ। ਮੈਨੂੰ ਮਸਲੇ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਆਖ਼ਰ ਇਹ ਕੁੜੀ ਪੜ੍ਹਨਾ ਕਿਉਂ ਨਹੀਂ ਚਾਹੁੰਦੀ? ਕੁੜੀ ਦੀ ਜਾਂ ਉਸ ਦੇ ਮਾਪਿਆਂ ਦੀ ਉਹ ਕਿਹੜੀ ਮਜਬੂਰੀ ਹੈ, ਜੋ ਉਸ ਨੂੰ ਸਕੂਲ ਆਉਣ ਤੋਂ ਰੋਕਦੀ ਹੈ?’ ਉਹ ਇਨ੍ਹਾਂ ਸੋਚਾਂ ਵਿੱਚ ਹੀ ਪਿਆ ਹੋਇਆ ਸੀ। ਸਕੂਲ ਦੀ ਛੁੱਟੀ ਦੀ ਘੰਟੀ ਵੱਜਣ ਲੱਗ ਪਈ।
ਅਗਲੇ ਦਿਨ ਚੀਮਾ ਜੀ ਨੇ ਕੁੜੀ ਦੇ ਘਰ ਜਾਣ ਦਾ ਪੱਕਾ ਫ਼ੈਸਲਾ ਕਰ ਲਿਆ। ਉਨ੍ਹਾਂ ਸੱਜਣ ਸਿੰਘ ਨੂੰ ਦਫ਼ਤਰ ਵਿੱਚ ਬੁਲਾਇਆ ਤੇ ਆਪਣੇ ਮਨ ਦੀ ਇੱਛਾ ਜ਼ਾਹਿਰ ਕੀਤੀ। ਪ੍ਰਿੰਸੀਪਲ ਦੀ ਗੱਲ ਸੁਣ ਕੇ ਉਹ ਬੋਲਿਆ, ‘‘ਪ੍ਰਿੰਸੀਪਲ ਸਾਹਿਬ, ਤੁਸੀਂ ਕਾਹਦੇ ਲਈ ਕੁੜੀ ਦੇ ਘਰ ਜਾਣਾ ਹੈ? ਸਰ, ਇਹ ਤਾਂ ਖ਼ਰਦਿਮਾਗ ਲੋਕ ਨੇ। ਇਨ੍ਹਾਂ ਦਾ ਕੀ ਪਤਾ? ਤੁਹਾਨੂੰ ਕੀ ਬੋਲ ਦੇਣ? ਸਰ, ਤੁਸੀਂ ਇਸ ਕੁੜੀ ਦਾ ਨਾਂ ਕੱਟ ਕੇ ਫਾਹਾ ਵੱਢੋ ਜੀ।’’ ਸੱਜਣ ਸਿੰਘ ਨੇ ਪ੍ਰਿੰਸੀਪਲ ਨੂੰ ਕੁੜੀ ਦੇ ਘਰ ਨਾ ਜਾਣ ਲਈ ਪੂਰੇ ਜ਼ੋਰ ਨਾਲ ਕਿਹਾ। ਪ੍ਰਿੰਸੀਪਲ ਵੀ ਉਸ ਦੀਆਂ ਗੱਲਾਂ ਸੁਣ ਕੇ ਦੁਬਿਧਾ ਵਿੱਚ ਪੈ ਗਿਆ ਸੀ ਕਿ ਉਹ ਕੁੜੀ ਦੇ ਘਰ ਜਾਵੇ ਜਾਂ ਨਾ ਜਾਵੇ? ਇੱਕ ਪਲ ਲਈ ਤਾਂ ਉਸ ਦੇ ਮਨ ਵਿੱਚ ਇਹ ਵਿਚਾਰ ਭਾਰੂ ਪੈ ਜਾਂਦਾ ਕਿ ਕੁੜੀ ਦੇ ਘਰ ਜਾਣਾ ਚਾਹੀਦਾ ਹੈ, ਪਰ ਦੂਜੇ ਹੀ ਪਲ ਸੱਜਣ ਸਿੰਘ ਦੀਆਂ ਕਹੀਆਂ ਗੱਲਾਂ ਉਸ ਨੂੰ ਬੇਚੈਨ ਕਰ ਦਿੰਦੀਆਂ। ‘ਜੇ ਕਿਤੇ ਸੱਚਮੁੱਚ ਹੀ ਉਨ੍ਹਾਂ ਘਰ ਗਏ ਦੀ ਬੇਇੱਜ਼ਤੀ ਕਰ ਦਿੱਤੀ ਤਾਂ ਮੇਰੀ ਕੀ ਰਹੂਗੀ?’ ਉਹ ਅਜੇ ਇਸੇ ਦੁਬਿਧਾ ਵਿੱਚ ਫਸਿਆ ਹੋਇਆ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜ਼ਰੂਰੀ ਮੀਟਿੰਗ ਲਈ ਮੇਲ ਆ ਗਈ। ਥੋੜ੍ਹੀ ਦੇਰ ਬਾਅਦ ਉਹ ਮੀਟਿੰਗ ਲਈ ਚੱਲ ਪਿਆ ਸੀ।
ਅੱਜ ਸ਼ੁੱਕਰਵਾਰ ਸੀ। ਉਹ ਨੇੜੇ ਦੇ ਹਾਈ ਸਕੂਲ ਦੇ ਪੀ.ਟੀ. ਮਾਸਟਰ ਦੀ ਇਨਕੁਆਰੀ ਕਰਕੇ ਵਾਪਸ ਆ ਰਿਹਾ ਸੀ। ਜਿਉਂ ਹੀ ਉਸ ਦੀ ਕਾਰ ਪਿੰਡ ਦੇ ਨੇੜੇ ਪਹੁੰਚੀ ਤਾਂ ਉਸ ਨੇ ਸੱਜਣ ਸਿੰਘ ਨੂੰ ਪੁੱਛਿਆ, ‘‘ਗੁਰਪ੍ਰੀਤ ਦਾ ਘਰ ਕਿਹੜੇ ਪਾਸੇ ਹੈ?’’
ਸੱਜਣ ਸਿੰਘ ਨੇ ਪ੍ਰਿੰਸੀਪਲ ਦੀ ਗੰਭੀਰਤਾ ਅਤੇ ਦ੍ਰਿੜ੍ਹਤਾ ਨੂੰ ਵੇਖ ਕੇ ਕਿਹਾ, ‘‘ਸਰ, ਪਿੰਡ ਤੋਂ ਬਾਹਰਵਾਰ ਵਿਹੜੇ ਵਿੱਚ ਉਨ੍ਹਾਂ ਦਾ ਘਰ ਹੈ।’’
‘‘ਉਨ੍ਹਾਂ ਦੇ ਘਰ ਵੱਲ ਨੂੰ ਗੱਡੀ ਲੈ ਚੱਲੋ।’’
‘‘ਜੀ ਸਾਹਿਬ।’’ ਉਸ ਨੇ ਕਿਹਾ।
ਪੰਜ ਕੁ ਮਿੰਟ ਬਾਅਦ ਉਸ ਨੇ ਸੜਕ ਦੇ ਇੱਕ ਪਾਸੇ ਕਾਰ ਰੋਕ ਲਈ। ਗੁਰਪ੍ਰੀਤ ਦੇ ਘਰ ਨੂੰ ਇੱਕ ਬਹੁਤ ਹੀ ਛੋਟੀ ਜਿਹੀ ਤੰਗ ਗਲ਼ੀ ਜਾ ਰਹੀ ਸੀ। ਕਾਰ ਦਾ ਅੰਦਰ ਜਾਣਾ ਸੰਭਵ ਹੀ ਨਹੀਂ ਸੀ।
ਉਹ ਸੱਜਣ ਸਿੰਘ ਦੇ ਪਿੱਛੇ-ਪਿੱਛੇ ਤੁਰਦਾ ਗਿਆ। ਗਲ਼ੀ ਵਿੱਚੋਂ ਪਸ਼ੂਆਂ ਦੇ ਕੀਤੇ ਗੋਹੇ ਅਤੇ ਮੂਤ ਦੀ ਬਦਬੂ ਆ ਰਹੀ ਸੀ। ਪਾਣੀ ਦੀ ਨਿਕਾਸੀ ਲਈ ਬਣੀ ਨਾਲ਼ੀ ਗੰਦਗੀ ਨਾਲ ਭਰੀ ਪਈ ਸੀ। ਨਾਲ਼ੀ ਵਿਚਲੇ ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਨਾਲ਼ੀ ਦਾ ਗੰਦਾ ਪਾਣੀ ਭੀੜੀ ਜਿਹੀ ਗਲ਼ੀ ਵਿੱਚ ਥਾਂ-ਥਾਂ ਤੁਰਿਆ ਫਿਰਦਾ ਸੀ। ਸੜਾਂਦ ਇੰਨੀ ਜ਼ਿਆਦਾ ਮਾਰ ਰਹੀ ਸੀ ਕਿ ਦੋਵਾਂ ਨੇ ਰੁਮਾਲ ਨਾਲ ਆਪਣੇ ਨੱਕ ਮੂੰਹ ਢਕੇ ਹੋਏ ਸਨ। ਦੋ ਮੋੜ ਮੁੜਨ ਤੋਂ ਬਾਅਦ ਚੌਥੇ ਘਰ ਅੱਗੇ ਜਾ ਕੇ ਸੱਜਣ ਸਿੰਘ ਰੁਕ ਗਿਆ। ਘਰ ਦੀ ਖ਼ਸਤਾ ਹਾਲਤ ਸਾਫ਼ ਦੱਸ ਰਹੀ ਸੀ, ਜਿਵੇਂ ਸਾਲਾਂ ਤੋਂ ਕਿਸੇ ਨੇ ਉਸ ਦੀ ਸਾਰ ਨਾ ਲਈ ਹੋਵੇ। ਬਾਹਰਲੇ ਦਰਵਾਜ਼ੇ ਦੀ ਥਾਂ ਟੀਨ ਦੀ ਇੱਕ ਪੁਰਾਣੀ ਜਿਹੀ ਜੰਗਾਲ ਖਾਧੀ ਚਾਦਰ ਖੜ੍ਹੀ ਕੀਤੀ ਹੋਈ ਸੀ। ਸੱਜਣ ਸਿੰਘ ਨੇ ਉਂਗਲ ਦਾ ਇਸ਼ਾਰਾ ਕਰ ਕੇ ਕਿਹਾ, ‘‘ਸਰ, ਇਹ ਬਿਨਾਂ ਦਰਵਾਜ਼ੇ ਵਾਲਾ ਉਸ ਕੁੜੀ ਦਾ ਘਰ ਹੈ।’’
ਪ੍ਰਿੰਸੀਪਲ ਦੇ ਕਹਿਣ ’ਤੇ ਉਸ ਨੇ ਤਿੰਨ ਵਾਰੀ ਟੀਨ ਦੀ ਚਾਦਰ ਨੂੰ ਹੱਥ ਨਾਲ ਖੜਕਾਇਆ, ਪਰ ਅੰਦਰੋਂ ਕੋਈ ਵੀ ਬਾਹਰ ਨਾ ਆਇਆ। ਨਾ ਹੀ ਕਿਸੇ ਦੀ ਕੋਈ ਆਵਾਜ਼ ਸੁਣਾਈ ਦਿੱਤੀ। ਸੱਜਣ ਸਿੰਘ ਨੇ ਚਾਦਰ ਨੂੰ ਥੋੜ੍ਹਾ ਜਿਹਾ ਪਾਸੇ ਹਟਾਇਆ। ਦੋਵੇਂ ਅੰਦਰ ਚਲੇ ਗਏ। ਕਿਸੇ ਔਰਤ ਦੀ ਆਵਾਜ਼ ਸੁਣ ਕੇ ਦੋਵੇਂ ਰੁਕ ਗਏ। ਘਰ ਅੰਦਰ ਵੜਨ ਤੋਂ ਪਹਿਲਾਂ ਉਹ ਔਰਤ ਕੀ ਬੋਲ ਰਹੀ ਸੀ, ਇਹ ਤਾਂ ਦੋਵਾਂ ਵਿੱਚੋਂ ਕੋਈ ਵੀ ਕੁਝ ਵੀ ਨਹੀਂ ਸੁਣ ਸਕਿਆ ਸੀ। ਉਨ੍ਹਾਂ ਦੇ ਕੰਨੀਂ ਕੇਵਲ ਇਹੋ ਬੋਲ ਪਏ, ‘‘ਤੁਸੀਂ ਸਮਝਦੇ ਕੀ ਓ ਆਪਣੇ ਆਪ ਨੂੰ। ਮੈਂ ਦਿਖਾਊਂ ਥੋਨੂੰ ਤਾਰੇ। ਮੈਂ ਤਾਂ ਹਲਾ ਦੂੰ ਥੋਡੇ ਘਰ ਦੀਆਂ...।’’
ਅਗਲਾ ਸ਼ਬਦ ਤਾਂ ਅਜੇ ਉਸ ਦੇ ਮੂੰਹ ਵਿੱਚ ਹੀ ਸੀ। ਹੁਣ ਤੱਕ ਉਹ ਦੋਵੇਂ ਉਸ ਦੇ ਸਾਹਮਣੇ ਪਹੁੰਚ ਚੁੱਕੇ ਸਨ। ਇਹ ਗੁਰਪ੍ਰੀਤ ਹੀ ਬੋਲ ਰਹੀ ਸੀ। ਉਸ ਨੇ ਆਪਣਾ ਸੱਜਾ ਹੱਥ ਉੱਪਰ ਹਵਾ ਵਿੱਚ ਲਹਿਰਾਇਆ ਹੋਇਆ ਸੀ। ਪ੍ਰਿੰਸੀਪਲ ਨੂੰ ਸਾਹਮਣੇ ਵੇਖ ਕੇ ਉਸ ਦਾ ਹੱਥ ਉੱਪਰ ਹੀ ਰੁਕ ਗਿਆ ਸੀ। ਪ੍ਰਿੰਸੀਪਲ ਨੇ ਉਸ ਦੇ ਹੱਥ ਨੂੰ ਫੜ ਕੇ ਹੇਠਾਂ ਕਰਦਿਆਂ ਪੁੱਛਿਆ, ‘‘ਗੁਰਪ੍ਰੀਤ, ਮੈਨੂੰ ਵੀ ਤਾਂ ਪਤਾ ਲੱਗੇ। ਤੂੰ ਘਰ ਦਾ ਕੀ ਹਿਲਾ ਦੇਵੇਂਗੀ?’’
ਪ੍ਰਿੰਸੀਪਲ ਅਤੇ ਸੱਜਣ ਸਿੰਘ ਨੂੰ ਘਰ ਦੇ ਅੰਦਰ ਵੇਖ ਕੇ ਉਹ ਹੱਕੀ ਬੱਕੀ ਹੋਈ ਖੜ੍ਹੀ ਸੀ। ਸੱਠ ਬਾਹਠ ਸਾਲ ਦਾ ਇੱਕ ਬਜ਼ੁਰਗ ਟੁੱਟੀ ਦੌਣ ਦੀ ਮੰਜੀ ਉੱਤੇ ਆਪਣਾ ਸਿਰ ਫੜੀ ਬੈਠਾ ਸੀ। ਚਾਲ਼ੀ ਕੁ ਵਰ੍ਹਿਆਂ ਦੀ ਇੱਕ ਸੁਆਣੀ ਚੁੱਲ੍ਹੇ ਮੂਹਰੇ ਬੈਠੀ ਸੀ। ਸੱਜਣ ਸਿੰਘ ਨੇ ਉਸ ਬਜ਼ੁਰਗ ਅਤੇ ਸੁਆਣੀ ਨੂੰ ਦੱਸਿਆ, ‘‘ਪ੍ਰਿੰਸੀਪਲ ਸਾਹਿਬ ਸਾਡੇ ਸਕੂਲ ਵਿੱਚ ਨਵੇਂ ਆਏ ਹਨ। ਇਹ ਉਚੇਚੇ ਤੌਰ ’ਤੇ ਗੁਰਪ੍ਰੀਤ ਨੂੰ ਮਿਲਣ ਆਏ ਹਨ।’’
ਉਸ ਦੀਆਂ ਗੱਲਾਂ ਸੁਣ ਕੇ ਬਜ਼ੁਰਗ ਮੰਜੇ ਤੋਂ ਉੱਠ ਖਲ੍ਹੋਤਾ। ਉਹ ਹੱਥ ਜੋੜ ਕੇ ਬੋਲਿਆ, ‘‘ਛਾਛਰੀ ਕਾਲ ਜੀ। ਆਓ। ਬੈਠੋ ਜੀ।’’ ਪ੍ਰਿੰਸੀਪਲ ਨੇ ਸਤਿ ਸ੍ਰੀ ਅਕਾਲ ਦਾ ਉੱਤਰ ਦਿੱਤਾ। ਫਿਰ ਉਹ ਢਿੱਲੀ ਜਿਹੀ ਟੁੱਟੀ ਮੰਜੀ ’ਤੇ ਬੈਠ ਗਿਆ ਤੇ ਕੁੜੀ ਨੂੰ ਪੁੱਛਿਆ, ‘‘ਗੁਰਪ੍ਰੀਤ, ਤੂੰ ਸਕੂਲ ਕਿਉਂ ਨਹੀਂ ਆਉਂਦੀ? ਤੂੰ ਪੜ੍ਹਨਾ ਕਿਉਂ ਨਹੀਂ ਚਾਹੁੰਦੀ? ਤੇਰੇ ਇੰਚਾਰਜ ਮੈਡਮ ਤੁਹਾਡੇ ਘਰ ਵਾਰ-ਵਾਰ ਫੋਨ ਕਰਦੇ ਹਨ। ਤੁਸੀਂ ਫੋਨ ਵੀ ਨਹੀਂ ਚੁੱਕਦੇ। ਆਖ਼ਰ ਮਸਲਾ ਕੀ ਹੈ?’’
‘‘ਸਰ, ਮੈਂ ਪੜ੍ਹਨਾ ਨਹੀਂ ਹੈ। ਬੱਸ ਜੀ। ਮੇਰਾ ਨਾਂ ਕੱਟ ਦਿਓ ਸਰ।’’
‘‘ਪਰ ਇਹੋ ਤਾਂ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੂੰ ਸਕੂਲ ਕਿਉਂ ਨਹੀਂ ਆਉਂਦੀ? ਤੂੰ ਪੜ੍ਹਨਾ ਕਿਉਂ ਨਹੀਂ ਚਾਹੁੰਦੀ?’’
‘‘ਸਰ, ਪਲੀਜ਼ ਮੈਨੂੰ ਮੁਆਫ਼ ਕਰ ਦਿਉ ਜੀ। ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦੀ। ਬੱਸ ਸਰ, ਤੁਸੀਂ ਮੇਰਾ ਨਾਂ ਕੱਟ ਦਿਓ ਜੀ।’’
‘‘ਪਿਆਰੀ ਬੇਟੀ ਗੁਰਪ੍ਰੀਤ। ਮੈਂ ਅੱਜ ਤੱਕ ਅਜਿਹੇ ਕਿਸੇ ਬੱਚੇ ਦਾ ਨਾਂ ਨਹੀਂ ਕੱਟਿਆ, ਜੋ ਪੜ੍ਹਨਾ ਨਾ ਚਾਹੁੰਦਾ ਹੋਵੇ। ਤੇਰਾ ਨਾਂ ਕੱਟਣਾ ਕੋਈ ਮੁਸ਼ਕਲ ਨਹੀਂ ਹੈ, ਪਰ ਤੇਰਾ ਨਾਂ ਕੱਟਣ ਨਾਲ ਤੇਰੇ ਪ੍ਰਿੰਸੀਪਲ ਸਰ ਦੀ ਹਾਰ ਹੋਵੇਗੀ। ਕੀ ਤੂੰ ਚਾਹੁੰਦੀ ਹੈਂ ਕਿ ਤੇਰੇ ਸਰ ਦੀ ਹਾਰ ਹੋਵੇ?’’
ਪ੍ਰਿੰਸੀਪਲ ਦੇ ਇੰਨਾ ਕਹਿਣ ਦੀ ਦੇਰ ਸੀ। ਉਹ ਧਾਹ ਕੇ ਉਸ ਦੇ ਗਲ਼ ਨਾਲ ਚਿੰਬੜ ਗਈ। ਉਸ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਵੀ ਉਸ ਨੂੰ ਚੁੱਪ ਨਹੀਂ ਕਰਾਇਆ। ਜਦੋਂ ਉਹ ਖੁੱਲ੍ਹ ਕੇ ਰੋ ਹਟੀ ਤਾਂ ਪ੍ਰਿੰਸੀਪਲ ਨੇ ਉਸ ਦੇ ਸਿਰ ਉੱਤੇ ਹੱਥ ਫੇਰਿਆ। ਉਸ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੂੰ ਰੁਮਾਲ ਨਾਲ ਪੂੰਝਿਆ। ਹੁਣ ਤੱਕ ਉਹ ਕੁਝ ਸ਼ਾਂਤ ਹੋ ਗਈ ਸੀ। ਪ੍ਰਿੰਸੀਪਲ ਦੇ ਸਾਹਮਣੇ ਖਲੋ ਕੇ ਉਹ ਬੋਲੀ, ‘‘ਸਰ, ਸਾਡੇ ਘਰ ਦੀ ਹਾਲਤ ਤੁਸੀਂ ਵੇਖ ਹੀ ਲਈ ਹੈ। ਮੇਰਾ ਪਿਓ ਭੱਠੇ ’ਤੇ ਇੱਟਾਂ ਪੱਥਦਾ ਹੈ। ਮਾਂ ਸਰਦਾਰਾਂ ਦੇ ਘਰਾਂ ਵਿੱਚ ਗੋਹਾ ਕੂੜਾ ਸੁੱਟਦੀ ਹੈ। ਪਿਓ ਜੋ ਕਮਾਉਂਦਾ ਹੈ, ਨਸ਼ਿਆਂ ਦੇ ਮੂੰਹ ਸੁੱਟੀ ਜਾਂਦਾ ਹੈ। ਜਦੋਂ ਉਸ ਕੋਲੋਂ ਦਿਹਾੜੀ ਨਹੀਂ ਲੱਗਦੀ ਤਾਂ ਪੈਸਿਆਂ ਲਈ ਉਹ ਮੇਰੀ ਮਾਂ ਨੂੰ ਕੁੱਟਦਾ ਹੈ। ਗੰਦੀਆਂ ਗਾਲ੍ਹਾਂ ਕੱਢਦਾ ਹੈ। ਜਦੋਂ ਮਾਂ ਕੋਲ ਵੀ ਪੈਸੇ ਨਹੀਂ ਹੁੰਦੇ, ਉਹ ਘਰ ਦੇ ਭਾਂਡੇ ਵੇਚ ਦਿੰਦਾ ਹੈ। ਸਰ, ਮੇਰੀ ਸਕੂਲ ਦੀ ਵਰਦੀ ਥਾਂ-ਥਾਂ ਤੋਂ ਫਟੀ ਪਈ ਹੈ। ਨਾ ਹੀ ਮੇਰੇ ਕੋਲ ਕਿਤਾਬਾਂ ਕਾਪੀਆਂ ਹਨ। ਸਰ, ਮੈਂ ਹਰੇਕ ਮਹੀਨੇ ਕੰਪਿਊਟਰ ਦੀ ਫੀਸ ਨਹੀਂ ਦੇ ਸਕਦੀ। ਸਰ, ਇਸੇ ਲਈ ਮੈਂ ਸਕੂਲ ਨਹੀਂ ਆਉਂਦੀ।’’
‘‘ਪਿਆਰੇ ਪੁੱਤਰ, ਮੈਂ ਕੱਲ੍ਹ ਹੀ ਤੁਹਾਨੂੰ ਦੋ ਜੋੜੇ ਵਰਦੀ ਦੇ ਲਿਆ ਦਿਆਂਗਾ। ਤੇਰੇ ਲਈ ਨਵੀਆਂ ਕਿਤਾਬਾਂ, ਨਵਾਂ ਬੈਗ, ਸਟੇਸ਼ਨਰੀ ਪੈੱਨ ਆਦਿ ਸਭ ਕੁਝ ਤੈਨੂੰ ਕੱਲ੍ਹ ਹੀ ਲਿਆ ਦਿਆਂਗਾ। ਤੇਰੀ ਪੂਰੇ ਸਾਲ ਦੀ ਕੰਪਿਊਟਰ ਫੀਸ ਕੱਲ੍ਹ ਹੀ ਜਮ੍ਹਾਂ ਕਰਵਾ ਦਿਆਂਗਾ। ਠੀਕ ਹੈ! ਕੱਲ੍ਹ ਤੋਂ ਤੂੰ ਸਕੂਲ ਪੜ੍ਹਨ ਲਈ ਆਏਂਗੀ।’’ ਪ੍ਰਿੰਸੀਪਲ ਨੇ ਕਿਹਾ।
‘‘ਜੀ ਸਰ। ਮੈਂ ਕੱਲ੍ਹ ਤੋਂ ਸਕੂਲ ਆਵਾਂਗੀ। ਪੂਰਾ ਮਨ ਲਾ ਕੇ ਪੜ੍ਹਾਈ ਕਰਾਂਗੀ।’’ ਬੇਸ਼ੱਕ ਉਹ ਹੁਣੇ-ਹੁਣੇ ਰੋ ਕੇ ਹਟੀ ਸੀ, ਪਰ ਫਿਰ ਵੀ ਉਸ ਦੇ ਚਿਹਰੇ ’ਤੇ ਮੁਸਕਾਨ ਆ ਗਈ ਸੀ।
‘‘ਠੀਕ ਹੈ ਬਜ਼ੁਰਗੋ। ਕੱਲ੍ਹ ਤੋਂ ਆਪਣੀ ਪੋਤੀ ਨੂੰ ਸਕੂਲ ਭੇਜਣਾ ਤੁਹਾਡੀ ਜ਼ਿੰਮੇਵਾਰੀ ਹੈ।’’ ਚੀਮਾ ਜੀ ਨੇ ਬਜ਼ੁਰਗ ਦੇ ਹੱਥ ਫੜ ਕੇ ਮੁਸਕੁਰਾਉਂਦੇ ਹੋਏ ਕਿਹਾ। ਘਰ ਦੀ ਸੁਆਣੀ ਨੇ ਚੁੱਲ੍ਹੇ ਉੱਤੇ ਉਨ੍ਹਾਂ ਲਈ ਚਾਹ ਧਰ ਦਿੱਤੀ ਸੀ, ਪਰ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਇੱਕੋ ਗੱਲ ਕਹੀ, ‘‘ਜਦੋਂ ਗੁਰਪ੍ਰੀਤ ਪੜ੍ਹ ਲਿਖ ਕੇ ਕੁਝ ਬਣ ਗਈ, ਤਦ ਮੈਂ ਚਾਹ ਪੀਣ ਜ਼ਰੂਰ ਆਵਾਂਗਾ।’’
ਪ੍ਰਿੰਸੀਪਲ ਆਪਣੀ ਜਿੱਤ ਦੀ ਖ਼ੁਸ਼ੀ ਵਿੱਚ ਸੱਜਣ ਸਿੰਘ ਨਾਲ ਸਕੂਲ ਲਈ ਵਾਪਸ ਚੱਲ ਪਿਆ। ਕੀਤੇ ਵਾਅਦੇ ਅਨੁਸਾਰ ਅਗਲੇ ਦਿਨ ਹੀ ਗੁਰਪ੍ਰੀਤ ਨੂੰ ਉਹ ਸਾਰਾ ਸਾਮਾਨ ਦੇ ਦਿੱਤਾ ਗਿਆ, ਜਿਸ ਦੀ ਉਸ ਨੂੰ ਲੋੜ ਸੀ। ਕੁੜੀ ਨੇ ਪੜ੍ਹਾਈ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ। ਗਿਆਰ੍ਹਵੀਂ ਜਮਾਤ ਵਿੱਚੋਂ ਉਹ ਦੂਜੇ ਨੰਬਰ ’ਤੇ ਆਈ ਸੀ। ਬਾਰ੍ਹਵੀਂ ਜਮਾਤ ਉਸ ਨੇ ਬੱਨਵੇਂ ਪ੍ਰਤੀਸ਼ਤ ਅੰਕ ਲੈ ਕੇ ਪਾਸ ਕੀਤੀ। ਹੁਣ ਉਹ ਸਟੇਟ ਕਾਲਜ ਪਟਿਆਲਾ ਤੋਂ ਬੀ.ਐਡ. ਦੇ ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਹੈ।
ਸੰਪਰਕ: 84276-85020