ਹੜ੍ਹਾਂ ਦੇ ਝੰਬਿਆਂ ਲਈ ਘਰ ਵਾਪਸੀ ਦੀ ਵਾਟ ਲੰਬੀ
ਗੁਰਬਖਸ਼ਪੁਰੀ
ਤਰਨ ਤਾਰਨ, 10 ਸਤੰਬਰ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਈ ਦਿਨਾਂ ਤੋਂ ਘਟਿਆ ਹੋਇਆ ਪਰ ਸਰਹੱਦੀ ਖੇਤਰ ਦੇ ਮੁੱਠਿਆਂਵਾਲਾ ਤੇ ਆਸ-ਪਾਸ ਦੇ ਪਿੰਡਾਂ ਦੇ ਕਰੀਬ 50 ਪਰਿਵਾਰ ਅਜੇ ਵੀ ਆਪਣੇ ਪਸ਼ੂਆਂ ਸਣੇ ਗੁਰਦੁਆਰਾ ਗੁਪਤਸਰ ਵਿੱਚ ਸ਼ਰਨ ਲਈ ਬੈਠੇ ਹਨ| ਉਨ੍ਹਾਂ ਨੂੰ ਆਪਣੇ ਘਰ ਵਾਪਸ ਜਾਣ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ| ਡਾਢੀਆਂ ਮੁਸ਼ਕਲਾਂ ਦੇ ਝੰਬੇ ਇਨ੍ਹਾਂ ਪਰਿਵਾਰਾਂ ਦੇ ਘਰ ਦੇ ਆਲੇ ਦੁਆਲੇ ਅਜੇ ਵੀ ਪਾਣੀ ਖੜ੍ਹਾ ਹੈ। ਲਗਾਤਾਰ ਬੰਦ ਰਹਿਣ ਕਰ ਕੇ ਘਰਾਂ ਦੀਆਂ ਛੱਤਾਂ, ਕੰਧਾਂ ਆਦਿ ਡਿੱਗ ਚੁੱਕੀਆਂ ਹਨ ਅਤੇ ਕਈ ਹੋਰ ਨੁਕਸਾਨ ਹੋਇਆ ਹੈ| ਮੁੱਠਿਆਂਵਾਲਾ ਦੇ 55 ਸਾਲਾ ਕਿਸਾਨ ਬੁੱਢਾ ਸਿੰਘ ਉਨ੍ਹਾਂ 50 ਪਰਿਵਾਰਾਂ ਵਿੱਚੋਂ ਇਕ ਹੈ, ਜਿਹੜੇ ਦੋ ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਗੁਰਦੁਆਰਾ ਗੁਪਤਸਰ ਵਿੱਚ ਅਜੇ ਵੀ ਸ਼ਰਨ ਲਈ ਬੈਠੇ ਹਨ| ਪਾਣੀ ਘੱਟਣ ’ਤੇ ਉਹ ਬੀਤੇ ਕੱਲ੍ਹ ਆਪਣੇ ਘਰ ਗਿਆ ਤਾਂ ਘਰ ਦੇ ਇਕੋ ਇਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗਿਆ ਹੋਇਆ ਸੀ। ਉਸ ਦੇ ਘਰ ਦਾ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ| ਪਸ਼ੂਆਂ ਵਾਲਾ ਢਾਰਾ ਵੀ ਡਿੱਗ ਗਿਆ ਹੈ| ਘਰ ਅੰਦਰ ਸਿਲਾਬ ਹੋਣ ਕਰ ਕੇ ਪਸ਼ੂ ਵੀ ਨਹੀਂ ਬੰਨ੍ਹੇ ਜਾ ਸਕਦੇ| ਜੀਆਂ ਦੇ ਖਾਣ ਲਈ ਡਰੰਮ ਵਿੱਚ ਸੰਭਾਲ ਕੇ ਰੱਖੀ ਕਣਕ ਖਰਾਬ ਹੋ ਚੁੱਕੀ ਹੈ| ਪੇਟੀ ਵਿੱਚ ਰੱਖੇ ਕੱਪੜੇ ਆਦਿ ਤੋਂ ਇਲਾਵਾ ਘਰ ਦਾ ਸਾਰਾ ਸਾਮਾਨ ਵਰਤੋਂ ਦੇ ਲਾਇਕ ਨਹੀਂ ਰਿਹਾ| ਉਸ ਦੀ ਸਾਰੀ ਫਸਲ ਵੀ ਖਰਾਬ ਹੋ ਚੁੱਕੀ ਹੈ| ਅੱਧਾ ਏਕੜ ਤੋਂ ਇਲਾਵਾ ਬਾਕੀ ਦੀ ਸਾਰੀ ਜ਼ਮੀਨ ਵਿੱਚ ਰੇਤ–ਭਲ ਆਦਿ ਚੜ੍ਹ ਗਈ ਹੈ, ਜਿਸ ਕਰ ਕੇ ਇਸ ਜ਼ਮੀਨ ਵਿੱਚ ਕਣਕ ਦੀ ਫਸਲ ਦੀ ਬਿਜਾਈ ਕੀਤੇ ਜਾਣ ਦੀ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ| ਉਹ ਦੇ ਉਸ ਦੇ ਨਾਲ ਦੇ ਹੋਰਾਂ ਨੇ ਵੀ ਦੋ ਮਹੀਨਿਆਂ ਤੋਂ ਇਕ ਧੇਲੇ ਦੀ ਵੀ ਕਮਾਈ ਨਹੀਂ ਕੀਤੀ। ਉਹ ਅੱਜ ਸਾਰੇ ਚਾਰ ਚੁਫੇਰਿਓਂ ਸਮੱਸਿਆਵਾਂ ਨਾਲ ਘਿਰੇ ਨਜ਼ਰ ਆਏ| ਰੇਤ-ਭਲ ਨਾਲ ਭਰ ਗਏ ਖੇਤਾਂ ਨੂੰ ਸਾਫ਼ ਕਰਵਾਉਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਹਨ| ਬੁੱਢਾ ਸਿੰਘ ਨੇ ਕਿਹਾ ਕਿ ਇਹ ਹੋਣੀ ਇਲਾਕੇ ਦੇ ਕਈ ਪਿੰਡਾਂ ਦੇ ਪਰਿਵਾਰਾਂ ਦੀ ਹੈ ਪਰ ਸਰਕਾਰ ਨੇ ਉਨ੍ਹਾਂ ਦੇ ਮੁੜ ਵਸੇਬੇ ਲਈ ਅੱਜ ਤੱਕ ਕੋਈ ਨੀਤੀ ਤੱਕ ਦਾ ਵੀ ਐਲਾਨ ਨਹੀਂ ਕੀਤਾ|