ਪੱਤਰਕਾਰ ’ਤੇ ਹਮਲਾ, ਲੱਤ ਅਤੇ ਉਂਗਲਾਂ ਟੁੱਟੀਆਂ
ਦਲਬੀਰ ਸੱਖੋਵਾਲੀਆ
ਬਟਾਲਾ, 13 ਅਕਤੂਬਰ
ਇੱਥੋਂ ਦੇ ਇਕ ਪੱਤਰਕਾਰ ਰਮੇਸ਼ ਬਹਿਲ ’ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੰਘੀ ਸ਼ਾਮ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ ਗਿਆ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪੱਤਰਕਾਰ ਨੇ ਦੱਸਿਆ ਕਿ ਹਮਲੇ ਵਿੱਚ ਉਸ ਦੀ ਲੱਤ ਅਤੇ ਹੱਥਾਂ ਦੀਆਂ ਉਂਗਲਾਂ ਟੁੱਟ ਗਈਆਂ। ਪੱਤਰਕਾਰ ਨੇ ਇਸ ਘਟਨਾ ਪਿੱਛੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਇੱਕ ਕਰੀਬੀ ’ਤੇ ਦੋਸ਼ ਲਗਾਏ ਹਨ। ਐਸਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ।
ਦੂਜੇ ਪਾਸੇ ‘ਆਪ’ ਦੇ ਸੀਨੀਅਰ ਆਗੂ ਅਤੇ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਯਸ਼ਪਾਲ ਚੌਹਾਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਹਿਲ ’ਤੇ ਹੋਏ ਹਮਲੇ ਦੀ ਜਿੱਥੇ ਨਿੰਦਾ ਕੀਤੀ, ਉਥੇ ਉਸ ਵੱਲੋਂ ਵਿਧਾਇਕ ਦੇ ਕਰੀਬੀ ਮਾਣਿਕ ਮਹਿਤਾ ’ਤੇ ਲਗਾਏ ਇਲਜ਼ਾਮਾਂ ਨੂੰ ਸਰਾਸਰ ਝੂਠ ਦੱਸਿਆ। ਉਨ੍ਹਾਂ ਕਿਹਾ ਕਿ ਕੁਝ ਰਾਜਸੀ ਆਗੂ ਵਿਧਾਇਕ ਸ਼ੈਰੀ ਕਲਸੀ ਨੂੰ ਬਦਨਾਮ ਕਰਨ ਲਈ ਤਰਲੋਮੱਛੀ ਹਨ। ‘ਆਪ’ ਆਗੂ ਬਲਬੀਰ ਸਿੰਘ ਬਿੱਟੂ ਨੇ ਆਖਿਆ ਕਿ ਇਹੋ ਰਮੇਸ਼ ਬਹਿਲ ਪਹਿਲਾਂ ਵੀ ਵਿਵਾਦਾਂ ’ਚ ਰਿਹਾ ਹੈ। ਵਿਧਾਇਕ ਦੇ ਕਰੀਬੀ ਰਿਸ਼ਤੇਦਾਰ ਸੁਖਜਿੰਦਰ ਸਿੰਘ ਨੇ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਵਿਧਾਇਕ ਕਲਸੀ ਅਤੇ ਉਸ ਦੇ ਪੀਏ ਨੂੰ ਇਸ ਘਟਨਾ ’ਚ ਸ਼ਾਮਲ ਕਰਨਾ ਗ਼ਲਤ ਹੈ। ਉਨ੍ਹਾਂ ਵਾਪਰੀ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ। ਪੱਤਰਕਾਰ ਰਮੇਸ਼ ਬਹਿਲ ਨੇ ਆਖਿਆ ਉਸ ’ਤੇ ਪਹਿਲਾਂ ਵੀ ਤਿੰਨ ਵਾਰ ਹਮਲੇ ਹੋਏ ਅਤੇ ਕਈ ਵਾਰ ਧਮਕੀਆਂ ਮਿਲੀਆਂ ਸਨ।