ਪੱਤਰਕਾਰ ਭਾਈਚਾਰੇ ਨੇ ਪੁਲੀਸ ਕਾਰਵਾਈ ਦੀ ਕੀਤੀ ਨਿੰਦਾ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਨਵੰਬਰ
ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਅਕਾਲ ਬੁੰਗਾ ਵਿਖੇ ਪੁਲੀਸ ਤੇ ਨਿਹੰਗਾਂ ਵਿਚਾਲੇ ਚੱਲੀ ਗੋਲੀਬਾਰੀ ਦੀ ਕਵਰੇਜ ਕਰ ਰਹੇ ਪੱਤਰਕਾਰਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਤੇ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਨੇ ਮੰਗ ਕੀਤੀ ਕਿ ਪੱਤਰਕਾਰਾਂ ਨਾਲ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਮੰੰਗ ਕੀਤੀ ਕਿ ਪੱਤਰਕਾਰਾਂ ’ਤੇ ਹਮਲਾ ਕਰਨ ਵਾਲੇ ਪੁਲੀਸ ਵਾਲਿਆਂ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਜਾਣਕਾਰੀ ਅਨੁਸਾਰ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਏ ਇੱਕ ਨਿੱਜੀ ਚੈਨਲ ਦੇ ਕੈਮਰਾਮੈਨ ਬਲਵਿੰਦਰ ਸਿੰਘ ਦੇ ਸੱਜੇ ਹੱਥ ਦੀਆਂ ਦੋ ਉਂਗਲਾਂ ਟੁੱਟ ਗਈਆ ਤੇ ਪੱਤਰਕਾਰ ਚਰਨਜੀਤ ਸਿੰਘ ਦੇ ਕੰਨ ਦਾ ਪਰਦਾ ਵੀ ਦੋ ਥਾਂ ਤੋਂ ਫਟ ਗਿਆ ਹੈ। ਪੁਲੀਸ ਦੇ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਮੋਬਾਈਲ ਫੋਨ ਵੀ ਖੋਹ ਲਏ, ਜੋ ਅਜੇ ਤੱਕ ਵਾਪਸ ਨਹੀਂ ਕੀਤੇ ਗਏ। ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੰਨ ਦਾ ਪਰਦਾ ਦੋ ਥਾਵਾਂ ਤੋਂ ਫਟ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਦੇ ਸਿਵਲ ਹਸਪਤਾਲ ’ਚ ਉਸ ਨੇ ਐੱਮਐੱਲਆਰ ਕਟਾ ਲਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕੈਮਰੇ ਨੂੰ ਪੁਲੀਸ ਤੋਂ ਬਚਾਉਣ ਲਈ ਅੱਗੇ ਗਏ ਤਾਂ ਪੁਲੀਸ ਨੇ ਉਨ੍ਹਾਂ ਦੇ ਵੀ ਕੰਨ ’ਤੇ ਜ਼ੋਰਦਾਰ ਥੱਪੜ ਮਾਰਿਆ, ਜਿਸ ਕਾਰਨ ਉਨ੍ਹਾਂ ਦੇ ਕੰਨ ਦਾ ਪਰਦਾ ਪਾਟ ਗਿਆ।