ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਨੇ ਮੀਟਿੰਗ ’ਚ ਮਸਲੇ ਵਿਚਾਰੇ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੁਲਾਈ
ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਪੰਜਾਬ ਦੇ ਮੰਤਰੀਆਂ ਦੀ ਰਿਹਾਇਸ਼ ਵੱਲ ਕੀਤੇ ਜਾ ਰਹੇ ਰੋਸ ਮਾਰਚ ਬਾਰੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਪੈਨਸ਼ਨਰ ਭਵਨ ਵਿੱਖੇ ਚੇਅਰਮੈਨ ਦਲੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਪੈਨਸ਼ਨਰ ਜੁਆਇੰਟ ਫਰੰਟ ਦੇ ਦਰਸ਼ਨ ਸਿੰਘ ਉਟਾਲ ਅਤੇ ਰਜਿੰਦਰ ਕੁਮਾਰ, ਪੰਜਾਬ ਪੈਨਸ਼ਨਰ ਯੂਨੀਅਨ ਤੋਂ ਗੁਰਮੇਲ ਸਿੰਘ ਮੈਲਡੇ, ਦਰਸ਼ਨ ਸਿੰਘ ਥਰੀਕੇ, ਮਨਜੀਤ ਸਿੰਘ ਮਨਸੂਰਾਂ, ਪਾਵਰਕੋਮ ਐਂਡ ਟਾਸਕੋ ਪੈਨਸ਼ਨਰ ਯੂਨੀਅਨ ਤੋਂ ਬਲਵੀਰ ਸਿੰਘ ਮਾਨ, ਪੁਲੀਸ ਪੈਨਸ਼ਨਰ ਐਸੋਸੀਏਸ਼ਨ ਮੇਜਰ ਸਿੰਘ ਨੱਤ ਅਤੇ ਸੁਸ਼ੀਲ ਕੁਮਾਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ 200 ਰੁਪਏ ਵਿਕਾਸ ਫੰਡ ਦੇ ਨਾਮ ‘ਤੇ ਕੱਟ ਕੇ ਜਜ਼ੀਆ ਟੈਕਸ ਲਾਉਣ, ਪੈਨਸ਼ਨ ਸੋਧ ਫਾਰਮੂਲਾ 2.59 ਲਾਗੂ ਨਾ ਕਰਨ ਅਤੇ ਸੰਗਰੂਰ ਵਿਖੇ ਅਧਿਆਪਕਾਂ ਉਪਰ ਕੀਤੇ ਗਏ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੇ ਫਰੰਟ ਨਾਲ ਮੀਟਿੰਗਾਂ ਦਾ ਸਮਾਂ ਤੈਅ ਕਰਕੇ ਉਨ੍ਹਾਂ ‘ਤੇ ਪੂਰੇ ਨਹੀਂ ਉਤਰਦੇ ਤੇ ਮੀਟਿੰਗਾਂ ਨੂੰ ਅੱਗੇ ਤੋਂ ਅੱਗੇ ਪਾ ਦਿੰਦੇ ਹਨ। ਮੁੱਖ ਮੰਤਰੀ ਵੱਲੋਂ ਅਜਿਹਾ ਕਰਨ ’ਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਿਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ।
ਇਸ ਮੌਕੇ ਡੀਐਮਐਫ ਤੋਂ ਰਮਨਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਲੀਲ੍ਹ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਹਰਬੰਸ ਸਿੰਘ ਪੰਧੇਰ, ਸੁਰਿੰਦਰ ਸਿੰਘ ਬੈਂਸ, ਨਿਰਭੈ ਸਿੰਘ, ਅਸ਼ੋਕ ਕੁਮਾਰ ਮੱਟੂ, ਵਿਨੋਦ ਕੁਮਾਰ ਅਤੇ ਜਸਮੇਲ ਸਿੰਘ ਮੋਹੀ ਨੇ ਕਿਹਾ ਕਿ ਜਥੇਬੰਦੀ ਵੱਲੋਂ ਮੰਤਰੀਆਂ ਦੀ ਰਿਹਾਇਸ਼ ਵੱਲ ਵੱਡੇ ਰੋਸ ਮਾਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜ਼ਿਲ੍ਹਾ ਕਮੇਟੀ ਦੇ ਗਠਨ ਸਬੰਧੀ ਅਗਲੀ ਮੀਟਿੰਗ 15 ਜੁਲਾਈ ਨੂੰ ਪੈਨਸ਼ਨ ਭਵਨ ਵਿਖੇ ਹੋਵੇਗੀ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਕੰਮ ਕਰ ਰਹੀਆਂ ਸਮੂਹ ਯੂਨੀਅਨਾਂ ਦੇ ਮੁਲਾਜ਼ਮ ਅਤੇ ਪੈਨਸ਼ਨਰ ਹਿੱਸਾ ਲੈਣਗੇ।