ਵਕਫ਼ ਸੋਧ ਬਿੱਲ ’ਤੇ ਸੰਸਦ ਦੀ ਸਾਂਝੀ ਕਮੇਟੀ ਨੇ ਕੀਤੀ ਪਹਿਲੀ ਮੀਟਿੰਗ
* ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਿੱਲ ਦੀਆਂ ਮੱਦਾਂ ’ਤੇ ਜਤਾਇਆ ਇਤਰਾਜ਼
* ਕਮੇਟੀ ਦੀ ਅਗਲੀ ਮੀਟਿੰਗ 30 ਨੂੰ
ਨਵੀਂ ਦਿੱਲੀ, 22 ਅਗਸਤ
ਵਕਫ਼ (ਸੋਧ) ਬਿੱਲ ’ਤੇ ਸੰਸਦ ਦੀ ਸਾਂਝੀ ਕਮੇਟੀ ਨੇ ਤਜਵੀਜ਼ ਕੀਤੇ ਕਾਨੂੰਨ ਦੀਆਂ ਕਈ ਮੱਦਾਂ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਇਤਰਾਜ਼ਾਂ ਵਿਚਾਲੇ ਅੱਜ ਪਹਿਲੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਨੇ ਤਜਵੀਜ਼ ਕੀਤੇ ਕਾਨੂੰਨ ਸਬੰਧੀ ਇੱਕ ਪੇਸ਼ਕਾਰੀ ਵੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਭਾਜਪਾ ਮੈਂਬਰਾਂ ਨੇ ਤਜਵੀਜ਼ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ’ਚ ਮਹਿਲਾਵਾਂ ਨੂੰ ਸਸ਼ਕਤ ਕਰਨ ਸਬੰਧੀ ਮੱਦਾਂ ਵੀ ਸ਼ਾਮਲ ਹਨ। ਮੀਟਿੰਗ ਦੌਰਾਨ ਕਈ ਵਾਰ ਤਿੱਖੀ ਬਹਿਸ ਵੀ ਹੋਈ ਪਰ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਕਈ ਘੰਟੇ ਬੈਠ ਕੇ ਬਿੱਲ ਦੀਆਂ ਮੱਦਾਂ ’ਤੇ ਆਪਣੇ ਵਿਚਾਰ ਪੇਸ਼ ਕੀਤੇ, ਸੁਝਾਅ ਦਿੱਤੇ ਤੇ ਸਪੱਸ਼ਟੀਕਰਨ ਮੰਗਿਆ।
ਕਮੇਟੀ ਦੇ ਚੇਅਰਪਰਸਨ ਜਗਦੰਬਿਕਾ ਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਟਿੰਗ ਨੂੰ ਸਫ਼ਲ ਕਰਾਰ ਦਿੱਤਾ। ਇਹ ਮੀਟਿੰਗ ਦੁਪਹਿਰ ਦੇ ਖਾਣੇ ਦੇ ਸਮੇਂ ਸਮੇਤ ਛੇ ਘੰਟੇ ਤੋਂ ਵੱਧ ਸਮਾਂ ਚੱਲੀ। ਇੱਕ ਮੈਂਬਰ ਨੇ ਦਾਅਵਾ ਕੀਤਾ ਕਿ ਇਹ ਸੰਸਦੀ ਪੈਨਲ ਦੀਆਂ ਸਭ ਤੋਂ ਲੰਮੀਆਂ ਮੀਟਿੰਗਾਂ ’ਚੋਂ ਇੱਕ ਸੀ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਅਗਲੀ ਮੀਟਿੰਗ 30 ਅਗਸਤ ਨੂੰ ਹੋਵੇਗੀ ਅਤੇ ਇਸ ਦੌਰਾਨ ਸੰਸਦੀ ਪੈਨਲ ਵੱਖ ਵੱਖ ਸੂਬਾਈ ਵਕਫ਼ ਬੋਰਡਾਂ ਦੇ ਵਿਚਾਰ ਸੁਣੇਗਾ। ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਵਿਚਾਲੇ ਇੱਕ ਰਾਏ ਸੀ। ਉਨ੍ਹਾਂ ’ਚੋਂ ਕੁਝ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਮੀਟਿੰਗ ’ਚ ਉਠਾਏ ਗਏ ਸਵਾਲਾਂ ਦੇ ਹੱਲ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਅਤੇ ਜੋ ਪੇਸ਼ਕਾਰੀ ਦਿੱਤੀ ਗਈ, ਉਹ ਵੀ ਮਿਆਰੀ ਨਹੀਂ ਸੀ।
ਭਾਜਪਾ ਦੇ ਭਾਈਵਾਲ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਫਿਕਰਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਵਿਚਾਰ-ਚਰਚਾ ਲਈ ਸੱਦਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਵੀ ਵੱਡੇ ਪੱਧਰ ’ਤੇ ਵਿਚਾਰ-ਚਰਚਾ ਦੀ ਵਕਾਲਤ ਕੀਤੀ ਹੈ। ਮੀਟਿੰਗ ’ਚ ਭਾਜਪਾ ਦੇ ਸੰਜੈ ਜਾਇਸਵਾਲ, ਅਪਰਾਜਿਤਾ ਸਾਰੰਗੀ, ਤੇਜਸਵੀ ਸੂਰਿਆ, ਦਿਲੀਪ ਸਾਇਕੀਆ ਤੇ ਗੁਲਾਮ ਅਲੀ, ਕਾਂਗਰਸ ਪਾਰਟੀ ਦੇ ਗੌਰਵ ਗੋਗੋਈ ਤੇ ਨਸੀਰ ਹੁਸੈਨ, ਟੀਐੱਮਸੀ ਦੇ ਕਲਿਆਣ ਬੈਨਰਜੀ, ਵਾਈਐੱਸਆਰ ਕਾਂਗਰਸ ਦੇ ਵੀ ਵਿਜੈਸਾਈ ਰੈੱਡੀ, ‘ਆਪ’ ਦੇ ਸੰਜੈ ਸਿੰਘ, ਏਆਈਐੱਮਆਈਐੱਮ ਦੇ ਅਸਦ-ਉਦ-ਦੀਨ ਓਵਾਇਸੀ, ਡੀਐੱਮਕੇ ਦੇ ਏ ਰਾਜਾ, ਐੱਲਜੇਪੀ ਦੇ ਅਰੁਣ ਭਾਰਤੀ ਤੇ ਟੀਡੀਪੀ ਦੇ ਲਵੂ ਸ੍ਰੀਕਿਸ਼ਨਾ ਦੇਵਰਾਯੁਲੂ ਸ਼ਾਮਲ ਹੋਏ। ਮੀਟਿੰਗ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਣ ਅਤੇ ਵਕਫ਼ ਬੋਰਡਾਂ ’ਚ ਗ਼ੈਰ-ਮੁਸਲਿਮ ਮੈਂਬਰਾਂ ਨੂੰ ਰੱਖਣ ਸਮੇਤ ਕਈ ਮੱਦਾਂ ’ਤੇ ਸਵਾਲ ਚੁੱਕੇ। ਬਾਅਦ ਵਿੱਚ ਰੈੱਡੀ ਨੇ ਐਕਸ ’ਤੇ ਕਿਹਾ ਕਿ ਉਹ ਵੱਖ ਵੱਖ ਧਿਰਾਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦੇ ਮੱਦੇਨਜ਼ਰ ਇਸ ਬਿੱਲ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਮੌਜੂਦਾ ਰੂਪ ’ਚ ਸਵੀਕਾਰ ਨਹੀਂ ਹੈ ਅਤੇ ਉਹ ਆਪਣੇ ਵਿਚਾਰ ਕਮੇਟੀ ਨੂੰ ਸੌਂਪ ਦੇਣਗੇ। ਓਵਾਇਸੀ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਤਜਵੀਜ਼ ਕੀਤਾ ਕਾਨੂੰਨ ਅਮਲ ’ਚ ਆਇਆ ਤਾਂ ਇਸ ਨਾਲ ਸਮਾਜ ’ਚ ਅਸਥਿਰਤਾ ਪੈਦਾ ਹੋਵੇਗੀ। ਕਮੇਟੀ ਦੇ ਪ੍ਰਧਾਨ ਜਗਦੰਬਿਕਾ ਪਾਲ ਨੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਮੇਟੀ ਵੱਖ ਵੱਖ ਮੁਸਲਿਮ ਬਾਡੀਆਂ ਸਮੇਤ ਸਾਰੀਆਂ ਧਿਰਾਂ ਨਾਲ ਗੱਲ ਕਰੇਗੀ। -ਪੀਟੀਆਈ
ਨਿਤੀਸ਼ ਅਤੇ ਨਾਇਡੂ ਨੇ ਬਿੱਲ ਦੇ ਵਿਰੋਧ ਦਾ ਭਰੋਸਾ ਦਿੱਤਾ: ਰਹਿਮਾਨੀ
ਨਵੀਂ ਦਿੱਲੀ:
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਪ੍ਰਧਾਨ ਮੌਲਾਨਾ ਖਾਲਿਦ ਸੈਫੁੱਲ੍ਹਾ ਰਹਿਮਾਨੀ ਨੇ ਅੱਜ ਦਾਅਵਾ ਕੀਤਾ ਕਿ ਮੁਸਲਿਮ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ ਹੈ ਅਤੇ ਦੋਵਾਂ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਉਹ ਵਕਫ਼ (ਸੋਧ) ਬਿੱਲ ਦਾ ਵਿਰੋਧ ਕਰਨਗੇ। ਰਹਿਮਾਨੀ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ ਅਤੇ ਜੇ ਇਹ ਬਿੱਲ ਸੰਸਦ ’ਚ ਪਾਸ ਹੋਣ ਲਈ ਪੇਸ਼ ਕੀਤਾ ਗਿਆ ਤਾਂ ਇਸ ਖ਼ਿਲਾਫ਼ ਦੇਸ਼ ਭਰ ’ਚ ਸੰਘਰਸ਼ ਕੀਤਾ ਜਾਵੇਗਾ। -ਪੀਟੀਆਈ